ਕੀ ਹੈ ਅਸਲੀਅਤ ਸਾਕਾ ਨੀਲਾ ਤਾਰਾ ਦੀ ? ਕੈਨੇਡਾ ਅਤੇ ਚੀਨ ਦੇ ਲੋਕਾਂ ਲਈ ਵੀ ਕਿਵੇਂ ਅਹਿਮ ਹੈ ਜੂਨ ਦਾ ਪਹਿਲਾ ਹਫ਼ਤਾ ? .. ਜਵਾਬ ਦੇ ਰਹੇ ਨੇ ਦਰਬਾਰਾ ਸਿੰਘ ਕਾਹਲੋਂ
'ਦਰਬਾਰਾ ਸਿੰਘ ਕਾਹਲੋਂ'
ਕੌਮਾਂ ਦੇ ਜੀਵਨ ਵਿਚ ਕੁੱਝ ਦੁਖਾਂਤ ਮਈ ਘਟਨਾਵਾਂ ਐਸੀਆਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਖ਼ੁਦਾ ਨਖ਼ਾਸਤਾ ਜੋ ਕੌਮਾਂ ਐਸੀਆਂ ਘਟਨਾਵਾਂ ਭੁੱਲ ਜਾਂਦੀਆਂ ਹਨ, ਸਮਾਂ ਪਾ ਕੇ ਉਨ੍ਹਾਂ ਦਾ ਮੂਲੋਂ ਨਾਸ਼ ਹੋ ਜਾਂਦਾ ਹੈ।
ਕੁੱਝ ਸਮਾ ਪਹਿਲਾਂ ਪੰਜਾਬ ਦੇ ਪ੍ਰੋਢ ਸਿਆਸਤਦਾਨ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਸ: ਪ੍ਰਕਾਸ਼਼ ਸਿੰਘ ਬਾਦਲ ਨੇ ਰਾਜਨੀਤਕ ਨੁਕਤਾ ਨਜ਼ਰ ਨੂੰ ਪ੍ਰੋੜ੍ਹਤਾ ਦਿੰਦੇ ਇੱਕ ਅਤਿ ਭੁਲੇਖਾ ਪਾਊ ਬਿਆਨ ਦਿੱਤਾ ਕਿ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਕੌਮ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਕਾਂਡ (ਗੋਲੀ ਕਾਂਡ) ਨੂੰ ਭੁੱਲ ਚੁੱਕੇ ਹਨ। ਚੇਤਨ ਪੰਜਾਬੀਆ ਅਤੇ ਸਿੱਖ ਵਿਦਵਾਨਾਂ ਨੂੰ ਐਸੀ ਪ੍ਰੌਢ ਸਖਸ਼ੀਅਤ ਮੁੱਖੋਂ ਐਸੇ ਸ਼ਬਦ ਬਿਲਕੁਲ ਚੰਗੇ ਨਹੀਂ ਲੱਗੇ।
ਇਸ ਦੇ ਪ੍ਰਤੀਕਰਮ ਵਿਚ ਸਿੱਖ ਅਤੇ ਮਿਲਟਰੀ ਇਤਿਹਾਸਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਹੀ ਸਟੀਕ ਅਤੇ ਮਹੱਤਵਪੂਰਨ ਜਵਾਬ ਦਿੱਤਾ ਕਿ ਪੰਜਾਬੀ ਅਤੇ ਖਾਸ ਕਰਕੇ ਸਿੱਖ ਕੌਮ ਤਾਂ ਅਜੇ ਤੱਕ ਸਿੱਖ ਘੱਲੂਘਾਰੇ, ਗੁਰਦਵਾਰਾ ਸਾਹਿਬ ਅਜ਼ਾਦ ਕਰਾਉਣ ਲਈ ਨਨਕਾਣਾ ਸਾਹਿਬ, ਗੁਰੂ ਕਾ ਬਾਂਗ, ਜੈਤੋ ਆਦਿ ਦੇ ਮੋਰਚੇ ਨਹੀਂ ਭੁੱਲ ਸਕੇ ਫਿਰ ਇਹ ਕਾਂਡ ਭੁੱਲਣੇ ਕਿਵੇਂ ਸੰਭਵ ਹੋ ਸਕਦੇ ਹਨ।
ਇਵੇਂ ਹੀ ਸਾਕਾ ਨੀਲਾ ਤਾਰਾ ਸਿੱਖ ਕੌਮ ਦੇ ਨਸਲਵਾਦ ਅਤੇ ਮੁਕੱਦਮ ਅਸਥਾਨਾਂ ਦੀ ਬੇਅਦਬੀ ਸਬੰਧੀ ਉਸ ਦੇ ਸੀਨੇ ਤੇ ਇੱਕ ਐਸਾ ਜ਼ਖ਼ਮ ਹੈ ਜੋ ਕਦੇ ਥੋੜ੍ਹੀ ਕੀਤੇ ਭਰਨ ਵਾਲਾ ਨਹੀਂ। ਜੇ ਕੋਈ ਇਹ ਸਮਝੇ ਕਿ ਸਿੱਖ ਕੌਮ ਇਸ ਨੂੰ ਭੁੱਲ ਜਾਏ ਤਾਂ ਇਸ ਤੋਂ ਵੱਡਾ ਮੂਰੱਖਾ ਨਾ ਜਾਂ ਭੁਲੇਖਾ ਪਾਊ ਹੋਰ ਕੋਈ ਕਥਨ ਨਹੀਂ ਹੋ ਸਕਦਾ।
ਇਤਿਹਾਸ ਵਿਚ ਇਸ ਜੂਨ ਮਹੀਨੇ ਵਿਸ਼ਵ ਅੰਦਰ ਕੁੱਝ ਕੌਮਾਂ ਨੂੰ ਐਸੇ ਅਭੁੱਲ, ਮਾਰੂ, ਨਸਲਘਾਤੀ, ਬਰਬਰਤਾਪੂਰਨ, ਲੂੰ-ਕੰਡੇ ਖੜੇ ਕਰਨ ਵਾਲੇ ਐਸੇ ਜ਼ਖ਼ਮ ਦਿੱਤੇ ਗਏ ਹਨ ਜਿੰਨਾ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਉਹ ਕੌਮਾਂ ਐਸੀਆਂ ਘਟਨਾਵਾਂ ਦੀ ਯਾਦ ਵਿਚ ਆਏ ਸਾਲ ਬਰਸੀਆਂ ਮਨਾਉਂਦੀਆਂ ਹਨ ਤਾਂ ਕਿ ਉਹ ਭਵਿੱਖ ਵਿਚ ਆਪਣੇ ਆਪ ਨੂੰ ਇਸ ਸਮਰੱਥ ਬਣਾ ਸਕਣ ਕਿ ਉਨ੍ਹਾਂ ਦੇ ਜੀਵਨ ਵਿਚ ਮੁੜ ਐਸੇ ਮਾਰੂ, ਅਣਮਨੁੱਖੀ ਬਰਬਰਤਾਪੂਰਵਕ ਨਸਲਘਾਤੀ ਸਾਕੇ ਨਾ ਵਾਪਰ ਸਕਣ।
ਭਾਰਤ ਅੰਦਰ 3 ਜੂਨ, 1984 ਨੂੰ ਵਿਚ ਸਿੱਖ ਖਾੜਕੂ ਵਾਦੀਆਂ ਦੀ ਆੜ ਵਿਚ ਸਿੱਖ ਕੌਮ ਦੇ ਨਸਲਘਾਤ ਅਤੇ ਇਸ ਨੂੰ ਇਬਰਤਨਾਕ ਸਬਕ ਸਿਖਾਉਣ ਦੀ ਘਿਣਾਉਣੀ ਮਨਸ਼ਾ ਨਾਲ ਤਤਕਾਲੀ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਸ ਦੇ ਮੁਕੱਦਸ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਸਮੇਤ ਵੱਖ-ਵੱਖ ਥਾਈਂ ਕਰੀਬ 40 ਗੁਰਦਵਾਰਿਆਂ 'ਤੇ ਸਾਕਾ ਤਾਰਾ ਅਧੀਨ ਸਿੰਧੀ ਫ਼ੌਜੀ ਕਾਰਵਾਈ ਕੀਤੀ। ਤਿੰਨ ਜੂਨ ਨੂੰ ਸਮੁੱਚਾ ਪੰਜਾਬ ਕਰਫ਼ਿਊ ਦੀਆਂ ਜ਼ੰਜੀਰਾਂ ਵਿਚ ਜਕੜ ਕੇ ਰੱਖ ਦਿੱਤਾ। ਹਜ਼ਾਰਾ ਹਥਿਆਰਬੰਦ ਖਾੜਕੂਆਂ ਸਮੇਤ ਨਿਹੱਥੇ ਬੇਗੁਨਾਹ ਸਿੱਖ ਬੱਚੇ, ਬੁੱਢੇ, ਨੌਜਵਾਨ ਔਰਤਾਂ ਅਤੇ ਮਰਦ ਮੌਤ ਦੇ ਘਾਟ ਉਤਾਰ ਦਿੱਤੇ।
ਇਸੇ ਮਹੀਨੇ 4 ਜੂਨ, 1980 ਨੂੰ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਤਿਆਨਾਨਮੈਨ ਚੌਂਕ ਵਿਚ ਲੋਕਤੰਤਰ ਦੀ ਦੇਵੀ ਦੀ ਮੂਰਤੀ ਸਥਾਪਿਤ ਕਰਕੇ ਦੇਸ਼ ਅੰਦਰ ਲੋਕਤੰਤਰੀ ਵਿਵਸਥਾ ਲਾਗੂ ਕਰਨ ਦੀ ਮੰਗ ਕਰ ਰਹੇ ਹਜ਼ਾਰਾਂ ਨੌਜਵਾਨਾਂ ਨੂੰ ਚੀਨੀ ਕਮਿਊਨਿਸਟ ਸ਼ਾਸਨ ਨੇ ਟੈਂਕ, ਤੋਪਾਂ ਅਤੇ ਬਕਤਰਬੰਦ ਗੱਡੀਆਂ ਨਾਲ ਕਾਰਵਾਈ ਕਰਦੇ ਕਰੀਬ 1000 ਨੌਜਵਾਨ ਮੌਤ ਦੇ ਘਾਟ ਉਤਾਰ ਦਿੱਤੇ।
ਹਰ ਸਾਲ 6 ਜੂਨ ਡੀ.ਡੇਅ ਕੈਨੇਡਾ ਦੀ ਕੌਮ ਮਨਾਉਂਦੀ ਹੈ। ਇਸ ਦਿਨ ਦੂਸਰੀ ਵਿਸ਼ਵ ਜੰਗ ਵਿਚ ਫਰਾਂਸ ਅੰਦਰ ਨਾਰ ਮੰਡੀ ਦੇ ਸਥਾਨ 'ਤੇ ਸੰਨ 1944 ਵਿਚ ਜਰਮਨੀ ਦੀ ਨਾਜ਼ੀ ਅਤੇ ਉਸ ਦੀਆ ਇਤਹਾਦੀ ਇਤਿਹਾਸਕ ਨਾਲ ਲੜਦਿਆਂ 350 ਕੈਨੇਡੀਅਨ ਫ਼ੌਜੀ ਮਾਰੇ ਗਏ, 574 ਜ਼ਖ਼ਮੀ ਹੋਏ ਅਤੇ 47 ਪਕੜੇ ਗਏ। 6 ਜੂਨ ਤੋਂ 21 ਅਗਸਤ, 1944 ਵਿਚ ਚਲੀ ਇਸ ਭਿਆਨਕ ਜੰਗ ਨੇ ਨਾਜ਼ੀ ਜਰਮਨੀ ਅਤੇ ਉਸਦੀ ਦੂਸਰੀ ਵਿਸ਼ਵ ਜੰਗ ਵਿਚ ਹਾਰ ਦੀ ਇਬਾਰਤ ਲਿਖ ਦਿੱਤੀ। ਇਸ ਜੰਗ ਵਿਚ 450,000 ਜਰਮਨ ਫ਼ੌਜੀ ਅਤੇ 210,000 ਮਿੱਤਰ ਦੇਸ਼ਾਂ ਦੇ ਮਾਰੇ ਗਏ। ਕੈਨੇਡਾ ਦੇ 5000 ਫ਼ੌਜੀ ਮਾਰੇ ਗਏ, 13000 ਜ਼ਖ਼ਮੀ ਹੋਏ।
