ਖ਼ਬਰ ਹੈ ਕਿ ਦੇਸ਼ ਦੀਆਂ ਲੋਕ ਸਭਾ ਚੋਣਾਂ ਵਿੱਚ 542 ਸੀਟਾਂ ਵਿਚੋਂ ਐਨ.ਡੀ.ਏ. ਨੂੰ ਭਾਰੀ ਬਹੁਮਤ ਮਿਲਿਆ ਹੈ ਅਤੇ ਭਾਜਪਾ ਇੱਕਲੀ ਹੀ 303 ਸੀਟਾਂ ਉਤੇ ਕਾਬਜ ਹੋਈ ਹੈ। ਏ.ਡੀ.ਆਰ. ਦੀ ਇੱਕ ਰਿਪੋਰਟ ਅਨੁਸਾਰ ਇਸ ਨਵੀਂ ਸੰਸਦ ਵਿੱਚ 233 ਸਾਂਸਦਾਂ ਉਤੇ ਅਪਰਾਧਿਕ ਮਾਮਲੇ ਦਰਜ਼ ਹਨ। ਭਾਵ ਕੁੱਲ ਸਾਂਸਦਾਂ ਵਿੱਚੋਂ 47 ਫੀਸਦੀ ਆਪਰਾਧਿਕ ਮਾਮਲਿਆਂ ਵਾਲੇ ਹਨ। ਇਹਨਾ ਵਿਚੋਂ 10 ਚੁਣੇ ਹੋਏ ਸਾਂਸਦ ਇਹੋ ਜਿਹੇ ਹਨ ਜਿਹਨਾ ਉਤੇ ਅਪਰਾਧਿਕ ਦੋਸ਼ ਸਿੱਧ ਵੀ ਹੋ ਚੁੱਕੇ ਹਨ। 233 ਅਪਰਾਧਿਕ ਕੇਸਾਂ ਵਾਲੇ ਸਾਂਸਦਾਂ ਵਿੱਚੋਂ 87 ਭਾਜਪਾ ਦੇ, ਕਾਂਗਰਸ ਦੇ 19 ਅਤੇ ਬਾਕੀ ਹੋਰ ਪਾਰਟੀਆਂ ਦੇ 31 ਸਾਂਸਦ ਹਨ। ਰਿਪੋਰਟ ਅਨੁਸਾਰ 2009 ਵਿੱਚ ਇਹ ਗਿਣਤੀ 162 ਸੀ ਜੋ ਵਧਕੇ 2014 ਵਿੱਚ 185 ਹੋ ਗਈ ਸੀ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਚੁਣੇ ਗਏ 542 ਸਾਂਸਦਾਂ ਵਿੱਚੋਂ 475 ਸਾਂਸਦ ਕਰੋੜਪਤੀ ਹਨ, ਜਿਹੜੇ ਕਿ ਪਿਛਲੀ ਵੇਰ ਨਾਲੋਂ 32 ਜਿਆਦਾ ਹਨ। ਸਭ ਤੋਂ ਵੱਧ 204 ਕੇਸ ਕਾਂਗਰਸੀ ਸਾਂਸਦ ਉਤੇ ਹਨ ਜਦ ਕਿ ਸਭ ਤੋਂ ਅਮੀਰ ਸਾਂਸਦ ਵੀ ਕਾਂਗਰਸ ਦਾ ਹੈ, ਜਿਸ ਕੋਲ 660 ਕਰੋੜ ਦੀ ਜਾਇਦਾਦ ਹੈ।
ਸੁਣ ਲਉ ਜੀ, ਮੇਰੀ ਗੱਲ, ਦੇਸ਼ ਦਾ ਸਭ ਤੋਂ ਵੱਧ ਇਮਾਨਦਾਰ ਆਦਮੀ, ਦੇਸ਼ ਦਾ ਨੇਤਾ ਹੈ। ਸੁਣ ਲਉ ਜੀ, ਮੇਰੀ ਗੱਲ, ਦੇਸ਼ ਦਾ ਸਭ ਤੋਂ ਸੱਚਾ ਬੰਦਾ, ਦੇਸ਼ ਦਾ ਨੇਤਾ ਹੈ। ਜਿਹੜਾ ਇਮਾਨਦਾਰੀ ਨਾਲ ਲੋਕਾਂ ਦੀ ਹੱਤਿਆ ਕਰਦਾ ਹੈ, ਜਿਹੜਾ ਇਮਾਨਦਾਰੀ ਨਾਲ ਲੋਕਾਂ ਦੀਆਂ ਵੋਟਾਂ ਵਟੋਰਦਾ ਹੈ, ਜਿਹੜਾ ਇਮਾਨਦਾਰੀ ਨਾਲ ਲੜਾਈਆਂ ਝਗੜੇ ਕਰਦਾ ਹੈ ਅਤੇ ਫਿਰ ਲੋਕਾਂ ਦਾ ਨੇਤਾ ਬਣ ਜਾਂਦਾ ਹੈ। ਜੇਕਰ ਨੇਤਾ ਜੀ ਨੂੰ ਕੋਈ ਪੁੱਛ ਲਵੇ, ਭਾਈ, ਕੀ ਕੰਮ ਕਰਦੇ ਹੋ? ਤਾਂ ਮੂਹਰਿਊਂ ਜਵਾਬ ਮਿਲਦਾ ਹੈ, ਜੀ ਇਮਾਨਦਾਰੀ ਨਾਲ ਬੇਈਮਾਨੀ ਕਰਦੇ ਹਾਂ ਅਤੇ ਫਿਰ ਇਮਾਨਦਾਰੀ ਨਾਲ ਲੋਕਾਂ ਨੂੰ ਬੁਧੂ ਬਨਾਉਂਦੇ ਹਾਂ, ਇਮਾਨਦਾਰੀ ਨਾਲ ਅਪਰਾਧ ਕਰਦੇ ਹਾਂ ਅਤੇ ਫਿਰ ਇਮਾਨਦਾਰੀ ਨਾਲ ਸਾਂਸਦ ਬਣ ਜਾਂਦੇ ਹਾਂ। ਸਾਂਸਦ ਬਣਕੇ ਧੌਂਸ ਇਮਾਨਦਾਰੀ ਨਾਲ ਜਮਾਉਂਦੇ ਹਾਂ, ਇਨਸਾਫ ਇਮਾਨਦਾਰੀ ਨਾਲ ਖਰੀਦਦੇ ਹਾਂ, ਨੇਤਾਵਾਂ ਲਈ ਬੱਝਾ ਕਮਿਸ਼ਨ ਖਾਂਦੇ ਹਾਂ, ਮੋਟੇ ਤਾਜ਼ੇ ਹੋ ਜਾਂਦੇ ਹਾਂ। ਪੰਜ ਸਾਲ ਪਹਿਲਾ ਜੋ ਪੱਲੇ ਹੁੰਦਾ ਹੈ, ਉਸਤੋਂ ਚੌਗੁਣਾ ਛੇ ਗੁਣਾ ਪੱਲਾ ਭਾਰਾ ਕਰਕੇ ਘਰ ਨੂੰ ਮੁੜ ਪਰਤਦੇ ਹਾਂ। ਵੇਖੋ ਨਾ ਜੀ, ਇਹ ਫਾਰਮੂਲਾ ਨੇਤਾਗਿਰੀ ਕਰਦਿਆਂ ਸਿਖਦੇ ਹਾਂ, ਗੁੰਦਾਗਰਦੀ ਕਰੋ, ਮਾਰ-ਵੱਢ ਕਰੋ, ਕਮਿਸ਼ਨ ਖਾਉ ਲੇਕਿਨ ਚੋਣਾਂ ਵੇਲੇ ਪਬਲਿਕ ਨੂੰ ਸਮਝਾ ਦਿਉ ਕਿ ਅਸੀਂ ਭਾਈ ਸਿਰੇ ਦੇ ਇਮਾਨਦਾਰ ਹਾਂ। ਫਿਰ ਇਹ ਇਮਾਨਦਾਰੀ ਦੀ ਲੜਾਈ ਲੜਦਿਆਂ ਦੂਸਰੇ ਨੂੰ ਬੇਈਮਾਨ ਬਨਾਉਣ ਦੀ ਕਲਾ ਜੇਕਰ ਤੁਹਾਡੇ 'ਚ ਹੈ ਤਾਂ ਭਾਈ ਸੁਣ ਲਉ ਜੀ ਮੇਰੀ ਗੱਲ, ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਸੁਣ ਲਉ ਜੀ, ਭਾਈ ਮੇਰੀ ਗੱਲ, ਜਦ ਤੁਸੀਂ ਇਮਾਨਦਾਰੀ ਦੀ ਇਹ ਲੜਾਈ ਜਿੱਤ ਲਈ, ਅਤੇ ਤੁਹਾਡੇ ਵਰਗੇ ਇਮਾਨਦਰ ਚਾਰੋਂ ਕੂੰਟਾਂ 'ਚ ਪੱਸਰ ਗਏ, ਤਾਂ ਭਾਈ ਤੁਹਾਨੂੰ ਬਾਇਮਾਨ ਕੌਣ ਆਖੂੰ? ਜਬ ਭਾਈ ਪਰਿਵਾਰ ਆਪਣਾ ਇਮਾਨਦਰ! ਜਦ ਭਾਈ ਮੁਹੱਲਾ ਸੁੱਖ ਨਾਲ ਆਪਣਾ ਇਮਾਨਦਾਰ!! ਜਦ ਭਾਈ ਸੁੱਖ ਨਾਲ ਸ਼ਹਿਰ ਆਪਣਾ ਇਮਾਨਦਾਰ!!! ਤਾਂ ਭਾਈ ਕੋਈ ਮੇਰੇ ਵਰਗਾ ਕਮਲਾ-ਰਮਲਾ ਲੱਖ ਇਹ ਆਖੀ ਤੁਰਿਆ ਫਿਰੇ, "ਕੋਈ ਸ਼ਹਿਰ ਜਬ ਏਕ ਕਾ ਹੋਤਾ ਹੈ, ਤਬ ਬੋ ਸ਼ਹਿਰ-ਸ਼ਹਿਰ ਨਹੀਂ ਹੋਤਾ" ਕਿਸੇ ਨੇ ਨਹੀਂ ਸੁਨਣਾ ਕਿਉਂਕ ਭਾਈ ਇਹਨਾ "ਇਮਾਨਦਾਰਾਂ" ਵਿੱਚ "ਬੇਇਮਾਨ ਬੋਲਾਂ ਦਾ ਕੀ ਕੰਮ?
ਰੇਲ ਆਪਨੀ ਹੈ ਤੋਂ ਕਿਉਂ ਟਿਕਟ ਲੇਤਾ ਫਿਰੂੰ
ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋ ਨੇਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਉਹਨਾ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੇਸ਼ ਦੀ ਸੰਸਦ ਲਈ ਚੁਣੇ ਗਏ ਹਨ। ਇਹਨਾ ਦੋਹਾਂ ਨੇਤਾਵਾਂ ਦੀ ਬਾਦਲ ਜੋੜੀ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪੈਟਰਨ ਪ੍ਰਕਾਸ਼ ਸਿਮਘ ਬਾਦਲ ਨੇ ਐਨ.ਡੀ.ਏ. ਦੀ ਮੀਟਿੰਗ ਜੋ ਦਿੱਲੀ ਵਿਖੇ ਹੋਈ , ਵਿੱਚ ਹਿੱਸਾ ਲਿਆ। ਇਸ ਮੀਟਿੰਗ ਵਿੱਚ ਹੋਰ ਕੋਈ ਵੀ ਅਕਾਲੀ ਨੇਤਾ ਸ਼ਾਮਲ ਨਹੀਂ ਸੀ। ਉਧਰ ਲੋਕ ਸਭਾ ਚੋਣਾਂ 'ਚ ਦੇਸ਼ ਭਰ 'ਚ ਕਰਾਰੀ ਹਾਰ ਦੀ ਜ਼ੁੰਮੇਵਾਰੀ ਲੈਂਦੇ ਹੋਏ ਕਾਂਗਰਸ ਪ੍ਰਦਾਨ ਰਾਹੁਲ ਗਾਂਧੀ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਜੋ ਸੀ.ਵੀ.ਸੀ. ਨੇ ਪ੍ਰਵਾਨ ਨਹੀਂ ਕੀਤੀ। ਇਸ ਮੀਟਿੰਗ ਵਿੱਚ ਰਾਹੁਲ ਗਾਂਧੀ, ਉਹਨਾ ਦੀ ਮਾਤਾ ਸੋਨੀਆ ਗਾਂਧੀ, ਰਾਹੁਲ ਦੀ ਭੈਣ ਪ੍ਰਿੰਯਕਾ ਗਾਂਧੀ ਸ਼ਾਮਲ ਹੋਏ।
ਵੇਖੋ ਜੀ, ਸ਼੍ਰੋਮਣੀ ਅਕਾਲੀ ਦਲ ਆਪਣਾ ਘਰ ਦਾ ਆ, ਤਾਂ ਹੀ ਨਾਮ ਸ਼ੋਮਣੀ ਅਕਾਲੀ ਦਲ (ਬਾਦਲ) ਆ। ਵੇਖੋ ਨਾ ਜੀ, ਜਦ ਦਲ ਆਪਣਾ, ਜਦ ਬਲ ਆਪਣਾ, ਤਾਂ ਫਿਰ ਬੰਦੇ ਵੀ ਤਾਂ ਦਲ-ਬਲ-ਥਲ ਵਿੱਚ ਜਲ-ਥਲ ਕਰਦੇ ਨਜ਼ਰ ਆਉਂਣੇ ਚਾਹੀਦੇ ਆ, ਜਿਹੜੇ ਇਹ ਕਹਿਣ ਭਾਈ 'ਤੁਹਾਥੋਂ ਬਿਨ੍ਹਾਂ ਨਹੀਂਓ ਚੱਲਣਾ ਕੰਮ! ਤੁਹਾਥੋਂ ਬਿਨ੍ਹਾਂ ਗੱਡੀ ਨਹੀਂਓ ਰੁੜਨੀ! ਉਂਜ ਭਾਵੇਂ ਗੱਡੀ ਛੁਕ-ਛੁਕ ਕਰੇ ਜਾਂ ਫੁਕ-ਫੁਕ, ਧੁਕ-ਧੁਕ ਕਰੇ ਜਾਂ ਲੁਕ-ਲੁਕ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਡੀ ਧੱਕਾ ਸਟਾਰਟ ਹੋਗੀ ਤੇ ਉਧਰ ਕਾਂਗਰਸ ਦੀ ਗੱਡੀ ਤਾਂ ਭਾਈ "ਬਹੁਤੀ ਗਰਮੀ' ਨੇ ਹੀ ਵਿਗਾੜਤੀ, ਜਿਹੜੀ ਲਾਢੋਵਾਲ ਵਾਲੇ ਟੇਸ਼ਨ ਤੇ ਕਿਨਾਰੇ ਲਾਕੇ ਆਹ ਆਪਣੇ ਕਾਕੇ ਰਾਹੁਲ ਨੇ ਖੜੀ ਕਰ ਤੀ ਆ।
ਵੇਖੋ ਨਾ ਜੀ, ਚੋਣਾਂ ਹੋਈਆਂ ਪੰਜਾਬ! ਅਕਾਲੀ ਦਲ ਰਹਿ ਗਿਆ ਬਠਿੰਡੇ ਜਾਂ ਫਿਰੋਜ਼ਪੁਰ, ਬਾਕੀ ਗਿਆ ਖੂਹ 'ਚ, ਉਹ ਵੀ ਢੱਠੇ-ਖੂਹ 'ਚ! ਵੇਖੋ ਨਾ ਜੀ, ਚੋਣਾਂ ਹੋਈਆਂ ਦੇਸ਼ 'ਚ, ਕਾਂਗਰਸ ਰਹਿ ਗਈ ਮਾੜੀ ਮੋਟੀ ਪੰਜਾਬ 'ਚ, ਉਹ ਯੂਪੀ ਚੋਂ ਵੀ ਸਮੇਟੀ ਗਈ, ਉਥੇ ਤਾਂ ਸੋਨੀਆ ਮਸਾਂ ਚਮਕੀ, ਬਾਕੀ ਤਾਂ ਭਾਈ ਸਹੁੰ ਖਾਣ ਨੂੰ ਵੀ ਕਿਧਰੇ ਨਹੀਂਓ ਦਿਸਦੀ! ਗੱਲ ਤਾਂ ਭਾਈ ਏਹੋ ਆ, ਜਦ ਟੱਬਰ 'ਚ ਰਹਿ ਗਈ ਕਾਂਗਰਸ, ਜਦ ਟੱਬਰ 'ਚ ਰਹਿ ਗਿਆ 'ਕਾਲੀ' ਦਲ ਤਾਂ ਭਾਈ ਦੋ, ਦੋ ਹੀ ਲਭਣੇ ਆ ਟੱਬਰੋ-ਟੱਬਰੀ, ਕਾਂਗਰਸ ਵਾਲੇ ਮਾਂ-ਪੁੱਤ ਅਤੇ ਅਕਾਲੀ ਵਾਲੇ ਪਤੀ-ਪਤਨੀ ਬਾਕੀ ਵਿਚਾਰੇ ਗੱਡੀ ਦੇ ਡੱਬੇ ਆ, ਕੋਈ ਕਿਧਰੇ ਲਹਿ ਗਿਆ, ਕੋਈ ਕਿਧਰੇ ਤੁਰ ਗਿਆ। ਕਿਉਂਕਿ ਗੱਡੀ ਆਪਣੀ ਆ, ਮਾਲ ਆਪਣਾ ਆ, ਤਾਂ ਫਿਰ ਕਾਹਦਾ ਲੇਖਾ-ਜੋਖਾ, ਮੀਟਿੰਗਾਂ-ਸ਼ੀਟਿੰਗਾਂ। ਕਵੀ ਵਿਚਾਰਾ ਸੱਚੋ ਕਹਿੰਦਾ, "ਰੇਲ ਆਪਨੀ ਹੈ ਤੋ ਕਿਉਂ ਟਿਕਟ ਲੇਤਾ ਫਿਰੂੰ, ਕੋਈ ਤੋਂ ਬਤਾਏ ਮੁਝੇ ਜਹ ਤੁਕੱਲਫ ਉਠਾਊਂ ਕਿਸ ਲੀਏ"।
ਅੰਨ੍ਹੇ ਵਾਹ ਜ਼ਹਿਰਾਂ ਅਸੀਂ ਧੂੜ ਰਹੇ ਹਾਂ,
ਨਹੀਂ ਸਕਦੀ ਹੋਰ ਸਹਾਰ ਧਰਤੀ।
ਖ਼ਬਰ ਹੈ ਕਿ ਮੱਧ ਪ੍ਰਦੇਸ਼ ਦੇ ਸਿਵਨੀ 'ਚ ਕਥਿਤ ਗਊ ਰਾਖਿਆਂ ਦੀ ਗੁੰਡਾ ਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਆਟੋ 'ਚ ਮਾਸ ਲੈ ਜਾ ਰਹੇ ਦੋ ਨੌਜਵਾਨਾਂ ਅਤੇ ਇੱਕ ਔਰਤ ਨੂੰ ਇਹਨਾ ਕਥਿਤ ਗਊ-ਰਾਖਿਆਂ ਨੇ ਲਾਠੀਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਇਹਨਾ ਦੋਨਾਂ ਮੁਸਲਿਮ ਨੌਜਵਾਨਾਂ ਨੂੰ ਕੁੱਟਣ ਵਾਲਾ ਵਿਅਕਤੀ ਸਿਵਨੀ 'ਚ ਸ੍ਰੀ ਰਾਮ ਸੈਨਾ ਦਾ ਪ੍ਰਧਾਨ ਸ਼ੁਭਮ ਬਘੇਲ ਹੈ। ਸ਼ੁਭਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੂਚਨਾਵਾਂ ਅਨੁਸਾਰ ਸ਼ੁਭਮ ਅਤੇ ਉਸਦੇ ਸਾਥੀਆਂ ਨੇ ਮਹਿਲਾ ਸਮੇਤ ਦੋਨਾਂ ਨੌਜਵਾਨਾਂ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟ ਮਾਰ ਕੀਤੀ।
ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਬਚਾਉਣ ਵਾਲੇ ਵੱਡੇ-ਵੱਡੇ ਲੋਕ ਆ। ਅਸੀਂ ਬਹੁਤ ਉਦਾਸ ਹਾਂ ਕਿ ਸਾਡੀ ਗੱਲ ਸੁਨਣ ਵਾਲਾ ਹੀ ਕੋਈ ਨਹੀਂ ਰਿਹਾ। ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਅਧਿਕਾਰ ਮਿਲਿਆ ਹੋਇਆ ਹੈ ਕਿ ਅਸੀ ਜੀਹਨੂੰ ਮਰਜ਼ੀ ਮਾਰ ਸਕੀਏ! ਕੁੱਟ ਸਕੀਏ!! ਜਾਂ ਲਿਤਾੜ ਸਕੀਏ! ਅਸੀਂ ਬਹੁਤ ਉਦਾਸ ਹਾਂ ਕਿ ਧਰਤੀ ਉਤੇ ਜ਼ਹਿਰਾਂ ਵੰਡਣ ਵਾਲਿਆਂ, ਇੱਕ ਦੂਜੇ ਨੂੰ ਭੰਡਣ ਵਾਲਿਆਂ, ਇੱਕ-ਦੂਜੇ ਦੇ ਪਰ ਕੱਟਣ ਵਾਲਿਆਂ ਦੀ ਗਿਣਤੀ ਵਧ ਗਈ ਆ। ਅਸੀ ਬਹੁਤ ਖੁਸ਼ ਹਾਂ ਕਿ ਅਸੀਂ ਸੀ.ਬੀ.ਆਈ. ਪਿੰਜਰੇ 'ਚ ਪਾਈ, ਈ.ਡੀ. ਬੋਝੇ 'ਚ ਪਾਈ, ਰਿਜ਼ਰਵ ਬੈਂਕ ਆਪਣੀ ਰਖੇਲ ਬਣਾਈ ਅਤੇ ਚੋਣਾਂ ਵਾਲੀ ਮਸ਼ੀਨ ਆਪਣੇ ਅਨੁਸਾਰ ਚਲਾਈ! ਅਸੀਂ ਬਹੁਤ ਉਦਾਸ ਹਾਂ ਕਿ ਅਸੀਂ ਬਚਾਓ ਬਚਾਓ ਦਾ ਰੌਲਾ ਪਾਇਆ, ਪਰ ਸਾਨੂੰ ਬਚਾਉਣ ਵਾਲਾ ਭਾਈ ਕੋਈ ਵੀ ਨਾ ਆਇਆ। ਪਰ ਭਾਈ ਕੁਟ ਖਾਕੇ ਵੀ ਅਸੀਂ ਉਪਰਾਮ ਨਹੀਂ ਹਾਂ। ਅਸੀਂ ਹਾਰੇ ਹਾਂ,ਕੁੱਟ ਖਾਧੀ ਹੈ, ਜੰਗ ਨਹੀਂ ਹਾਰੀ, ਨਫ਼ਰਤ ਵਿਰੋਧੀ ਜੰਗ ਜਾਰੀ ਹੈ। ਉਂਜ ਭਾਈ ਕਵੀ ਦੀ ਗੱਲ ਤਾਂ ਸੁਨਣੀ ਹੀ ਪਵੇਗੀ ਕੁੱਟ ਖਾਂਦਿਆਂ-ਖਾਂਦਿਆਂ, "ਅੰਨੇ ਵਾਹ ਜ਼ਹਿਰਾਂ ਅਸੀਂ ਧੂੜ ਰਹੇ ਹਾਂ, ਨਹੀਂ ਸਕਦੀ ਹੋਰ ਸਹਾਰ ਧਰਤੀ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਜਪਾ ਨੇ ਲੋਕ ਸਭਾ ਦੀਆਂ ਜੋ ਚੋਣਾਂ ਜਿੱਤੀਆਂ ਹਨ, ਉਸਦੇ 303 ਸਾਂਸਦਾਂ ਵਿੱਚੋਂ ਕੋਈ ਵੀ ਮੁਸਲਮਾਨ ਨਹੀਂ ਹੈ।
ਇੱਕ ਵਿਚਾਰ
ਰਾਸ਼ਟਰ ਦੀ ਤਰਫੋਂ ਤੁਸੀਂ ਉਸ ਵੇਲੇ ਤੱਕ ਨਹੀਂ ਬੋਲ ਸਕਦੇ, ਜਦ ਤੱਕ ਕਿ ਤੁਹਾਨੂੰ ਇਹ ਕਰਨੇ ਦਾ ਲੋਕ ਫਤਵਾ ਨਾ ਮਿਲਿਆ ਹੋਵੇ।..................ਲੇ ਪੇਨ
ਵਿਅੰਗ ਬਾਣ/ ਸ਼ੌਕਤ ਥਾਨਵੀ
ਖਵਾਬ-ਏ-ਆਜ਼ਾਦੀ
