ਵਿਦੇਸ਼ੀ ਇਲੈਕਟ੍ਰਾੱਨਿਕ, ਪ੍ਰਿੰਟ ਅਤੇ ਸੋਸ਼ਲ ਮੀਡੀਆ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਿਸ਼ਵ ਦੇ ਇਸ ਵਿਸ਼ਾਲ ਲੋਕਤੰਤਰ ਅੰਦਰ ਦੂਸਰੀ ਵਾਰ 17ਵੀਆਂ ਲੋਕ ਸਭਾ ਚੋਣਾਂ ਬਾਅਦ ਨਿਰਣਾਇਕ ਜਿੱਤ ਨੂੰ ਬਹੁਤ ਮਹੱਤਵਪੂਰਨ ਕਰਾਰ ਦਿਤਾ ਹੈ। ਜਿੱਥੇ ਇਲੈਕਟ੍ਰਾੱਨਿਕ ਮੀਡੀਆ ਨੇ ਇਸ 'ਤੇ ਡੂੰਘਾ ਵਿਚਾਰ ਵਟਾਂਦਰਾ ਕੀਤਾ ਉਥੇ ਵਿਸ਼ਵ ਪ੍ਰਸਿੱਧ ਅਖਬਾਰਾਂ, ਮੈਗਜ਼ੀਨਾਂ ਅਤੇ ਸੋਸ਼ਲ ਮੀਡੀਏ ਨੇ ਵਿਸ਼ੇਸ਼ ਸੰਪਾਦਕੀਆਂ, ਕਾਲਮਾਂ ਅਤੇ ਟਿੱਪਣੀਆਂ ਰਾਹੀਂ ਇਸ ਸਬੰਧੀ ਵਿਦੇਸ਼ੀਆਂ ਨੂੰ ਭਰਪੂਰ ਜਾਣਕਾਰੀ ਦਿਤੀ। ਅਸੀਂ ਚਾਹੁੰਦੇ ਹਾਂ ਕਿ ਇਹ ਮਹੱਤਵਪੂਰਨ, ਨਿੱਗਰ, ਤੱਥਾਂ ਆਧਾਰਤ ਆਲੋਚਨਾਤਮਿਕ ਅਤੇ ਉਸਾਰੂ ਜਾਣਕਾਰੀ ਆਪਣੇ ਦੇਸ਼ ਵਾਸੀਆਂ, ਪਾਠਕਾਂ, ਰਾਜਨੀਤਕ ਆਗੂਆਂ, ਚਿੰਤਕਾਂ, ਡਿਪਲੋਮੈਟਿਕਾਂ ਆਦਿ ਨਾਲ ਸਾਂਝੀ ਕਰੀਏ ਤਾਂ ਕਿ ਉਹ ਜਾਣ ਸਕਣ ਕਿ ਵਿਦੇਸ਼ਾਂ ਵਿਚ ਭਾਰਤੀ ਲੋਕਤੰਤਰ, ਰਾਜਨੀਤਕ ਆਗੂਆਂ, ਆਰਥਿਕਤਾ, ਸਮਾਜਿਕ ਤਾਣੇ-ਬਾਣੇ ਅਤੇ ਦਰਪੇਸ਼ ਚੁਣੌਤੀਆਂ ਬਾਰੇ ਉਹ ਕੀ ਵਿਚਾਰ ਰਖਦੇ ਹਨ।
ਜਿੱਥੋਂ ਤਕ ਪਾਕਿਸਤਾਨੀ ਇਲੈਕਟ੍ਰਾੱਨਿਕ ਅਤੇ ਪ੍ਰਿੰਟ ਮੀਡੀਏ ਜਾਂ ਸੋਸ਼ਲ ਮੀਡੀਏ ਦਾ ਸਵਾਲ ਹੈ ਉਸ ਨੂੰ ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਭਾਜਪਾ, ਆਰ.ਐੱਸ.ਐੱਸ. ਅਤੇ ਭਗਵਾ ਮੌਹਰਾ, ਕੱਟੜ ਹਿੰਦੁਵਾਦੀ, ਮੁਸਲਿਮ ਭਾਈਚਾਰੇ ਵਿਰੋਧੀ ਅਤੇ ਕੱਟੜ ਦੁਸ਼ਮਣ ਲਗਦਾ ਹੈ। ਉਨ੍ਹਾਂ ਦੀ ਰਾਜਨੀਤਕ, ਸਮਾਜਿਕ, ਧਾਰਮਿਕ, ਨੀਤੀਗਤ ਅਤੇ ਸ਼ਖ਼ਸੀਅਤ ਪ੍ਰਤੀ ਟਿੱਪਣੀ ਭਾਰਤੀ 'ਮਹਾਂ ਮਿਲਾਵਟੀ ਗਠਬੰਧਨ' ਅਤੇ ਕਾਂਗਰਸ ਆਗੂਆਂ ਵਾਂਗ ਘਟੀਆ ਅਤੇ ਕੱਟੜਵਾਦੀ ਸਕੁੰਚਿਤ ਸੋਚ ਵਾਲੀ ਹੁੰਦੀ ਹੈ। ਲੇਕਿਨ ਬਾਕੀ ਵੱਡੇ ਪੱਧਰ 'ਤੇ ਵਿਦੇਸ਼ੀ ਇਲੈਕਟ੍ਰਾੱਨਿਕ, ਪ੍ਰਿੰਟ ਅਤੇ ਸੋਸ਼ਲ ਮੀਡੀਏ ਦੀਆਂ ਟਿੱਪਣੀਆਂ ਤੱਥਾਂ 'ਤੇ ਆਧਾਰਿਤ, ਉਸਾਰੂ ਆਲੋਚਨਾਤਮਿਕਵਾਦੀ ਹੁੰਦੀਆਂ ਹਨ। ਸਿਰਫ ਕੁਝ ਭਾਰਤੀਆਂ ਦੁਆਰਾ ਵਿਦੇਸ਼ਾਂ ਵਿਚ ਚਲਾਏ ਜਾਂਦੇ ਟੀ.ਵੀ. ਚੈਨਲ, ਅਖਬਾਰਾਂ, ਮੈਗਜ਼ੀਨਾਂ ਅਤੇ ਸੋਸ਼ਲ ਮੀਡੀਆ, ਸ਼੍ਰੀ ਮੋਦੀ, ਭਾਜਪਾ, ਹਿੰਦੂ ਰੈਡੀਕਲਵਾਦ, ਆਰ.ਐੱਮ.ਐੱਸ. ਅਤੇ ਭਗਵਾ ਬ੍ਰਿਗੇਡ ਦੀ ਕੱਟੜਵਾਦੀ ਨੀਤੀ ਦੀ ਵਿਰੋਧਵਾਦੀ ਆਲੋਚਨਾ ਜ਼ਰੂਰ ਕਰਦਾ ਵੇਖਿਆ ਜਾਂਦਾ ਹੈ।
ਇੰਨੀ ਦਿਨੀਂ ਅੱਲਜਜ਼ੀਰਾ, ਟਰਾਂਟੋ ਸਟਾਰ, ਟਰਾਂਟੋ ਸਨ, ਗਲੋਬ ਐਂਡ ਸੇਲ, ਨੈਸ਼ਨਲ ਪੋਸਟ (ਕੈਨੇਡਾ), ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ (ਅਮਰੀਕਾ) ਗਾਰਜ਼ੀਅਨ, ਰਾਇਟਰਜ਼ (ਬ੍ਰਿਟੇਨ) ਗਲੋਬਲ ਟਾਈਮਜ਼ ਅਤੇ ਪੀਪਲਜ਼ ਡੇਲੀ (ਚੀਨ) ਆਦਿ ਸਬੰਧਿਤ ਮਸ਼ਹੂਰ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਨੇ ਬਹੁਤ ਹੀ ਉੱਚ ਦਰਜੇ ਦੇ ਆਲੋਚਨਾਤਮਿਕ, ਤੱਥਾਂ ਅਧਾਰਤ ਉਸਾਰੂ ਸੰਪਾਦਕੀਯ ਅਤੇ ਲੇਖ ਛਾਪੇ ਹਨ। ਪੱਛਮ ਵਿਚ ਭਾਰਤੀ ਲੋਕਤੰਤਰ ਵਿਚ ਅਨੇਕਾਂ ਕਮੀਆਂ ਦੇ ਬਾਵਜੂਦ ਇਸ ਨੂੰ ਵਧੀਆ, ਸਫਲ ਅਤੇ ਸਲਾਹੁਣਯੋਗ ਲੋਕਤੰਤਰ ਸਮਝਿਆ ਅਤੇ ਪ੍ਰਚਾਰਿਆ ਜਾਂਦਾ ਹੈ। ਭਾਰਤ ਵਲੋਂ ਬ੍ਰਿਟਿਸ਼ ਮਾਡਲ ਲੋਕਤੰਤਰ ਅਪਣਾਉਣ ਕਰਕੇ ਇਸ ਦੀ ਪੱਛਮੀ ਦੇਸ਼ਾਂ ਅੰਦਰ ਬਹੁਤ ਕਦਰ ਅਤੇ ਨੇੜਤਾ ਮਹਿਸੂਸ ਕੀਤੀ ਜਾਂਦੀ ਹੈ।