ਹੁਣ ਤਿੰਨ ਸਾਲ ਬਾਅਦ ਸੰਨ 1980 ਤੋਂ ਸੰਨ 2012 ਦਰਮਿਆਨ ਕੈਨੇਡੀਅਨ ਮੂਲ ਨਿਵਾਸੀ 1181 ਦੇ ਕਰੀਬ ਸਾਰੀਆਂ ਜਾਂ ਗਵਾਚੀਆਂ ਔਰਤਾਂ ਅਤੇ ਲੜਕੀਆਂ ਬਾਰੇ 3 ਜੂਨ, 2019 ਨੂੰ ਐਮ.ਐਮ.ਆਈ. ਡਬਲਯੂ ਕਮਿਸ਼ਨ ਵੱਲੋਂ ਜਸਟਿਨ ਟਰੂਡੋ ਲਿਬਰਲ ਪਾਰਟੀ ਸਰਕਾਰ ਨੂੰ ਪੇਸ਼ ਕੀਤੀ ਗਈ ਹੈ। ਰਾਜਨੀਤਕ ਅਤੇ ਮੂਲ ਨਿਵਾਸੀ ਕੌਮਾਂ ਸਬੰਧੀ ਹਲਕੇ ਇਸ ਨੂੰ 'ਨਸਲਘਾਤ' ਕਰਾਰ ਦੇ ਰਹੇ ਹਨ। ਕੀ ਇਸ ਨਸਲਘਾਤ ਨੂੰ ਕੈਨੇਡੀਅਨ ਮੂਲ ਨਿਵਾਸੀ ਕੌਮਾਂ ਕਦੇ ਭੁੱਲ ਸਕਣਗੀਆਂ? ਇਸ ਸਬੰਧੀ 231 ਸਿਫ਼ਾਰਸ਼ਾਂ ਕਮਿਸ਼ਨ ਵੱਲੋਂ ਦਿੱਤੀਆਂ ਹਨ ਤਾਂ ਕਿ ਅਜਿਹੇ ਅਣ ਮਨੁੱਖੀ, ਜ਼ਾਲਮਾਨਾ ਨਸਲਘਾਤੀ ਕਾਰਨਾਮੇ ਕੈਨੇਡਾ ਵਰਗੇ ਵਿਕਸਤ ਦੇਸ਼ ਵਿਚ ਮੁੜ ਨਾ ਵਾਪਰਨ। ਪਰ ਲੱਖ ਟਕੇ ਦਾ ਸਵਾਲ ਤਾਂ ਇਹ ਇਨ੍ਹਾਂ ਸਿਫ਼ਾਰਸ਼ਾਂ 'ਤੇ ਅਮਲ ਕਦੋਂ ਤੇ ਕੌਣ ਕਰੇਗਾ ਭਾਵੇਂ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਸਬੰਧੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਜੇਕਰ ਵਿਸ਼ਵ ਦੇ ਇਤਿਹਾਸ 'ਤੇ ਗਹੁ ਨਾਲ ਝਾਤ ਮਾਰੀ ਜਾਏ ਤਾਂ ਹਰ ਰਾਸ਼ਟਰ, ਕੌਮ, ਫ਼ਿਰਕੇ ਅਤੇ ਨਸਲ ਦੇ ਜੀਵਨ ਵਿਚ ਐਸੀਆਂ ਦੁਖਾਂਤ ਮਈ ਘਟਨਾਵਾਂ ਮਿਲਦੀਆਂ ਹਨ। ਲੇਕਿਨ ਵੱਡੇ ਪੱਧਰ 'ਤੇ ਜ਼ੋਰਾਵਰਾਂ, ਸੱਤਾਧਾਰੀਆਂ, ਬਹੁਗਿਣਤੀ ਵਾਦੀਆਂ, ਕੱਟੜਵਾਦੀਆਂ ਅਤੇ ਏਕਾਧਿਕਾਰ ਵਾਦੀਆਂ ਐਸੀਆਂ ਨਸਲਘਾਤੀ, ਇਤਿਹਾਸਿਕ ਸਤੰਭਾਂ ਅਤੇ ਚਿੰਨ੍ਹਾਂ ਨੂੰ ਮਲੀਆਮੇਟ ਕਰ ਰੱਖਿਆ ਹੈ। ਆਪਣੀ ਤਾਕਤ, ਸੱਤਾ, ਕੱਟੜਵਾਦ ਅਤੇ ਏਕਾਧਿਕਾਰ ਬਲਬੂਤੇ ਇਤਿਹਾਸ ਵਿਗਾੜ ਕੇ ਰਖ ਦਿੱਤਾ ਹੋਇਆ ਹੈ। ਉਲਟਾ ਤਕੱਬਰ ਭਰ ਦਿੱਤਾ ਜਾਂਦਾ ਹੈ।
