ਹਾਕੀ ਖੇਡ ਦਾ ਸੁਲਤਾਨ ਅਜ਼ਲਾਨ ਸ਼ਾਹ ਤੋਂ ਵੱਡਾ ਪ੍ਰੇਮੀ ਦੁਨੀਆ 'ਤੇ ਨਾ ਕੋਈ ਹੋਇਆ ਤੇ ਸ਼ਾਇਦ ਨਾ ਹੀ ਕੋਈ ਹੋਏਗਾ। ਮਲੇਸ਼ੀਆ ਦੇ ਸੂਬੇ ਪੇਰਾਕ ਦੀ ਰਾਜਧਾਨੀ 'ਈਪੋ' ਵਿਖੇ ਪਹਿਲੀ ਵਾਰ ਜਾਣ ਦਾ ਮੌਕਾ ਮਿਲਿਆ। ਵੈਸੇ ਤਾਂ ਇਹ ਸ਼ਹਿਰ 19ਵੀਂ ਸਦੀ ਤੱਕ 'ਟਿਨ ਮਾਈਨਿੰਗ' ਕਾਰਨ ਬਹੁਤ ਹੀ ਮਸ਼ਹੂਰ ਰਿਹਾ ਅਤੇ ਕਾਫੀ ਅਮੀਰ ਸ਼ਹਿਰ ਵੀ ਰਿਹਾ। ਪਰ 20ਵੀਂ ਸਦੀ 'ਚ ਇਸ ਸ਼ਹਿਰ ਦੀ ਕਾਰੋਬਾਰ ਬੰਦ ਹੋਣ ਕਾਰਨ ਹੋਂਦ ਬਿਲਕੁਲ ਹੀ ਮਿਟ ਗਈ ਸੀ। ਸ਼ਹਿਰ ਖਾਲੀ ਹੋ ਗਿਆ ਤੇ ਲੋਕ ਇਥੋਂ ਆਪਣਾ ਵਸੇਵਾਂ ਛੱਡ ਹੋਰਨਾਂ ਸੂਬਿਆਂ ਵੱਲ੍ਹ ਕੂਚ ਕਰ ਗਏ। ਪਰ ਇਹ ਸ਼ਹਿਰ ਮੁੜ ਚਰਚਾ 'ਚ ਉਸ ਵੇਲੇ ਫੇਰ ਆਇਆ ਜਦੋਂ ਇੱਥੋਂ ਦੇ ਸੁਲਤਾਨ ਦੇ ਨਾਮ 'ਤੇ ਸ਼ੁਰੂ ਹੋਈਆਂ ਖੇਡਾਂ ਕਾਰਨ ਪੂਰੀ ਦੁਨੀਆ 'ਚ ਚਰਚਾ ਛਿੜ ਗਈ।
'ਈਪੋ' ਜਾਂਦਿਆਂ ਹੀ ਖੇਡ ਜਗਤ ਨਾਲ ਸਬੰਧਿਤ ਕੁਝ ਅਜਿਹੀਆਂ ਗੱਲਾਂ ਦਾ ਪਤਾ ਲੱਗਿਆ ਜਿਸ ਤੋਂ ਮੈਂ ਕੀ, ਬਹੁਤ ਸਾਰੇ ਖੇਡ ਪ੍ਰੇਮੀ ਤੇ ਖੇਡ ਲੇਖਕ ਅਣਜਾਣ ਸਨ। ਈਪੋ ਨੂੰ ਮਲੇਸ਼ੀਆ 'ਚ ਜਾਗ ਲਾਉਣ ਦਾ ਬਹੁਤ ਵੱਡਾ ਮੱਕਾ ਕਿਹਾ ਜਾਂਦਾ ਹੈ ਤੇ ਕਿਉਂਕਿ ਇਥੋਂ ਦੇ ਸੁਲਤਾਨ ਅਜ਼ਲਾਨ ਸ਼ਾਹ ਸਟੇਡੀਅਮ ਵਿਖੇ ਆਏ ਸਾਲ ਹੁੰਦੀਆਂ ਵੱਖ-ਵੱਖ ਖੇਡਾਂ ਕਾਰਨ ਸੈਂਕੜੇ ਹੀ ਖਿਡਾਰੀ ਇਥੇ ਆ ਕੇ ਆਪਣੀ ਕਲਾ ਦਾ ਜੌਹਰ ਦਿਖਾਉਂਦੇ ਨੇ। ਮੈਨੂੰ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਮਲੇਸ਼ੀਆ ਜਿਹੇ ਸੋਹਣੇ ਮੁਲਕ 'ਚ ਆਉਣ ਦਾ ਮੌਕਾ ਮਿਲਿਆ ਤਾਂ ਖੇਡ ਪ੍ਰੇਮੀ ਅਤੇ ਚਿੰਤਕ ਹੋਣ ਕਾਰਨ ਮੈਂ ਈਪੋ ਆਉਣੋਂ ਰੁਕ ਨਹੀਂ ਸਕਿਆ। ਈਪੋ ਵਿਖੇ ਬਣੇ ਆਲੀਸ਼ਾਨ ਅਜ਼ਲਾਨ ਸ਼ਾਹ ਸਟੇਡੀਅਮ ਨੂੰ ਬਹੁਤੇ ਲੋਕ ਇੱਥੋਂ ਦੇ ਸੁਲਤਾਨ ਅਜ਼ਲਾਨ ਸ਼ਾਹ ਦੇ ਨਾਮ ਤੋਂ ਹੀ ਜਾਣਦੇ ਹਨ ਕਿਉਂਕਿ ਹੁਣ ਤੱਕ ਕਿਹਾ ਜਾਂਦਾ ਰਿਹਾ ਹੈ ਕਿ ਅਜ਼ਲਾਨ ਸ਼ਾਹ ਨੇ ਮਲੇਸ਼ੀਆ 'ਚ ਖੇਡਾਂ ਦਾ ਜਾਗ ਲਾਇਆ ਸੀ। ਸੰਨ 1975 ਹਾਕੀ ਵਿਸ਼ਵ ਕੱਪ ਦੇਖਦਿਆਂ ਹੀ ਸੁਲਤਾਨ ਅਜ਼ਲਾਨ ਸ਼ਾਹ ਸਾਡੇ ਸਿੱਖ ਖਿਡਾਰੀਆਂ ਦਾ ਫੈਨ ਹੋ ਗਿਆ ਸੀ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਅਜ਼ਲਾਨ ਸ਼ਾਹ ਦੇ ਮਨ 'ਚ ਅਜਿਹੀ ਚਾਹਤ ਪੈਦਾ ਹੋਈ ਕਿ ਉਹ ਆਪਣੇ ਸ਼ਹਿਰ ਈਪੋ ਵਿਖੇ ਖੇਡਾਂ ਲਈ ਇੱਕ ਵਿਸ਼ਾਲ ਸਟੇਡੀਅਮ ਤਿਆਰ ਕਰਨ ਦੀ ਠਾਣ ਲਈ ਤੇ ਜਿਸ ਤੋਂ ਬਾਅਦ ਉਸਨੇ ਆਪਣੇ ਨਾਮ 'ਤੇ 1983 'ਚ ਹਾਕੀ ਦਾ ਅਜ਼ਲਾਨ ਸ਼ਾਹ ਕੱਪ ਵੀ ਸ਼ੁਰੂ ਕਰ ਦਿੱਤਾ। ਜੋ ਹੁਣ ਹਰ ਸਾਲ ਕਰਾਈਆ ਜਾਂਦਾ ਹੈ। ਇਸ ਹਾਕੀ ਦੇ ਕੱਪ 'ਚ ਹੁਣ ਤਕ ਆਸਟ੍ਰੇਲੀਆ ਦੀ ਟੀਮ ਸਭ ਤੋਂ ਵੱਧ ਵਾਰ ਚੈਂਪੀਅਨ ਰਹੀ ਹੈ ਤੇ ਭਾਰਤੀ ਹਾਕੀ ਟੀਮ ਦੂਸਰੇ ਸਥਾਨ 'ਤੇ ਸਭ ਤੋਂ ਵੱਧ ਵਾਰ ਵਿਜੇਤਾ ਬਣਨ ਦਾ ਤਾਜ ਆਪਣੇ ਸਿਰ 'ਤੇ ਸਜਾਏ ਹੋਈ ਹੈ।
ਗੱਲ ਕਰਦੇ ਹਾਂ ਅਜ਼ਲਾਨ ਸ਼ਾਹ ਕੱਪ ਦੀ ਸ਼ੁਰੂਆਤ ਹੋਣ ਦੀ ਅਤੇ ਇਸ ਵਿਸ਼ਾਲ ਖੇਡ ਸਟੇਡੀਅਮ ਦੇ ਹੋਂਦ 'ਚ ਆਉਣ ਦੀ। ਮੈਂ ਆਪਣੀ ਯਾਤਰਾ ਦੌਰਾਨ ਸਟੇਡੀਅਮ ਦੇਖਣ ਦੀ ਚਾਹਤ ਅਤੇ ਘੁੰਮਦਾ ਘੁਮਾਉਂਦਾ ਕੁਆਲਲੰਪੁਰ ਤੋਂ ਈਪੋ ਲਈ ਰਵਾਨਾ ਹੋਇਆ। ਈਪੋ ਜਾਣ ਤੋਂ ਪਹਿਲਾਂ ਪੁਸਿੰਗ ਸਟੇਟ ਵਿਖੇ ਜਾਣ ਦਾ ਮੌਕਾ ਮਿਲਿਆ ਜਿਥੇ ਮਲੇਸ਼ੀਆ ਦਾ ਤਕਰੀਬਨ 100 ਤੋਂ 150 ਸਾਲ ਪੁਰਾਣਾ 'ਗੁਰਦੁਆਰਾ ਪੁਸਿੰਗ' ਸਥਿਤ ਹੈ। ਇਸ ਜਗ੍ਹਾ ਸਿੱਖਾਂ ਦਾ ਕਾਫੀ ਬੋਲਬਾਲਾ ਰਿਹਾ ਹੈ ਤੇ ਅੱਜ ਵੀ ਸਿੱਖ ਆਪਣੀ ਹੋਂਦ ਕਾਇਮ ਰੱਖੀ ਹੋਏ ਨੇ। ਇਸੇ ਜਗ੍ਹਾ ਈਪੋ ਦੇ ਸਟੇਡੀਅਮ ਦੀਆਂ ਗੱਲਾਂ ਤੁਰੀਆਂ। ਮਲੇਸ਼ੀਆ ਜੰਮੇ ਪਲੇ ਸਿੱਖਾਂ ਨੇ ਮੈਨੂੰ ਦੱਸਿਆ ਕਿ ਅਸਲ 'ਚ ਈਪੋ 'ਚ ਸੁਲਤਾਨ ਅਜ਼ਲਾਨ ਸ਼ਾਹ ਕੱਪ ਅਤੇ ਇੰਨਾ ਵੱਡਾ ਸਟੇਡੀਅਮ ਖੜ੍ਹਾ ਕਰਾਉਣ ਵਾਲਾ ਇਕੱਲਾ ਅਜ਼ਲਾਨ ਸ਼ਾਹ ਹੀ ਨਹੀਂ ਸੀ, ਸਗੋਂ ਉਸ ਦਾ ਬਹੁਤ ਹੀ ਅਜ਼ੀਜ਼ ਸਿੱਖ ਮਿੱਤਰ ਦਰਸ਼ਨ ਸਿੰਘ ਗਿੱਲ ਸੀ। ਅਸਲ 'ਚ ਦਰਸ਼ਨ ਸਿੰਘ ਗਿੱਲ ਪੇਸ਼ੇ ਵਜੋਂ ਵਕੀਲ ਹਨ ਤੇ ਉਧਰ ਅਜ਼ਲਾਨ ਸ਼ਾਹ ਵੀ ਪੇਸ਼ੇ ਵਜੋਂ ਵਕੀਲ ਸੀ। ਦਰਸ਼ਨ ਸਿੰਘ ਗਿੱਲ ਅਤੇ ਅਜ਼ਲਾਨ ਸ਼ਾਹ 'ਚ ਬਹੁਤ ਹੀ ਗੂੜ੍ਹੀ ਦੋਸਤੀ ਸੀ ਤੇ ਜਿਸ ਕਾਰਨ ਉਹ ਹਰ ਇੱਕ ਨਿੱਕੀ ਵੱਡੀ ਗੱਲ ਇਕ ਦੂਜੇ ਨਾਲ ਸਾਂਝੀ ਕਰਦੇ ਰਹੇ। ਖੇਡ ਮਾਹਿਰਾਂ ਦੇ ਦੱਸਣ ਮੁਤਾਬਕ ਅਜ਼ਲਾਨ ਸ਼ਾਹ ਨੇ ਜਦੋਂ ਸੰਨ 1975 'ਚ ਹਾਕੀ ਦਾ ਮੈਚ ਦੇਖਿਆ ਤਾਂ ਉਸ ਦੇ ਮਨ 'ਚ ਹਾਕੀ ਘਰ ਕਰ ਗਈ। ਮਲੇਸ਼ੀਆ ਵਸਦੇ ਸਿੱਖਾਂ ਦੇ ਦੱਸਣ ਅਨੁਸਾਰ ਇਸੇ ਗੱਲ ਦਾ ਫਾਇਦਾ ਅਜ਼ਲਾਨ ਸ਼ਾਹ ਦੇ ਦੋਸਤ ਦਰਸ਼ਨ ਗਿੱਲ ਨੇ ਲਿਆ ਤੇ ਮਲੇਸ਼ੀਆ 'ਚ ਹਾਕੀ ਕੱਪ ਅਤੇ ਹੋਰਨਾਂ ਖੇਡਾਂ ਨੂੰ ਤਰਜੀਹ ਦੇਣ ਲਈ ਉਸ ਕੋਲ ਆਪਣੀ ਇੱਛਾ ਜ਼ਾਹਰ ਕੀਤੀ। ਅਜ਼ਲਾਨ ਸ਼ਾਹ ਨੇ ਸੁਲਤਾਨ ਬਣਦਿਆਂ ਹੀ ਹਾਕੀ ਲਈ ਆਪਣੇ ਮਨ ਦੀ ਇੱਛਾ ਪੂਰੀ ਕਰਨ ਲਈ ਖੇਡਾਂ ਦੇ ਮੱਕੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਪਹਿਲੀ ਵਾਰ ਉਸਨੇ 1983 ਚ ਆਪਣੇ ਨਾਮ 'ਤੇ ਹਾਕੀ ਕੱਪ ਕਰਾਇਆ ਜਿਸ 'ਚ ਆਸਟ੍ਰੇਲੀਆ ਦੀ ਟੀਮ ਪਹਿਲੇ, ਪਾਕਿਸਤਾਨ ਦੀ ਦੂਸਰੇ, ਭਾਰਤ ਦੀ ਤੀਸਰੇ ਸਥਾਨ ਅਤੇ ਮਲੇਸ਼ੀਆ ਦੀ ਟੀਮ ਚੌਥੇ ਸਥਾਨ 'ਤੇ ਰਹੀ ਸੀ। ਇਸ ਹਾਕੀ ਕੱਪ ਨਾਲ ਹਾਕੀ ਟੀਮਾਂ ਨੂੰ ਪੂਰੀ ਦੁਨੀਆ 'ਚ ਇੱਕ ਵੱਖਰੀ ਹੀ ਪਹਿਚਾਣ ਮਿਲ ਗਈ। ਉੱਤੋਂ ਅਜ਼ਲਾਨ ਸ਼ਾਹ ਦਾ ਹਾਕੀ ਖੇਡ ਪ੍ਰਤੀ ਆਪਣਾ ਮੋਹ ਅਤੇ ਉਸਦੇ ਦੋਸਤ ਦਰਸ਼ਨ ਸਿੰਘ ਗਿੱਲ ਦਾ ਇੰਨ੍ਹਾਂ ਖੇਡਾਂ ਨੂੰ ਸ਼ੁਰੂ ਕਰਾਉਣ ਦੀ ਮਨਸ਼ਾ ਆਖਰ ਪੂਰੀ ਹੋ ਹੀ ਗਈ। ਦਰਸ਼ਨ ਸਿੰਘ ਗਿੱਲ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਮਲੇਸ਼ੀਆ 'ਚ ਖੇਡਾਂ ਦੇ ਇਸ ਮੱਕੇ ਨੂੰ ਬਣਾਉਣ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ।
ਇਸ ਖੇਡ ਸਟੇਡੀਅਮ 'ਚ ਅੱਜ ਇਕੱਲੀ ਹਾਕੀ ਹੀ ਨਹੀਂ, ਸਗੋਂ ਹੋਰ ਵੀ ਬਹੁਤ ਖੇਡਾਂ ਹੁੰਦੀਆਂ ਹਨ, ਜਿਵੇਂ ਹਾਕੀ, ਫੁਟਬਾਲ, ਰਗਬੀ, ਟੈਨਿਸ, ਬੈਡਮਿੰਟਨ, ਸਾਈਕਲਿੰਗ ਅਥਲੈਟਿਕਸ ਆਦਿ ਖੇਡਾਂ ਲਈ ਬਹੁਤ ਹੀ ਸ਼ਾਨਦਾਰ ਖੇਡ ਸਟੇਡੀਅਮ ਤਿਆਰ ਕੀਤੇ ਗਏ ਹਨ, ਜਿਸ ਨੂੰ ਦੇਖ ਦੇਖ ਮਨ ਰੱਜਦਾ ਹੀ ਨਹੀਂ। ਮਲੇਸ਼ੀਆ ਜਿਹੇ ਸ਼ਹਿਰ 'ਚ ਜਿਥੇ ਖੇਡ ਸਟੇਡੀਅਮਾਂ ਦੀ ਕੋਈ ਘਾਟ ਨਹੀਂ ਹੈ, ਪਰ ਇਥੇ ਚੰਗੇ ਖਿਡਾਰੀਆਂ ਦੀ ਬਹੁਤ ਜ਼ਿਆਦਾ ਕਮੀ ਹੈ। ਮਲੇਸ਼ੀਆ ਦਾ ਖੇਡਾਂ 'ਚ ਯੋਗਦਾਨ ਦੇਖਿਆ ਜਾਵੇ ਤਾਂ ਸਕੁਐਸ਼ ਅਤੇ ਬੈਡਮਿੰਟਨ ਤੋਂ ਬਗੈਰ ਇਸ ਮੁਲਕ ਦਾ ਨਾਮ ਹੋਰ ਕਿਸੇ ਖੇਡ 'ਚ ਨਹੀਂ ਚਮਕਿਆ। ਕਿਉਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਜ਼ਿਆਦਾ ਖੇਡਾਂ 'ਚ ਜਾਣਾ ਪਸੰਦ ਨਹੀਂ ਕਰਦੇ ਸਗੋਂ ਪੜ੍ਹਾਈ ਕਰ ਆਪਣੇ ਕਾਰੋਬਾਰ ਵੱਲ੍ਹ ਜ਼ਿਆਦਾ ਧਿਆਨ ਦਿੰਦੇ ਨੇ। ਉਹ ਗੱਲ ਵੱਖਰੀ ਐ ਕਿ ਮਲੇਸ਼ੀਆ ਕੋਲ ਚੰਗੇ ਖਿਡਾਰੀਆਂ ਦੀ ਕਮੀ ਹੈ, ਪਰ ਇੱਕ ਗੱਲ ਜੋ ਸਭ ਤੋਂ ਵੱਡੀ ਹੈ, ਉਹ ਹੈ ਕਿ ਇਥੋਂ ਦੇ ਨੌਜਵਾਨਾਂ ਲਈ ਖੇਡ ਸਟੇਡੀਅਮ ਅਤੇ ਖੇਡ ਢਾਂਚਾ ਪਹਿਲੋਂ ਹੀ ਤਿਆਰ ਹੈ। ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ। ਅੱਜ ਜੇਕਰ ਇਥੋਂ ਦਾ ਨੌਜਵਾਨ ਖੇਡਾਂ ਨੂੰ ਤਰਜੀਹ ਨਹੀਂ ਦਿੰਦਾ ਤਾਂ ਹੋ ਸਕਦੈ ਕਿ ਆਉਣ ਵਾਲੇ ਸਮੇਂ 'ਚ ਸੁਲਤਾਨ ਅਜ਼ਲਾਨ ਸ਼ਾਹ ਜਿਹੇ ਸਟੇਡੀਅਮਾਂ ਨੂੰ ਦੇਖ ਉਨ੍ਹਾਂ ਦੇ ਮਨ ਅੰਦਰ ਵੀ ਖੇਡਣ ਦੀ ਚਾਹਤ ਪੈਦਾ ਹੋ ਜਾਏ ਤੇ ਅਜ਼ਲਾਨ ਸ਼ਾਹ ਤੇ ਦਰਸ਼ਨ ਸਿੰਘ ਗਿੱਲ ਦਾ ਖੇਡਾਂ ਪ੍ਰਤੀ ਲਿਆ ਸੁਪਨਾ ਮਲੇਸ਼ੀਆ ਦੇ ਖਿਡਾਰੀਆਂ ਰਾਹੀਂ ਸੱਚ ਹੋ ਜਾਏ।
ਯਾਦਵਿੰਦਰ ਸਿੰਘ ਤੂਰ
02-06-2019
-
ਯਾਦਵਿੰਦਰ ਸਿੰਘ ਤੂਰ, ਨਿਊਜ਼ ਐਡੀਟਰ ਬਾਬੂਸ਼ਾਹੀ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.