ਵਿਦੇਸ਼ੀ ਮੀਡੀਆ ਜੋ ਕਈ ਦਿਨਾਂ ਤੋਂ 7 ਫੇਜ਼ਾਂ ਵਿਚ ਚਲ ਰਹੀ ਲੰਬੀ ਚੋਣ ਪ੍ਰਕ੍ਰਿਆ ਜਿਸ ਵਿਚ ਭਾਰਤ ਦੇ ਕਰੀਬ 90 ਕਰੋੜ ਵੋਟਰਾਂ ਵਿਚੋਂ 60 ਕਰੋੜ ਨੇ ਆਪਣੇ ਮੱਤ ਅਧਿਕਾਰ ਦੀ ਵਰਤੋਂ ਕੀਤੀ, ਤੇ ਤਿੱਖੀ ਨਜ਼ਰ ਰਖ ਰਿਹਾ ਸੀ, 23 ਮਈ ਨੂੰ ਐਲਾਨ ਕੀਤੇ ਨਤੀਜੀਆਂ ਬਾਅਦ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਸੁਨਾਮੀ ਵਰਗੀ ਭਾਜਪਾ ਅਤੇ ਐੱਨ.ਡੀ.ਏ. ਵੱਲੋਂ ਦਰਜ ਕੀਤੀ ਨਿਰਣਾਇਕ ਜਿੱਤ ਸਬੰਧੀ ਇੰਜ ਮਹਿਸੂਸ ਕਰਦਾ ਵਿਖਾਈ ਦਿਤਾ ਜਿਵੇਂ ਉਸਨੇ ਸੰਤੁਸ਼ਟ ਮਹਿਸੂਸ ਕੀਤਾ ਹੋਵੇ। ਇਸ ਨਿਰਣਾਇਕ ਰਾਜਨੀਤਕ ਜਿੱਤ ਤੋਂ ਚੇਤੰਨ ਚਿੰਤਕ ਅਤੇ ਸੁਲਝੇ ਹੋਏ ਰਾਜਨੀਤੀਵਾਨ ਅਤੇ ਅਰਥਸ਼ਾਸਤਰੀ ਸੰਤੁਸ਼ਟ ਨਜ਼ਰ ਆਏ। ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਰਤ ਵਰਗਾ ਮਹਾਨ ਅਤੇ ਵਿਸ਼ਾਲ ਲੋਕਤੰਤਰ 'ਮਹਾਂਮਿਲਾਵਟੀ ਗਠਬੰਧਨ' ਦੀ ਜਿੱਤ ਦੇ ਝਮੇਲੇ ਤੋਂ ਬੱਚ ਗਿਆ। ਉਹ ਭਾਰਤੀ ਮੱਤਦਾਤਾਵਾਂ ਦੀ ਸੂਝ-ਬੂਝ ਤੋਂ ਗੱਦ-ਗੱਦ ਨਜ਼ਰ ਆਏ ਕਿ ਉਨ੍ਹਾਂ ਆਪਣੇ ਦੇਸ਼ ਦੀ ਸੁਰੱਖਿਆ, ਆਰਥਿਕ ਅਤੇ ਰਾਜਨੀਤਕ ਮਜ਼ਬੂਤੀ ਅਤੇ ਵਿਕਾਸ ਲਈ ਇਕ ਸਮਰਥ, ਸਮਰਪਿਤ, ਭ੍ਰਿਸ਼ਟਾਚਾਰ ਰਹਿਤ ਗਤੀਸ਼ੀਲ, ਦੂਰ-ਦ੍ਰਿਸ਼ਟੀਵਾਨ ਅਗਵਾਈ ਦੀ ਚੋਣ ਕੀਤੀ। ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਭਾਰਤ ਇਕ ਤਾਕਤਵਰ, ਸਮਰੱਥ, ਸੁਰੱਖਿਅਤ, ਵਿਸ਼ਵਾਸ ਭਰਪੂਰ ਅਤੇ ਮੁਕਾਬਲੇਬਾਜ਼ੀ ਯੋਗ ਰਾਸ਼ਟਰ ਅਤੇ ਆਰਥਿਕਤਾ ਵਜੋਂ ਉਭਰੇਗਾ।
