ਸਾਕਾ ਦਰਬਾਰ ਸਾਹਿਬ ਜੂਨ 1984
ਫੌਜੀ ਹਮਲੇ ਲਈ ਸ਼ਹੀਦੀ ਪੁਰਬ ਵਾਲਾ ਦਿਹਾੜਾ ਹੀ ਕਿਉਂ ਚੁਣਿਆ ਗਿਆ?
ਫ਼ੌਜ ਵੱਲੋਂ ਬਲਿਊ ਸਟਾਰ ਦੇ ਨਾਂ ਹੇਠ ਸਾਕਾ ਵਰਤਾਉਣ ਲਈ ਚੁਣੇ ਗਏ ਦਿਨ ਬਾਰੇ ਅੱਜ ਤੱਕ ਕੋਈ ਤਸੱਲੀ ਬਖ਼ਸ਼ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ। 3 ਜੂਨ 1984 ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ ਇਹ ਦਿਹਾੜਾ ਮਨਾਉਣ ਖ਼ਾਤਰ ਦੀ ਤਾਦਾਦ ਵਿੱਚ ਸੰਗਤਾਂ ਦਰਬਾਰ ਸਾਹਿਬ ਇਕੱਠੀਆਂ ਹੁੰਦੀਆਂ ਆਈਆਂ ਸਨ ਤੇ 3 ਜੂਨ '84 ਨੂੰ ਵੀ ਆਈਆਂ। ਜਿਨ੍ਹਾਂ 'ਚੋਂ ਵਧੇਰੇ ਗਿਣਤੀ ਵਿੱਚ ਦੂਰ-ਦੁਰਾਡਿਓਂ ਆਉਣ ਵਾਲੀਆਂ ਸੰਗਤਾਂ ਹੁੰਦੀਆਂ ਸਨ ਤੇ ਉਹ ਰਾਤ ਵੀ ਦਰਬਾਰ ਸਾਹਿਬ ਵਿੱਚ ਹੀ ਬਿਤਾਉਂਦੀਆਂ ਆਈਆਂ ਸਨ। 3 ਜੂਨ ਸ਼ਾਮ ਨੂੰ ਕਰਫ਼ਿਊ ਲੱਗ ਗਿਆ ਜਿਸ ਕਰਕੇ ਸਾਰੀਆਂ ਸੰਗਤਾਂ ਇੱਥੇ ਹੀ ਘਿਰ ਗਈਆਂ। ਇਸ ਗੱਲ ਦਾ ਫ਼ੌਜ, ਖ਼ੁਫ਼ੀਆ ਏਜੰਸੀਆਂ ਤੇ ਸਰਕਾਰ ਸਮੇਤ ਸਭ ਨੂੰ ਇਲਮ ਸੀ ਕਿ ਇਸ ਦਿਨ ਕੀਤੇ ਗਏ ਫ਼ੌਜੀ ਹਮਲੇ ਵਿੱਚ ਹਜ਼ਾਰਾਂ ਬੇਗੁਨਾਹ ਬੱਚੇ, ਬੁੱਢੇ ਤੇ ਔਰਤਾਂ ਮਾਰੇ ਜਾ ਸਕਦੇ ਹਨ। ਇਸ ਦੇ ਬਾਵਜੂਦ ਵੀ ਇਹ ਦਿਨ ਹੀ ਕਿਉਂ ਚੁਣਿਆ ਗਿਆ। ਸਰਕਾਰ ਵੱਲੋਂ ਜਾਰੀ ਕੀਤੇ ਗਏ ਵਾਈਟ ਪੇਪਰ ਵਿੱਚ ਵੀ ਇਸ ਗੱਲ ਦੀ ਕੋਈ ਵਜ਼ਾਹਤ ਨਜ਼ਰ ਨਹੀਂ ਆਉਂਦੀ।
ਫ਼ੌਜੀ ਹੱਲੇ ਦੇ ਮੁਰ੍ਹੈਲੀ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਆਪਦੇ ਵੱਲੋਂ ਲਿਖੀ ਗਈ ਕਿਤਾਬ 'ਓਪਰੇਸ਼ਨ ਬਲ਼ੂ ਸਟਾਰ ਅਸਲ ਕਹਾਣੀ' ਦੇ ਮੁੱਢ ਵਿੱਚ ਸਫ਼ਾ 17 'ਤੇ ਦੱਸਦਾ ਹੈ ਕਿ ਇਸ ਗੱਲ ਦਾ ਮੈਂ ਅਗਾਂਹ ਜਾ ਕੇ ਜਵਾਬ ਦੇਵਾਂਗਾ ਕਿ ਇਹ ਦਿਨ ਹੀ ਕਿਉਂ ਚੁਣਿਆ ਗਿਆ।
ਫ਼ੌਜੀ ਹਮਲੇ ਲਈ ਸ਼ਹੀਦੀ...
ਅਗਾਂਹ ਜਾ ਕੇ ਜਿਹੜਾ ਉਹਨੇ ਜਵਾਬ ਦਿੱਤਾ ਹੈ ਉਹ ਕੱਚੀ ਕੌਡੀ ਵਰਗਾ ਵੀ ਨਹੀਂ। ਸਫ਼ਾ 81 'ਤੇ ਉਹ ਇਸ ਜਵਾਬ ਦਿੰਦਾ ਹੋਇਆ ਲਿਖਦਾ ਹੈ ਕਿ 'ਬਲ਼ੂ ਸਟਾਰ ਕਾਰਵਾਈ ਤੋਂ ਪਿੱਛੋਂ ਹੋਈ ਚਰਚਾ ਦੌਰਾਨ ਇਸ ਦੇ ਜਿਹੜੇ ਪੱਖ ਉੱਤੇ ਸਭ ਤੋਂ ਜ਼ਿਆਦਾ ਬਹਿਸ ਹੋਈ ਉਹ ਇਸ ਨੂੰ ਆਰੰਭ ਕਰਨ ਦੀ ਤਾਰੀਖ਼ ਹੈ। ਸਰਕਾਰ ਨੂੰ ਉਸ ਦੇ ਇਸ ਫ਼ੈਸਲੇ ਵਾਸਤੇ ਦੋਸ਼ੀ ਠਹਿਰਾਇਆ ਗਿਆ ਹੈ ਕਿ ਉਸਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਦੇ ਮੌਕੇ ਸੈਨਾ ਨੂੰ ਹਰਮਿੰਦਰ ਸਾਹਿਬ ਅੰਦਰ ਭੇਜਣ ਦਾ ਹੁਕਮ ਦਿੱਤਾ ਜਿਸ ਦੇ ਫਲਸਰੂਪ ਸ਼ਰਧਾਲੂਆਂ ਦੀ ਬਹੁਤ ਵੱਡੀ ਗਿਣਤੀ ਅੰਦਰ ਫਸ ਗਈ ਅਤੇ ਉਨ੍ਹਾਂ ਵਿੱਚੋਂ ਕਈਆਂ ਦੀਆਂ ਕਾਰਵਾਈ ਦੌਰਾਨ ਜਾਨਾਂ ਗਈਆਂ। ਮੈਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਕਿ ਮੈਂ ਜ਼ੋਰਦਾਰ ਢੰਗ ਨਾਲ ਮਹਿਸੂਸ ਕਰਦਾ ਹਾਂ ਕਿ ਇਹ ਇਲਜ਼ਾਮ ਸਰਾਸਰ ਅਕਾਲੀ ਆਗੂਆਂ ਉੱਤੇ ਲਗਦਾ ਹੈ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ 3 ਜੂਨ ਨੂੰ ਰਾਜ ਵਿਆਪੀ ਮੋਰਚਾ ਲਾਉਣ ਦਾ ਐਲਾਨ ਕੀਤਾ। ਜਿਸ ਵੇਲੇ ਪੰਜਾਬ ਵਿੱਚ ਹਿੰਸਾ ਤੇ ਲਾ ਕਾਨੂੰਨੀ ਸਹਿਣਯੋਗ ਹੱਦਾਂ-ਬੰਨੇ ਟੱਪ ਗਈ ਸੀ ਅਤੇ ਵੱਖਵਾਦੀ ਸਰਗਰਮੀਆਂ ਆਪਣੀ ਸਿਖਰ ਉੱਤੇ ਸਨ, ਲੌਂਗੋਵਾਲ ਵੱਲੋਂ ਐਲਾਨੇ ਮੋਰਚੇ ਨੇ ਮਾਮਲੇ ਦੀ ਗੰਭੀਰਤਾ ਵਿੱਚ ਹੋਰ ਵਾਧਾ ਹੀ ਕੀਤਾ ਅਤੇ ਸ੍ਰੀਮਤੀ ਇੰਦਰਾ ਗਾਂਧੀ ਲਈ ਹੋਰ ਕੋਈ ਚਾਰਾ ਨਾ ਰਹਿਣ ਦਿੱਤਾ। ਅਕਾਲੀਆਂ ਨੂੰ ਇਸ ਗੱਲ ਵਾਸਤੇ ਪ੍ਰੇਰਿਆ ਕਿਉਂ ਨਾ ਜਾ ਸਕਿਆ ਕਿ ਉਹ ਆਪਣਾ ਮੋਰਚਾ ਕੁਝ ਦਿਨ ਬਾਦ ਵਿੱਚ ਲਾ ਲੈਣ?'
