ਮਹਾਰਾਣੀ ਤੋਂ ਮਹਾਂਰਥੀ ਤੱਕ
ਮਹਾਰਾਣੀ ਅਤੇ ਪ੍ਰਨੀਤ ਕੌਰ ਵਿਚੋਂ ਕਿਸੇ ਇਕ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਟਿਆਲੇ ਵਿਚ ਉਨ੍ਹਾਂ ਦੀ ਇਹੀ ਸ਼ਖਸ਼ੀਅਤ ਉਨ੍ਹਾਂ ਨੂੰ ਜਾਨਣ ਵਾਲਿਆਂ ਦੇ ਮਨਾਂ ਵਿਚ ਵਸੀ ਹੋਈ ਹੈ। ਪ੍ਰਨੀਤ ਜੀ ਅਜਿਹੀ ਸਿਆਸਤਦਾਨ ਹੈ, ਜਿਸ ਨੂੰ ਜਾਨਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜਿਹੜੇ ਉਨ੍ਹਾਂ ਨੂੰ ਨਹੀਂ ਮਿਲੇ ਉਨ੍ਹਾਂ ਲਈ ਵੀ ਉਹ ਮਹਾਰਾਣੀ ਦੇ ਬਿੰਬ ਵਜੋਂ ਸਦਾ ਸਾਹਮਣੇ ਹੈ। ਇਹ ਸਾਰਿਆਂ ਨੂੰ ਪਤਾ ਹੈ ਕਿ ਕਹਿਣ ਨਾਲ ਕੀ ਹੁੰਦਾ ਹੈ ਕਿਉਂਕਿ ਨਾਮ ਤਾਂ ਉਹੀ ਟਿਕਦੇ ਹਨ,ਜਿਨ੍ਹਾਂ ਵਿਚ ਟਿਕਣਯੋਗ ਸਮਰਥਾ ਹੁੰਦੀ ਹੈ। ਸਿਧਾਂਤਕੀਆਂ ਦੇ ਝੰਬੇ ਹੋਏ ਕਥਿਤ ਸਿਆਣਿਆਂ ਨੂੰ ਇਹ ਇਤਰਾਜ਼ ਹੋ ਸਕਦਾ ਹੈ ਕਿ ਲੋਕ-ਤ੍ਰੰਤ ਵਿਚ ਰਾਜੇ ਮਹਾਰਾਜੇ ਅਖਵਾਉਣ ਦਾ ਅਧਿਕਾਰ ਖੋਹ ਚੁੱਕਾ ਹੈ। ਪਟਿਆਲੇ ਦੇ ਸ਼ਾਹੀ ਘਰਾਣੇ ਵਿਚ ਜਿਵੇਂ ਰਾਜਮਾਤਾ ਮਹਿੰਦਰ ਕੌਰ ਜੀ ਆਖਰੀ ਰਾਜਮਾਤਾ ਹੋ ਗਏ ਹਨ, ਉਵੇਂ ਹੀ ਪ੍ਰਨੀਤ ਕੌਰ ਜੀ ਆਖਰੀ ਮਹਾਰਾਣੀ ਹੋ ਸਕਦੇ ਹਨ। ਕਾਰਣ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਰਿਆਸਤ ਦੇ ਜਨਮ ਤੋਂ ਮਹਾਰਾਜਾ ਹਨ। ਯੋਗੀ ਹਰਿਭਜਨ ਸਿੰਘ ਕਿਹਾ ਕਰਦੇ ਸਨ ਕਿ ਕੈਪਟਨ ਸਾਹਿਬ ਸਿੱਖਾਂ ਦੇ ਆਖਰੀ ਜਨਮ ਤੋਂ ਮਹਾਰਾਜਾ ਹਨ ਕਿਉਂਕਿ ਉਨ੍ਹਾਂ ਦੀ ਪਾਲਨਾ ਪੋਸਣਾ ਪਟਿਆਲਾ ਰਿਆਸਤ ਦੇ ਹੋਣ ਵਾਲੇ ਮਹਾਰਾਜਾ ਵਜੋਂ ਹੁੰਦੀ ਰਹੀ ਸੀ। ਉਨ੍ਹਾਂ ਨਾਲ ਨਿਭਣ ਵਾਲਿਆਂ ਨੂੰ ਇਹ ਸਚਾਈ ਧਿਆਨ ਵਿਚ ਰੱਖਣੀ ਚਾਹੀਦੀ ਹੈ। ਇਹ ਗੱਲ ਇਸ ਲਈ ਕਹੀ ਜਾ ਰਹੀ ਹੈ ਤਾਂ ਕਿ ਇਹ ਦੱਸਿਆ ਜਾ ਸਕੇ ਕਿ ਪਟਿਆਲਵੀਆਂ ਦੀ ਨਿਗਾਹ ਵਿਚ ਪ੍ਰਨੀਤ ਜੀ ਮਹਾਰਾਣੀ ਵਜੋਂ ਹੀ ਵੱਸੇ ਹੋਏ ਹਨ। ਇਹ ਗੱਲ ਜੇ ਉਨ੍ਹਾਂ ਦੇ ਵਿਰੋਧੀਆਂ ਨੂੰ ਚੁੱਭਦੀ ਵੀ ਹੋਵੇ ਤਾਂ ਵੀ ਇਸ ਵਾਸਤੇ ਪ੍ਰਨੀਤ ਕੌਰ ਨੂੰ ਜੁੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।ਪੰਜਾਬੀ ਸਭਿਆਚਾਰ ਵਿਚ ਸੁਭਾ ਜਾਂ ਵਿਵਹਾਰ ਨੂੰ ਲੈਕੇ ਅੱਲ ਪਾ ਲੈਣ ਦੀ ਪਰੰਪਰਾ ਚੱਲਦੀ ਆ ਰਹੀ ਹੈ। ਮਹਾਰਾਣੀ ਨੂੰ ਅੱਲ ਸਮਝਕੇ ਇਸ ਨਾਲ ਨਿਭਣ ਦੀ ਜਾਚ ਵਿਰੋਧੀਆਂ ਨੂੰ ਸਿੱਖ ਲੈਣੀ ਚਾਹੀਦੀ ਹੈ।ਇਸ ਸਚਾਈ ਦਾ ਜੇ ਚੋਣਾ ਵਿਚ ਪ੍ਰਨੀਤ ਜੀ ਨੂੰ ਲਾਭ ਮਿਲਿਆ ਹੈ ਤਾਂ ਵੀ ਇਸ ਨੂੰ ਲੋਕ ਤਾਂਤ੍ਰਿਕ ਭਾਵਨਾ ਵਿਚ ਹੀ ਲਏ ਜਾਣ ਦੀ ਲੋੜ ਹੈ ਕਿਉਂਕਿ ਇਸ ਤੇ ਮੋਹਰ ਲੋਕਾਂ ਨੇ ਲਾ ਦਿੱਤੀ ਹੈ।
ਪਟਿਆਲਾ ਦੇ ਲੋਕਾਂ ਨੇ ਚੋਣਾ ਵਿਚ ਜਿਸ ਤਰ੍ਹਾਂ ਸ਼ਾਹੀ ਘਰਾਨੇ ਦਾ ਸਾਥ ਦਿੱਤਾ ਹੈ, ਓਸੇ ਤਰ੍ਹਾਂ ਮਹਾਰਾਜਾ ਸਾਹਿਬ ਅਤੇ ਮਹਾਰਾਣੀ ਸਾਹਿਬਾ ਨੇ ਪਟਿਆਲਾ ਵੱਲ ਕਦੇ ਪਿੱਠ ਨਹੀਂ ਕੀਤੀ।ਮਹਾਰਾਣੀ ਸਾਹਿਬਾ ਦਾ ਮਾਤਰੀ-ਬਿੰਬ, ਉਨ੍ਹਾਂ ਦੇ ਪਟਿਆਲਵੀਆਂ ਨਾਲ ਵਿਵਹਾਰ ਵਿਚੋਂ ਲਗਾਤਾਰ ਪ੍ਰਗਟ ਹੁੰਦਾ ਰਿਹਾ ਹੈ।ਇਹੀ ਕਾਰਣ ਹੈ ਕਿ ਵਰਤਮਾਨ ਹਾਲਾਤ ਵਿਚ ਵੀ ਉਨ੍ਹਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ।ਸਿਆਸਤ ਵਿਚ ਨਾਰੀ ਹਿੱਸੇਦਾਰੀ ਦੀ ਸਿਆਸਤ ਤਾਂ ਹੁੰਦੀ ਰਹੀ ਹੈ, ਪਰ ਨਾਰੀ-ਸ਼ਸ਼ਕਤੀਕਰਣ ਵਾਸਤੇ ਪਹਿਰੇਦਾਰੀ ਦੀਆਂ ਸੰਭਾਵਨਾਵਾਂ ਮੱਧਮ ਹੀ ਰਹੀਆਂ ਹਨ।ਮਿਲੇ ਹੋਏ ਮੌਕਿਆਂ ਰਾਹੀਂ ਸ਼ਾਇਦ ਨਾਰੀ ਵਰਗ ਵੱਲੋਂ ਵੀ ਸਿਹਤਮੰਦ ਪਿਰਤਾਂ ਨਹੀਂ ਪਾਈਆਂ ਗਈਆਂ।ਪੰਚਾਇਤਾਂ ਵਿਚ ਨਾਰੀ ਪ੍ਰਤੀਨਿਧਾਂ ਦੀ ਭੂਮਿਕਾ ਨਾਲ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ।ਪਰ ਪ੍ਰਨੀਤ ਜੀ ਦੀ ਭੂਮਿਕਾ ਨਾਲ ਇਹ ਗੱਲ ਸਾਹਮਣੇ ਆ ਗਈ ਹੈ ਕਿ ਸਿਆਸਤ ਵਿਚ ਸਹਿਜ ਦੀ ਕਿਰਦੀ ਸਾਖ ਨੂੰ ਬਚਾਉਣ ਵਾਸਤੇ ਬੀਬੀਆਂ ਹੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਚੋਣਾ ਲੰਘ ਗਈਆਂ ਹਨ ਅਤੇ ਮਹਾਰਾਣੀ ਸਾਹਿਬਾ ਨੇ ਆਪਣੇ ਭਾਸ਼ਣਾ ਵਿਚ ਕੌੜੇ ਬੋਲਾਂ ਦੀ ਵਰਤੋਂ ਨਹੀਂ ਕੀਤੀ ਸੀ। ਓਥੇ ਵੀ ਨਹੀਂ ਕੀਤੀ ਸੀ, ਜਿਥੇ ਅਜਿਹਾ ਹੋ ਸਕਣ ਦਾ ਮਾਹੌਲ ਜਾਣ ਬੁੱਝਕੇ ਪੈਦਾ ਕੀਤਾ ਗਿਆ ਸੀ।ਸੁਭਾ ਅਤੇ ਪਹੁੰਚ ਵਿਚ ਜਿਹੜੇ ਲੋਕ ਸ਼ਾਹੀ ਪਰਿਵਾਰ ਵਿਚੋਂ ਹੋਣ ਨੂੰ ਗੁਨਾਹ ਵਾਂਗ ਪਰਚਾਰਦੇ ਰਹੇ ਹਨ, ਉਨ੍ਹਾਂ ਦੇ ਨਿਘਾਰ ਨੂੰ ਵੀ ਜਿਸ ਤਰ੍ਹਾਂ ਪਰਨੀਤ ਜੀ ਨੇ ਅੱਖੋਂ ਪਰੋਖੇ ਰੱਖਿਆ ਹੈ, ਇਸ ਨੂੰ ਭਰੇ ਹੋਏ ਭਾਂਡੇ ਅਤੇ ਖਾਲੀ ਭਾਂਡੇ ਦੀ ਮਿਸਾਲ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਪਟਿਆਲੇ ਦਾ ਲੰਮੇ ਸਮੇਂ ਤੋਂ ਵਸਨੀਕ ਹੋਣ ਕਰਕੇ ਸਿਆਸਤ ਵਿਚ ਸ਼ਾਹੀ ਖਾਨਦਾਨ ਦੀ ਭੂਮਿਕਾ ਨੂੰ ਮੈਂ ਨੇੜਿਉਂ ਵੇਖਦਾ ਆ ਰਿਹਾ ਹਾਂ। ਪ੍ਰਨੀਤ ਜੀ ਇਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਸਨ ਅਤੇ ਬਹੁਤ ਦੇਰ ਨਾਲ ਚੋਣ ਪਿੜ ਵਿਚ ਪਰਵੇਸ਼ ਕੀਤੇ ਸਨ।ਉਹ ਕੇਂਦਰ ਵਿਚ ਬਦੇਸ਼ ਮੰਤ੍ਰੀ ਵੀ ਰਹਿ ਚੁੱਕੇ ਹਨ ਅਤੇ ਸੱਤਾ ਨੂੰ ਸੇਵਾ ਵਾਸਤੇ ਵਰਤਣ ਲਈ ਜਿੰਨਾ ਉਹ ਤਤਪਰ ਰਹੇ ਹਨ, ਓਨਾ ਉਨ੍ਹਾਂ ਨੇ ਇਸ ਦਾ ਸਿਆਸੀ ਲਾਹਾ ਨਹੀਂ ਲਿਆ।ਸਿਆਸੀ ਲਾਹਾ ਲੈਣ ਲਈ ਪਰਚਾਰ ਦੀ ਕੀ ਭੂਮਿਕਾ ਰਹਿੰਦੀ ਹੈ,ਇਹ ਵਰਤਮਾਨ ਚੋਣ ਨਤੀਜਿਆਂ ਨਾਲ ਸਾਹਮਣੇ ਆ ਗਿਆ ਹੈ।ਸ਼ਾਹੀ ਘਰਾਣੇ ਦੀ ਨੂੰਹ ਹੋ ਜਾਣ ਨਾਲ ਉਹ ਕਿਸੇ ਨ ਕਿਸੇ ਰੂਪ ਵਿਚ ਸੱਤਾ ਦੀ ਸਿਆਸਤ ਦਾ ਹਿੱਸਾ ਹੋ ਗਏ ਸਨ।