ਕਿਤੇ ਪੈਸਾ ਜਿੱਤਿਆ ਹੈ, ਕਿਤੇ ਸਿਆਸੀ ਤਿਕੜਮਬਾਜ਼ੀ, ਕਿਤੇ ਸਿਆਸੀ ਪਾਰਟੀਆਂ, ਕਿਤੇ ਵਿਰਸੇ ਦੀ ਡੂੰਘੀ ਜੜ੍ਹ ਤੇ ਖਿੜਿਆ ਮੱਥਾ,ਇੱਕ ਥਾਂ ਮੋਦੀ ਭਾਵਨਾ, ਇੱਕ ਥਾਂ ਸਿਰਫ਼ ਚਿਹਰਾ।
ਦੂਜੇ ਬੰਨੇ ਪਾਰਟੀ ਤੀਲਾ ਤੀਲਾ, ਦੁਨੀਆਂ ਭਰ ਦਾ ਵਿਰੋਧ, ਅੰਨ੍ਹਾ ਪੈਸੇ ਦਾ ਨੰਗਾ ਨਾਚ, ਸਾਹੋ ਸਾਹ ਹੋਏ ਹੌਕਦੇ ਵਿਕਾਊ ਚੈਨਲ, ਪਰਮਿੰਦਰ ਸਿੰਘ ਢੀਂਡਸਾ ਪਰਿਵਾਰ ਦੀ ਮੁਹੱਬਤੀ ਪਹੁੰਚ,ਫਿਰ ਵੀ ਜੇ ਭਗਵੰਤ ਇੱਕ ਲੱਖ ਇੱਕ ਹਜ਼ਾਰ ਇੱਕ ਸੌ ਇੱਕ ਵੋਟਾਂ ਦੀ ਚੜ੍ਹਤ ਨਾਲ ਜਿੱਤ ਗਿਆ ਹੈ ਤਾਂ ਇਹ ਉਸ ਦੇ ਲਾਰਿਆਂ , ਨਾਅਰਿਆਂ, ਕੂੜ ਪਰਚਾਰ ਦਾ ਪ੍ਰਤਾਪ ਨਹੀਂ, ਸਗੋਂ ਉਸ ਦੀ ਪਾਰਲੀਮੈਂਟ ਚ ਜੀਉਂਦੀ ਜਾਗਦੀ ਹਾਜ਼ਰੀ, ਨਿਰੰਤਰ ਜਾਗਦੀ ਜ਼ਮੀਰ, ਲੋਕ ਹੱਕਾਂ ਦੀ ਸਹੀ ਪਹਿਰੇਦਾਰੀ ਕਾਰਨ ਉਸ ਦੇ ਮੁਲਖਈਏ ਨੇ ਉਹਦਾ ਮਾਣ ਰੱਖਿਆ ਹੈ।
ਉਸ ਦੇ ਖਿਲਾਫ਼ ਤਾਂ ਲਾਲ ਝੰਡੇ ਵੀ ਸਰਗਰਮ ਰਹੇ, ਅਖੇ ਪਾਵਾ ਲੋਕ ਮੁਕਤੀ ਦਾ ਪ੍ਰਤੀਕ ਹੈ।
ਉਹ ਸੰਗਰੂਰ ਸੋਚ ਰਿਹਾ ਹੋਵੇਗਾ ਕਿ ਸਾਡਾ ਨੁਮਾਇੰਦਾ ਤਾਂ ਕਾਮਰੇਡ ਤੇਜਾ ਸਿੰਘ ਸੁਤੰਤਰ ਰਿਹੈ, ਸਾਡੇ ਵਿੱਚੋਂ ਤਾਂ ਭਾਨ ਸਿੰਘ ਭੌਰਾ, ਹਰਨਾਮ ਸਿੰਘ ਚਮਕ, ਸੰਪੂਰਨ ਸਿੰਘ ਧੌਲਾ ਤੇ ਕਿੰਨੇ ਹੋਰ ਇਨਕਲਾਬੀ ਰਹੇ ਨੇ।
ਗੁਰੂ ਕੇ ਬਾਗ ਮੋਰਚੇ ਦੇ ਬਦਨਾਮ ਬੀ ਟੀ ਵਰਗੇ ਜ਼ਾਲਮ ਪੁਲਿਸ ਕਪਤਾਨ ਨੂੰ ਡਾਂਗਾਂ ਨਾਲ ਚੱਠੇ ਸੇਖਵਾਂ ਚ ਕੁੱਟ ਕੁੱਟ ਮਾਰਨ ਵਾਲੇ ਸੰਗਰੂਰੀਆਂ ਨੇ ਆਪਣੀ ਮਿੱਟੀ ਦਾ ਮਾਣ ਵਧਾਇਆ ਹੈ।
