ਖ਼ਬਰ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਸਾਕਸ਼ੀ ਮਹਾਰਾਜ ਨੇ ਮੋਹਨ ਦਾਸ ਕਰਮ ਚੰਦ ਗਾਂਧੀ ਉਰਫ ਮਹਾਤਮਾ ਗਾਂਧੀ ਨੂੰ ਮਾਰਨ ਵਾਲੇ ਨੱਥੂ ਰਾਮ ਗੌਡਸੇ ਦੀ ਪ੍ਰਸੰਸਾ ਕੀਤੀ ਸੀ ਤਾਂ ਲੱਗਦਾ ਸੀ ਕਿ ਗੌਡਸੇ ਦੀ ਪੂਜਾ ਕਰਨ ਵਾਲੇ ਲੋਕਾਂ ਦੀ ਗਿਣਤੀ ਕਾਫੀ ਘੱਟ ਹੈ। ਪਰ ਇਸ ਵਾਰ ਭੋਪਾਲ ਤੋਂ ਭਾਜਪਾ ਦੀ ਐਮ.ਪੀ. ਪ੍ਰਗਿਆ ਠਾਕੁਰ ਨੇ ਜਦੋਂ ਗੌਡਸੇ ਦੀ ਪ੍ਰਸੰਸਾ ਕੀਤੀ ਤਾਂ ਦੇਸ਼ ਭਰ ਦੇ ਕਈ ਭਾਜਪਾ ਐਮ.ਪੀ. ਉਮੀਦਵਾਰਾਂ ਨੇ ਇਸ ਬਿਆਨ ਦਾ ਸਮਰਥਨ ਕੀਤਾ। ਇਥੇ ਇਹ ਵਰਨਣ ਯੋਗ ਹੈ ਕਿ ਹਿੰਦੋਸਤਾਨ ਵਿੱਚ ਸਾਡੇ ਗੌਡਸੇ ਭਗਤਾਂ ਨੇ ਚੋਣਾਂ ਜਿੱਤੀਆਂ ਅਤੇ ਉਹ ਵੀ ਭਾਰੀ ਗਿਣਤੀ ਨਾਲ। ਖ਼ਬਰ ਇਹ ਵੀ ਹੈ ਕਿ ਜੋ ਲੋਕ ਗਾਂਧੀ ਦਾ ਵਿਰੋਧ ਕਰਦੇ ਹੋਏ ਗੌਡਸੇ ਦੀ ਵੰਦਨਾ ਕਰਦੇ ਹਨ, ਉਹ ਭਾਰਤੀ ਸੰਸਦ ਵਿੱਚ ਬੈਠਣਗੇ। ਗੌਡਸੇ ਨੂੰ ਦੇਸ਼ ਭਗਤ ਬਨਾਉਣ ਦੀ ਗੱਲ 1990 ਵਿੱਚ ਤੁਰੀ ਸੀ, ਤੇ 29 ਸਾਲ ਬਾਅਦ ਉਹਦੇ ਉਪਾਸ਼ਕਾਂ ਦੀ ਗਿਣਤੀ ਹਜ਼ਾਰਾਂ ਵਿੱਚ ਨਹੀਂ ਲੱਖਾਂ ਵਿੱਚ ਹੈ, ਉਹਨਾ ਵਿੱਚੋਂ ਕੁਝ ਐਮ.ਪੀ. ਅਤੇ ਸ਼ਾਇਦ ਕੁਝ ਮੰਤਰੀ ਮੰਡਲ ਵਿੱਚ ਵੀ ਸ਼ਾਮਲ ਹੋ ਗਏ ਹਨ।
ਵੇਖੋ ਕੇਡਾ ਉਲਟ ਜ਼ਮਾਨਾ ਆ ਗਿਆ ਕਿ ਸਿਆਣਿਆਂ ਨੂੰ ਪਿੰਡੋਂ ਕੱਢਿਆ ਜਾ ਰਿਹਾ ਤੇ 'ਆਪਣਿਆਂ' ਨੂੰ ਚੌਧਰੀ ਬਣਾਇਆ ਜਾ ਰਿਹਾ। ਵੇਖੋ ਕੇਡਾ ਉਲਟ ਜ਼ਮਾਨਾ ਆ ਗਿਆ ਕਿ ਮਹਾਤਮਾ ਗਾਂਧੀ ਦੀਆਂ ਭਾਰਤ ਵਿੱਚੋਂ ਉਵੇਂ ਹੀ ਸਫ਼ਾ ਲਪੇਟੀਆਂ ਜਾ ਰਹੀਆਂ ਜਿਵੇਂ ਕਦੇ ਮਹਾਤਮਾ ਬੁੱਧ ਨੂੰ ਭਾਰਤ ਵਿੱਚੋਂ ਬੇਦਖਲ ਕੀਤਾ ਗਿਆ ਸੀ ਕਿਉਂਕਿ ਸਮਾਜਿਕ ਬਰੋਬਰੀ ਦੇ ਉਸਦੇ ਵਿਚਾਰ ਨੂੰ "ਇਥੋਂ" ਵਾਲਿਆਂ ਨਹੀਂ ਸੀ ਸਵੀਕਾਰਿਆ। ਵੇਖੋ ਨਾ ਕੇਡਾ ਉਲਟ ਜ਼ਮਾਨਾ ਆ ਗਿਆ ਕਿ ਲਹੂ ਸਫ਼ੈਦ ਹੋ ਰਿਹਾ ਤੇ ਬਹੁਲਤਾਵਾਦੀ, ਕਟੱੜ ਲੋਕਾਂ ਨੂੰ ਆਪਣੇ ਵਿਚਾਰ ਰੱਖਣ ਵਾਲੇ ਲੋਕ ਰਾਸ਼ਟਰ ਵਿਰੋਧੀ ਦਿਸਣ ਲੱਗੇ ਆ। ਵੇਖੋ ਕੇਡਾ ਉਲਟ ਜ਼ਮਾਨਾ ਆ ਗਿਆ ਕਿ ਕਈ ਲੋਕ ਆਖਣ ਲੱਗੇ ਪਏ ਆ ਗੌਡਸੇ ਇੱਕ ਦੇਸ਼ ਭਗਤ ਸਨ ਜਿਵੇਂ ਕਿ ਮਹਾਤਮਾ ਗਾਂਧੀ ਵੀ ਸਨ। ਆਖਣ ਵੀ ਕਿਉਂ ਨਾ ਭਾਈ, ਉਹਨਾ ਦੀਆਂ ਪੌਂ ਬਾਰਾਂ ਹਨ, ਪੰਜੇ ਉਂਗਲਾਂ ਘਿਉ ਵਿੱਚ ਹਨ।
ਉਂਜ ਵੀ ਭਾਈ ਝੂਠ ਵਿਕਦਾ, ਤੂਫਾਨ ਵਿਕਦਾ, ਇਥੇ ਤਾਂ ਭਾਈ ਆਪਣਾ ਹਿੰਦੋਸਤਾਨ ਵਿਕਦਾ। ਬਸ ਵੇਚਣ ਦੀ ਮੁਹਾਰਤ ਚਾਹੀਦੀ ਆ। ਹੁਣ ਤਾਂ ਭਾਈ ਝੂਠ ਵੇਚਣ ਦੇ ਸੰਦ ਹੀ ਬੜੇ ਆ, ਫੇਸ ਬੁੱਕ, ਟਵਿੱਟਰ, ਇੰਸਟਾਗ੍ਰਾਮ, ਵਡਸਅੱਪ, ਟੀ ਵੀ ਨਿਊਜ਼ ਚੈਨਲ ਤੇ ਆਹ ਆਪਣੀਆਂ ਅਖ਼ਬਾਰਾਂ, ਇਥੋਂ ਜੋ ਮਰਜ਼ੀ ਵੇਚੋ, ਹੈ ਕੋਈ ਰੋਕ? ਹੈ ਕੋਈ ਟੋਕ? ਤਦੇ ਤਾਂ ਕਵੀ ਦੇਸ਼ ਮਹਾਨ ਬਾਰੇ ਬਹੁਮੁੱਲੇ ਵਿਚਾਰ ਇਵੇਂ ਲਿਖਦਾ ਆ, "ਲੱਠਾ, ਮਲਮਲ ਤੇ ਕੋਈ ਸ਼ਨੂਨ ਵੇਚੇ, ਸ਼ਰੇਆਮ ਕੋਈ ਮਜ਼ਹਬੀ ਜਨੂਨ ਵੇਚੇ"।
ਲੰਘਣ ਵਾਲਾ ਡਿੱਗਦੈ ਖਾ ਠੇਡੇ,
ਟੁੱਟਣ ਹੱਡੀਆਂ ਕਿਸਮਤ ਨੂੰ ਝੂਰਦਾ ਏ।
ਖ਼ਬਰ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਪਾਰਟੀ ਦੀ ਹਾਰਨ ਦੀ ਜ਼ੁੰਮੇਵਾਰੀ ਲੈਦਿਆਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾ ਨੇ ਪਿਛਲੇ ਦਿਨਾਂ 'ਚ ਹੋਈ ਮੀਟਿੰਗ ਵਿੱਚ ਆਪਣਾ ਅਸਤੀਫ਼ਾ ਕਾਂਗਰਸ ਕਾਰਜਕਾਰਨੀ ਵਿੱਚ ਦਿੱਤਾ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਰਾਹੁਲ ਗਾਂਧੀ ਨੇ ਇਸ ਮੀਟਿੰਗ ਵਿੱਚ ਕਿਹਾ ਹੈ ਕਿ ਉਹਨਾ ਦੀ ਪਾਰਟੀ ਦੇ ਚੁਣੇ ਹੋਏ 52 ਮੈਂਬਰ ਹੀ ਉਹਨਾ ਲਈ ਕਾਫੀ ਹਨ, ਜਿਹਨਾ ਨਾਲ ਉਹ ਭਾਜਪਾ ਨੂੰ ਪੂਰੀ ਟੱਕਰ ਦੇਣਗੇ। ਉਧਰ ਕਾਂਗਰਸ ਪਾਰਲੀਮਨੀ ਬੋਰਡ ਦੀ ਹੋਈ ਮੀਟਿੰਗ ਵਿੱਚ ਸੋਨੀਆ ਗਾਂਧੀ ਨੂੰ ਸੀ.ਪੀ.ਪੀ. ਦੀ ਨੇਤਾ ਚੁਣ ਲਿਆ ਗਿਆ ਹੈ।
ਜਿੱਤਣ ਵਾਲਿਆਂ ਦਾ ਡੰਕਾ ਵੱਜ ਰਿਹਾ ਆ ਅਤੇ ਹਾਰਨ ਵਾਲਿਆਂ ਦਾ ਢੋਲ ਫੱਟ ਰਿਹਾ ਆ। ਸਾਰੇ ਜਾਣਦੇ ਆ ਜਦੋਂ ਦੋ ਘੁਲਦੇ ਆ ਇੱਕ ਨੇ ਤਾਂ ਹਾਰਨਾ ਹੀ ਸੀ। ਬਹੁਤ ਭੱਖਿਆ ਮੈਦਾਨ। ਬਹੁਤ ਹੋਇਆ ਯੁੱਧ। ਬਹੁਤ ਹੋਈ ਚੈਂ-ਚੈਂ, ਪੈਂ-ਪੈਂ। ਜਿਧਰ ਦੇਖੋ, ਉਧਰ ਹੀ ਨੇਤਾ, ਜਿਧਰ ਦੇਖੋ ਉਧਰ ਹੀ ਪੋਸਟਰ, ਜਿਧਰ ਦੇਖੋ ਉਧਰ ਹੀ ਅਪ-ਸ਼ਬਦ! ਜਿਹਨਾ ਬਾਰੇ ਪਬਲਿਕ ਸਭੋ ਕੁਝ ਜਾਣਦੀ ਸੀ ਪਹਿਲੋਂ ਹੀ। ਪਰ ਹੁਣ ਤਾਂ ਇਹ ਅਪ-ਸ਼ਬਦ ਲਾਵਾਰਸ ਹੋ ਗਏ ਆ ਅਤੇ ਨਾਲ ਹੀ ਦਫ਼ਨ ਹੋ ਗਏ ਰੋਡ ਸ਼ੋ, ਝੰਡੇ-ਡੰਡੇ, ਮਾਈਕ ਤੇ ਭੋਂਪੂ। ਚੁੱਪ-ਚਾਪ ਮਿੱਟੀ 'ਚ ਦਫ਼ਨ ਹੋ ਗਏ ਆ। ਨੇਤਾਵਾਂ ਵਾਂਗਰ, ਨੇਤਾਵਾਂ ਦੇ ਚਮਚਿਆਂ ਵਾਂਗਰ, ਨੇਤਾਵਾਂ ਦੇ ਦਲਾਲਾਂ ਵਾਂਗਰ। ਹੁਣ ਤਾਂ ਸੜਕਾਂ ਸੁੰਨੀਆਂ ਹਨ। ਹੁਣ ਤਾਂ ਤਾਏ ਫੀਨੇ ਅਮਲੀ ਕੋਲ ਕੋਈ 'ਨਾਗਣੀ' ਦੇਣ ਨਹੀਂ ਆਉਂਦਾ, ਹੁਣ ਤਾਂ ਗੱਭਰੂ ਨੂੰ 'ਚਿੱਟੇ' ਦਾ ਪਰਾਗਾ ਸੁੱਟ ਵੋਟਾਂ ਮੰਗਣ ਆਉਂਦਾ ਨਹੀਂ ਦਿਸਦਾ। ਇਹ ਤਾਂ ਭਾਈ ਕੁਝ ਦਿਨਾਂ ਦੀ ਖੇਡ ਸੀ। ਪੈਸਾ ਸੁੱਟ ਤਮਾਸ਼ਾ ਵੇਖ! ਪੈਸਾ ਮੁੱਕਿਆ ਤੇ ਤਮਾਸ਼ਾ ਖ਼ਤਮ। ਹੁਣ ਤੂੰ ਕੌਣ ਤੇ ਮੈਂ ਕੌਣ? ਜਿਹੜੇ ਜਿੱਤ ਗਏ ਬਾਘੀਆਂ ਪਾਉਂਦੇ ਆ। ਜਿਹੜੇ ਹਾਰ ਗਏ, ਵਿਚਾਰੇ ਅੰਦਰ ਵੜ-ਵੜ ਰੋਂਦੇ ਆ ਤੇ ਆਪਣੇ ਮਨ ਨੂੰ ਧਰਵਾਸਾ ਦੇਣ ਲਈ ਹਵਾਈ ਦਬਕੇ ਮਾਰਦੇ ਆ। ਕਿਉਂਕਿ ਉਹਦੀ ਹਾਲਤ ਤਾਂ "ਲੰਘਣ ਵਾਲਾ ਡਿੱਗਦਾ ਖਾ ਠੇਡੇ, ਟੁੱਟਣ ਹੱਡੀਆਂ ਕਿਸਮਤ ਨੂੰ ਝੂਰਦਾ ਏ", ਵਾਲੀ ਆ, ਆਹ ਆਪਣੀ ਕਾਂਗਰਸ ਤੇ ਕਾਂਗਰਸੀ ਨੇਤਾਵਾਂ ਵਰਗੀ।
ਪਟੇ ਚੋਪੜ ਵਾਹੇ ਵੰਞਲੀ ਨਾ,
ਰਾਂਝਾ ਆਪਣੀ ਹੁਣ ਤਸਵੀਰ ਬਦਲੇ
ਖ਼ਬਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਵਪਾਰਕ ਪ੍ਰੋਗਰਾਮ ਜੀ ਪੀ ਐਸ (ਜਨਰਲੀਜ਼ਡ ਸਿਸਟਮ ਆਫ ਪ੍ਰੈਫਰੈਂਸਜ਼) ਤਹਿਤ ਇੱਕ ਲਾਭ ਪਾਤਰੀ ਵਿਕਾਸਸ਼ੀਲ਼ ਦੇਸ਼ ਦੇ ਰੂਪ 'ਚ ਭਾਰਤ ਦੇ ਦਰਜ਼ੇ ਨੂੰ ਖਤਮ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਮੈਂ ਇਹ ਤੈਅ ਕੀਤਾ ਹੈ ਕਿ ਭਾਰਤ ਨੇ ਅਮਰੀਕਾ ਨੂੰ ਆਪਣੇ ਬਾਜ਼ਾਰ ਤੱਕ ਸਮਾਨ ਅਤੇ ਤਰਕਪੂਰਨ ਪਹੁੰਚ ਦੇਣ ਦਾ ਭਰੋਸਾ ਨਹੀਂ ਦਿੱਤਾ ਹੈ। ਭਾਰਤ 2017 ਵਿੱਚ ਜੀ ਪੀ ਐਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਲਾਭਪਾਤਰੀ ਰਿਹਾ। ਸਾਲ 2017 'ਚ ਭਾਰਤ ਨੇ ਇਸਦੇ ਤਹਿਤ ਅਮਰੀਕਾ ਤੋਂ 5.7 ਅਰਬ ਡਾਲਰ ਦੀ ਬਰਾਮਦ ਕੀਤੀ ਸੀ। ਜੀ ਪੀ ਐਸ ਦੇ ਤਹਿਤ ਭਾਰਤ ਜੋ ਅਮਰੀਕਾ ਨੂੰ ਉਤਪਾਦ ਭੇਜਦਾ ਹੈ, ਉਹਨਾ 'ਤੇ ਉਥੇ ਦਰਾਮਦ ਟੈਕਸ ਨਹੀਂ ਲੱਗਦਾ।
ਫੰਨੇ ਖਾਂ ਬਣ ਗਿਆ ਹੈ, ਭਾਰਤ! ਵੇਖੋ ਨਾ ਜੀ ਇਹਨੂੰ ਕੀ ਲੋੜ ਆ, ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰੇ। ਵੇਖੋ ਨਾ ਜੀ, ਸਮਾਨ "ਮੇਡ ਇਨ ਇੰਡੀਆ" ਸਾਡਾ, ਅਮਰੀਕਾ ਕਿਉਂ ਲੈ ਜਾਵੇ।? ਵੇਖੋ ਨਾ ਜੀ, ਮੇਡ ਇਨ ਇੰਡੀਆ ਸਾਡਾ ਭਾਵੇਂ ਅਸੀਂ ਚੀਨੋਂ ਮੰਗਵਾਈਏ ਤੇ ਮੋਹਰਾਂ ਆਪਣੀਆਂ ਲਾਈਏ, ਅਮਰੀਕਾ ਨੂੰ ਕੀ। ਆਪਣਾ ਬਣਾਈਏ ਖਾਰਾ ਸੋਢਾ, ਆਪਣਾ ਬਣਾਈਏ ਲਿੱਦ ਵਾਲਾ ਮਸਾਲਾ, ਆਪਣੀ ਬਣਾਈਏ ਮੀਂਗਣਾ ਵਾਲੀ ਕਾਲੀ ਮਿਰਚ, ਆਪਣਾ ਬਣਾਈਏ ਏਸਿਡ ਤੋਂ ਦੁੱਧ ਤੇ ਮੱਖਣ, ਅਪਣਾ ਬਣਾਈਏ ਬਨਾਉਟੀ ਪਨੀਰ ਤੇ ਆਪਣਿਆਂ ਨੂੰ ਖੁਆਈਏ ਅਤੇ ਉਮਰੋਂ ਪਹਿਲਾਂ ਲੋਕਾਂ ਨੂੰ ਉਪਰ ਵਾਲੇ ਕੋਲ ਪਹੁੰਚਾਈਏ, ਅਮਰੀਕਾ ਨੂੰ ਕੀ। ਉਹ ਭਾਈ ਸਾਡੇ ਤੋਂ ਤਾਂ ਆਪਣੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਦੂਜਿਆਂ ਪੱਲੇ ਪਾਈਏ ਕੀ?
ਉਂਜ ਭਾਈ ਸਰਕਾਰ ਬਦਲੀ ਆ, ਰੁੱਤ ਵੀ ਤਾਂ ਬਦਲੇ! ਸਰਕਾਰ ਬਦਲੀ ਆ ਤਾਂ ਦਿੱਖ ਵੀ ਬਦਲੇ, ਐਂਵੇ ਨਵੇਂ ਦੇ ਚਾਅ ਅਤੇ ਆਕੜ 'ਚ ਪਹਿਲਾਂ ਚੌੜੇ ਹੋ ਚੁੱਕੇ ਝੁੱਗੇ ਨੂੰ, ਹੋਰ ਚੌੜਾ ਨਾ ਕਰਾ ਬੈਠੀਏ। ਕਵੀਓ ਵਾਚ, "ਪਟੇ ਚੋਪੜ ਕੇ ਵਾਹੇ ਵੰਞਲੀ ਨਾ, ਰਾਂਝਾ ਆਪਣੀ ਹੁਣ ਤਸਵੀਰ ਬਦਲੇ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
· ਦੇਸ਼ ਦੀਆਂ 17ਵੀਆਂ ਲੋਕ ਸਭਾ ਚੋਣਾਂ ਵਿੱਚ 2293 ਸਿਆਸੀ ਪਾਰਟੀਆਂ ਨੇ ਹਿੱਸਾ ਲਿਆ, ਇਹਨਾ ਵਿੱਚ 7 ਨੈਸ਼ਨਲ ਪੱਧਰ ਉਤੇ ਪ੍ਰਵਾਨਤ ਪਾਰਟੀਆਂ ਹਨ ਅਤੇ 59 ਪਾਰਟੀਆਂ ਸੂਬਾ ਪੱਧਰ ਤੇ ਪ੍ਰਵਾਨਤ ਪਾਰਟੀਆਂ ਹਨ।
ਇੱਕ ਵਿਚਾਰ
ਸੁਪਨਿਆਂ ਤੋਂ ਸਫ਼ਲਤਾ ਤੱਕ ਪਹੁੰਚਣ ਦਾ ਰਸਤਾ ਮੌਜੂਦ ਹੈ। ਤੁਹਾਡੇ ਕੋਲ ਇਸ ਨੂੰ ਲੱਭਣ ਅਤੇ ਉਸ ਕੋਲ ਜਾਣ ਦਾ ਹੌਸਲਾ ਹੋਣਾ ਚਾਹੀਦਾ ਹੈ। ..............ਕਲਪਨਾ ਚਾਵਲਾ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.