(ਅੱਜ ਦੀ ਪ੍ਰਭਾਤ ਬਹੁਤ ਹੀ ਚੰਗੀ ਚੰਗੀ ਸੀ। ਮੀਰੀ ਪੀਰੀ ਸਿਧਾਂਤ ਦੇ ਸਿਰਜਕ ਛੇਵੇਂ ਪਾਤਸ਼ਾਹਿ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਗੁਰਗੱਦੀ ਦਿਵਸ ਹੋਣ ਕਾਰਨ ਦਰਬਾਰ ਸਾਹਿਬ ਦੇ ਰਾਗੀ ਸਿੰਘ ਮਨੋਹਰ ਕੀਰਤਨ ਵਿੱਚ
ਛਟਮ ਪੀਰ ਬੈਠਾ ਗੁਰ ਭਾਰੀ ਦੀ ਮਹਿਮਾ ਗਾ ਰਹੇ ਸਨ)
ਜੇ ਮੇਰੇ ਸਿਰ ਤੇ ਕੋਈ ਵੀ ਨਿੱਕੀ ਮੋਟੀ ਤਾਕਤਵਰ ਕਲਗੀ ਹੁੰਦੀ ਤਾਂ ਮੈਂ ਪਤਾ ਲੱਗਣ ਸਾਰ ਸੱਜਣਾਂ ਦੇ ਪਿੰਡ ਜਾਂਦਾ, ਨਿੱਕੇ ਨਿੱਕੇ ਖਿਡਾਰੀਆਂ ਤੇ ਖਿਡਾਰਨਾਂ ਦਾ ਮੱਥਾ ਚੁੰਮਦਾ, ਕੰਡ ਤੇ ਹੱਥ ਰੱਖਦਾ, ਸਿਰ ਪਲੋਸਦਾ ਤੇ ਆਖਦਾ, ਪ੍ਰਭਾਤ ਵੇਲੇ ਤੜਕਸਾਰ ਚਾਰ ਵਜੇ ਸਵੇਰੇ ਮੰਜੇ ਬਿਸਤਰੇ ਛੱਡ ਕੇ ਖੇਡ ਮੈਦਾਨ ਚ ਆਉਣ ਵਾਲੇ ਕਰਮਯੋਗੀਓ!
ਸਾਰਾ ਪੰਜਾਬ ਤੁਹਾਡੇ ਵਰਗਾ ਹੋ ਜਾਵੇ ਤਾਂ ਸਰਕਾਰ ਨੂੰ ਨਸ਼ਾ ਮੁਕਤੀ ਦਾ ਢੋਲ ਨਾ ਵਜਾਉਣਾ ਪਵੇ।
ਇਹ ਗੱਲ ਮੈਨੂੰ ਵੀ ਪਤਾ ਨਹੀਂ ਸੀ ਲੱਗਣੀ ਜੇ ਕਿਸੇ ਵੇਲੇ ਗੌਰਮਿੰਟ ਕਾਲਿਜ ਲੁਧਿਆਣਾ ਚ ਮੈਥੋਂ ਮਗਰੋਂ ਪੜ੍ਹ ਕੇ ਗਿਆ ਮੇਰਾ ਸੱਜਣ ਮੈਨੂੰ ਲਗਪਗ ਇੱਕ ਮਿੰਟ ਦੀ ਵੀਡੀਓ ਫਿਲਮ ਭੇਜ ਕੇ ਨਾਲ ਨਾ ਲਿਖਦਾ
ਮੇਰੇ ਪਿੰਡ ਦੀ ਪ੍ਰਭਾਤ
ਮੈਂ ਰੇਡੀਉ , ਟੀ ਵੀ ਜਾਂ ਕਿਸੇ ਵੈੱਬ ਚੈਨਲ ਦਾ ਸੰਚਾਲਕ ਹੁੰਦਾ ਤਾਂ ਕੈਮਰਾ ਟੀਮ ਲੈ ਕੇ ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਕ ਲੋਧੀ ਤਹਿਸੀਲ ਦੇ ਪਿੰਡ ਦਬੂਲੀਆਂ ਚ ਪ੍ਰਭਾਤ ਵੇਲੇ ਪਹੁੰਚਦਾ ਤੇ ਖਿਡਾਰੀਆਂ ਖਿਡਾਰਨਾਂ ਨੂੰ ਖੇਡ ਮੈਦਾਨ ਚ ਖੇਡਦਿਆਂ ਰੀਕਾਰਡ ਕਰਕੇ ਪੂਰੇ ਵਿਸ਼ਵ ਨੂੰ ਵਿਖਾਉਂਦਾ।
ਅਖ਼ਬਾਰ ਦਾ ਸੰਪਾਦਕ ਹੁੰਦਾ ਤਾਂ ਆਪਣੀ ਵਿਸ਼ੇਸ਼ ਟੀਮ ਭੇਜ ਕੇ ਇਸ ਪ੍ਰਚੰਡ ਖੇਡ ਭਾਵਨਾ ਨੂੰ ਸੁੰਘ ਕੇ ਸ਼ਬਦਾਂ ਚ ਉਤਾਰਦਾ ਤੇ ਅਖ਼ਬਾਰ ਦੇ ਖੇਡ ਪੰਨੇ ਦਾ ਨਹੀਂ, ਮੁੱਖ ਪੰਨੇ ਦਾ ਸ਼ਿੰਗਾਰ ਬਣਾਉਂਦਾ
ਸਿਰਲੇਖ ਲਿਖਦਾ
ਪੰਜਾਬ ਜਾਗਦਾ, ਪੰਜਾਬ ਜੀਊਂਦਾ, ਆਹ ਵੇਖੋ ਪ੍ਰਤੱਖ ਪ੍ਰਮਾਣ।
ਦਬੂਲੀਆਂ ਮੇਰੇ ਸੱਜਣ ਦਾ ਪਿੰਡ ਹੈ
ਸੱਜਣ ਸਿੰਘ ਚੀਮਾ ਦਾ। ਸੱਜਣ ਆਪ ਭਾਰਤੀ ਬਾਸਕਟਬਾਲ ਟੀਮ ਦਾ ਕਪਤਾਨ ਰਿਹੈ, ਅਰਜੁਨਾ ਐਵਾਰਡੀ, ਪੰਜਾਬ ਪੁਲੀਸ ਦਾ ਲੰਮ ਸਲੰਮੜਾ ਕਪਤਾਨ।
ਉਸ ਦੇ ਤਿੰਨ ਵੀਰ ਵੀ ਅੰਤਰ ਰਾਸ਼ਟਰੀ ਬਾਸਕਟਬਾਲ ਖਿਡਾਰੀ ਰਹੇ ਹਨ। ਵੱਡੇ ਵੀਰ ਕੁਲਦੀਪ ਸਿੰਘ ਚੀਮਾ ਸਣੇ।
ਦੇਸ਼ ਵੰਡ ਮਗਰੋਂ ਇਹ ਟੱਬਰ ਕਾਲਾ ਅਫਗਾਨਾ(ਗੁਰਦਾਸਪੁਰ) ਆ ਵੱਸਿਆ। ਮਗਰੋਂ ਇਹ ਲਾਣਾ ਦਬੂਲੀਆਂ ਪੁੱਜ ਗਿਆ। ਦਰਿਆ ਬਿਆਸ ਕੰਢੇ। ਹੜ੍ਹ ਫ਼ਸਲਾਂ ਰੋੜ੍ਹਦਾ ਹਰ ਸਾਲ। ਬਾਸਕਟਬਾਲ ਖੇਡ ਨੇ ਸਾਰੇ ਵੀਰ ਪਹਿਲੇ ਦਰਜ਼ੇ ਦੇ ਅਫ਼ਸਰ ਬਣਾਏ।
ਮੈਨੂੰ ਸਭ ਤੋਂ ਚੰਗੀ ਇਹ ਗੱਲ ਲੱਗੀ ਕਿਉਨ੍ਹਾਂ ਪਿੰਡ ਨਹੀਂ ਵਿਸਾਰਿਆ। ਪਿੰਡ ਵਿੱਚ ਹਿੰਮਤ ਕਰਕੇ ਬਾਸਕਟਬਾਲ ਗਰਾਉਂਡ ਬਣਾਈ। ਵਿੱਚ ਜਾਨ ਪਾਈ। ਪੰਡ ਤੇ ਗੁਆਂਢੀ ਪਿੰਡਾਂ ਦੇ ਬੱਚੇ ਭੱਜ ਕੇ ਸਵੇਰ ਸਾਰ ਖੇਡ ਮੈਦਾਨ ਚ ਆਉਂਦੇ ਹਨ, ਖੇਡਦੇ ਹਨ।
ਮੇਰੇ ਵਰਗੇ ਨਿਕੰਮਿਆਂ ਦੇ ਜਾਗਣ ਤੋਂ ਪਹਿਲਾਂ ਖੇਡ ਮੈਦਾਨ ਚ ਮੁੜ੍ਹਕੇ ਦੇ ਮੋਤੀ ਬੀਜ ਕੇ ਘਰੋ ਘਰੀ ਪਹੁੰਚ ਕੇ ਨਹਾ ਧੋ ਵੀ ਲੈਂਦੇ ਹਨ।
ਹੈ ਨਾ ਕਮਾਲ! ਗੁਰੂ ਨਾਨਕ ਦਾ ਦੱਸਿਆ ਪ੍ਰਭਾਤ ਵੇਲਾ ਸਾਂਭ ਲੈਂਦੇ ਹਨ।
ਖੇਡ ਮੈਦਾਨ ਚ ਸਵੇਰ ਸਾਰ ਸ਼ਬਦ ਕੀਰਤਨ ਨਾਲੋ ਨਾਲ ਵਿਸਮਾਦ ਨਾਦ ਵਜਾਉਂਦਾ ਹੈ। ਇਸ ਵੀਡੀਓ ਦੇ ਪਿਛਵਾੜੇ ਵੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਗਾਇਆ ਸ਼ਬਦ ਕੀਰਤਨ ਚੱਲਦਾ ਹੈ।
ਸਬੱਬ ਵੇਖੋ ਦੋਵੇਂ ਮੇਰੇ ਸੱਜਣ।
ਦੋਵੇਂ ਗੁਰਦਾਸਪੁਰੀਏ। ਹਰਜਿੰਦਰ ਸਿੰਘ ਜੀ ਵੀ ਬਲ੍ਹੜਵਾਲ(ਨੇੜੇ ਘੁਮਾਣ) ਦੇ ਜੰਮੇ ਜਾਏ ਹਨ। ਨਿੱਕੋ ਸਰਾਂ(ਫ਼ਤਹਿਗੜ੍ਹ ਚੂੜੀਆ ਲਾਗੇ ) ਨਾਨਕਾ ਪਿੰਡ। ਦੋਵੇਂ ਲੁਧਿਆਣੇ ਹੀ ਮਿਲੇ ਮੈਨੂੰ। ਗੁਰੂ ਬਾਬਾ ਨਾਨਕ ਨੇ ਸਾਨੂੰ ਹੀ ਸ਼ਾਇਦ ਕਿਹਾ ਹੋਵੇਗਾ, ਉੱਜੜ ਜਾਉ, ਨੇਕੀ ਬੀਜੋ ਨੇਕੀ ਕਮਾਉ।
ਸੱਜਣ ਵਕਤੋਂ ਪਹਿਲਾਂ ਸੇਵਾ ਮੁਕਤੀ ਲੈ ਕੇ ਸੱਤਾ ਦੇ ਗੱਡੇ ਤੇ ਸਵਾਰ ਹੋ ਕੇ ਪੰਜਾਬ ਸਿਵਿਲ ਸਕੱਤਰੇਤ ਦੀ ਉਚੇਰੀ ਕੁਰਸੀ ਦਾ ਸੁਪਨਾ ਪਾਲ ਬੈਠਾ। ਉਸ ਨੂੰ ਕਰਤਾਰ ਸਿੰਘ ਪਹਿਲਵਾਨ ਵਾਂਗ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਚ ਝੋਕ ਦਿੱਤਾ। ਲੋਕਾਂ ਮਾਲਵੇ ਵਾਂਗ ਹੁੰਗਾਰਾ ਨਾ ਭਰਿਆ। ਭਲਵਾਨ,ਕਪਤਾਨ ਤੇ ਕਈ ਹੋਰ ਭੋਲੇ ਪੰਛੀ ਫੁੰਡੇ ਗਏ।