ਇਨਕਲਾਬੀ ਬੋਲ ਚੇਤੇ ਆ ਰਹੇ ਨੇ।
ਹਰ ਮਿੱਟੀ ਦੀ ਆਪਣੀ ਖਸਲਤ
ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ।
ਸੰਗਰੂਰ ਸੋਚ ਰਿਹਾ ਸੀ ਕਿ ਸਾਡੇ ਪੁੱਤਰ ਅਕਾਲੀ ਫੂਲਾ ਸਿੰਘ ਨੇ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਮਹਾਰਾਜਾ ਰਣਜੀਤ ਸਿੰਘ ਵਰਗੇ ਸਮਰੱਥ ਰਾਜੇ ਨੂੰ ਮੰਦੀ ਹਰਕਤ ਕਰਕੇ ਥਮਲੇ ਨਾਲ ਨੂੜ ਕੇ ਕੋੜੇਮਾਰ ਸਜ਼ਾ ਦਿੱਤੀ ਸੀ, ਅਸੀਂ ਜ਼ਮੀਰ ਨਹੀਂ ਗਿਰਵੀ ਕਰਨੀ। ਲੋਕ ਧਰਮ ਪਾਲਕ ਪੁੱਤਰ ਨਾਲ ਨਿਭਣਾ ਹੈ।
ਕਿਸੇ ਨੇ ਉਸਨੂੰ ਸ਼ਰਾਬੀ ਕਿਹਾ, ਕਿਸੇ
ਕੁਰਸੀ ਦਾ ਭੁੱਖਾ, ਕਿਸੇ ਹਉਮੈ ਮਾਰਿਆ। ਹੱਦ ਤਾਂ ਉਦੋਂ ਹੋਈ ਜਦ ਉਸ ਦੇ ਲਾਏ ਬੂਟਿਆਂ ਦੀ ਛਾਂ ਨੇ ਸੇਕ ਮਾਰਿਆ, ਅਖੇ ਪਾਰਲੀਮੈਂਟ ਚ ਕੁਫ਼ਰ ਤੋਲਣ ਵਾਲਾ ਭਗਵੰਤ ਹਰਾਓ ਤੇ ਮੇਰਾ ਯਾਰ ਜਿਤਾਉ।
ਪਹਿਲੀ ਵਾਰ ਗੁਰਦਾਸਪੁਰ ਉਸ ਦਿਨ ਸ਼ਰਮਸਾਰ ਹੋਇਆ ਜਿਸ ਦਿਨ ਭੋਲਾ ਜਿਹਾ ਸਮਝਿਆ ਜਾਂਦਾ ਪੰਛੀ ਵੀ ਉਸ ਦੇ ਖਿਲਾਫ਼ ਭੁਗਤਿਆ।
ਮੈਂ ਆਪ ਸ਼ਰਾਬ ਨਹੀਂ ਪੀਂਦਾ, ਪਰ ਮੇਰੇ ਬਹੁਤ ਨਿਕਟਵਰਤੀ ਪੀਂਦੇ ਹਨ। ਮੈਂ ਇਸ ਦੇ ਖਿਲਾਫ਼ ਹਾਂ ਪਰ ਭਗਵੰਤ ਦੇ ਖ਼ਿਲਾਫ਼ ਉਹ ਲੋਕ ਇਲਜ਼ਾਮ ਕਿਉਂ ਲਾਉਣ ਜੋ ਦੋ ਦੋ ਸਿਗਰਟਾਂ ਜੋੜ ਕੇ ਪੀਂਦੇ ਰਹੇ ਨੇ।
ਸ਼ਰਾਬੀ ਕਦੇ ਬਲਦੀ ਅੱਗ ਚ ਨਹੀਂ ਵੜਦਾ ਜਿਵੇਂ ਚੋਣਾਂ ਦੌਰਾਨ ਮੁਹਿੰਮ ਛੱਡ ਕੇ ਬਰਨਾਲਾ ਜ਼ਿਲ੍ਹੇ ਚ ਲੱਗੀਆਂ ਅੱਗਾਂ ਬੁਝਾਉਣ ਵੜਿਆ ਸੀ।
ਕੀ ਇਹ ਵੀ ਨਾਟਕ ਸੀ?ਪਾਖੰਡ ਸੀ?
ਉਸ ਦੀ ਸੰਵੇਦਨਸ਼ੀਲਤਾ ਜਿੱਤੀ ਹੈ।
ਉਸ ਦੇ ਨਿੰਦਕਾਂ ਚੋਂ ਇੱਕ ਉਹ ਪਰਮੁੱਖ ਚਿਹਰਾ ਵੀ ਸੀ ਜੋ ਮੇਰੇ ਸੂਤਰਾਂ ਅਨੁਸਾਰ ਭਗਵੰਤ ਰਾਹੀਂ ਹੀ ਕਾਂਗਰਸ ਦੀ ਕੰਧ ਟੱਪ ਕੇ ਆਮ ਆਦਮੀ ਬਣਨ ਆਇਆ ਸੀ।
ਮਾੜੇ ਕੱਪੜੇ ਵਾਂਗ ਬਹੁਤੇ ਤਾਂ ਉਸ ਸਮੇਤ ਪਹਿਲੇ ਧੋਅ ਹੀ ਡੱਬ ਖੜੱਬੇ ਹੋ ਗਏ, ਰੰਗ ਲਹਿ ਗਏ।
ਰਾਸ ਲੀਲ੍ਹਾ ਮੁੱਕੀ ਤਾਂ ਕੁਝ ਬੱਕਰੀਆਂ ਚਾਰਨ ਚਲੇ ਗਏ, ਕੁਝ ਹਲਵਾਈ ਦੀ ਹੱਟੀ ਜਾ ਬੈਠੇ।
ਲੋਕ ਝਾਕਦੇ ਰਹਿ ਗਏ!
ਭਗਵੰਤ ਦੁੱਧ ਧੋਤਾ ਨਹੀਂ, ਉਸ ਚ ਵੀ ਐਬ ਨੇ, ਪਰ ਉਹ ਐਬ ਲੋਕ ਦੁਸ਼ਮਣ ਨਹੀਂ, ਉਸ ਦੇ ਆਪਣੇ ਵੈਰੀ ਨੇ।
ਹੌਲੀ ਹੌਲੀ ਮੁਕਤ ਹੋ ਰਿਹਾ ਹੈ, ਰਹਿੰਦੀ ਕਸਰ ਵੀ ਨਿਕਲ ਜਾਵੇਗੀ।
ਉਹਦੇ ਧੀ ਪੁੱਤਰ ਤੇ ਜੀਵਨ ਸਾਥਣ ਦੇ ਪੁਨਰ ਮਿਲਾਪ ਦੀ ਕਾਮਨਾ ਕਰੋ, ਸਿਰਫ਼ ਨੁਕਸ ਨਾ ਵੇਖੋ ਕਿ ਪਾਰਲੀਮੈਂਟ
ਚ ਕਿਵੇਂ ਤਖ਼ਤਾਂ ਨੂੰ ਕੰਬਣੀ ਛੇੜਦਾ ਹੈ।
ਦਲਾਲ ਕੰਬਦੇ ਹਨ, ਪਾਪੀ ਮੂੰਹ ਲੁਕਾਉਂਦੇ ਹਨ।
ਐਤਕੀਂ ਤਾਂ ਵਿਰੋਧੀ ਧਿਰ ਦੇ ਬਹੁਤੇ ਘਾਗ ਆਗੂ ਚੋਣਾਂ ਹਾਰ ਗਏ ਨੇ।
ਗਲੀਆਂ ਹੋਈਆਂ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੂ।
