ਰਾਜਨੀਤੀ ਅੰਦਰ ਧੁਨੰਤਰ ਰਾਜਨੀਤੀਵਾਨਾਂ ਵੱਲੋਂ ਲਏ ਜਾਂਦੇ ਸੰਕਲਪ ਅਤੇ ਪ੍ਰਾਪਤੀ ਮਿਸ਼ਨ ਦਰਅਸਲ ਸੱਤਾ, ਧੰਨ, ਜ਼ੋਰ ਅਤੇ ਧੱਕੇਸ਼ਾਹੀਆਂ ਨਾਲ ਨਹੀਂ ਬਲਕਿ ਦ੍ਰਿੜ ਨੀਯਤ, ਨੀਤੀਆਂ, ਅਗਵਾਈ ਅਤੇ ਦੂਰ-ਦ੍ਰਿਸ਼ਟੀ ਭਰੀ ਠੋਸ ਰਣਨੀਤੀ ਨਾਲ ਪ੍ਰਾਪਤ ਕੀਤੇ ਜਾਂਦੇ ਹਨ।
ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਰਾਜਨੀਤਕ ਸਭਿਆਚਾਰ ਅਨੁਸਾਰ ਸਥਾਪਿਤ ਤਾਕਤਵਰ ਸਤਰਾਪ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੀਆਂ ਤੇਰ੍ਹਾਂ ਦੀਆਂ ਤੇਰ੍ਹਾਂ ਸੀਟਾਂ ਜਿੱਤਣ ਦਾ ਸੰਕਲਪ ਲਿਆ ਸੀ। ਉਸ ਕੋਲ ਪੰਜਾਬ ਰਾਜ ਦੀ ਸੱਤਾ ਅਤੇ 80 ਦੇ ਕਰੀਬ 117 ਮੈਂਬਰ ਵਿਧਾਨ ਸਭਾ ਅੰਦਰ ਵਿਧਾਇਕਾਂ ਦੀ ਹਮਾਇਤ ਹੋਣ ਕਰਕੇ, ਰਾਜ ਅੰਦਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੀਲਾ-ਤੀਲਾ ਹੋ ਕੇ ਬਿਖਰਨ ਕਰਕੇ, ਸ਼੍ਰੋਮਣੀ ਅਕਾਲੀ ਦਲ ਬੇਅਦਬੀ ਸਦਮੇ ਅਤੇ ਦੋਫਾੜ ਹੋਣ ਕਰਕੇ ਕਮਜ਼ੋਰ ਹੋਣ ਕਰਕੇ, ਖੱਬੀਆਂ ਪਾਰਟੀਆਂ ਅਤੇ ਬਸਪਾ ਲਗਾਤਾਰ ਰਾਜਨੀਤਕ ਅਧਾਰ ਘੱਟਣ ਕਰਕੇ ਆਪਣੇ ਮਿਸ਼ਨ ਦੀ ਪ੍ਰਾਪਤੀ ਅਤਿ ਸੁਖਾਲੀ ਦਿਸ ਰਹੀ ਸੀ। ਪੰਜਾਬ ਦਾ ਮੀਡੀਆ ਵੀ ਕਾਫ਼ੀ ਹੱਦ ਤੱਕ ਉਸ ਦੇ ਪ੍ਰਭਾਵ ਅਧੀਨ ਕੰਮ ਕਰ ਰਿਹਾ ਸੀ ਜਿਵੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਭਾਵ ਹੇਠ ਲਗਭਗ ਪੂਰਾ ਰਾਸ਼ਟਰੀ ਮੀਡੀਆ ਕੰਮ ਕਰ ਰਿਹਾ ਸੀ। ਲੇਕਿਨ ਦ੍ਰਿੜ ਨੀਤੀ, ਨੀਤੀਆਂ, ਟੀਮ ਵਰਕ ਅਤੇ ਦੂਰ ਦ੍ਰਿਸ਼ਟੀ ਦੀ ਘਾਟ ਕਰਕੇ ਉਸ ਦਾ ਮਿਸ਼ਨ ਠੁੱਸ ਹੋ ਗਿਆ। ਉਸ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੂੰ 8 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਸਤੁੰਸ਼ਟ ਹੋਣਾ ਪਿਆ।