ਬਰਾੜ ਆਪਣੇ ਇਸ ਜਵਾਬ ਵਿੱਚ ਇਹ ਦੱਸਦਾ ਹੈ ਕਿ ਕਿਉਂਕਿ ਅਕਾਲੀਆਂ ਨੇ 3 ਜੂਨ ਨੂੰ ਰਾਜ ਵਿਆਪੀ ਮੋਰਚਾ ਲਾਉਣ ਦਾ ਐਲਾਨ ਕੀਤਾ। ਇੱਥੇ ਉਹ ਮੋਰਚੇ ਦੀ ਕਿਸਮ ਦੱਸਣੀ ਭੁੱਲ ਗਿਆ ਹੈ। ਅਕਾਲੀ ਦਲ ਦਾ ਧਰਮ ਯੁੱਧ ਮੋਰਚਾ ਤਾਂ ਪਹਿਲਾਂ ਹੀ ਚੱਲ ਰਿਹਾ ਸੀ ਇਸ ਵਿੱਚ ਉਹਨੇ ਇੱਕ ਨਵਾਂ ਐਕਸ਼ਨ ਐਲਾਨਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 3 ਜੂਨ ਨੂੰ ਉਹ ਪੰਜਾਬ ਵਿੱਚੋਂ ਬਾਹਰਲੇ ਸੂਬਿਆਂ ਨੂੰ ਭੇਜੇ ਜਾ ਰਹੇ ਅਨਾਜ ਦੀ ਸਪਲਾਈ ਨੂੰ ਰੋਕਣਗੇ।
ਪੰਜਾਬ ਵਿੱਚੋਂ ਅਨਾਜ ਦੀ ਸਪਲਾਈ ਕੁਝ ਦਿਨਾਂ ਵਾਸਤੇ ਰੁਕਣ ਨਾਲ ਦੇਸ਼ ਨੂੰ ਕੋਈ ਫ਼ੌਰੀ ਆਫ਼ਤ ਨਹੀਂ ਸੀ ਆਉਣ ਲੱਗੀ। ਅਨਾਜ ਦੀ ਸਪਲਾਈ ਰੋਕਣ ਦੀ ਸਵਿੱਚ ਵੀ ਕੋਈ ਦਰਬਾਰ ਸਾਹਿਬ ਵਿੱਚ ਨਹੀਂ ਸੀ ਲੱਗੀ ਹੋਈ। ਜੋ ਕਿ ਉੱਥੇ ਜਾ ਕੇ ਹੀ ਕੱਟਣੀ ਪੈਂਦੀ। ਜਿੱਥੇ-ਜਿੱਥੇ ਅਨਾਜ ਦੀ ਸਪਲਾਈ ਰੋਕੀ ਜਾਂਦੀ ਸਰਕਾਰ ਉੱਥੇ ਤਾਕਤ ਵਰਤ ਸਕਦੀ ਸੀ। ਨਾਲੇ ਸਾਰੇ ਦੇਸ਼ ਵਿੱਚ 6 ਮਹੀਨਿਆਂ ਜੋਗਾ ਅੰਨ ਭੰਡਾਰ ਹਮੇਸ਼ਾ ਮੌਜੂਦ ਰਹਿੰਦਾ ਹੈ। ਸੋ ਇਹ ਬਹਾਨਾ ਕਿਸੇ ਵੀ ਤਰੀਕੇ ਨਾਲ ਯੋਗ ਨਹੀਂ ਮੰਨਿਆ ਜਾ ਸਕਦਾ। ਬਰਾੜ ਲਿਖਦਾ ਹੈ ਕਿ ਅਕਾਲੀ ਮੋਰਚੇ ਨੇ ਮਸਲੇ ਦੀ ਗੰਭੀਰਤਾ ਵਿੱਚ ਹੋਰ ਵਾਧਾ ਕੀਤਾ ਹੈ ਅਤੇ ਇੰਦਰਾ ਗਾਂਧੀ ਕੋਲ ਹੋਰ ਕੋਈ ਚਾਰਾ ਨਾ ਰਹਿਣ ਦਿੱਤਾ। ਬਰਾੜ ਨੇ 'ਹੋਰ ਕੋਈ ਚਾਰਾ' ਦਾ ਅਰਥ ਤਾਂ ਨਹੀਂ ਦੱਸਿਆ ਪਰ ਜਦੋਂ ਉਹ 3 ਜੂਨ ਦਾ ਦਿਨ ਚੁਣੇ ਜਾਣ ਦਾ ਜਵਾਬ ਦੇ ਰਿਹਾ ਹੈ ਤਾਂ ਇਹਦਾ ਅਰਥ ਇਹੀ ਸਮਝਿਆ ਜਾ ਸਕਦਾ ਹੈ ਕਿ ਇੰਦਰਾ ਗਾਂਧੀ ਕੋਲ ਫ਼ੌਜੀ ਹਮਲੇ ਖ਼ਾਤਰ 3 ਜੂਨ ਦਾ ਦਿਨ ਮੁਕੱਰਰ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ। ਪਾਠਕ ਬਿਨਾਂ ਸਮਝ ਸਕਦੇ ਹਨ ਕਿ ਬਰਾੜ ਵੱਲੋਂ ਕੀਤੀ ਗਈ ਇਹ ਵਜ਼ਾਹਤ ਕਿੰਨੀ ਕੱਚੀ ਪਿੱਲੀ ਹੈ ਕਿਉਂਕਿ ਅਨਾਜ ਦੀ ਸਪਲਾਈ ਰੋਕਣ ਦੀ ਕਾਰਵਾਈ ਦੀ ਤੁਲਨਾ ਦੇਸ਼ 'ਤੇ ਕਿਸੇ ਬਾਹਰੀ ਹਮਲੇ ਦੇ ਖ਼ਤਰੇ ਨਾਲ ਨਹੀਂ ਕੀਤੀ ਜਾ ਸਕਦੀ ਕਿ ਜਿਸ ਖ਼ਾਤਰ ਫ਼ੌਜ ਨੂੰ ਐਨਾ ਫ਼ੌਰੀ ਐਕਸ਼ਨ ਲੈਣਾ ਪੈਂਦਾ ਕਿ ਕਿਸੇ ਤਰੀਕ-ਤਰੂਕ ਦੀ ਪ੍ਰਵਾਹ ਨਾ ਕੀਤੀ ਜਾਂਦੀ।
ਚਲੋ ਤਰੀਕ ਦੀ ਵੀ ਗੱਲ ਛੱਡੋ ਜੇ ਸਰਕਾਰ ਦੀ ਨਜ਼ਰ ਵਿੱਚ ਆਮ ਲੋਕਾਂ ਨੂੰ ਫ਼ੌਜੀ ਹਮਲੇ ਦੀ ਮਾਰ ਹੇਠ ਆਉਣ ਤੋਂ ਬਚਾਉਣ ਦਾ ਮਕਸਦ ਮੂੰਹਰੇ ਹੁੰਦਾ ਤਾਂ ਸੰਗਤਾਂ ਨੂੰ ਕਰਫ਼ਿਊ ਲਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਸ਼ਹੀਦੀ ਪੁਰਬ ਵਾਲੇ ਦਿਨ ਉੱਥੇ ਇਕੱਠਾ ਹੋਣੋਂ ਰੋਕ ਸਕਦੀ ਸੀ। ਕਿਉਂਕਿ ਸਰਕਾਰ ਨੇ ਤਾਂ ਹਮਲੇ ਦਾ ਸਾਰਾ ਟਾਈਮ ਟੇਬਲ ਕਈ ਹਫ਼ਤੇ ਪਹਿਲਾਂ ਹੀ ਬਣਾ ਲਿਆ ਸੀ। ਫ਼ੌਜੀ ਕੁਮਕ 29 ਮਈ ਤੋਂ ਹੀ ਅੰਮ੍ਰਿਤਸਰ ਛਾਉਣੀ ਵਿੱਚ ਦੂਰ-ਦੁਰਾਡਿਓਂ ਚੱਲ ਕੇ ਆਉਣੀ ਸ਼ੁਰੂ ਹੋ ਗਈ ਸੀ। 