ਇਸ ਸਮੇਂ ਭਾਰਤ ਐਸੇ ਗੁਆਂਢੀ ਦੇਸ਼ਾਂ ਨਾਲ ਘਿਰਿਆ ਪਿਆ ਹੈ ਜਿੰਨਾ ਅੰਦਰ ਭਾਰਤ ਪ੍ਰਤੀ ਵੱਡੇ ਵਿਰੋਧਭਾਸ਼ਾਂ ਦੇ ਚਲਦੇ ਚੰਗੇ ਮਿੱਤਰਤਾਪੂਰਵਕ ਸਬੰਧ ਜਾਂ ਸੂਝ-ਬੂਝ ਭਰੇ ਚੌਕਸੀ ਭਰਪੂਰ ਸਬੰਧ ਕਾਇਮ ਕਰਨ ਲਈ ਸ਼੍ਰੀ ਨਰੇਂਦਰ ਮੋਦੀ ਵਰਗੇ ਸਮਰਥ ਆਗੂ, ਸਥਿਰ ਸਰਕਾਰ ਅਤੇ ਨਿਰਣੇ ਲੈਣ ਸਮਰਥ ਅਗਵਾਈ ਦੀ ਲੋੜ ਸੀ। ਪਿਛਲੇ ਸਮੇਂ ਵਿਚ ਕਮਿਊਨਿਸਟ ਪੱਖੀ ਆਗੂ ਨੇਪਾਲ, ਫੌਜ ਦੀ ਹਮਾਇਤ ਵਾਲਾ ਆਗੂ ਪਾਕਿਸਤਾਨ, ਡਿਕਟੇਟਰਾਨਾ ਤਬੀਅਤ ਵਾਲਾ ਆਗ ਮਾਲਦੀਵ, ਇਕ ਨਵੀਂ ਸਰਕਾਰ ਭੂਟਾਨ ਅਤੇ ਬੰਗਲਾ ਦੇਸ਼ ਵਿਚ ਸੱਤਾ ਵਿਚ ਆਏ ਹਨ। ਵਿਸ਼ਵ ਦੀ ਤਾਕਤਵਰ ਕਮਿਊਨਿਸਟ ਸਰਕਾਰ ਅਤੇ ਸ਼ੀਜਿੰਨਪਿੰਗ ਜਿਹਾ ਆਗੂ ਚੀਨ ਵਿਚ ਸੱਤਾ ਵਿਚ ਹੈ। ਪਾਕਿਸਤਾਨ ਅਤੇ ਚੀਨ ਜੋ ਦੋਵੇਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੇਸ਼ ਹਨ, ਵਿਚ ਆਪਸੀ ਸਬੰਧ ਗੂੜੇ ਹਨ। ਸ਼੍ਰੀ ਲੰਕਾ ਅੰਦਰ ਦੇਸ਼ ਦੇ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਦਰਮਿਆਨ ਤਨਾਅ ਭਰੇ ਸਬੰਧ ਕਾਇਮ ਹਨ। ਐਸੀ ਸਥਿਤੀ ਵਿਚ ਭਾਰਤ ਨੂੰ ਦਰਪੇਸ਼ ਫੌਜੀ, ਸੁਰਖਿਆ, ਵਪਾਰਕ, ਡਿਪਲੋਮੈਟਿਕ ਅਤੇ ਸਰਹੱਦੀ ਤਨਾਜ਼ਿਆ ਸਬੰਧੀ ਅਨੇਕ ਸਮੱਸਿਆਵਾਂ ਦਰਪੇਸ਼ ਹਨ ਜਿਨ੍ਹਾਂ ਨੂੰ ਸ਼੍ਰੀ ਮੋਦੀ ਵਰਗੀ 56 ਇੰਚ ਛਾਤੀ ਵਾਲੀ ਸਮਰੱਥ ਅਗਵਾਈ ਅਤੇ ਸਥਿਰ ਸਰਕਾਰ ਦੀ ਅਤਿ ਲੋੜ ਸੀ। ਇਸ ਤੋਂ ਇਲਾਵਾ ਕਸ਼ਮੀਰ ਅਤੇ ਅਤਿਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਹਮਲਾਵਰ ਨੀਤੀ ਨੂੰ ਚਾਲੂ ਰਖਣ ਲਈ ਉਨ੍ਹਾਂ ਦੀ ਦੁਬਾਰਾ ਚੋਣ ਅਤਿ ਜ਼ਰੂਰੀ ਸੀ।
ਭਾਰਤ ਅੰਦਰ ਡਾ. ਮਨਮੋਹਨ ਸਿੰਘ ਦੀ ਕਾਂਗਰਸ ਦੀ ਅਗਵਾਈ ਵਾਲੀ 10 ਸਾਲਾਂ ਯੂ.ਪੀ.ਏ. ਸਰਕਾਰ ਜੋ ਇਟਲੀ ਦੀ ਜੰਮਪਲ ਸੋਨੀਆ ਮਾਇਨੋ ਗਾਂਧੀ ਰਾਹੀਂ ਪ੍ਰਕਾਸੀ ਰਾਹੀਂ ਚਲਾਈ ਗਈ, ਬੁਰੀ ਤਰ੍ਹਾਂ ਭ੍ਰਿਸ਼ਟਾਚਾਰੀ ਘੋਟਾਲਿਆਂ, ਕਮਜ਼ੋਰ ਸਾਸ਼ਨ ਅਤੇ ਸਹਿਯੋਗੀ ਰਾਜਨੀਤਕ ਦਲਾਂ ਦੀ ਨਿੱਤ ਦੀ ਖਿੱਚ-ਧੂਹ ਕਰਕੇ ਭਾਰਤੀ ਲੋਕ ਤੰਗ ਆ ਚੁੱਕੇ ਸਨ। ਉਹ ਇਕ ਸਥਿਰ, ਮਜ਼ਬੂਤ ਅਤੇ ਸਥਾਈ ਸਰਕਾਰ ਇਕ ਰਾਸ਼ਟਰੀ ਹਿੱਤ ਲਈ ਠੋਸ ਨਿਰਣੇ ਲੈਣ ਵਾਲੀ ਸਮਰਥ ਲੀਡਰਸ਼ਿਪ ਚਾਹੁੰਦੇ ਸਨ। ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਬਾਅਦ ਦੇਸ਼ ਨੂੰ ਇਕ ਐਸਾ ਸਮਰਥ ਆਗੂ ਸ਼੍ਰੀ ਨਰੇਂਦਰ ਮੋਦੀ ਵਜੋਂ ਮਿਲਿਆ। ਇਸੇ ਕਰਕੇ ਇਕ ਬਹੁਮੱਤ ਪ੍ਰਾਪਤ ਆਗੂ ਦੁਬਾਰਾ ਉਨ੍ਹਾਂ ਵਾਂਗ ਮੁੜ ਭਾਰੀ ਬਹੁਮੱਤ ਨਾਲ ਭਾਰਤੀ ਮਤਦਾਤਾਵਾਂ ਨੇ ਚੁਣ ਕੇ ਪੂਰੇ ਵਿਸ਼ਵ ਨੂੰ ਆਪਣੀ ਲੋਕਤੰਤਰੀ ਸੂਝਬੂਝ ਦਾ ਪ੍ਰਮਾਣ ਦਿਤਾ।
ਵਿਦੇਸ਼ਾਂ ਵਿਚ ਲੋਕ ਅਤੇ ਮੀਡੀਆ ਸ਼੍ਰੀ ਨਰੇਂਦਰ ਮੋਦੀ ਦੀ ਤੁਲਨਾ ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਨਾਲ ਕਰਦੇ ਹਨ। ਉਸਦਾ ਚੋਣਾਂ ਵੇਲੇ ਨਾਅਰਾ ਸੀ 'ਅਮਰੀਕਾ ਫਰਸਟ', ਸ਼੍ਰੀ ਮੋਦੀ ਦਾ ਨਾਅਰਾ ਸੀ 'ਭਾਰਤੀ ਫਰਸਟ'। ਟਰੰਪ ਨੇ ਅਮਰੀਕੀ ਰਾਸ਼ਟਰਵਾਦ ਨੂੰ ਉਭਾਰਿਆ, ਉਵੇਂ ਹੀ ਸ਼੍ਰੀ ਮੋਦੀ ਨੇ। ਟਰੰਪ ਨੇ ਦੇਸ਼ ਅੰਦਰ ਸਮਾਜਿਕ, ਨਸਲੀ ਧਰੁਵੀਕਰਨ ਪੈਦਾ ਕੀਤਾ, ਇਵੇਂ ਹੀ ਸ਼੍ਰੀ ਮੋਦੀ ਨੇ। ਭਾਰਤ ਵਿਚ ਇਸ ਧਰੁਵੀਕਰਨ ਤੇ ਕੁੰਡਾ ਲਾਉਣਾ ਸੰਭਵ ਨਹੀਂ। ਸ਼੍ਰੀ ਮੋਦੀ ਦਾ ਨਾਅਰਾ ਸੀ 'ਸਭ ਕਾ ਸਾਥ, ਸਭ ਕਾ ਵਿਕਾਸ' ਪਰ ਹਕੀਕਤ 'ਚ ਹਿੰਦੁਤਵੀ ਸ਼ਕਤੀਆਂ ਤਾਕਤਵਰ ਹੋਈਆਂ। ਮੁਸਲਮਾਨ ਅਤੇ ਹੋਰ ਘੱਟ ਗਿਣਤੀ ਦੀ ਲੋਕਸਭਾ ਵਿਚ ਅਤੇ ਹੋਰ ਸੰਵਿਧਾਨਿਕ ਸੰਸਥਾਵਾਂ ਵਿਚ ਪ੍ਰਤੀਨਿਧਤਾ ਘਟੀ ਹੈ।