ਦੂਸਰੇ ਪਾਸੇ ਗੁਆਂਢ ਵਿਚ ਦੋ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਮੁੱਖ ਮੰਤਰੀਆਂ, ਹਰਿਆਣਾ ਵਿਚ ਸ਼੍ਰੀ ਮਨੋਹਰ ਲਾਲ ਖੱਟਰ ਅਤੇ ਹਿਮਾਚਲ ਪ੍ਰਦੇਸ਼ ਅੰਦਰ ਸ਼੍ਰੀ ਜੈ ਰਾਮ ਠਾਕੁਰ ਨੇ ਆਪਣੇ ਪ੍ਰਾਂਤਾਂ ਅੰਦਰ ਸਾਰੀਆਂ ਦੀਆਂ ਸਾਰੀ ਲੋਕ ਸਭਾ ਸੀਟਾਂ 'ਤੇ ਹੂੰਝਾ ਫੇਰੂ ਜਿੱਤਾਂ ਪ੍ਰਾਪਤ ਕੀਤੀਆਂ ਭਾਵੇਂ ਉਹ ਦੋਵੇਂ ਰਾਜਨੀਤੀ ਖੇਤਰ ਵਿਚ ਕੈਪਟਨ ਅਮਰਿੰਦਰ ਸਿੰਘ ਨਾਲੋਂ ਕਿਤੇ ਜੂਨੀਅਰ ਰਾਜਨੀਤੀਵਾਨ ਹਨ। ਉਨ੍ਹਾਂ ਦੀਆਂ ਹੂੰਝਾ ਫੇਰੂ ਜਿੱਤਾਂ ਉਨ੍ਹਾਂ ਵੱਲੋਂ ਰਾਜਾਂ ਦੇ ਲੋਕਾਂ ਨੂੰ ਕੈਪਟਨ ਨਾਲੋਂ ਵਧੀਆ ਰਾਜ, ਵਾਅਦੇ ਪੂਰੇ ਕਰਨ, ਲੋਕਾਂ ਦਾ ਭਰੋਸਾ ਜਿੱਤੀ ਰਖਣ, ਆਪਣੀ ਪਾਰਟੀ ਅਤੇ ਵਿਧਾਇਕਾਂ ਨਾਲ ਤਾਲਮੇਲ ਰਖਣ, ਚੋਣ ਦੰਗਲ ਨੂੰ ਮੁੱਖ ਰਖਦੇ ਵਧੀਆ ਟੀਮ ਵਰਕ, ਯੋਗ ਅਗਵਾਈ ਅਤੇ ਦੂਰ-ਦ੍ਰਿਸ਼ਟੀ ਭਰੀ ਰਣਨੀਤੀ ਅਪਣਾਉਣ ਕਰਕੇ ਸੰਭਵ ਹੋ ਸਕਿਆ। ਕਾਂਗਰਸ ਮੁੱਕਤ ਭਾਰਤ ਦੇ ਮਿਸ਼ਨ ਅਧੀਨ ਵੀ ਇਨ੍ਹਾਂ ਰਾਜਾਂ ਵਿਚ ਵਿਖਾਈ ਦਿਤਾ।
ਲੇਕਿਨ ਜਿਵੇਂ ਪੰਜਾਬ ਅੰਦਰ ਸੰਨ 2014 ਵਿਚ ਸ਼੍ਰੀ ਮੋਦੀ ਦਾ ਜਲਵਾ ਆਮ ਆਦਮੀ ਪਾਰਟੀ ਵਿਚ ਸੱਤਾ ਦਾ ਤੀਜਾ ਬਦਲ ਲੱਭਣ ਲਈ ਦੇਸ਼-ਵਿਦੇਸ਼ ਤੋਂ ਡਾਰਾ ਦੀਆਂ ਡਾਰਾਂ ਵਾਂਗ ਤੁਰੇ ਪੰਜਾਬੀਆ ਨੇ ਕਾਫੂਰ ਕਰ ਦਿਤਾ ਸੀ, ਉਵੇਂ ਹੀ ਐਤਕੀਂ ਸਤਾਰਵੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਦੇ ਕਾਰਜ ਕਾਲ ਦੌਰਾਨ ਸੰਨ 2015 ਵਿਚ ਗੁਰੂ ਸਾਹਿਬ ਅਤੇ ਦੂਸਰੇ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਵਿਖੇ ਗੋਲੀ ਕਾਂਡ ਵਿਚ ਦੋ ਸਿੱਖ ਨੌਜਵਾਨਾਂ ਦਾ ਮਾਰੇ ਜਾਣ ਅਤੇ ਕਈਆਂ ਦੇ ਜਖ਼ਮੀ ਹੋਣ ਦੀ ਘਟਨਾ ਨੂੰ ਅਜੇ ਤੱਕ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਵਲੋਂ ਨਾ ਭੁਲੇ ਜਾਣ, 5 ਸਾਲ ਆਰਥਿਕ ਮੰਦਹਾਲੀ ਕਰਕੇ ਰੋਜ਼ਾਨਾ ਦੋ-ਤਿੰਨ ਕਿਸਾਨਾਂ, ਬੇਰੋਜ਼ਗਾਰੀ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਦੋ-ਤਿੰਨ ਨੌਜਵਾਨਾਂ ਵੱਲੋਂ ਆਤਮ ਹੱਤਿਆ ਦੇ ਬਾਵਜੂਦ ਸ਼੍ਰੀ ਮੋਦੀ ਵੱਲੋਂ ਰਾਜ ਨੂੰ ਕੋਈ ਆਰਥਿਕ ਪੈਕੇਜ਼ ਨਾ ਦੇਣ, ਸਗੋਂ ਸ਼੍ਰੀ ਵਾਜਪਾਈ ਸਰਕਾਰ ਵੱਲੋਂ ਗੁਆਂਢੀ ਪਹਾੜੀ ਰਾਜਾਂ ਨੂੰ ਦਿਤੇ ਸਨਅਤੀ ਅਤੇ ਟੈਕਸ ਮੁਆਫ਼ੀ ਪੈਕੇਜ਼ ਨੂੰ ਜਾਰੀ ਰਖਣ ਤੋਂ ਦੁੱਖੀ ਪੰਜਾਬੀਆਂ ਵਲੋਂ ਸ਼੍ਰੀ ਮੋਦੀ ਮੈਜਿਕ ਨੂੰ ਰਾਜ ਅੰਦਰ ਠੁੱਸ ਕਰ ਦਿਤਾ।
ਕਾਂਗਰਸ, ਪੀ.ਡੀ.ਏ. ਅਤੇ ਬਸਪਾ ਵਲੋਂ ਰਾਜ ਅੰਦਰ ਬੇਅਦਬੀ ਅਤੇ ਗੋਲੀ ਕਾਂਡ ਦੇ ਤਾਬੜ ਤੋੜ ਪ੍ਰਚਾਰ ਕਰਕੇ ਸਿਖ ਭਾਈਚਾਰੇ ਅਤੇ ਪੰਜਾਬੀਆ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਸ਼ਿਕਸ਼ਤ ਦਿਤੀ। ਇਹ ਤਾਕਤਵਰ ਰਾਜਨੀਤਕ ਪਾਰਟੀ ਸਿਰਫ਼ ਸ. ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਈ।
ਪੰਜਾਬ ਅਤੇ ਅਕਾਲੀ ਰਾਜਨੀਤੀ ਦੇ ਬਾਬਾ ਬੋਹੜ ਸ : ਪ੍ਰਕਾਸ਼ ਸਿੰਘ ਬਾਦਲ ਦੀ ਦੂਰ-ਅੰਦੇਸ਼ੀ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਉਹ ਆਪਣੇ ਪਰਿਵਾਰ ਨੂੰ ਪਕੜ ਕਾਇਮ ਅਤੇ ਮਜ਼ਬੂਤ ਕਰਨ ਵਿਚ ਸਫ਼ਲ ਰਿਹਾ। ਉਸ ਨੇ ਆਪਣੇ ਪੁੱਤਰ, ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਭਾਰੀ ਵਿਰੋਧਾਤਮਿਕ ਪ੍ਰਚਾਰ ਦੇ ਬਾਵਜੂਦ ਚੋਣ ਮੈਦਾਨ ਵਿਚ ਝੋਕ ਦਿਤਾ। ਬਠਿੰਡਾ ਤੋਂ ਬੀਬਾ ਹਰਸਿਮਰਤ ਅਤੇ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਦੀ ਜਿੱਤ ਨੇ ਜਿੱਥੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਹੋਂਦ ਨੂੰ ਸਜੀਵ ਕਰ ਦਿਤਾ ਉਥੇ ਇਸ ਦਲ ਤੇ ਸ: ਬਾਦਲ ਪਰਿਵਾਰ ਦੀ ਪਕੜ ਨੂੰ ਮਜ਼ਬੂਤ ਕਰ ਦਿਤਾ। ਜਲੰਧਰ ਅੰਦਰ ਸ਼੍ਰੀ ਚਰਨਜੀਤ ਸਿੰਘ ਅਟਵਾਲਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਜਿੱਤ ਸਕਦੇ ਸਨ ਜੇਕਰ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਉਹ ਹਲਕੇ ਵਿਚ ਕੁੱਝ ਸਮਾਂ ਦੇ ਸਕਦੇ। ਮੋਗਾ ਜ਼ਿਲ੍ਹੇ ਵਿਚ ਜਥੇਦਾਰ ਤੋਤਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਕੇ ਪੂਰੇ ਰਾਜ ਅੰਦਰ ਸਮੁੱਚੀਆਂ ਰਾਜਸੀ ਧਿਰਾਂ ਨੂੰ ਹੈਰਾਨ ਕਰਕੇ ਰਖ ਦਿਤਾ। ਭਾਵੇਂ ਸ਼੍ਰੋਮਣੀ ਅਕਾਲੀ ਦਲ ਪੰਥਕ ਹਲਕਿਆਂ ਸ਼੍ਰੀ ਅਨੰਦਪੁਰ ਸਾਹਿਬ, ਫਤਿਹਗੜ ਸਾਹਿਬ ਅਤੇ ਖਡੂਰ ਸਾਹਿਬ ਵਿਖੇ ਵੀ ਚੋਣਾਂ ਹਾਰ ਗਿਆ, 10 ਹਲਕਿਆਂ ਵਿਚੋਂ ਸਿਰਫ 2 ਵਿਚ ਜਿੱਤ ਹਾਸਿਲ ਕਰ ਸਕਿਆ ਪਰ 35 ਵਿਧਾਨ ਸਭਾ ਹਲਕਿਆਂ ਵਿਚ ਲੀਡ ਪ੍ਰਾਪਤ ਕਰਕੇ ਇਸ ਨੇ ਸਿੱਧ ਕਰ ਦਿਤਾ ਕਿ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹੋ ਆਪਣੀ ਭਾਈਵਾਲ ਭਾਜਪਾ ਨਾਲ ਮਿਲ ਕੇ ਕਾਂਗਰਸ ਨੂੰ ਵੱਡੀ ਚੁਣੌਤੀ ਦੇਣ ਦੇ ਸਮਰਥ ਹੈ।
ਕਾਂਗਰਸ ਪਾਰਟੀ ਨਿਸਚਤ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਸੁਖਾਲੇ ਹੀ 13 ਸੀਟਾਂ ਦਾ ਮਿਸ਼ਨ ਪੂਰਾ ਕਰ ਸਕਦੀ ਸੀ ਜੇਕਰ ਉਸ ਨੇ ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਆਮ ਮਤਦਾਤਾਵਾਂ, ਕਿਸਾਨਾਂ, ਨੌਜਵਾਨਾਂ, ਦਲਿਤਾਂ, ਮੁਲਾਜ਼ਮਾਂ, ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵੱਲ ਭਰੋਸੇਯੋਗਤਾ ਭਰੇ ਕਦਮ ਪੁੱਟੇ ਹੁੰਦੇ। ਬੇਅਦਬੀ ਕਾਂਡ ਦੇ ਦੋਸ਼ੀ ਜੇਲ੍ਹ ਵਿਚ ਡੱਕੇ ਹੁੰਦੇ, ਆਪਣੇ ਅਮੀਰ ਅਤੇ ਸੱਤਾਧਾਰੀ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੀ ਥਾਂ ਪੰਜਾਬੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਵੱਲ ਪ੍ਰਤੱਖ ਕਦਮ ਪੁੱਟੇ ਹੁੰਦੇ, ਰਾਜ ਅੰਦਰ ਲੈਂਡ ਮਾਫੀਆ, ਸੈਂਡ ਅਤੇ ਬਜਰੀ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਡਰੱਗ ਮਾਫੀਆ, ਗੈਂਗਸਟਰਵਾਦ ਦਾ ਲੱਕ ਤੋੜ ਕੇ ਰਖਿਆ ਹੁੰਦਾ। ਪੁਲਸ ਨੂੰ ਕਮਿਊਨਿਟੀ ਪੁਲਸ ਵਿਚ ਤਬਦੀਲ ਕੀਤਾ ਹੁੰਦਾ। ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਹੁੰਦੀਆਂ। ਉਨ੍ਹਾਂ ਨੂੰ ਡੀ.ਏ. ਦੀਆਂ ਕਿਸ਼ਤਾਂ, ਬਕਾਇਆਂ, ਪੇ ਕਮਿਸ਼ਨ ਦੀ ਰਿਪੋਰਟ ਲੈ ਕੇ ਭੁਗਤਾਨ ਕੀਤਾ ਹੁੰਦਾ। ਕਿਸਾਨੀ ਦੀਆਂ ਫਸਲਾਂ ਦਾ ਉਚਿੱਤ ਮੁੱਲ, ਗੰਨੇ ਦੇ ਬਕਾਏ ਦਾ ਭੁਗਤਾਨ ਅਤੇ ਵਾਅਦੇ ਮੁਤਾਬਿਕ ਸਾਰੇ ਕਰਜ਼ੇ ਤੇ ਲੀਕ ਫੇਰੀ ਹੁੰਦੀ। ਕਿਸਾਨਾਂ, ਮੁਲਾਜ਼ਮ ਜਥੇਬੰਦੀਆਂ, ਖੇਤ ਮਜ਼ਦੂਰਾਂ ਅਤੇ ਹੋਰ ਵਰਗਾਂ ਨੂੰ ਬ੍ਰਿਟਿਸ਼ਸ਼ਾਹੀ ਅਤੇ ਰਾਜਾ ਸ਼ਾਹੀ ਵਾਂਗ ਆਏ ਦਿਨ ਪੁਲਸ ਰਾਹੀਂ ਡਾਂਗਾਂ ਨਾਲ ਨਾ ਕੁੱਟਿਆ ਹੁੰਦਾ। ਉਨ੍ਹਾਂ ਦੀਆਂ ਪੱਗਾਂ ਅਤੇ ਚੁੰਨੀਆਂ ਪੈਰਾਂ ਵਿਚ ਨਾ ਰੋਲੀਆਂ ਹੁੰਦੀਆਂ। ਲੋਕਾਂ ਨਾਲ ਸਿੱਧਾ ਸੰਪਰਕ ਰਖਿਆ ਹੁੰਦਾ। ਇੰਨਾਂ ਸਭ ਵਰਗਾਂ ਨੇ ਚੋਣਾਂ ਵਿਚ ਕਾਂਗਰਸ ਦਾ ਵਿਰੋਧ ਕੀਤਾ।
ਕਾਂਗਰਸ ਪਾਰਟੀ ਦੇ ਮੰਤਰੀ ਵਿਚੋਂ ਕਿਸੇ ਦੀ ਕਾਰਗੁਜ਼ਾਰੀ ਵਧੀਆ ਨਹੀਂ ਰਹੀ। ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲਣ ਦਾ ਸਮਾਂ ਨਾ ਦੇਣ, ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਲਗਾਤਾਰ ਬਾਹਰ ਹੋਣ ਕਰਕੇ ਬਦਨਾਮ ਰਿਹਾ ਉੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੁਲਾਜ਼ਮਾਂ, ਕਿਸਾਨਾਂ, ਨੌਜਵਾਨਾਂ ਨੂੰ ਇੱਕ ਟੱਕਾ ਨਾ ਦੇਣ ਦੀ ਨੀਤੀ, ਖਜ਼ਾਨਾ ਖਾਲੀ ਹੋਣ ਦੀ ਰੱਟ, ਉਸ ਵਲੋਂ ਅਤੇ ਉਸ ਦੇ ਕਰੀਬ ਰਿਸ਼ਤੇਦਾਰ 'ਜੋ ਜੋ' ਵੱਲੋਂ ਸ਼ਰੇਆਮ ਪਾਰਟੀ ਵਰਕਰਾਂ ਅਤੇ ਲੋਕਾਂ ਨਾਲ ਦੁਰ ਵਿਵਹਾਰ, ਅਤਿ ਦੇ ਹੰਕਾਰ ਅਤੇ ਲਿਫਾਫੇਬਾਜ਼ ਵਤੀਰੇ ਕਰਕੇ ਪੰਜਾਬ ਦੇ ਮੁਲਾਜ਼ਮ, ਕਿਸਾਨ, ਖੇਤ ਮਜ਼ਦੂਰ, ਨੌਜਵਾਨ ਕਾਂਗਰਸ ਪਾਰਟੀਆ ਦੋਂ ਦੂਰ ਹੋ ਗਏ। ਬਠਿੰਡਾ ਸ਼ਹਿਰੀ ਲੋਕ ਜੋ ਕਾਂਗਰਸ ਨਾਲ ਜੁੜੇ ਹੋਏ ਸਨ, ਉਹ ਅਕਾਲੀ ਦਲ ਅਤੇ ਦੂਸਰੇ ਦਲਾਂ ਵੱਲ ਚਲੇ ਗਏ। ਬਠਿੰਡਾ ਵਿਚ ਰਾਜਾ ਵੜਿੰਗ ਦੀ ਹਾਰ ਦਾ ਜੇਕਰ ਕੋਈ ਮੁੱਖ ਦੋਸ਼ੀ ਹੈ ਤਾਂ ਉਹ ਹੈ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਹਲਕਿਆਂ ਵਿਚ ਇਹ ਗੱਲ ਅੰਜ ਥਾਂ-ਥਾਂ ਗੂੰਜ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਅਥਰਾਟੀ, ਮੁੱਖ ਮੰਤਰੀ ਸ਼ਿਪ ਨੂੰ ਲਗਾਤਾਰ ਚਣੌਤੀ ਦੇਣ, ਕਈ ਮਰ ਹਲਿਆਂ ਤੇ ਨੀਵਾਂ ਵਿਖਾਉਣ, ਪ੍ਰਤੱਖ ਰੂਪ ਵਿਚ ਮੁੱਖ ਮੰਤਰੀ ਦੀ ਕੁਰਸੀ ਤੇ ਅੱਖ ਰਖਣ, ਉਨ੍ਹਾਂ ਦੀ ਸਰਕਾਰ ਅਤੇ ਉਨ੍ਹਾਂ ਦੀ ਆਲੋਚਨਾ ਕਰਨ, ਆਪ ਸਥਾਨਿਕ ਸਰਕਾਰਾਂ ਦੇ ਮੰਤਰੀ ਵਜੋਂ ਅਤਿ ਦਾ ਨਿਕੰਮਾ ਮੰਤਰੀ ਸਾਬਤ ਹੋਣ, ਸਹਿਰਾਂ ਨੂੰ ਗੰਦਗੀ ਦੇ ਸ਼ਿਕਾਰ ਬਣਾਉਣ, ਰਤਾ ਵਿਕਾਸ ਨਾ ਕਰ ਸਕਣ, ਇਥੋਂ ਤੱਕ ਸ਼੍ਰੀ ਅਮ੍ਰਿਤਸਰ ਨੂੰ ਵੱਡੀ ਗੰਦਗੀ ਵੱਲ ਧਕੇਲਣ ਲਈ ਜੁਮੇਂਵਾਰ ਸ : ਨਵਜੋਤ ਸਿੰਘ ਸਿੰਧੂ ਅਤੇ ਉਸਦੀ ਪਤਨੀ ਨੇ ਰਾਜ ਅੰਦਰ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ। ਗਾਂਧੀ ਪਰਿਵਾਰ ਦੇ ਉਵੇਂ ਹੀ ਕਸੀਦੇ ਕੱਢਣ ਜਿਵੇਂ ਭਾਜਪਾ 'ਚ ਹੁੰਦੇ ਸ਼੍ਰੀ ਨਰੇਂਦਰ ਮੋਦੀ ਅਤੇ ਸ : ਪ੍ਰਕਾਸ਼ ਸਿੰਘ ਬਾਦਲ ਦੇ ਕਢਦਾ ਹੁੰਦਾ ਸੀ, ਦੀ ਕਵਾਇਦ ਨਾਲ ਉਹ ਪਾਰਟੀ ਅਤੇ ਸਰਕਾਰ ਵਿਚ ਬਣਿਆ ਰਿਹਾ। ਜੇਕਰ ਉਹ ਕੈਪਟਨ ਨਾਲ ਮਿਲ ਕੇ ਚਲਿਆ ਹੁੰਦਾ, ਉਸ ਨੂੰ ਬਾਦਲਾਂ ਨਾਲ ਰਲਿਆ ਹੋਣ ਦਾ ਦੋਸ਼ ਲਾ ਕੇ ਬਦਨਾਮ ਨਾ ਕਰਦਾ, ਰਾਜ ਅੰਦਰ ਪਾਰਟੀ ਪ੍ਰਚਾਰ ਵੱਲ ਵੱਧ ਧਿਆਨ ਕੇਂਦਰਤ ਕਰਦਾ ਤਾਂ ਕੈਂਪਟਨ ਨਿਸਚਤ ਤੌਰ 'ਤੇ ਆਪਣੇ ਮਿਸ਼ਨ ਵਿਚ ਸਫਲ ਹੁੰਦਾ।
ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਜੇਕਰ ਰਾਜ ਵਿਚ ਚੰਗੀ ਹੁੰਦੀ ਤਾਂ ਇਸ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਫ਼ੌਜ ਆਪਣੇ ਹਲਕਿਆਂ ਵਿਚ ਨਾ ਹਾਰਦੀ। ਦੂਸਰੇ ਕੈਪਟਨ ਸਾਹਿਬ ਖ਼ੁਦ ਸ਼੍ਰੀ ਮੋਦੀ ਵਾਂਗ ਇੱਕ ਤਾਕਤਵਰ ਟੀਮ ਗਠਤ ਕਰਕੇ ਕੰਮ ਨਹੀਂ ਕਰ ਸਕੇ। ਕਾਂਗਰਸ ਅੱਠ ਸੀਟਾਂ ਤੇ ਇਸ ਕਰਕੇ ਜਿੱਤ ਸਕੀ ਕਿ ਵਿਰੋਧੀ ਧਿਰਾਂ ਪਾਟੋਧਾੜ ਦਾ ਸ਼ਿਕਾਰ ਸਨ। ਗੁਰਦਾਸਪੁਰ ਅੰਦਰ ਇੱਥੇ ਕਦੇ ਵਿਖਾਈ ਨਾ ਦਿਤੇ ਫਿਲਮੀ ਸਿਤਾਰੇ ਸੰਨੀ ਦਿਊਲ ਵਲੋਂ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪਾਟੋਧਾੜ ਦੀ ਸ਼ਿਕਾਰ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਉਮੀਦਵਾਰ ਭਗਵੰਤ ਮਾਨ ਵਲੋਂ ਭਾਰੀ ਲੀਡ ਨਾਲ ਕੇਵਲ ਢਿੱਲੋਂ ਨੂੰ ਹਰਾਉਣ ਕੈਪਟਨ ਅਤੇ ਉਸ ਦੀ ਸਰਕਾਰ ਦੀਆਂ ਕਮਜ਼ੋਰੀਆਂ ਦਾ ਪ੍ਰਤੱਖ ਪ੍ਰਮਾਣ ਹਨ।