ਸਚਾਈ, ਤੱਥ, ਹਕੀਕਤ ਕਿਵੇਂ ਨੇਸਤ ਨਾਬੂਦ ਹੁੰਦੀ ਹੈ ਇਸ ਦੀ ਇੱਕ ਬਹੁਤ ਛੋਟੇ ਪੱਧਰ ਦੀ ਘਟਨਾ ਦੀ ਮਿਸਾਲ ਵੇਖੋ। ਸੂਚਨਾ ਦਾ ਅਧਿਕਾਰ ਐਕਟ ਭਾਰਤੀ ਪਾਰਲੀਮੈਂਟ ਨੇ ਅੰਗਰੇਜ਼ੀ ਵਿਚ ਘੜਿਆ। ਲੇਖਕ ਨੇ ਪੰਜਾਬ ਵਿਚ ਰਾਜ ਸੂਚਨਾ ਕਮਿਸ਼ਨਰ ਹੁੰਦੇ ਪੰਜਾਬੀਆਂ ਮੁਸ਼ਕਲਾਂ ਮੱਦੇ ਨਜ਼ਰ ਮੁੱਖ ਸੂਚਨਾ ਕਮਿਸ਼ਨਰ ਸ: ਰਮੇਸ਼ਇੰਦਰ ਸਿੰਘ ਨੂੰ ਇਸ ਦਾ ਅਨੁਵਾਦ ਪੰਜਾਬੀ ਵਿਚ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਤੁਰੰਤ ਮੰਨਦਿਆਂ ਇਸ ਲਈ ਲੇਖਕ ਦੀ ਡਿਊਟੀ ਲਗਾਈ। ਲੇਖਕ ਨੇ ਮਹਿਰਮ ਮੈਗਜ਼ੀਨ ਦੇ ਮਰਹੂਮ ਸੰਪਾਦਕ ਸ: ਬੀ.ਐਸ. ਬੀਰ ਅਤੇ ਉਨ੍ਹਾਂ ਦੀ ਟੀਮ ਨਾਲ ਮਿਲ ਕੇ ਇਹ ਕਾਰਜ ਅੰਜਾਮ ਦਿੱਤਾ, ਉਨ੍ਹਾਂ ਤੋਂ ਮੁਫ਼ਤ 1000 ਕਾਫ਼ੀ ਛਪਵਾਈ ਜਿਸ ਦੀ ਘੁੰਡ ਚੁਕਾਈ ਤਤਕਾਲੀ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਨੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਕੀਤੀ ਜਿਸ ਵਿਚ ਉਨ੍ਹਾਂ ਸ : ਬੀ.ਐਸ.ਬੀਰ ਅਤੇ ਲੇਖਕ ਨੂੰ ਇਸ ਕਾਰਜ ਲਈ ਸਨਮਾਨਿਤ ਕੀਤਾ। ਆਰ.ਟੀ.ਆਈ. ਕੇਸਾਂ ਸਬੰਧੀ ਲੇਖਕ ਵੱਲੋਂ ਸਭ ਫ਼ੈਸਲੇ ਪੰਜਾਬੀ ਵਿਚ ਅੱਜ ਵੀ ਕਮਿਸ਼ਨ ਦੀ ਵੈੱਬ ਸਾਈਟ 'ਤੇ ਮੌਜੂਦ ਹਨ।