ਸੱਤਾ ਸਹਾਇਕ ਵਜੋਂ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ ਕਿਉਂਕਿ ਉਹ ਰਾਜਮਾਤਾ ਮਹਿੰਦਰ ਕੌਰ ਨੂੰ ਸੱਤਾ ਨਾਲ ਨਿਭਦਿਆਂ ਵੇਖਦੇ ਰਹੇ ਸਨ ਅਤੇ ਆਪਣੇ ਪਤੀ ਦੇ ਸੱਤਾ ਸੰਘਰਸ਼ ਦੇ ਚਸ਼ਮਦੀਦ ਗਵਾਹ ਹਨ।ਸੱਤਾ ਵਿਚ ਆਕੇ ਜਿੰਨਾ ਸਮਾਂ ਉਹ ਲੋਕਾਂ ਨੂੰ ਦੇਂਦੇ ਰਹੇ ਹਨ, ਉਹ ਪ੍ਰਚਲਿਤ ਸਿਆਸੀ ਸਭਿਆਚਾਰ ਵਿਚ ਆਮ ਨਹੀਂ ਹੈ। ਪਟਿਆਲੇ ਵਿਚ ਜੇ ਕਿਸੇ ਸਿਆਸਤਦਾਨ ਦਾ ਦਫਤਰ ਨਿਰੰਤਰ ਚੱਲਦਾ ਰਿਹਾ ਹੈ ਤਾਂ ਉਹ ਸ਼ਾਹੀ ਪਤੀ ਪਤਨੀ ਦਾ ਦਫਤਰ ਹੀ ਹੈ। ਹਰ ਲੋੜਵੰਦ ਦੀ ਮਦਦ ਕਰਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਹਾਇਤਾ ਵਾਸਤੇ ਸਟਾਫ ਹਾਜ਼ਰ ਰਹਿੰਦਾ ਹੈ ਅਤੇ ਜੁੰਮੇਵਾਰੀਆਂ ਦੀ ਤਾਇਨਾਤੀ ਦੀ ਨਿਗਹਬਾਨੀ ਕੀਤੀ ਜਾਂਦੀ ਹੈ। ਮੇਰਾ ਵਿਸ਼ਵਾਸ਼ ਹੈ ਕਿ ਜੇ ਸਿਆਸਤਦਾਨ ਦੀ ਪਹੁੰਚ ਆਮ ਬੰਦੇ ਲਈ ਯਕੀਨੀ ਬਣ ਜਾਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋਣ ਵਾਲੇ ਰਾਹ ਪੈ ਸਕਦੀਆਂ ਹਨ। ਸੱਤਾਵਾਨ, ਸੱਤਾ ਕੇਂਦਰ ਹੁੰਦਾ ਹੈ ਅਤੇ ਸੱਤਾ ਕੇਂਦਰ ਤੱਕ ਪਹੁੰਚਣ ਦਾ ਰਸਤਾ ਸੱਤਾਵਾਨ ਦਾ ਦਫਤਰ ਹੁੰਦਾ ਹੈ। ਜਾਗਦੇ ਹੋਏ ਦਫਤਰ ਹੀ ਸੱਤਾਵਾਨ ਦੀ ਸਾਖ ਬਚਾ ਸਕਦੇ ਹਨ। ਸੋਚੋ, ਜੇ ਸੱਤਾਵਾਨ ਤੱਕ ਪਹੁੰਚਣ ਦਾ ਪ੍ਰਾਪਤ ਰਸਤਾ ਹੀ ਆਪਣੀ ਭੂਮਿਕਾ ਨ ਨਿਭਾ ਸਕੇ ਤਾਂ ਇਸ ਦਾ ਖਮਿਆਜ਼ਾ ਚੋਣਾ ਵੇਲੇ ਭੁਤਣਾ ਪੈ ਸਕਦਾ ਹੈ।ਪਰਨੀਤ ਜੀ ਇਸ ਇਮਇਹਾਨ ਵਿਚੋਂ ਪਾਸ ਹੋ ਗਏ ਹਨ।ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਚੋਣ ਜਿੱਤਣ ਦੀ ਵਧਾਈ ਹੋਵੇ।ਮੇਰੇ ਨਜ਼ਦੀਕ ਇਹ ਸਥਿਤੀ ਸਿਆਸੀ ਪ੍ਰਸੰਗ ਵਿਚ ਮਹਾਰਾਣੀ ਤੋਂ ਮਹਾਂਰਥੀ ਹੋ ਜਾਣ ਵਰਗੀ ਹੈ।
ਪ੍ਰੋ. ਬਲਕਾਰ ਸਿੰਘ 9316301328
-
ਪ੍ਰੋ ਬਲਕਾਰ ਸਿੰਘ,
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.