ਕੈਪਟਨ ਦੀ ਕਾਂਗਰਸ ਸਰਕਾਰ ਵੱਲੋਂ ਲਗਾਤਾਰ ਰਾਜ ਵਿਚ ਦਲਿਤ ਵਰਗਾਂ ਦੀ ਅਣਦੇਖੀ, ਵਿਧਾਨ ਸਭਾ ਚੋਣਾ ਸਮੇਂ ਉਨਾਂ ਨਾਲ ਕੀਤੇ ਵਾਅਦਿਆਂ ਵਿਚੋਂ ਇੱਕ ਤੇ ਵੀ ਨਾ ਅਮਲ ਕਰਨਾ, ਥਾਂ-ਥਾਂ ਦਲਿਤਾਂ ਨਾਲ ਜਬਰ, ਦਲਿਤ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਨਿਵੇਸ਼ ਕਰਜ਼ੇ ਤੋਂ ਮਹਿਰੂਮ ਰਖਣਾ, ਪ੍ਰਸਾਸ਼ਨ ਵਲੋਂ ਉਨ੍ਹਾਂ ਨੂੰ ਨੀਵਾਂ ਵਿਖਾਉੂਣ ਦੀਆਂ ਨੀਤੀਆਂ ਕਰਕੇ ਰਾਜ ਅੰਦਰ ਵੱਡਾ ਦਲਿਤ ਉਭਾਰ ਵੇਖਣ ਨੂੰ ਮਿਲਿਆ ਹੈ ਜਿਸ ਦੀ ਪੂਰੇ ਦੇਸ਼ ਅੰਦਰ ਸਭ ਤੋਂ ਵੱਧ 29 ਪ੍ਰਤੀਸਤ ਪੰਜਾਬ ਵਿਚ ਅਬਾਦੀ ਹੈ, ਉਹ ਮੁੜ੍ਹ ਬਸਪਾ ਵੱਲ ਮੁੜ੍ਹਿਆ ਹੈ। ਜਲੰਧਰ ਅੰਦਰ ਇਸ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ 2.4, ਅਨੰਦਪੁਰ ਸਾਹਿਬ ਅੰਦਰ ਵਿਕਰਮ ਸੋਢੀ ਨੇ 1.46 ਅਤੇ ਹੁਸ਼ਿਆਰਪੁਰ ਵਿਚ ਖੁਸ਼ੀ ਰਾਮ ਨੇ 1.28 ਲੱਖ ਵੋਟਾਂ ਲੈ ਕੇ ਪੂਰੀ ਪੰਜਾਬ ਦੀ ਰਾਜਨੀਤੀ ਵਿਚ ਨਵੇਂ ਰਾਜਨੀਤਕ ਸਮੀਕਰਨ ਖੜੇ ਕਰ ਦਿਤੇ ਹਨ ਜੋ ਭਵਿੱਖ 'ਚ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਲਈ ਵੱਡੀ ਚਣੌਤੀ ਬਣ ਸਕਦੇ ਹਨ। ਵਣ-ਵਣ ਦੀ ਲਕੜੀ ਪੀ.ਡੀ.ਏ. ਲੁਧਿਆਣੇ ਬਗੈਰ ਸਭ ਥਾਈਂ ਠੁੱਸ ਰਹੀ।
ਨਿਸਚਤ ਤੌਰ 'ਤੇ ਜਿੱਥੇ ਪੰਜਾਬ ਅੰਦਰ ਲੋਕ ਸਭਾ ਚੋਣਾਂ ਨੇ ਅਕਾਲੀ-ਭਾਜਪਾ ਗਠਜੋੜ, ਬਸਪਾ ਅਤੇ ਆਪ ਦੀ ਪੁਨਰ ਸਥਾਪਤੀ ਦੇ ਸੰਕੇਤ ਦਿਤੇ ਹਨ ਉੱਥੇ ਕੈਪਟਨ ਅਤੇ ਉਸ ਦੀ ਸਰਕਾਰ ਲਈ ਸਿਰਦਰਦੀ ਭਰੀਆਂ ਚਣੌਤੀਆਂ ਖੜੀਆਂ ਕੀਤੀਆਂ ਹਨ।
-
ਦਰਬਾਰਾ ਸਿੰਘ ਕਾਹਲੋਂ, ਪੱਤਰਕਾਰ ਅਤੇ ਸਾਬਕਾ ਮੈਂਬਰ ਪੰਜਾਬ ਸੂਚਨਾ ਕਮਿਸ਼ਨ
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.