ਕੂੜ ਫਿਰੇ ਪ੍ਰਧਾਨ ਵੇ ਲਾਲੋ, ਅਸਾਂ ਪ੍ਰਤੱਖ ਵੇਖਿਆ। ਪਰ ਕਸੂਰ ਤਾਂ ਇਨ੍ਹਾਂ ਸੁਪਨਕਾਰਾਂ ਦਾ ਵੀ ਬਰਾਬਰ ਹੈ ਜੋ ਸਰਕਾਰੀ ਤੰਤਰ ਦਾ ਏਨੇ ਸਾਲ ਡੰਡਾ ਬਣ ਕੇ ਵੀ ਨਾ ਜਾਣ ਸਕੇ ਕਿ ਸਿਸਟਮ ਬੰਦੇ ਨੂੰ ਕਿਵੇਂ ਵਰਤਦਾ ਹੈ। ਹਰ ਲੋਕ ਲੁਭਾਊ ਹਰਬਾ ਵਰਤ ਕੇ ਪਤਵੰਤੀ ਸਭਾ ਚ ਬਹਿਣ ਦਾ ਮੌਕਾ ਮਿਲਦਾ ਹੈ।
ਹੁਣ ਸੱਜਣ ਸਿੰਘ ਅਕਾਲੀ ਸਿੰਘ ਲੈ ਗਏ ਨੇ, ਰੱਬ ਖ਼ੈਰ ਕਰੇ।
ਚੰਗਿਆਂ ਨੂੰ ਸਿਆਸਤ ਚ ਆਉਣਾ ਚਾਹੀਦਾ ਹੈ ਪਰ ਚਿੱਟੇ ਲੀੜੇ ਪਾ ਕੇ ਕੋਲਿਆਂ ਦੀ ਖਾਣ ਚੋਂ ਲੰਘਣਾ ਮੁਹਾਲ ਹੈ।
ਮੀਆਂ ਮੁਹੰਮਦ ਬਖ਼ਸ਼ ਨੇ ਸਹੀ ਲਿਖਿਆ ਹੈ:
ਬੁਰੇ ਬੰਦੇ ਦੀ ਸੁਹਬਤ ਯਾਰੋ
ਜਿਵੇਂ ਦੁਕਾਨ ਲੋਹਾਰਾਂ।
ਕੱਪੜੇ ਭਾਵੇਂ ਕੁੰਜ ਕੁੰਜ ਬਹੀਏ,
ਚਿਣਗਾਂ ਪੈਣ ਹਜ਼ਾਰਾਂ।
ਚੰਗੇ ਬੰਦੇ ਦੀ ਸੁਹਬਤ ਯਾਰੋ
ਜਿਵੇਂ ਦੁਕਾਨ ਅੱਤਾਰਾਂ।
ਸੌਦਾ ਓਥੋਂ ਲਈਏ ਨਾ ਲਈਏ,
ਤੇ ਹੁੱਲੇ ਆਉਣ ਹਜ਼ਾਰਾਂ।
ਪਰ ਕੀ ਕਰੀਏ, ਸੱਤਾ ਦੀ ਚਮਕਾਰ ਤੇ ਸਰਦਾਰੀ ਪਾਨ ਦੇ ਥੁੱਕ ਵਾਂਗ ਵਧੇਰੇ ਲਿਸ਼ਕਦੀ ਹੈ।
ਮੇਰੇ ਸਾਰੇ ਸੱਜਣਾਂ ਤੇ ਰੱਬ ਮਿਹਰ ਕਰੇ।
ਕੁਰਸੀ ਕੁ -ਰਸੀ ਨਾ ਬਣੇ।
ਹਰ ਪੰਜ ਸਾਲ ਬਾਦ ਵਿਧਾਇਕ ਇੱਕ ਸੌ ਸਤਾਰਾਂ ਬਦਲ ਬਦਲ ਕੇ ਆ ਜਾਣੇ ਨੇ ਪਰ ਸੱਜਣ ਇੱਕੋ ਹੀ ਰਹੇਗਾ, ਸੂਰਜ ਤੇ ਚੰਦ ਵਾਂਗ।
ਜਿਵੇਂ ਭਾਈ ਘਨੱਈਆ ਇੱਕੋ ਹੈ, ਭਗਤ ਪੂਰਨ ਸਿੰਘ ਇੱਕੋ ਹੈ। ਬਲਬੀਰ ਸਿੰਘ ਸੀਚੇਵਾਲ ਤੇ ਬਾਬਾ ਸੇਵਾ ਸਿੰਘ ਹੋਵੇ ਜਾਂ ਬਾਬਾ ਬੁੱਧ ਸਿੰਘ ਢਾਹਾਂ , ਪ੍ਰਿੰਸੀਪਲ ਹਰਭਜਨ ਸਿੰਘ ਮਾਹਿਲਪੁਰ ਤੇ ਭਾ ਜੀ ਤੇਜਾ ਸਿੰਘ ਧਾਲੀਵਾਲ ਤੇ ਰਾਜਦੀਪ ਸਿੰਘ ਗਿੱਲ ਸਾਰੇ ਇੱਕੋ ਇੱਕ ਹਨ। ਦਰਜਨਾਂ ਜਾਂ ਕੋੜੀਆਂ ਨਹੀਂ।