ਪਰ ਇਸ ਸਚਾਈ ਨੂੰ ਦਬਾਉਣ ਅਤੇ ਆਪਣੇ ਨਾਂਅ ਕਰਨ ਦਾ ਕੋਰਾ ਝੂਠ ਇੱਕ ਸਾਬਕਾ ਸੂਚਨਾ ਕਮਿਸ਼ਨਰ ਵੱਲੋਂ ਇੱਕ ਉੱਘੇ ਕਵੀ ਤੇ ਲੇਖਕ ਤੋਂ ਲਿਖਵਾ ਕੇ ਅਖ਼ਬਾਰ ਵਿਚ ਛਪਵਾ ਲਿਆ। ਮਾਣਯੋਗ ਸੰਪਾਦਕ ਨੇ ਵੀ ਤੱਥ ਜਾਨਣ ਦੀ ਜ਼ਹਿਮਤ ਨਾ ਕੀਤੀ।
ਇਹ ਤਾਂ ਕੁੱਝ ਵੀ ਨਹੀਂ। ਨੀਲਾ ਤਾਰਾ ਸਾਕਾ ਦਾ ਸੱਚ ਅਜੇ ਤੱਕ ਕਿਸੇ ਸਰਕਾਰ ਨੇ ਸਾਹਮਣੇ ਨਹੀਂ ਆਾਉਣ ਦਿੱਤਾ। ਇਸ ਬਾਰੇ ਭਾਵੇਂ ਹੁਣ ਤੱਕ ਦਰਜਨਾਂ ਕਿਤਾਬਾਂ, ਸੈਂਕੜੇ ਲੇਖ ਅਤੇ ਟੀ.ਵੀ. ਅਤੇ ਰੇਡੀਉ ਡਾਕੂਮੈਂਟਰੀਆਂ ਸਾਹਮਣੇ ਆ ਚੁੱਕੀਆਂ ਹਨ। ਤਤਕਾਲੀ ਡਿਪਟੀ ਕਮਿਸ਼ਨਰ ਸ : ਗੁਰਦੇਵ ਸਿੰਘ ਨੂੰ ਅੰਮ੍ਰਿਤਸਰ ਜ਼ਿਲ੍ਹੇ ਅਤੇ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਫ਼ੌਜੀ ਦਖ਼ਲ ਦੇ ਹੁਕਮਾਂ 'ਤੇ ਨਾਂਅ ਕਰਨ ਅਤੇ ਛੁੱਟੀ 'ਤੇ ਚਲੇ ਜਾਣ ਲਈ ਹੀਰੋ ਅਤੇ ਤਤਕਾਲ ਸ: ਰਮੇਸ਼ਇੰਦਰ ਸਿੰਘ ਨੂੰ ਬਾਹਰਲੇ ਸੂਬੇ ਤੋਂ ਕਰਨ ਲਈ ਖਲਨਾਇਕ ਦਰਸਾਉਣ ਦੇ ਤਕੱਬਰੀ ਅਤੇ ਝੂਠੇ ਕਿੱਸੇ, ਲਿਖਤਾਂ, ਸੋਸ਼ਲ ਮੀਡੀਆ ਤੇ ਇੰਕਸ਼ਾਫ਼ ਮਸ਼ਹੂਰ ਹਨ। ਸ: ਰਮੇਸ਼ਇੰਦਰ ਸਿੰਘ ਨੂੰ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਨਜ਼ਦੀਕੀ ਰਿਸ਼ਤੇਦਾਰ ਲਿਖਣ ਦਾ ਝੂਠ ਮੌਜੂਦ ਹੈ। ਅਹਿਮ ਅਹੁਦਿਆਂ 'ਤੇ ਤਾਇਨਾਤ ਜ਼ੁੰਮੇਵਾਰ ਅਫ਼ਸਰ ਸ਼ਾਹ ਇਸ ਝੂਠ ਨੂੰ ਸੱਚ ਮੰਨਦੇ ਸਨ।