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਚ ਭਗਵੰਤ ਨੇ ਮਨਪਰੀਤ ਬਾਦਲ ਨਾਲ ਮਿਲ ਕੇ ਸਿਆਸੀ ਪਾਰੀ ਪੱਕੇ ਪੈਰੀਂ ਖੇਡਣੀ ਸ਼ੁਰੂ ਕੀਤੀ ਸੀ
ਉਸ ਤੋਂ ਪਹਿਲਾਂ ਭਾਵੇਂ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਟੀਮ ਚ ਵੀ ਕਦੇ ਕਦੇ ਸ਼ੋਅ ਮੈਚ ਖੇਡ ਆਉਂਦਾ ਸੀ ਪਰ ਪਰ ਪੱਕੇ ਪੈਰੀਂ ਪੀਪਲਜਸ਼ ਪਾਰਟੀ ਰਾਹੀਂ ਹੀ ਗਿਆ। ਉਸ ਦੀ ਉਸ ਮਿੱਟੀ ਨਾਲ ਪਕੇਰੀ ਸਾਂਝ ਹੈ। ਪਿਛਲੀ ਵਾਰ ਵੀ ਉਹ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਚਰਨਾਂ ਚ ਆਪਣਾ ਪਾਰਲੀਮੈਂਟ ਮੈਂਬਰੀ ਜਿੱਤਣ ਦਾ ਸਰਟੀਫੀਕੇਟ ਧਰ ਕੇ ਕਸਮ ਖਾਣ ਗਿਆ ਸੀ। ਹੁਣ ਸ਼ਾਇਦ ਫੇਰ ਜਾਵੇ ਅੱਖ ਚ ਅੱਖ ਪਾ ਕੇ ਖਲੋਣ ਜੋਗਾ ਹੋ ਗਿਆ ਹੈ ਹੁਣ ਉਹ।
ਵਿਰੋਧੀ ਮੰਨਣ ਜਾਂ ਨਾ ਮੰਨਣ, ਭਗਵੰਤ ਜਿੱਤ ਗਿਆ ਹੈ। ਸੰਗਰੂਰ ਜਿੱਤ ਗਿਆ ਹੈ। ਅਕਾਲੀ ਫੂਲਾ ਸਿੰਘ ਤੇ ਸ਼ਹੀਦ ਊਧਮ ਸਿੰਘ ਦੇ ਵਾਰਸਾਂ ਦੱਸ ਦਿੱਤਾ ਹੈ ਕਿ
ਅਸੀਂ ਜਿਉਂਦੇ
ਅਸੀਂ ਜਾਗਦੇ।
ਪਾਸ਼ ਨੇ ਲਿਖਿਆ ਸੀ ਕਦੇ
ਇਸ ਵਾਰ ਪਾਪ ਦੀ ਜੰਝ
ਬੜੀ ਦੂਰੋਂ ਆਈ ਹੈ।
ਪਰ ਅਸੀਂ ਅੱਡੀਆਂ ਹੋਈਆਂ
ਤਲੀਆਂ ਤੇ ਥੁੱਕ ਦੇਣਾ ਹੈ।
ਤਲਖ਼ੀਆਂ ਨੇ ਸਾਨੂੰ ਬਹੁਤ
ਬੇਲਿਹਾਜ਼ ਕਰ ਦਿੱਤਾ ਹੈ।
ਦੋਸਤੋ!