ਸਿਆਲ ਆਉਂਦਿਆਂ ਮੂੰਗਫਲੀ ਦੀਆਂ ਥਾਂ ਥਾਂ ਭੱਠੀਆਂ ਤੇ ਰੇੜ੍ਹੀਆਂ ਸਜ ਜਾਂਦੀਆਂ ਨੇ ਪਰ ਬਦਾਮ ਕਦੇ ਕਿਸੇ ਨੇ ਰੇੜੀਆਂ ਤੇ ਵਿਕਦੇ ਵੇਖੇ ਨੇ?
ਘੱਟੋ ਘੱਟ ਮੈਂ ਨਹੀਂ ਵੇਖੇ।
ਪੰਜਾਬ ਦੇ ਪਿੰਡਾਂ ਨੂੰ ਬਹੁਤ ਸਾਰੇ ਸੱਜਣਾਂ ਦੀ ਲੋੜ ਹੈ।
ਦਬੂਲੀਆਂ ਦੇ ਖੇਡ ਮੈਦਾਨ ਨੂੰ ਸਲਾਮ! ਚੀਮਾ ਭਰਾਵਾਂ ਨੂੰ ਸਲਾਮ!
ਉਸ ਭਾਵਨਾ ਨੂੰ ਸਲਾਮ ਜੋ ਹਾਕੀ ਉਲੰਪੀਅਨ ਸੁਰਜੀਤ ਨੂੰ ਬਟਾਲਾ ਨੇੜੇ ਪਿੰਡ ਕੋਟਲਾ ਸ਼ਾਹੀਆ ਚ ਸੁਰਜੀਤ -ਕਮਲਜੀਤ ਖੇਡ ਕੰਪਲੈਕਸ ਤੇ ਜਲੰਧਰ ਚ ਹਰ ਸਾਲ ਰੱਖਣ ਵਾਲੇ ਮਸ਼ਾਲ ਬਾਲਦੇ ਹਨ। ਮਾਹਿਲਪੁਰ ਚ ਪ੍ਰਿੰਸੀਪਲ ਹਰਭਜਨ ਸਿੰਘ ਨੂੰ ਚੇਤੇ ਰੱਖਦੇ ਹਨ।
ਅੰਤਿਕਾ
ਮੈਂ ਅੱਜ ਦੇ ਦਿਹਾੜੇ 27 ਮਈ 1964 ਨੂੰ ਸੁਰਗਵਾਸ ਹੋਏ ਦੂਰ ਦ੍ਰਿਸ਼ਟੀਵੇਤਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਚੇਤੇ ਕਰਦਾ ਹਾਂ ਚਿਸ ਨੇ 1931 ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨਾਲ ਲਾਹੌਰ ਸੈਂਟਰਲ ਜੇਲ੍ਹ ਚ ਜਾ ਕੇ ਮੁਲਾਕਾਤ ਕੀਤੀ ਸੀ।
ਜਿਸ ਨਹਿਰੂ ਨੇ ਜੈਤੋ ਦੇ ਅਕਾਲੀ ਮੋਰਚੇ ਚ ਜੈਤੋ (ਰਿਆਸਤ ਨਾਭਾ) ਪਹੁੰਚ ਕੇ ਜੇਲ੍ਹ ਯਾਤਰਾ ਕੀਤੀ ਸੀ, ਸਿਰਫ਼ ਹਮਦਰਦੀ ਕਰਨ ਕਰਕੇ।
ਗੁਰਭਜਨ ਗਿੱਲ
27.5.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.