ਕੁਝ ਲੋਕ ਡੋਨਾਲਡ ਟਰੰਪ ਵਾਂਗ ਸ਼੍ਰੀ ਮੋਦੀ ਨੂੰ ਵੀ ਏਕਾਧਿਕਾਰਵਾਦੀ ਆਗੂ ਮੰਨਦੇ ਹਨ। ਪਰ ਅਜਿਹਾ ਨਹੀਂ। ਅਮਰੀਕਾ ਅਤੇ ਭਾਰਤੀ ਲੋਕਤੰਤਰੀ ਸੰਸਥਾਵਾਂ ਏਨੀਆ ਮਜ਼ਬੂਤ ਹਨ ਕਿ ਉਹ ਅਜਿਹਾ ਏਕਾਧਿਕਾਰ ਨਹੀਂ ਉਭਰਨ ਦੇਣਗੀਆਂ। ਭਾਰਤ ਅੰਦਰ ਸ਼੍ਰੀਮਤੀ ਇੰਦਰਾ ਗਾਂਧੀ ਨੇ ਅਜਿਹਾ ਕਰਨਾ ਚਾਹਿਆ ਸੀ। ਤੱਤਕਾਲੀ ਪ੍ਰਧਾਨ ਦੇਵਕਾਂਤ ਬਰੂਆ ਨੇ 'ਇੰਡੀਆ ਇਜ਼ ਇੰਦਰਾ, ਅਤੇ ਇੰਦਰਾ ਇਜ਼ ਇੰਡੀਆ' ਦਾ ਏਕਾਧਿਕਾਰਵਾਦੀ ਨਾਅਰਾ ਵੀ ਉਭਾਰਿਆ ਸੀ, ਦੇਸ਼ ਅੰਦਰ ਐਮਰਜੈਂਸੀ ਵੀ ਇਸ ਕਰਕੇ ਥੋਪੀ ਗਈ ਸੀ, ਸੰਵਿਧਾਨਿਕ ਸੰਸਥਾਵਾਂ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਭਾਰਤੀ ਲੋਕਤੰਤਰ ਅਤੇ ਸੂਝਵਾਨ ਮੱਤਦਾਤਾ ਨੇ ਸੰਨ 1977 ਦੀਆਂ ਲੋਕ ਸਭਾ ਚੋਣਾਂ ਵਿਚ ਉਸ ਨੂੰ ਸੱਤਾ ਵਿਚੋਂ ਬਾਹਰ ਵਗਾਹ ਮਾਰਿਆ।
ਸ਼੍ਰੀ ਮੋਦੀ ਦੇ ਨੋਟ ਬੰਦੀ, ਜੀ.ਐੱਸ.ਟੀ., ਰੋਜ਼ਗਾਰ ਪ੍ਰੋਗਰਾਮ, ਕਿਸਾਨੀ ਦੀ ਹਾਲਤ ਸੁਧਾਰਨ ਸਬੰਧੀ ਕਦਮ ਅਸਫਲ ਰਹੇ ਪਰ ਦੂਸਰੀ ਪਾਰੀ ਵਿਚ ਟੈਕਸ ਸੁਧਾਰਾਂ, ਰੋਜ਼ਗਾਰ, ਨਿਵੇਸ਼ ਅਤੇ ਕਿਸਾਨੀ ਦੀ ਦਸ਼ਾ, ਸੁਧਾਰਨ ਵੱਲ ਵੱਡੇ ਕਦਮ ਵਧਦੇ ਨਜ਼ਰ ਆਉਣਗੇ।
ਸ਼੍ਰੀ ਮੋਦੀ ਦੇ ਟਾਇਲਟ, ਗੈਸ ਚੁਲ੍ਹਾ ਅਤੇ ਗਰੀਬ ਵਰਗਾਂ ਲਈ ਮਕਾਨ ਪ੍ਰੋਗਰਾਮਾਂ ਨੇ ਉਸ ਨੂੰ ਜਨਤਾ ਅਤੇ ਖਾਸ ਕਰਕੇ ਔਰਤ ਵਰਗ ਦੀ ਨਜ਼ਰ ਵਿਚ ਹਰਮਨ ਪਿਆਰਾ ਬਣਾਇਆ।
ਕੇਂਦਰ ਅੰਦਰ ਵੱਡ-ਅਕਾਰੀ ਸਰਕਾਰ, ਪ੍ਰਸਾਸ਼ਨ ਅਤੇ ਖਾਸ ਕਰਕੇ ਅਫਸਰ ਸ਼ਾਹੀ ਨੂੰ ਨਕੇਲ ਕੇ ਉਸ ਨੇ ਭ੍ਰਿਸ਼ਟਾਚਾਰ ਤੇ ਸਿਕੰਜ਼ਾ ਕੱਸਿਆ। ਇਹ ਬਹੁਤ ਵੱਡੀ ਪ੍ਰਾਪਤੀ ਹੈ।