9 ਇਨਫੈਟਰੀ ਬ੍ਰਿਗੇਡ ਦੀਆਂ ਕੁਝ ਟੁਕੜੀਆਂ 465 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਮੇਰਠ ਤੋਂ ਅੰਮ੍ਰਿਤਸਰ ਪੁੱਜ ਚੁੱਕੀਆਂ ਸਨ। ਇਹਦਾ ਭਾਵ ਇਹ ਕਿ ਇਹ ਫ਼ੌਜ 27 ਮਈ ਨੂੰ ਮੇਰਠੋਂ ਚੱਲੀ ਹੋਵੇਗੀ। ਘੱਟੋ-ਘੱਟ 2 ਦਿਨ ਉਹਨੇ ਤਿਆਰੀ ਵਿੱਚ ਵੀ ਲਾਏ ਹੋਣਗੇ। ਘੱਟੋ ਘੱਟ 1 ਦਿਨ ਪਹਿਲਾਂ ਇਸ ਦਾ ਅਫ਼ਸਰਾਂ ਨੇ ਫ਼ੈਸਲਾ ਲੈ ਲਿਆ ਹੋਵੇਗਾ। ਇਸ ਦਾ ਮਤਲਬ ਇਹ ਬਣਿਆ ਕਿ ਫ਼ੌਜੀ ਆਪ੍ਰੇਸ਼ਨ ਦੀ ਸ਼ੁਰੂਆਤ ਘੱਟੋ ਘੱਟ 24 ਮਈ ਨੂੰ ਹੀ ਸ਼ੁਰੂ ਹੋ ਗਈ ਸੀ। ਜੇ 3 ਤੇ 4 ਜੂਨ ਦੀ ਰਾਤ ਨੂੰ ਹੀ ਫ਼ੌਜ ਵੱਲੋਂ ਹਮਲਾ ਕੀਤੇ ਜਾਣ ਦੀ ਕੋਈ ਮਜਬੂਰੀ ਵੀ ਸੀ ਤਾਂ 3 ਜੂਨ ਨੂੰ ਸ਼ਹੀਦੀ ਪੁਰਬ ਦੇ ਮੱਦੇਨਜ਼ਰ ਸੰਗਤਾਂ ਨੂੰ ਉੱਥੇ ਇਕੱਠੀਆਂ ਹੋਣ ਤੋਂ ਰੋਕਣ ਖ਼ਾਤਰ ਕੋਈ ਤਰੀਕਾ ਅਖ਼ਤਿਆਰ ਕਰਨ ਖ਼ਾਤਰ ਸਰਕਾਰ ਕੋਲ ਕਾਫ਼ੀ ਸਮਾਂ ਸੀ। ਬਰਾੜ ਸਣੇ ਕਿਸੇ ਹੋਰ ਨੇ ਵੀ ਸਰਕਾਰੀ ਪੱਧਰ 'ਤੇ ਅਜਿਹਾ ਤਰੀਕਾ ਏ ਕਾਰ ਅਖ਼ਤਿਆਰ ਨਾ ਕਰ ਸਕਣ ਦੀ ਕੋਈ ਵਜ਼ਾਹਤ ਨਹੀਂ ਕੀਤੀ ਗਈ। ਪੰਜਾਬ ਵਿੱਚ ਇਸ ਦੌਰਾਨ 7 ਡਵੀਜ਼ਨ ਫ਼ੌਜ ਦੀ ਤਾਇਨਾਤੀ ਕੀਤੀ ਗਈ ਸੀ। ਜੋ ਕਿ ਜ਼ਿਆਦਾਤਰ ਪੰਜਾਬ ਦੇ ਬਾਹਰੋਂ ਢੋਈ ਗਈ। ਇਹ ਸੜਕਾਂ ਰਾਹੀਂ ਹੀ ਆਈ। ਜੋ ਕਿ ਹਰੇਕ ਜਣੇ-ਖਣੇ ਨੂੰ ਨਜ਼ਰ ਪੈਂਦੀ ਸੀ। ਪੰਜਾਬ ਅਤੇ ਦੇਸ਼ ਦੇ ਹੋਰ ਸਾਰੇ ਅਖ਼ਬਾਰਾਂ ਨੇ ਪੰਜਾਬ ਵਿੱਚ ਆ ਰਹੀ ਫ਼ੌਜ ਬਾਰੇ ਕੋਈ ਖ਼ਬਰ ਨਸ਼ਰ ਨਹੀਂ ਕੀਤੀ। ਓਨੀ ਦਿਨੀਂ ਤਾਰਾ ਵਾਲੇ ਟੈਲੀਫ਼ੋਨ ਵੀ ਟਾਂਵੇਂ ਟੱਲੇ ਕੀ ਹੁੰਦੇ ਸਨ। ਕੋਈ ਮੋਬਾਈਲ ਫ਼ੋਨ ਨਹੀਂ ਸੀ ਹੁੰਦਾ। ਕੋਈ ਪ੍ਰਾਈਵੇਟ ਟੀ.ਵੀ. ਚੈਨਲ ਦੀ ਹੋਂਦ ਨਹੀਂ ਸੀ। ਖ਼ਬਰ ਦਾ ਇੱਕੋ ਇੱਕ ਸਾਧਨ ਅਖ਼ਬਾਰ ਹੀ ਹੁੰਦੇ ਸਨ ਜਿਨ੍ਹਾਂ ਨੇ ਪੰਜਾਬ ਵਿੱਚ ਆ ਰਹੀ ਫ਼ੌਜ ਦੀ ਜਾਣਕਾਰੀ ਨੂੰ ਲੋਕਾਂ ਤੋਂ ਜਾਣਬੁੱਝ ਕੇ ਲਕੋ ਕੇ ਰੱਖਿਆ। ਜੇ ਇਸ ਗੱਲ ਦੀ ਜਾਣਕਾਰੀ ਮਿਲ ਜਾਂਦੀ ਤਾਂ ਸ਼ਹੀਦੀ ਪੁਰਬ 'ਤੇ ਸੰਗਤਾਂ ਦਾ ਇਕੱਠ ਬਹੁਤ ਥੋੜ੍ਹਾ ਹੋਣਾ ਸੀ।
ਉਸ ਵੇਲੇ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਦੇ ਉੱਘੇ ਪੱਤਰਕਾਰ ਰਹੇ ਕੰਵਰ ਸੰਧੂ ਨੇ ਆਪਣੀ ਡਾਕੂਮੈਂਟਰੀ ਵਿੱਚ ਦੱਸਿਆ ਹੈ ਕਿ 'ਮੈਂ ਫ਼ੌਜ ਦੀ ਆਮਦ ਸਬੰਧੀ 30 ਮਈ ਨੂੰ ਇੱਕ ਖ਼ਬਰ ਆਪਣੇ ਅਖ਼ਬਾਰ ਨੂੰ ਘੱਲੀ ਤੇ ਅਖ਼ਬਾਰ ਦੇ ਦਿੱਲੀ ਵਿਚਲੇ ਹੈੱਡਕੁਆਟਰ ਨੇ ਖ਼ਬਰ ਇਹ ਕਹਿ ਕੇ ਰੋਕ ਲਈ ਹੈ ਕਿ ਇਸ ਵਿੱਚ ਕੋਈ ਸਚਾਈ ਨਹੀਂ। ਸੰਧੂ ਆਖਦੇ ਹਨ ਕਿ ਉਨ੍ਹਾਂ ਨੇ ਦੁਬਾਰਾ 1 ਜੂਨ ਨੂੰ ਦੁਬਾਰਾ ਖ਼ਬਰ ਘੱਲੀ ਤੇ ਦਿੱਲੀ ਹੈੱਡ ਆਫ਼ਿਸ ਨੇ ਇਹ ਕਹਿ ਕੇ ਖ਼ਬਰ ਛਾਪਣੋਂ ਨਾਂਹ ਕਰ ਦਿੱਤੀ ਕਿ ਇਹ ਖ਼ਬਰ ਅਫ਼ਵਾਹਾਂ 'ਤੇ ਅਧਾਰਤ ਹੈ। ਸੰਧੂ ਦਾ ਕਹਿਣਾ ਹੈ ਕਿ ਜੇ ਅਜਿਹੀਆਂ ਖ਼ਬਰਾਂ ਛਪ ਜਾਂਦੀਆਂ ਤਾਂ ਕੁਝ ਜਾਨੀ ਨੁਕਸਾਨ ਹੋਣੋਂ ਬਚ ਸਕਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਪੰਜਾਬ ਦਾ ਅਤੇ ਕੌਮੀ ਮੀਡੀਆ ਇਸ ਦਾ ਨੋਟਿਸ ਲੈਣ ਵਿੱਚ ਨਾਕਾਮ ਰਿਹਾ ਹੈ।' ਸੰਧੂ ਦਾ ਪੰਜਾਬ ਅਤੇ ਕੌਮੀ ਮੀਡੀਆ ਨੂੰ 'ਨਾਕਾਮ' ਕਹਿਣਾ ਅਸਲ 'ਚ ਇਨ੍ਹਾਂ ਦੇ ਕਸੂਰ ਨੂੰ ਘਟਾਉਣਾ ਹੀ ਹੈ। ਨਾਕਾਮ ਲਫ਼ਜ਼ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਕੋਈ ਜਣਾ ਕੋਈ ਕੰਮ ਕਰਨ ਖ਼ਾਤਰ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਿਹਾ ਹੋਵੇ ਪਰ ਇਸ ਦੇ ਬਾਵਜੂਦ ਕੰਮ ਸਿਰੇ ਨਾ ਚੜ੍ਹ ਸਕੇ ਤਾਂ ਉਸ ਨੂੰ ਨਾਕਾਮ ਆਖਿਆ
ਜਾਂਦਾ ਹੈ। ਪਰ ਜੇ ਕੋਈ ਜਾਣਬੁੱਝ ਕੇ ਕੰਮ ਕਰਨਾ ਹੀ ਨਾ ਚਾਹੇ ਤਾਂ ਇਹ ਆਖਿਆ ਜਾਂਦਾ ਹੈ ਕਿ ਫਲਾਣੇ ਨੇ ਇਹ ਕੰਮ ਨਹੀਂ ਕੀਤਾ। ਜਦੋਂ ਇੰਡੀਅਨ ਐਕਸਪ੍ਰੈੱਸ ਨੇ ਸ੍ਰੀ ਸੰਧੂ ਵੱਲੋਂ ਭੇਜੀਆਂ ਖ਼ਬਰਾਂ ਨਹੀਂ ਛਾਪੀਆਂ ਤਾਂ ਇਸ ਵਿੱਚ ਉਹਦੇ ਅਖ਼ਬਾਰ ਦੀ ਨਾਕਾਮੀ ਨਹੀਂ ਸੀ ਬਲਕਿ ਇਹ ਕਹਿਣਾ ਬੇਈਮਾਨੀ ਸੀ ਤੇਰੀਆਂ ਖ਼ਬਰਾਂ ਵਿੱਚ ਕੋਈ ਸਚਾਈ ਨਹੀਂ। ਹਾਲਾਂਕਿ ਸਚਾਈ ਤਾਂ ਸੜਕਾਂ 'ਤੇ ਤੁਰੀ ਜਾਂਦੀ ਸਭ ਨੂੰ ਦਿਸ ਰਹੀ ਸੀ। ਫ਼ੌਜ ਦੀਆਂ ਸੈਂਕੜੇ ਗੱਡੀਆਂ ਵਾਲੇ ਕਾਫ਼ਲੇ ਅੰਮ੍ਰਿਤਸਰ ਵੱਲ ਮੂਹ ਕਰੀ ਜਾ ਰਹੇ ਸਨ। ਇਹ ਕੰਮ ਇੱਕ ਦਿਨ ਵਿੱਚ ਨਹੀਂ ਹੋ ਗਿਆ ਬਲਕਿ ਇਹ 28 ਮਈ ਤੋਂ ਸ਼ੁਰੂ ਹੋ ਕੇ 3 ਜੂਨ ਤੱਕ ਵੀ ਜਾਰੀ ਸੀ। ਜਦ ਐਡਾ ਭਾਰੀ ਕੀੜੀ ਕਟਕ ਭਾਰਤ ਦੇ ਸਭ ਤੋਂ ਉੱਘੇ ਨੈਸ਼ਨਲ ਹਾਈਵੇਅ ਨੰਬਰ 1 ਤੋਂ ਲਗਾਤਾਰ ਕਈ ਦਿਨ ਗੁਜ਼ਰਦਾ ਰਿਹਾ ਹੋਵੇ ਤੇ ਫਿਰ ਇੰਡੀਅਨ ਐਕਸਪ੍ਰੈੱਸ ਵਰਗੇ ਜ਼ਿੰਮੇਵਾਰ ਅਖ਼ਬਾਰ ਵੱਲੋਂ ਇਸ ਨੂੰ ਅਫ਼ਵਾਹਾਂ ਦੇ ਅਧਾਰਤ 'ਤੇ ਦੱਸਣਾ ਤੇ ਫਿਰ ਇੱਕ ਜ਼ਿੰਮੇਵਾਰ ਪੱਤਰਕਾਰ ਵੱਲੋਂ ਅਖ਼ਬਾਰਾਂ ਦੀ ਇਸ ਮੱਕਾਰੀ ਨੂੰ ਨਾਕਾਮੀ ਕਹਿਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ। ਅਖ਼ਬਾਰਾਂ ਵੱਲੋਂ ਫ਼ੌਜੀ ਆਮਦ ਦੀਆਂ ਖ਼ਬਰਾਂ ਨਾ ਛਾਪਣ ਪਿੱਛੇ ਭਾਰਤ ਸਰਕਾਰ ਨੂੰ ਦਿੱਤਾ ਜਾ ਰਿਹਾ ਉਹ ਅਣ ਐਲਾਨਿਆ ਸਹਿਯੋਗ ਸੀ। ਜਿਸ ਦੀ ਮੰਗ ਭਾਰਤ ਸਰਕਾਰ ਨੇ ਅਖ਼ਬਾਰਾਂ ਤੋਂ ਕੀਤੀ ਸੀ ਤੇ ਉਨ੍ਹਾਂ ਨੇ ਖ਼ੁਸ਼ੀ ਖ਼ੁਸ਼ੀ ਇਸ 'ਤੇ ਫੁੱਲ ਚੜ੍ਹਾਏ ਸੀ। ਭਾਰਤ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਐਚ.ਕੇ.ਐਲ. ਭਗਤ ਨੇ 1984 ਵਾਲੀ ਮਈ ਦੇ ਸ਼ੁਰੂ 'ਚ ਅਖ਼ਬਾਰਾਂ ਦੇ ਐਡੀਟਰਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸਨ। ਇਨ੍ਹਾਂ ਵਿੱਚ ਦੇਸ਼ ਨੂੰ ਏਕਤਾ ਅਤੇ ਅਖੰਡਤਾ ਵਾਲੇ ਫ਼ਰੰਟ 'ਤੇ ਦਰਪੇਸ਼ ਖ਼ਤਰੇ ਨਾਲ ਨਿਬੜਨ ਖ਼ਾਤਰ ਤੋਂ ਸਹਿਯੋਗ ਮੰਗਿਆ ਸੀ।
