ਅਖ਼ਬਾਰਾਂ 'ਚ ਨਿੱਤ ਖ਼ਬਰਾਂ ਛਪਦੀਆਂ ਨੇ, ਕਿ ਅੱਜ ਫਲਾਣੀ ਥਾਂ ਕਿਸਾਨ ਨੇ ਫਾਹਾ ਲੈ ਲਿਆ ਜਾਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਪਰ ਅੱਜ ਕੱਲ ਇਨਾਂ ਖ਼ਬਰਾਂ ਦਾ ਚਾਰ ਕੁ ਲਾਈਨਾਂ 'ਚ ਛਪਣਾ, ਇਹ ਦਰਸਉਦਾ ਹੈ, ਕਿ ਲੋਕਾਂ ਨੇ ਅਜਿਹੀਆਂ ਖ਼ਬਰਾਂ 'ਤੇ ਧਿਆਨ ਦੇਣਾ ਛੱਡ ਦਿੱਤਾ ਹੈ, ਜੋ ਕਿ ਪੰਜਾਬ ਦੇ ਭਵਿੱਖ ਲਈ ਬਹੁਤ ਹੀ ਮੰਦਭਾਗਾ ਹੈ।
ਅੱਜ ਪੰਜਾਬ ਦੀ ਕਿਸਾਨੀ 80000 ਹਜ਼ਾਰ ਕਰੋੜ ਰੁਪਏ ਦੇ ਨੇੜੇ-ਤੇੜੇ ਤਾਂ ਇਕੱਲੇ ਬੈਕਾਂ ਦੀ ਕਰਜ਼ਾਈ ਹੈ, ਜੇਕਰ ਇਸ ਵਿੱਚ ਸ਼ਾਹੂਕਾਰਾਂ ਦਾ ਕਰਜ਼ਾ ਜੋੜ ਲਿਆ ਜਾਵੇ ਤਾਂ ਸਵਾ ਲੱਖ ਕਰੋੜ ਰੁਪਏ ਤੋਂ ਉੱਤੇ ਪੁੱਜ ਜਾਦਾਂ ਹੈ। ਪੰਜਾਬ ਦੀ ਕਿਸਾਨੀ ਆਪਣੀ ਛੋਟੇ ਪੱਧਰ ਦੀ ਜ਼ਿੰਦਗੀ ਜਿਊਣ ਲਈ ਲੜਾਈ ਲੜ ਰਹੀ ਹੈ। ਮੈਨੂੰ ਕਈ ਵਾਰੀ ਇਉ ਪ੍ਰਤੀਤ ਹੁੰਦਾ ਹੈ, ਜਿਵੇਂ ਇਸ ਲੜਾਈ 'ਚ ਕਿਸਾਨ ਦੇ ਖ਼ਿਲਾਫ਼ ਸਿਆਸੀ ਪਾਰਟੀਆਂ , ਸ਼ਾਹੂਕਾਰ ਅਤੇ ਫਸਲੀ-ਸਪਰੇਅ ਕੰਪਨੀਆਂ ਖੜ੍ਹੀਆਂ ਹੋਣ। ਇਨ੍ਹਾਂ ਤਿੰਨੇ ਧਿਰਾਂ ਨੇ ਆਪਣੇ ਮੁਫ਼ਾਦਾਂ ਦੀਆਂ ਚਾਲਾਂ ਚੱਲ ਕੇ ਕਿਸਾਨੀ ਨੂੰ ਇਕ ਤਰ੍ਹਾਂ ਨਾਲ ਢਾਹ ਵੀ ਲਿਆ ਹੈ। ਹੁਣ ਸੂਰਤੇਹਾਲ ਇਹ ਹੈ ਕਿ ਕਿਸਾਨ ਨੇ ਇਸ ਤਿੰਨ ਧਿਰੀ ਗਠਜੋੜ ਮੁਹਰੇ ਤਕਰੀਬਨ ਹੱਥ ਖੜ੍ਹੇ ਕਰ ਦਿੱਤੇ ਹਨ।
ਪਹਿਲੇ ਨੰਬਰ 'ਤੇ ਸਿਆਸੀ ਧਿਰਾਂ ਦੀ ਗੱਲ ਕਰਦੇ ਹਾਂ, ਜਿਹੜੀਆਂ ਵੋਟਾਂ ਵੇਲੇ ਕਰਜ਼ਾ ਮੁਆਫ਼ੀ ਤੱਕ ਦੇ ਵਾਅਦੇ ਕਰਦੀਆ ਨੇ ਅਤੇ ਕਿਸਾਨ ਭਰੋਸਾ ਕਰ ਲੈਦੇਂ ਨੇ, ਕਿ ਆਖ਼ਰਕਾਰ ਵੋਟਾਂ ਤਾਂ ਪਾਉਣੀਆਂ ਹੀ ਨੇ, ਕਿਉ ਨਾ ਕਰਜ਼ਾ ਮੁਆਫ਼ੀ ਦਾ ਵਾਅਦਾ ਕਰਨ ਵਾਲਿਆਂ ਨੂੰ ਪਾ ਦਿੱਤੀਆਂ ਜਾਣ, ਕਿਉਂਕਿ ਕਿਸਾਨਾਂ ਵਿਚਾਰਿਆਂ ਕੋਲ ਭਰੋਸਾ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਬਚਦਾ । ਫਿਰ ਆਖਰਕਾਰ ਜੇਤੂ ਸਿਆਸੀ ਧਿਰਾਂ ਸਰਕਾਰ ਬਣਾ ਕੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਪਾਸਾ ਵੱਟ ਜਾਂਦੀਆਂ ਨੇ ।
ਦੂਜੇ ਨੰਬਰ 'ਤੇ ਗੱਲ ਸ਼ਾਹੂਕਾਰਾਂ ਦੀ ਕਰਦੇ ਹਾਂ। ਸ਼ਾਹੂਕਾਰਾਂ ਤੋਂ ਕਿਸਾਨ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਕਰਜ਼ਾ ਲੈਂਦਾ ਹੈ ਅਤੇ ਅੱਗੋਂ ਸ਼ਾਹੂਕਾਰ ਕਿਸਾਨ ਦੀ ਮਜ਼ਬੂਰੀ ਦਾ ਫਾਇਦਾ ਲੈਂਦਿਆਂ ਮਨਮਰਜ਼ੀ ਦਾ ਵਿਆਜ ਲਾਉਦਾ ਹੈ ਅਤੇ ਜੇਕਰ ਕਿਸਾਨ ਇਸ ਗੱਲ ਦੀ ਮੁਖ਼ਾਲਫ਼ਤ ਕਰਨ ਦੀ ਸੋਚਦਾ ਹੈ ਤਾਂ ਉਸ ਦੇ ਮਨ 'ਚ ਚੁੱਲ੍ਹਾ ਬੰਦ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ। ਕਿਉਂਕਿ ਕਿਸਾਨ ਵਿਚਾਰੇ ਤਾਂ ਆਪਣੀ ਰੋਟੀ ਦਾ ਇੰਤਜ਼ਾਮ ਵੀ ਸ਼ਾਹੂਕਾਰ ਤੋਂ ਉਧਾਰ ਪੈਸਾ ਚੁੱਕ ਕੇ ਕਰਦੇ ਨੇ।
ਤੀਜੇ ਨੰਬਰ 'ਤੇ ਫਸਲੀ-ਦਵਾਈਆਂ ਦੀਆਂ ਹੱਟੀਆਂ ਵਾਲੇ ਨੇ, ਜਿਹੜੇ ਜ਼ਿਆਦਾਤਰ ਬਿਨਾਂ ਬਿੱਲ ਤੋਂ ਦਵਾਈਆਂ ਵੇਚਦੇ ਨੇ ਅਤੇ ਇਹ ਦਵਾਈਆਂ ਅੱਗੇ ਖੇਤਾਂ 'ਚ ਕੰਮ ਨਹੀਂ ਕਰਦੀਆਂ। ਇਸ ਦਾ ਖ਼ਮਿਆਜ਼ਾ ਸਿੱਧਾ ਕਿਸਾਨ ਨੂੰ ਭੁਗਤਣਾ ਪੈਂਦਾ ਹੈ ਅਤੇ ਇਸ ਗੱਲ ਦੀ ਤਾਜ਼ਾ ਮਿਸਾਲ ਸਿਜੈਂਟਾ ਕੰਪਨੀ ਦੀ ਐਕਸਲ ਦਵਾਈ ਤੋਂ ਲਈ ਜਾ ਸਕਦੀ ਹੈ, ਜਿਸ ਨੇ ਕਣਕ ਦੇ ਲੰਘੇ ਸ਼ੀਜਨ 'ਚ ਗੂੱਲੀਡੰਡੇ ਨਾਂ ਦੇ ਨਦੀਨ 'ਤੇ ਕੋਈ ਅਸਰ ਨਹੀਂ ਕੀਤਾ।