ਉਸਨੇ ਆਪਣੀ 5 ਸਾਲਾ ਕਾਰਜਕਾਲ ਦੌਰਾਨ ਭਾਰਤ ਦੀ ਆਰਥਿਕਤਾ ਵਿਚ 50 ਗੁਣਾ ਵਾਧਾ ਕੀਤਾ। ਭਾਵੇਂ ਆਪਣੇ ਆਪ ਨੂੰ ਗਰੀਬ, ਪੱਛੜੇ ਪਰਿਵਾਰ ਨਾਲ ਸਬੰਧਿਤ 'ਚਾਏ ਵਾਲਾ' ਦਰਸਾਉਣ ਵਾਲਾ ਹਕੀਕਤ ਵਿਚ ਬਹੁਦੇਸ਼ ਕੰਪਨੀਆਂ ਦਾ ਮਿੱਤਰ ਹੈ, ਪਰ ਇਸ ਮਿੱਤਰਤਾ ਨੇ ਭਾਰਤੀ ਆਰਥਿਕ ਨੂੰ ਵਿਸ਼ਵ ਦੀ ਅਮਰੀਕਾ ਅਤੇ ਚੀਨ ਬਾਅਦ ਤੀਜੀ ਵੱਡੀ ਆਰਥਿਕਤਾ ਸਿਰਜਣ ਵੱਲ ਵੱਡਾ ਯੋਗਦਾਨ ਪਾਇਆ।
ਭਾਰਤ ਵਿਸ਼ਵ ਦੇ ਵਿਕਾਸਸ਼ੀਲ ਦੇਸ਼ਾਂ ਵਿਚੋਂ ਪਹਿਲਾ ਐਸਾ ਰਾਸ਼ਟਰ ਹੈ ਜਿਸ ਨੇ ਦੇਸ਼ ਅਜ਼ਾਦੀ ਬਾਅਦ ਆਧੁਨਿਕ ਤਕਨੀਕੀ ਅਤੇ ਸਇੰਸੀ ਵਿਕਾਸ ਬਲਬੂਤੇ ਭਾਰਤੀ ਲੋਕਤੰਤਰ ਮਜ਼ਬੂਤ ਕਰਨਾ ਸ਼ੁਰੂ ਕੀਤਾ। ਸ਼੍ਰੀ ਮੋਦੀ ਭਾਰਤ ਨੂੰ ਵਿਸ਼ਵ ਦੇ ਆਰਥਿਕ, ਤਕਨੀਕੀ, ਸਾਇੰਸ, ਪੈਦਾਵਾਰੀ ਖੇਤਰਾਂ ਮੁਹਰੀ ਦੇਸ਼ ਸਥਾਪਿਤ ਕਰਨ ਦੀ ਦਿਸ਼ਾ ਵਲ ਪੂਰੀ ਤਾਕਤ ਨਾਲ ਜੁੱਟਿਆ ਹੋਇਆ ਹੈ।
ਸ਼੍ਰੀ ਮੋਦੀ ਨੇ ਭਾਰਤੀ ਵਿਦੇਸ਼ੀ ਨੀਤੀ ਨੂੰ ਨਵੀਂ ਅਤੇ ਜੁਝਾਰੂ ਦਿਸ਼ਾ ਦਿਤੀ ਹੈ। ਉਸ ਨੇ ਅਮਰੀਕਾ, ਰੂਸ, ਚੀਨ, ਜਪਾਨ, ਬ੍ਰਿਟੇਨ, ਫਰਾਂਸ, ਅਰਬ ਰਾਸ਼ਟਰਾਂ, ਲਾਤੀਨੀ ਅਮਰੀਕੀ ਅਤੇ ਅਫਰੀਕੀ ਦੇਸ਼ਾਂ ਵਿਚ ਇਕ ਨਵੀਂ ਸ਼ਾਪ ਛੱਡੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਨਵਾਜ਼ ਸ਼ਰੀਫ ਦੇ ਘਰ ਲਾਹੌਰ ਜਾ ਕੇ ਇਕ ਉਸਾਰੂ ਵਿਦੇਸ਼ ਨੀਤੀ ਦਾ ਪ੍ਰਮਾਣ ਦਿਤਾ ਸੀ। ਇਸੇ ਕਰਕੇ ਪਾਕਿਸਤਾਨ ਵਿਚ ਪੁਲਵਾਮਾ ਅਤਿਵਾਦੀ ਹਮਲੇ ਬਾਅਦ 'ਘਰ ਵਿਚ ਘੁੱਸ ਕੇ ਮਾਰਨ' ਦੀ ਨੀਤੀ ਅਪਣਾ ਕੇ ਹਵਾਈ ਹਮਲੇ ਰਾਹੀਂ ਅੱਤਵਾਦੀ ਅੱਡੇ ਬਰਬਾਦ ਕਰਨ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਿਆਨ ਦਿਤਾ ਕਿ ਸ਼੍ਰੀ ਮੋਦੀ ਭਾਰਤ-ਪਾਕਿਸਤਾਨ ਦਰਮਿਆਨ ਸ਼ਾਂਤੀ ਪੈਦਾ ਕਰਨ ਲਈ ਵਧੀਆ ਆਗੂ ਸਾਬਤ ਹੋਣਗੇ।