ਸੋ ਇਸੇ ਸਹਿਯੋਗ ਦਾ ਹੀ ਨਤੀਜਾ ਸੀ ਕਿ ਕੰਵਰ ਸੰਧੂ ਵੱਲੋਂ ਭੇਜੀਆਂ ਖ਼ਬਰਾਂ ਨੂੰ ਇੰਡੀਅਨ ਐਕਸਪ੍ਰੈੱਸ ਦੇ ਹੈੱਡਕੁਆਟਰ ਨੇ ਝੂਠੀਆਂ ਕਹਿ ਕੇ ਛਾਪਣੋਂ ਇਨਕਾਰ ਕਰ ਦਿੱਤਾ ਸੀ। ਬਕੌਲ ਕੰਵਰ ਸੰਧੂ ਜੇ ਇਹ ਖ਼ਬਰਾਂ ਛਪ ਜਾਂਦੀਆਂ ਤਾਂ ਦਰਬਾਰ ਸਾਹਿਬ ਵਿੱਚ ਹੋਇਆ ਜਾਨੀ ਨੁਕਸਾਨ ਘਟ ਸਕਦਾ ਸੀ। ਫ਼ੌਜੀ ਹਮਲੇ ਤੋਂ ਬਾਅਦ ਪਾਰਲੀਮੈਂਟ ਵਿੱਚ ਸੂਚਨਾ ਅਤੇ ਪ੍ਰਸਾਰਨ ਮੰਤਰੀ ਉਸੇ ਐਚ.ਕੇ.ਐਲ. ਭਗਤ ਨੇ ਅਖ਼ਬਾਰਾਂ ਵੱਲੋਂ ਇਸ ਸਬੰਧ ਨਿਭਾਏ ਰੋਲ ਦੀ ਭਰਪੂਰ ਸ਼ਲਾਘਾ ਕੀਤੀ। ਇਹ ਤੋਂ ਇਸ ਗੱਲ ਦੀ ਤਸਦੀਕ ਹੁੰਦੀ ਹੈ ਕਿ ਭਾਰਤੀ ਅਖ਼ਬਾਰ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਆਖੇ ਲੱਗਣ ਵਾਲੀ ਸੰਧੀ 'ਤੇ ਖਰੇ ਉੱਤਰੇ। ਦੂਜੇ ਅਰਥਾਂ ਵਿੱਚ ਇਹ ਗੱਲ ਸਾਬਿਤ ਹੁੰਦੀ ਹੈ ਕਿ ਉਨ੍ਹਾਂ ਨੇ ਉਹੀ ਕੁਝ ਛਾਪਿਆ ਤੇ ਉਹੀ ਕੁਝ ਲਕੋਇਆ ਜਿਸ ਕਿਸਮ ਦੀ ਹਦਾਇਤ ਸਰਕਾਰ ਨੇ ਉਨ੍ਹਾਂ ਨੂੰ ਸਹਿਯੋਗ ਦੇ ਨਾਂਅ ਥੱਲੇ ਦਿੱਤੀ ਸੀ। ਹੁਣ ਪਾਠਕ ਖ਼ੁਦ ਅੰਦਾਜ਼ਾ ਲਾ ਲੈਣ ਕਿ ਸਰਕਾਰ ਅਤੇ ਅਖ਼ਬਾਰਾਂ ਵੱਲੋਂ ਇਸ ਗੁਪਤ ਸੰਧੀ ਦਾ ਸਿੱਖ ਸੰਗਤ ਦੇ ਜਾਨ ਮਾਲ 'ਤੇ ਕੀ ਅਸਰ ਪਿਆ। ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਫ਼ੌਜ ਖ਼ੁਦ ਚਾਹੁੰਦੀ ਸੀ ਕਿ ਫ਼ੌਜੀ ਹਮਲੇ ਵੇਲੇ ਵੱਧ ਤੋਂ ਵੱਧ ਲੋਕਾਂ ਦਾ ਇਕੱਠ ਹੋਵੇ। ਆਮ ਸੰਗਤਾਂ ਨੂੰ ਵੀ ਖਾੜਕੂਆਂ ਦੀ ਗਿਣਤੀ ਵਿੱਚ ਸ਼ਾਮਲ ਕਰਕੇ ਇਹ ਦੱਸਿਆ ਜਾ ਸਕੇ ਕਿ ਫ਼ੌਜ ਦਾ ਮੁਕਾਬਲਾ ਹਜ਼ਾਰਾਂ ਦੀ ਗਿਣਤੀ ਵਾਲੇ ਖਾੜਕੂ ਦਲ ਨਾਲ ਹੋਇਆ ਹੈ।
ਜਿਵੇਂ ਕਿ ਅਸੀਂ ਉੱਪਰ ਪੜ੍ਹ ਆਏ ਹਾਂ ਕਿ ਹਮਲੇ ਲਈ 3 ਜੂਨ ਦੀ ਤਰੀਕ ਚੁਣਨ ਪਿੱਛੇ ਕੋਈ ਮਜਬੂਰੀ ਨਹੀਂ ਸੀ ਤੇ ਨਾ ਹੀ ਇਸ ਦਿਨ ਇਹ ਚਾਹਿਆ ਗਿਆ ਕਿ ਆਮ ਲੋਕ ਘੱਟ ਤੋਂ ਘੱਟ ਗਿਣਤੀ ਵਿੱਚ ਦਰਬਾਰ ਸਾਹਿਬ ਇਕੱਠੇ ਹੋਣ। ਫ਼ੌਜ ਨੇ ਹਮਲੇ ਤੋਂ ਬਾਅਦ ਜੋ ਮਾਰੇ ਗਿਆ ਦੀ ਗਿਣਤੀ ਦੱਸੀ ਉਸ ਵਿੱਚ 5 ਬੱਚਿਆਂ, 30 ਔਰਤਾਂ ਸਣੇ 492 ਹਲਾਕ ਦੱਸੇ ਗਏ। ਗ੍ਰਿਫ਼ਤਾਰੀਆਂ ਵਿੱਚ 309 ਬੱਚੇ ਤੇ ਔਰਤਾਂ ਸਣੇ 1592 ਗ੍ਰਿਫ਼ਤਾਰ ਹੋਏ ਦੱਸੇ ਗਏ। ਸਰਕਾਰੀ ਰੇਡੀਉ ਨੇ ਹਲਾਕ ਅਤੇ ਗ੍ਰਿਫ਼ਤਾਰ ਕੀਤਿਆਂ ਨੂੰ ਖਾੜਕੂਆਂ ਦੀ ਹੀ ਸ਼੍ਰੇਣੀ ਵਿੱਚ ਰੱਖਦਿਆਂ ਇਹ ਦੱਸਿਆ ਗਿਆ ਕਿ ਲਗਭਗ 500 ਉਗਰਵਾਦੀ ਹਲਾਕ ਅਤੇ 1500 ਉਗਰਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਗੁਰੂ ਰਾਮਦਾਸ ਸਰਾਂ ਵਿੱਚ ਗੋਲੀਆਂ ਦੀ ਬੁਛਾੜ ਕਰ ਕੇ ਅਤੇ ਹੱਥ ਪਿੱਛੇ ਬੰਨ੍ਹ ਕੇ ਆਮ ਸ਼ਰਧਾਲੂਆਂ ਨੂੰ ਮਾਰਨ ਪਿੱਛੇ ਇਹੀ ਮਨੋਰਥ ਵੀ ਹੋ ਸਕਦਾ ਹੈ ਕਿ ਮਾਰੇ ਗਏ ਇਨ੍ਹਾਂ ਲੋਕਾਂ ਨੂੰ ਖਾੜਕੂਆਂ ਦੇ ਖਾਤੇ ਵਿੱਚ ਪਾ ਕੇ ਇਹ ਦੱਸਿਆ ਜਾ ਸਕੇ ਕਿ ਫ਼ੌਜ ਦਾ ਮੁਕਾਬਲਾ ਖਾੜਕੂਆਂ ਦੀ ਵੱਡੀ ਗਿਣਤੀ ਨਾਲ ਹੋਇਆ ਹੈ। ਆਮ ਸ਼ਰਧਾਲੂਆਂ ਨੂੰ ਖਾੜਕੂ ਦੱਸ ਕੇ ਗ੍ਰਿਫ਼ਤਾਰ ਕਰਨਾ ਵੀ ਇਹੀ ਸਾਬਤ ਕਰਦਾ ਹੈ ਕਿ ਫ਼ੌਜ ਚਾਹੁੰਦੀ ਸੀ ਕਿ ਬਾਹਰੀ ਦੁਨੀਆ ਨੂੰ ਇਹ ਦੱਸਿਆ ਜਾ ਸਕੇ ਕਿ ਫ਼ੌਜ ਨੂੰ ਐਵੇਂ ਹੀ ਐਨਾ ਜਾਨੀ ਨੁਕਸਾਨ ਨਹੀਂ ਹੋ ਗਿਆ ਬਲਕਿ ਉਨ੍ਹਾਂ ਦਾ ਮੁਕਾਬਲਾ ਲਗਭਗ 2000 ਖਾੜਕੂਆਂ ਨਾਲ ਹੋਇਆ। ਇਹ ਤਾਂ ਹੀ ਸੰਭਵ ਸੀ ਜੇ ਉਨ੍ਹਾਂ ਸ਼ਰਧਾਲੂਆਂ ਦਾ ਵੱਧ ਤੋਂ ਵੱਧ ਇਕੱਠ ਹੋਵੇ।
ਇੱਥੇ ਇਹ ਬਹਾਨਾ ਵੀ ਨਹੀਂ ਚੱਲ ਸਕਦਾ ਕਿ ਜੇ ਸਰਕਾਰ ਫ਼ੌਜ ਦੀ ਨਕਲੋਂ ਹਰਕਤ ਦੀਆਂ ਖ਼ਬਰਾਂ ਨੂੰ ਨਾ ਰੋਕਦੀ ਤਾਂ ਇਸ ਦੀ ਭਿਣਕ ਖਾੜਕੂਆਂ ਨੂੰ ਮਿਲ ਸਕਦੀ ਸੀ ਜਿਸ ਕਰਕੇ ਉਹ ਫ਼ੌਜ ਨਾਲ ਲੜਨ ਦੀ ਤਿਆਰੀ ਕਰ ਸਕਦੇ ਸਨ ਕਿਉਂਕਿ ਫ਼ੌਜ ਦੀ ਆਮਦ ਰਫ਼ਤ ਤਾਂ ਪੰਜਾਬ ਦੀਆਂ ਸੜਕਾਂ 'ਤੇ 28 ਮਈ ਤੋਂ ਹੀ ਦੇਖਣ ਨੂੰ ਮਿਲ ਰਹੀ ਸੀ ਤੇ ਇਸ ਦੀ ਸੂਚਨਾ ਖਾੜਕੂਆਂ ਤੱਕ ਨਾ ਪੁੱਜ ਸਕਣ ਦੀ ਆਸ ਨਹੀਂ ਕੀਤੀ ਜਾ ਸਕਦੀ। ਸੰਤ ਭਿੰਡਰਾਂਵਾਲਿਆਂ ਦੀ ਇੰਟੈਲੀਜੈਂਸ ਦੇ ਤਿੱਖੇਪਣ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਜਦੋਂ 31 ਮਈ 'ਤੇ 1 ਜੂਨ ਦੀ ਵਿਚਕਾਰਲੀ ਰਾਤ ਨੂੰ ਸਪੈਸ਼ਲ ਫ਼ਰੰਟੀਅਰ ਫੋਰਸ ਦੀ ਕੁਮਕ 2 ਹਵਾਈ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਏਅਰਪੋਰਟ 'ਤੇ ਰਾਤ ਦੇ ਘੁੱਪ ਹਨੇਰੇ ਵਿੱਚ ਚੋਰੀ ਛਿਪੇ ਪੁੱਜੀ ਤਾਂ ਇਸ ਦਾ ਪਤਾ ਅੰਮ੍ਰਿਤਸਰ ਛਾਉਣੀ ਵਿੱਚ ਫ਼ੌਜ ਦੇ ਇੰਟੈਲੀਜੈਂਸ ਵਿੰਗ ਨੂੰ ਵੀ ਨਹੀਂ ਲੱਗਾ। ਇਹ ਸਪੈਸ਼ਲ ਫਰੰਟੀਅਰ ਫੋਰਸ, ਫ਼ੌਜ ਦੇ ਅਧੀਨ ਨਹੀਂ ਹੁੰਦੀ ਸਗੋਂ ਇਹਦਾ ਸਿੱਧਾ ਕੰਟਰੋਲ ਕੈਬਨਿਟ ਸਕੱਤਰੇਤ ਭਾਵ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਹੁੰਦਾ ਹੈ। ਇਹ ਦੀ ਚਚੋਟੀ ਦੀ ਕਮਾਂਡੋ ਫੋਰਸ ਹੈ। ਇਹਦੀ ਅੰਮ੍ਰਿਤਸਰ ਏਅਰਪੋਰਟ 'ਤੇ ਉੱਤਰਨ ਦੀ ਰਿਪੋਰਟ ਨਾਲੋਂ ਨਾਲ ਭਿੰਡਰਾਂਵਾਲਿਆਂ ਨੂੰ ਪੁੱਜ ਗਈ ਸੀ। ਕੰਵਰ ਸੰਧੂ ਆਪ ਦੀ ਡਾਕੂਮੈਂਟਰੀ ਵਿੱਚ ਇਸ ਗੱਲ ਦੀ ਤਸਦੀਕ ਕਰਦਾ ਹੋਇਆ ਕਹਿੰਦਾ ਹੈ ਕਿ ਉਦੋਂ ਦਾ ਅੰਮ੍ਰਿਤਸਰ ਛਾਉਣੀ ਦਾ ਇੰਟੈਲੀਜੈਂਸ ਕਮਾਂਡਰ ਕਰਨਲ ਆਦਰਸ਼ ਸ਼ਰਮਾ ਨੇ ਮੈਨੂੰ ਦੱਸਿਆ ਕਿ 1 ਜੂਨ ਨੂੰ ਤੜਕੇ ਮੈਨੂੰ ਸੰਤ ਭਿੰਡਰਾਂਵਾਲਿਆਂ ਦੇ ਪੀ.ਏ. ਸ. ਰਛਪਾਲ ਸਿੰਘ ਦਾ ਉਹਨੂੰ ਫ਼ੋਨ ਆਇਆ ਜਿਸ ਵਿੱਚ ਉਹਨੇ ਪੁੱਛਿਆ ਕਿ, ਕੀ ਇਹ ਗੱਲ ਸਹੀ ਹੈ ਕਿ ਰਾਤ ਅੰਮ੍ਰਿਤਸਰ ਏਅਰਪੋਰਟ 'ਤੇ ਸਪੈਸ਼ਲ ਫੋਰਸ ਦੇ 2 ਜਹਾਜ਼ ਭਰ ਕੇ ਆਏ ਨੇ? ਕਰਨਲ ਸ਼ਰਮਾ ਦੱਸਦਾ ਹੈ ਕਿ ਮੈਨੂੰ ਖ਼ੁਦ ਇਸ ਫੋਰਸ ਦੇ ਆਉਣ ਦਾ ਉਦੋਂ ਤੱਕ ਕੋਈ ਇਲਮ ਨਹੀਂ ਸੀ ਬਾਅਦ 'ਚ ਮੈਂ ਪਤਾ ਕਰਕੇ ਰਛਪਾਲ ਸਿੰਘ ਨੂੰ ਦੱਸਿਆ ਕਿ ਹਾਂ 2 ਜਹਾਜ਼ਾਂ ਵਿੱਚ ਫੋਰਸ ਤਾਂ ਆਈ ਹੈ ਪਰ ਇਹ ਨਹੀਂ ਪਤਾ ਕਿ ਇਹ ਕਿਹੜੀ ਹੈ।
ਇਹ ਗੱਲ ਇਸ ਨੂੰ ਸਾਬਤ ਕਰਦੀ ਹੈ ਕਿ ਅਜਿਹਾ ਕੋਈ ਬਹਾਨਾ ਨਹੀਂ ਕਿ ਜੇ ਫ਼ੌਜ ਦੀ ਸਰਗਰਮੀ ਦੀਆਂ ਖ਼ਬਰਾਂ ਛਪ ਜਾਂਦੀਆਂ ਤਾਂ ਭਿੰਡਰਾਂਵਾਲੇ ਚੌਕਸ ਹੋ ਜਾਂਦੇ ਕਿਉਂਕਿ ਜਿਹੜੀ ਗੱਲ ਫ਼ੌਜ ਦੀ ਇੰਟੈਲੀਜੈਂਸ ਨੂੰ ਵੀ ਨਹੀਂ ਪਤਾ ਉਹ ਵੀ ਉਨ੍ਹਾਂ ਨੂੰ ਪਹਿਲਾਂ ਪਤਾ ਲੱਗਦੀ ਸੀ, 2 ਹਵਾਈ ਜਹਾਜ਼ਾਂ ਵਾਲੀ ਘਟਨਾ ਇਹਨੂੰ ਸਾਬਤ ਕਰਨ ਲਈ ਕਾਫ਼ੀ ਹੈ। ਨਾਲ ਦੀ ਨਾਲ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸ. ਰਛਪਾਲ ਸਿੰਘ ਤੇ ਫ਼ੌਜ ਦੇ ਇੰਟੈਲੀਜੈਂਸ ਕਮਾਂਡਰ ਕਰਨਲ ਸ਼ਰਮਾ ਦਾ ਤਾਲਮੇਲ ਕਿਵੇਂ ਸੀ। ਇਹ ਗੱਲ ਅਪ੍ਰੈਲ 1984 ਦੀ ਹੈ ਕਿ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਟਰੇਨਿੰਗ ਕਰ ਰਹੇ ਏਅਰ ਫੋਰਸ 'ਤੇ ਜਵਾਨਾਂ ਤੋਂ ਖਾੜਕੂਆਂ ਨੇ ਇੱਕ ਟਰਾਂਸਮੀਟਰ ਸੈੱਟ ਖੋਹ ਲਿਆ। ਇਸ ਗੱਲ ਨਾਲ ਫ਼ੌਜ ਵਿੱਚ ਭਾਜੜ ਮੱਚ ਗਈ। ਟਰਾਂਸਮੀਟਰ ਸੈੱਟ ਦੇ ਏਅਰਫੋਰਸ ਤੋਂ ਬਾਹਰ ਜਾਣ ਕਾਰਨ ਏਅਰਫੋਰਸ ਵਿੱਚ ਹੁੰਦੀ ਗੱਲਬਾਤ ਨੂੰ ਖੋਹੇ ਹੋਏ ਟਰਾਂਸਮੀਟਰ ਰਾਹੀਂ ਸੁਣਿਆ ਜਾ ਸਕਦਾ ਸੀ ਜਾਂ ਏਅਰਫੋਰਸ ਨੂੰ ਆਪਣੇ ਸਾਰੇ ਟਰਾਂਸਮੀਟਰ ਸੈੱਟਾਂ ਦੀ ਫਰੀਕੁਐਂਸੀ ਬਦਲਣੀ ਪੈਣੀ ਸੀ। ਉਦੋਂ ਕਰਨਲ ਸ਼ਰਮਾ ਨੇ ਭਿੰਡਰਾਂਵਾਲਿਆਂ ਦੇ ਪੀ.ਏ. ਰਛਪਾਲ ਸਿੰਘ ਨੂੰ ਫ਼ੋਨ ਕਰਕੇ ਇਹ ਸੈੱਟ ਵਾਪਸ ਕਰਾਉਣ ਲਈ ਮਦਦ ਦੀ ਮੰਗ ਕੀਤੀ। ਪੱਤਰਕਾਰ ਕੰਵਰ ਸੰਧੂ ਦੱਸਦੇ ਹਨ ਕਿ ਕਰਨਲ ਸ਼ਰਮਾ ਨੇ ਰਛਪਾਲ ਸਿੰਘ ਨੂੰ ਕਿਹਾ ਕਿ ਇਹ ਟਰਾਂਸਮੀਟਰ ਖਾੜਕੂਆਂ ਦੇ ਕਿਸੇ ਕੰਮ ਦਾ ਨਹੀਂ ਅਤੇ ਇਸ ਤੋਂ ਬਿਨਾਂ ਏਅਰਫੋਰਸ ਨੂੰ ਭਾਰੀ ਪ੍ਰੇਸ਼ਾਨੀ ਹੋਵੇਗੀ। ਕਰਨਲ ਸ਼ਰਮਾ ਦੀ ਬੇਨਤੀ 'ਤੇ ਖਾੜਕੂਆਂ ਤੋਂ ਇਹ ਟਰਾਂਸਮੀਟਰ ਸੈੱਟ ਏਅਰਫੋਰਸ ਨੂੰ ਵਾਪਸ ਕਰਾ ਦਿੱਤਾ ਗਿਆ। ਸੋ ਕਰਨਲ ਸ਼ਰਮਾ ਇਸ ਅਹਿਸਾਨ ਬਦਲੇ ਸ. ਰਛਪਾਲ ਸਿੰਘ ਦਾ ਫ਼ੋਨ ਸੁਣ ਲੈਂਦਾ ਸੀ।
ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਰਧਾਲੂਆਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦੇਣ ਦਾ ਮਨੋਰਥ ਉਨ੍ਹਾਂ ਨੂੰ ਖਾੜਕੂਆਂ ਦੀ ਸ਼੍ਰੇਣੀ ਵਿੱਚ ਦਿਖਾ ਕੇ ਫ਼ੌਜ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਉਨ੍ਹਾਂ ਦਾ ਮੁਕਾਬਲਾ ਹਜ਼ਾਰਾਂ ਹਥਿਆਰਬੰਦ ਖਾੜਕੂਆਂ ਨਾਲ ਹੋਇਆ ਤਾਂ ਹੀ ਉਨ੍ਹਾਂ ਨੂੰ ਦਰਬਾਰ ਸਾਹਿਬ ਵਿੱਚ ਦਾਖ਼ਲ ਹੋਣ ਵਾਸਤੇ ਪੂਰਾ ਇੱਕ ਬ੍ਰਿਗੇਡ ਝੋਕਣਾ ਪਿਆ। ਇਸ ਗੱਲ ਦੀ ਤਸਦੀਕ ਇੱਥੋਂ ਵੀ ਹੁੰਦੀ ਹੈ ਕਿ ਫ਼ੌਜੀ ਕਾਰਵਾਈ ਨਿੱਬੜਨ ਤੋਂ ਬਾਅਦ ਫ਼ੌਜ ਵੱਲੋਂ ਸਮੁੱਚੇ ਪੰਜਾਬ ਵਿੱਚ 'ਆਪ੍ਰੇਸ਼ਨ ਵੁੱਡ ਰੋਜ਼' ਦੇ ਨਾਂ ਥੱਲੇ ਜੋ ਸਾਕਾ ਵਰਤਾਇਆ ਗਿਆ ਉਹ 1746 ਵਿੱਚ ਲਖਪਤ ਰਾਏ ਵੱਲੋਂ ਕੀਤੇ ਗਏ ਛੋਟੇ ਘੱਲੂਘਾਰੇ ਵਰਗਾ ਹੀ ਸੀ। ਇਹ ਦੋਵੇਂ ਸਾਕੇ ਤਪਦੇ ਜੇਠ ਮਹੀਨੇ ਵਿੱਚ ਹੀ ਵਾਪਰੇ। ਆਪ੍ਰੇਸ਼ਨ ਵੁੱਡ ਰੋਜ਼ ਦੌਰਾਨ ਫੌਜ ਪਿੰਡਾਂ ਨੂੰ ਘੇਰ ਲੈਂਦੀ ਸੀ, ਨੀਲੀ ਪੱਗ,ਅੰਮ੍ਰਿਤਧਾਰੀ ਜਾਂ ਦਾੜ੍ਹੀ ਕੇਸਾਂ ਵਾਲੇ ਨੂੰ ਕੁੱਟ ਕੁਟਾਪੇ, ਧੂਹ ਘੜੀਸ ਤੋਂ ਬਾਅਦ ਗੱਡੀਆਂ ਵਿੱਚ ਲੱਦ ਲੈਂਦੀ ਸੀ। ਇਨ੍ਹਾਂ ਵਿੱਚ ਲਗਭਗ ਸਾਰੇ ਉਹ ਲੋਕ ਸਨ ਜਿਨ੍ਹਾਂ ਦਾ ਹਥਿਆਰਬੰਦ ਖਾੜਕੂ ਸੰਘਰਸ਼ ਨਾਲ ਕੋਈ ਸਿੱਧਾ ਜਾਂ ਅਸਿੱਧਾ ਵਾਸਤਾ ਨਹੀਂ ਸੀ। ਆਮ ਤੌਰ 'ਤੇ ਇਨ੍ਹਾਂ ਨੂੰ 7/51 ਦੇ ਕੇਸਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ। ਪਰ ਸਰਕਾਰ ਦੇ ਰੇਡੀਉ ਤੇ ਟੈਲੀਵਿਜ਼ਨ ਰਾਹੀਂ ਇਹ ਪ੍ਰਚਾਰ ਕੀਤਾ ਜਾਂਦਾ ਸੀ 'ਆ ਪੰਜਾਬ ਸੇ ਇਤਨੇ ਹਜ਼ਾਰ ਉਗਰਵਾਦੀਓ ਕੋ ਗ੍ਰਿਫ਼ਤਾਰ ਕਰ ਲਿਆ ਗਿਆ ਹੈ।'
ਹੌਲੀ ਹੌਲੀ ਨਿੱਤ ਦਿਹਾੜੇ ਦੀ ਇਹ ਗਿਣਤੀ ਸੈਂਕੜਿਆਂ 'ਤੇ ਅਤੇ ਫਿਰ ਦਰਜਨਾਂ ਤੱਕ ਆਉਂਦੀ ਨੂੰ ਲਗਭਗ 1 ਮਹੀਨਾ ਲੱਗਿਆ। ਕਹਿਣ ਦਾ ਭਾਵ ਇਹ ਕਿ ਆਮ ਸਿੱਖਾਂ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਨੇ ਇਹ ਦਿਖਾਇਆ ਕਿ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਖਾੜਕੂ ਮੌਜੂਦ ਸਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਸਰਕਾਰ ਨੂੰ ਇੱਕ ਵਿਸ਼ੇਸ਼ ਆਪ੍ਰੇਸ਼ਨ ਵੁੱਡ ਰੋਜ਼ ਕਰਨਾ ਪਿਆ। ਇਹ ਹੁੰਦਾ ਤਾਂ ਸਾਰੇ ਪੰਜਾਬ ਵਾਸੀਆਂ ਨੇ ਦੇਖਿਆ ਹੈ ਕਿ ਕਿਵੇਂ ਆਮ ਸਿੱਖ ਫੜਕੇ ਖਾੜਕੂਆਂ ਦੇ ਖਾਤੇ ਵਿੱਚ ਪਾਏ ਗਏ। ਇੱਥੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੀ ਵੱਡੀ ਹਾਜ਼ਰੀ ਹੋਣੀ ਸਰਕਾਰ ਦੀ ਜ਼ਰੂਰਤ ਸੀ। ਇਸੇ ਕਰਕੇ ਹੀ ਫ਼ੌਜੀ ਹਮਲੇ ਲਈ ਸ਼ਹੀਦੀ ਪੁਰਬ ਵਾਲਾ ਦਿਹਾੜਾ ਚੁਣਨਾ ਸਰਕਾਰ ਨੂੰ ਰਾਸ ਬਹਿੰਦਾ ਸੀ।
31-05-2019
-
ਗੁਰਪ੍ਰੀਤ ਸਿੰਘ ਮੰਡਿਆਣੀ, ਸਪੈਸ਼ਲ ਰਿਪੋਰਟਰ , ਬਾਬੂਸ਼ਾਹੀ ਡਾਟ ਕਾਮ
gurpreetmandiani@gmail.com
+91-8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.