ਅਗਲੀ ਗੱਲ ਉਸ ਪੜ੍ਹੇ ਲਿਖੇ ਵਰਗ ਅਤੇ ਖੇਤੀ ਮਹਿਕਮੇ ਦੇ ਅਫ਼ਸਰਾਂ ਦੀ ਕਰਦੇ ਹਾਂ, ਜਿਹੜੇ A.C. ਕਮਰਿਆਂ 'ਚ ਬਹਿ ਕੇ ਅਖ਼ਬਾਰਾਂ 'ਚ ਵੱਡੇ-ਵੱਡੇ ਆਰਟੀਕਲ ਲਿਖ ਕੇ ਨਸੀਹਤਾਂ ਦਿੰਦੇ ਰਹਿੰਦੇ ਨੇ, ਕਿ ਕਣਕ-ਝੋਨੇ ਦੇ ਚੱਕਰ ਨੂੰ ਛੱਡ ਹੋਰ ਫ਼ਸਲਾਂ ਬੀਜੋ। ਇਸ ਪੜ੍ਹੇ-ਲਿਖੇ ਵਰਗ ਵੱਲੋਂ ਖੇਤੀ ਵਿਭਿੰਨਤਾਂ ਦੀਆਂ ਦਿੱਤੀਆਂ ਜਾਂਦੀਆਂ ਇਹ ਸਕੀਮਾਂ ਹਮੇਸ਼ਾ ਠੁੱਸ ਹੋ ਕੇ ਰਹਿ ਜਾਂਦੀਆਂ ਨੇ।
ਜਿਸ ਦੀ ਤਾਜ਼ਾ ਮਿਸਾਲ ਅੱਜ-ਕੱਲ੍ਹ ਬਠਿੰਡਾ-ਜ਼ੀਰਕਪੁਰ ਹਾਈਵੇ ਨੰਬਰ 7 'ਤੇ ਕਿਸਾਨਾਂ ਦੀਆਂ ਥੋੜੇ-ਥੋੜੇ ਫਾਸਲੇ 'ਤੇ ਖ਼ਰਬੂਜ਼ਿਆਂ ਨਾਲ ਲੱਦੀਆਂ ਖੜ੍ਹੀਆਂ ਟਰਾਲੀਆਂ ਵੱਲੋਂ ਦਿੱਤੀ ਜਾ ਰਹੀ ਹੈ। ਉਪਰੋਕਤ ਤਸਵੀਰ 2 ਕੁ ਦਿਨ ਪੁਰਾਣੀ ਹੈ, ਜੋ ਕੇ ਮੈਂ ਰਾਜਪੁਰਾ ਤੋਂ ਬਨੂੜ ਵੱਲ ਨੂੰ ਆਉਂਦੇ ਹੋਏ ਹਾਈਵੇ 'ਤੇ ਖਿੱਚੀ ਹੈ। ਅੱਜ ਕੱਲ ਖ਼ਰਬੂਜ਼ਿਆਂ ਦਾ ਸ਼ੀਜਨ ਚੱਲ ਰਿਹਾ ਹੈ ਅਤੇ ਇਸ ਵਕਤ ਮੰਡੀਆਂ 'ਚ ਖ਼ਰਬੂਜ਼ੇ ਦਾ ਭਾਅ 3 ਰੁਪਏ ਤੋਂ 5 ਰੁਪਏ ਤੱਕ ਹੈ, ਕਈ ਵਾਰੀ ਖ਼ਰਬੂਜ਼ੇ ਵੇਚਣ ਲਈ ਕਿਸਾਨਾਂ ਨੂੰ 2-2 ਦਿਨ ਵੀ ਮੰਡੀਆਂ 'ਚ ਰੁਲਣਾ ਪੈਂਦਾ ਹੈ ਅਤੇ ਕਈ ਵਾਰੀ ਫਿਰ ਵੀ ਮੰਡੀ 'ਚ ਮਾਲ ਵਿਕਣੋਂ ਰਹਿ ਜਾਦਾਂ ਹੈ। ਜਦੋਂ ਮੈਂ ਬਠਿੰਡਾ-ਜ਼ੀਰਕਪੁਰ ਹਾਈਵੇ ਤੋਂ ਲੰਘ ਰਿਹਾ ਸੀ, ਤਾਂ ਰੋਡ ਉੱਤੋ ਫੋਟੋ 'ਚ ਨਜ਼ਰ ਆ ਰਿਹਾ ਕਿਸਾਨ ਆਪਣੇ ਖ਼ਰਬੂਜ਼ੇ ਵੇਚਣ ਲਈ ਬੇਸਬਰੀ ਨਾਲ ਗਾਹਕ ਨੂੰ ਉਡੀਕ ਰਿਹਾ ਸੀ। ਜਦੋਂ ਮੈਂ ਕਿਸਾਨ ਨਾਲ ਖ਼ਰਬੂਜ਼ਿਆਂ ਦੀਆਂ ਲੱਦੀਆਂ ਟਰਾਲੀਆਂ ਬਾਬਤ ਗੱਲ ਕੀਤੀ, ਤਾਂ ਇਸ ਕਿਸਾਨ ਨੇ ਦੱਸਿਆ, ਕਿ 'ਹਾਈਵੇ' ਹੋਣ ਕਰਕੇ ਇੱਥੇ ਖ਼ਰਬੂਜ਼ੇ ਦਾ ਭਾਅ ਮੰਡੀ ਨਾਲੋਂ 1-2 ਰੁਪਏ ਵੱਧ ਮਿਲਣ ਦੀ ਆਸ ਹੁੰਦੀ ਹੈ ਅਤੇ ਮੰਡੀ ਨਾਲੋਂ ਮਾਲ ਵਿਕਣ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ, ਬਸ ਇਸ ਵਜਾਂ ਕਰਕੇ ਹੀ ਕਿਸਾਨਾਂ ਵੱਲੋਂ ਰੋਡ ਢਾਹੇ ਖ਼ਰਬੂਜ਼ੇ ਵੇਚਣ ਨੂੰ ਪਹਿਲ ਦਿੱਤੀ ਜਾਂਦੀ ਹੈ। ਮੈਨੂੰ ਇੰਝ ਜਾਪਿਆ ਕਿ ਬਸ ਹੁਣ ਫਰਕ ਇੰਨਾ ਕੁ ਹੈ ਕਿ ਕਿਸਾਨ ਵਿਚਾਰੇ ਮੰਡੀ 'ਚ ਰੁਲਣ ਦੀ ਥਾਂ ਸੜਕ 'ਤੇ ਰੁਲਣ ਨੂੰ ਤਰਜੀਹ ਦੇਣਾ ਚੰਗਾ ਸਮਝ ਰਹੇ ਨੇ ।
ਆਪ ਖੇਤੀ ਕਰਦਾ ਹੋਣ ਕਰਕੇ ਮੈਨੂੰ ਇਸ ਗੱਲ ਦਾ ਇਲਮ ਹੈ, ਕਿ ਖ਼ਰਬੂਜ਼ਿਆਂ ਦੀ ਫ਼ਸਲ ਆਲੂਆਂ ਵਾਲੇ ਖੇਤਾਂ 'ਚ ਹੁੰਦੀ ਹੈ। ਫਿਰ ਲੰਘੇ ਸ਼ੀਜਨ 'ਚ ਆਲੂਆਂ ਦਾ ਮੰਡੀਆਂ 'ਚ ਕੀ ਹਾਲ ਹੋਇਆ, ਕਿਸੇ ਤੋਂ ਲੁਕਿਆ ਹੋਇਆ ਨਹੀਂ, ਫਿਰ ਹੁਣ ਦੂਜੀ ਫ਼ਸਲ ਖ਼ਰਬੂਜ਼ੇ ਵੀ ਰੁਲ ਗਏ। ਫਿਰ ਕਹਿੰਦੇ ਨੇ, ਕਿ ਕਿਸਾਨ ਖੁਦਕੁਸ਼ੀ ਕਿਉਂ ਕਰਦੇ ਨੇ?
ਅਗਲੀ ਗੱਲ ਉਨ੍ਹਾਂ ਪੜ੍ਹਿਆਂ ਲਿਖਿਆਂ ਦੀ ਗੱਲਾਂ 'ਤੇ ਬੜੀ ਖਿੱਝ ਆਉਂਦੀ ਹੈ, ਜਿਹੜੇ ਕਹਿੰਦੇ ਨੇ ਕਿ ਕਿਸਾਨਾਂ ਨੇ ਆਪਣੇ ਖ਼ਰਚੇ ਵਧਾ ਲਏ, ਜਿਸ ਕਾਰਨ ਕਿਸਾਨੀ ਕਰਜ਼ਈ ਹੋਈ ਪਈ ਹੈ। ਅੱਜ ਹਿੰਦੂਸਤਾਨ ਦੇ ਵਜ਼ੀਰੇ-ਆਜ਼ਮ ਦੇ ਲੌਲੀ ਪੌਪ ਵਰਗੇ ਬਿਆਨ ਤੇ ਬੜਾ ਰੋਹ ਜਿਹਾ ਆਉਂਦੈ ਜਿਹੜਾ ਕਹਿੰਦਾ ਹੈ, ਕਿ ਕਿਸਾਨਾਂ ਦੀ ਇਨਕਮ ਦੁੱਗਣੀ ਕਰ ਦਵਾਂਗੇ, ਜੇ ਮਗਰਲੇ ਪੰਜਾਂ ਸਾਲਾਂ ‘ਚ ਡੂਢੀ ਕੀਤੀ ਹੁੰਦੀ ਫੇਰ ਤਾਂ ਉਮੀਦ ਕਰ ਲੈਂਦੇ ਕੇ ਅਗਲੇ ਪੰਜਾਂ ‘ਚ ਸਾਇਦ ਦੁੱਗਣੀ ਹੋ ਜਾਊ।
-
ਮਲਕੀਤ ਸਿੰਘ ਮਲਕਪੁਰ,
surjitkuhar@gmail.com
98154-48201
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.