ਮਿਸਾਲ ਵਜੋਂ ਲੇਖਕ ਦੇ ਤਾਏ ਦਾ ਲੜਕਾ ਕਰਨਲ ਰਘਬੀਰ ਸਿੰਘ ਕਾਹਲੋਂ ਅਤੇ ਅਫ਼ਸਰਸ਼ਾਹੀ ਮਿੱਤਰ ਐਸ.ਪੀ. ਸ: ਗੁਰਜੀਤ ਸਿੰਘ ਰੋਮਾਣਾ ਵਗ਼ੈਰਾ ਸੱਚ ਮੰਨਣ ਲਈ ਤਿਆਰ ਨਹੀਂ ਸਨ। ਹੁਣ ਸ: ਰਮੇਸ਼ਇੰਦਰ ਸਿੰਘ ਨੇ ਖ਼ੁਦ ਟੀ.ਵੀ. 'ਤੇ ਆ ਕੇ ਅਤੇ ਇਕ ਲਿਖਤ ਰਾਹੀਂ ਸੱਚ ਦਰਸਾਇਆ ਹੈ। ਉਨ੍ਹਾਂ ਵੱਲੋਂ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿਚ ਨੀਲਾ ਤਾਰਾ ਸਾਕਾ ਦੀ ਹਕੀਕਤਨ ਸਥਿਤੀ ਸਪਸ਼ਟ ਕਰਨ ਲਈ ਅੱਜ 35 ਸਾਲ ਬੀਤਣ ਬਾਅਦ ਇਕ 'ਸੱਚ ਕਮਿਸ਼ਨ' (ਟਰੂਥ ਕਮਿਸ਼ਨ) ਸਥਾਪਿਤ ਕਰਨ ਦੀ ਮੰਗ ਭਾਰਤੀ ਰਾਜ ਅਤੇ ਸਰਕਾਰਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਉਨ੍ਹਾਂ ਦਾ ਮਕਸਦ ਸਿੱਖ ਕੌਮ ਦੇ ਹਿਰਦੇ ਠਾਰੇ ਜਾਣ, ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ 'ਤੇ ਖੜ੍ਹਾ ਕਰਨ ਜੋ ਪ੍ਰਤੀ ਜੀਅ ਆਮਦਨ ਦੇ ਖੇਤਰ 'ਚ ਨੰਬਰ ਇੰਕ ਤੋਂ ਨੰਬਰ 6ਵੇਂ, ਜੀ.ਡੀ.ਪੀ. ਵਿਕਾਸ ਦਰ ਵਿਚ ਨੰਬਰ ਇੱਕ ਤੋਂ 17ਵੇਂ ਸਥਾਨ 'ਤੇ ਜਾਪਿਆ ਹੈ। ਖੇਤੀ ਅਤੇ ਸਨਅਤ ਤਬਾਹ ਹੋਣ ਕਰਕੇ, ਬੇਰੁਜ਼ਗਾਰ ਨੌਜਵਾਨ ਜਾਂ ਤਾਂ ਨਸ਼ੇ ਦੇ ਸ਼ਿਕਾਰ ਹੋਣ ਜਾਂ ਰੁਜ਼ਗਾਰ ਹਿਤ ਵਿਦੇਸ਼ਾਂ ਵੱਲ ਵਹੀਰਾਂ ਘੱਤਣ ਕਰਕੇ ਰਾਜ ਲਗਾਤਾਰ ਬਰਬਾਦੀ ਵੱਲ ਵੱਧ ਰਿਹਾ ਹੈ। ਇਸ ਦੀ ਸ਼ੁਰੂਆਤ ਲਈ ਨੀਲਾ ਤਾਰਾ ਸਾਕਾ ਕਾਰਵਾਈ ਪ੍ਰਮੁੱਖ ਤੌਰ 'ਤੇ ਜ਼ੁੰਮੇਵਾਰ ਹੈ। ਇਸ ਸਬੰਧੀ ਰਾਜਨੀਤੀਵਾਨਾਂ, ਖਾੜਕੂਆਂ, ਜੁਮੇ ਵਾਰ, ਧਾਰਮਿਕ ਆਗੂਆਂ, ਵਿਦੇਸ਼ੀ ਸਰਕਾਰਾਂ ਦੇ ਰੋਲ ਬਾਰੇ ਜਾਨਣ ਦੀ ਲੋੜ ਹੈ।
09-06-2019
-
ਦਰਬਾਰਾ ਸਿੰਘ ਕਾਹਲੋਂ, ਕੈਨੇਡਾ, ਕਾਲਮਿਸਟ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.