ਆਪਣੀ ਆਜ਼ਾਦੀ ਦਾ ਦੇਖਾ ਖਵਾਬ ਮੈਨੇ ਰਾਤ ਕੋ
ਯਾਦ ਕਰਤਾ ਹੂੰ ਮੈਂ ਆਪਨੇ ਖਵਾਬ ਕੀ ਹਰ ਬਾਤ ਕੋ
ਮੈਨੇ ਇਹ ਦੇਖਾ ਕਿ ਮੈ ਹਰ ਕੈਦ ਸੇ ਆਜ਼ਾਦ ਹੂੰ
ਜਹ ਹੂਆ ਮਹਿਸੂਸ ਜੈਸੇ ਖੁਦ ਮੈਂ ਜ਼ਿੰਦਾਬਾਦ ਹੂੰ
ਜਿਤਨੀ ਥੀ ਪਾਬੰਦੀਆਂ, ਵੋਹ ਖੁਦ ਮੇਰੀ ਪਾਬੰਦ ਹੈਂ
ਜਹ ਜੋ ਮਾਈ-ਬਾਪ ਥੇ ਹਾਕਿਮ, ਵੋਹ ਸਭ ਫਰਜੰਦ ਹੈਂ
ਮੁਲਕ ਅਪਣਾ, ਕੌਮ ਆਪਣੀ ਔਰ ਸਭ ਅਪਨੇ ਗੁਲਾਮ
ਆਜ ਕਰਨਾ ਹੈ ਮੁਝੇ ਆਜ਼ਾਦੀਓਂ ਕਾ ਇਹਤਰਾਮ
ਜਿਸ ਜਗਹ ਲਿਖਾ ਹੈ, "ਮਤ ਥੂਕੋ" ਮੈਂ ਥੂਕੂੰਗਾ ਜ਼ਰੂਰ
ਅਬ ਸਜ਼ਾਵਾਰ-ਏ-ਸਜ਼ਾ ਹੋਗਾ ਨਾ ਕੋਈ ਕਸੂਰ
ਏਕ ਟ੍ਰੈਫਿਕ ਪੁਲਿਸ ਵਾਲੇ ਕੀ ਕਬ ਹੈ ਜਹ ਮਜਾਲ
ਵਹ ਮੁਝੇ ਰੋਕੇ, ਮੈਂ ਰੁਕ ਜਾਊਂ, ਜਹੀ ਹੈ ਖਵਾਬੋ-ਖਿਆਲ
ਮੇਰੀ ਸੜਕੇਂ ਹੈ, ਤੋ ਮੈਂ ਜਿਸ ਤਰਹ ਸੇ ਚਾਹੂੰ, ਚਲੂੰ
ਜਿਸ ਜਗਹ ਚਾਹੇ ਰੁਕੂੰ, ਔਰ ਜਿਸ ਜਗਹ ਚਾਹੇ ਮਰੂੰ
ਸਾਈਕਲ ਮੇਂ ਰਾਤ ਕੋ ਬੱਤੀ ਜਗਾਊਂ ਕਿਸ ਲੀਏ?
ਨਾਜ ਇਸ ਕਾਨੂੰਨ ਕਾ ਆਖ਼ਿਰ ਉਠਾਊਂ ਕਿਸ ਲੀਏ?
ਰੇਲ ਅਪਨੀ ਹੈ ਤੋ ਆਖ਼ਿਰ ਕਿਉਂ ਟਿਕਟ ਲੇਤਾ ਫਿਰੂੰ
ਕੋਈ ਤੋਂ ਬਤਾਏ ਮੁਝੇ ਜਹ ਤੁਕੱਲਫ ਉਠਾਊਂ ਕਿਸ ਲੀਏ
ਕਿਉਂ ਨਾ ਰਿਸ਼ਵਤ ਲੂੰ ਕਿ ਜਬ ਹਾਕਿਮ ਹੂੰ ਮੈਂ ਸਰਕਾਰ ਕਾ
"ਥਾਨਵੀ" ਹਰਗਿਜ ਨਹੀਂ ਹੂੰ, ਅਬ ਮੈਂ ਥਾਨੇਦਾਰ ਹੂੰ
ਘੀ ਮੇਂ ਚਰਬੀ ਕੇ ਮਿਲਾਕੇ ਕੀ ਹੈ ਆਜ਼ਾਦੀ ਮੁਝੇ
ਅਬ ਡਰਾ ਸਕਤੀ ਨਹੀਂ ਗ੍ਰਾਹਕ ਕੀ ਬਰਬਾਦੀ ਮੁਝੇ।
(ਫਰਜ਼ੰਦ ਬੇਟਾ)
ਗੁਰਮੀਤ ਪਲਾਹੀ
ਮੋਬ ਨੰ:- 9815802070
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.