ਉਨ੍ਹਾਂ ਦੀ ਸਫਲ ਵਿਦੇਸ਼ ਨੀਤੀ ਅਤੇ ਡਿਪਲੋਮੇਸੀ ਦਾ ਨਤੀਜਾ ਹੈ ਕਿ ਅੱਜ ਵਿਸ਼ਵ ਦੇ ਵੱਡੇ ਅਤੇ ਛੋਟੇ ਰਾਸ਼ਟਰਾਂ ਦੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਉਨ੍ਹਾਂ ਦੀ ਅਭੂਤਪੂਰਵ ਦੂਸਰੀ ਵਾਰ ਜਿੱਤ ਉਪਰੰਤ ਵਧਾਈ ਸੰਦੇਸ਼ਾਂ ਦਾ ਤਾਂਤਾ ਲਗ ਗਿਆ।
ਭਾਰਤੀ ਸੁਰਖਿਆ ਮਜਬੂਤ ਕਰਨ, 'ਘੁੱਸ ਕੇ ਮਾਰਨ', ਭਾਰਤੀਆਂ ਦੇ ਦਿਲਾਂ ਦੀ ਧੜਕਨ ਬਣਨ, ਚੋਣਾਂ ਦੌਰਾਨ 142 ਰੈਲੀਆਂ ਕਰਨ, 105000 ਕਿਲੋਮੀਟਰ ਸਫ਼ਰ ਕਰਨ, ਚੋਣਾਂ ਤੋਂ ਪਹਿਲੀ ਰਾਤ ਨੂੰ ਕੇਦਾਰਨਾਥ ਮੰਦਰ ਵਿਚ ਪੂਜਾ ਕਰਨ, ਭਾਜਪਾ ਨੂੰ ਭਾਰਤ ਦੀ ਸਭ ਤੋਂ ਤਾਕਤਵਰ ਰਾਜਨੀਤਕ ਪਾਰਟੀ 303 ਲੋਕਸਭਾ ਸੀਟਾਂ ਤੇ ਜਿੱਤ ਪ੍ਰਾਪਤ ਕਰਨ, ਕਾਂਗਰਸ ਨੂੰ ਮੁੜ ਵਿਰੋਧੀ ਧਿਰ ਦਾ ਨੇਤਾ ਚੁਣਨ ਜੋਗੀ ਨਾ ਛੱਡਣ (52 ਲੋਕਸਭਾ ਮੈਂਬਰ), ਆਦਿ ਦ੍ਰਿਸ਼ ਵੀ ਵਿਦੇਸ਼ੀ ਮੀਡੀਆ ਨੇ ਵਰਨਣ ਕੀਤੇ।
'ਦਾ ਗਾਰਜੀਅਨ' ਯੂ.ਕੇ. ਅਖ਼ਬਾਰ ਨੇ ਬੜੀ ਬੇਬਾਕੀ ਨਾਲ ਲੋਕ ਸਭਾ ਚੋਣਾਂ ਵਿਚ 'ਇਕ ਵਿਅਕਤੀ ਦੀ ਜਿੱਤ' ਨੂੰ ਹਿੰਦੁਤਵੀ ਕੱਟੜਵਾਦੀ ਰਾਸ਼ਟਰਵਾਦ ਦੇ ਏਕਾਧਿਕਾਰਵਾਦ ਵਜੋਂ ਭਾਰਤੀ ਲੋਕਤੰਤਰ ਲਈ ਖ਼ਤਰਨਾਕ ਦਰਸਾਉਂਦੇ ਇਕ ਐਸੀ ਤਾਕਤਵਰ ਵਿਰੋਧੀ ਧਿਰ ਦੇ ਉਭਰਨ ਦੀ ਲੋੜ ਦੀ ਕਾਮਨਾ ਕੀਤੀ ਹੈ ਜੋ ਭਾਰਤੀ ਗਰੀਬ, ਪੱਛੜੇ ਅਤੇ ਆਮ ਲੋਕਾਂ ਵਿਚ ਵਿਚਰ ਕੇ ਉਸ ਦੀ ਰਾਖੀ ਕਰ ਸਕੇ। ਪਰ ਸਾਨੂੰ ਪੂਰਾ ਭਰੋਸਾ ਹੈ ਕਿ ਭਾਰਤੀ ਲੋਕ, ਲੋਕਤੰਤਰ, ਸੰਵਿਧਾਨਿਕ ਸੰਸਥਾਵਾਂ, ਨਿਰਪੱਖਵਾਦੀ ਧਿਰਾਂ ਐਸੀ ਏਕਾਧਿਕਾਰਵਾਦੀ ਪ੍ਰਵਿਰਤੀ ਰੋਕਣ ਸਮਰਥ ਹਨ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.