ਭਗਵੰਤ ਅਜੇ ਭਾਵੁਕ ਘੋੜਾ ਹੈ। ਸਰਪੱਟ ਦੌੜਦਾ ਹੈ। ਉਸ ਨੂੰ ਡਾ: ਕਨ੍ਹੱਈਆ ਕੁਮਾਰ ਦੀ ਟਿਊਸ਼ਨ ਰੱਖਣੀ ਪਵੇਗੀ।
ਕੇਜਰੀਵਾਲ ਵਾਲੀਆਂ ਕਿਤਾਬਾਂ ਉਸ ਨੂੰ ਇਥੋਂ ਤੀਕ ਲੈ ਆਆਂ ਹਨ। ਉਚੇਰੀ ਪੜ੍ਹਾਈ ਜ਼ਰੂਰੀ ਹੈ।
ਕਨ੍ਹੱਈਆ ਚੋਣ ਹਾਰਿਆ ਹੈ , ਲੜਾਈ ਯੁੱਧ ਨਹੀਂ।
ਯੁੱਧ ਜਿੱਤਣ ਲਈ ਸਾਰੀਆਂ ਫੌਜਾਂ ਚਾਹੀਦੀਆਂ ਨੇ।
ਪੰਜਾਬ ਦੇ ਮੈਂਬਰ ਪਾਰਲੀਮੈਂਟ ਹੁਣ ਇਕੱਠੇ ਪੰਜਾਬ ਦੀ ਲੜਾਈ ਲੜਨ।
ਅਕਾਲੀ ਦਲ ਤੇ ਬੀ ਜੇ ਪੀ ਦੇ ਪੰਜਾਬੋਂ ਚਾਰ ਤੇ ਹੰਸ ਰਾਜ ਹੰਸ ਮਿਲਾ ਕੇ ਪੰਜ ਬਣਦੇ ਨੇ। ਰਾਜ ਸਭਾ ਵਾਲੇ ਵੱਖਰੇ।
ਸਭ ਪੰਜਾਬ ਦੀ ਟੀਮ ਵੱਲੋਂ ਖੇਡਣਗੇ ਤਾਂ ਹਰ ਮੈਚ ਜਿੱਤਣਾ ਸੰਭਵ ਹੈ।
ਪਰ ਜੇ ਆਪਸ ਚ ਹੀ ਠਿੱਬੀਆਂ ਮਾਰੀ ਗਏ ਤਾਂ ਪੰਜਾਬ ਦਾ ਹਸ਼ਰ ਮਾੜਾ ਹੋਣਾ ਹੀ ਹੋਣਾ ਹੈ।
ਵਰਿਆਮ ਸਿੰਘ ਸੰਧੂ ਦੇ ਬੋਲ ਚੇਤੇ ਕਰੋ।
ਕਿਸਨੂੰ ਉਡੀਕਦੇ ਹੋ?
ਗੁਰੂ ਗੋਬਿੰਦ ਸਿੰਘ ਨੇ ਹੁਣ
ਪਟਨੇ ਤੋਂ ਨਹੀਂ ਆਉਣਾ।
ਮਸਤਕ ਤੋਂ ਹੱਥ ਤੀਕ
ਹੁਣ ਸਿੱਧਾ ਰਾਹ
ਕੇਸਗੜ ਦੇ ਮੈਦਾਨ ਨੂੰ ਜਾਂਦਾ ਹੈ।
ਇੱਕ ਗੱਲ ਆਖ਼ਰੀ
ਅਕਲ ਕਿਤੋਂ ਵੀ ਮਿਲੇ, ਲੈ ਲਵੋ। ਹਰ ਰੰਗ ਦੇ ਸਿਆਸਤਦਾਨ, ਅਕਾਦਮੀਸ਼ਨ, ਲੇਖਕ, ਚੇਤਨ ਬੁੱਧੀਜੀਵੀ ਪੰਜਾਬ ਦੀ ਚਿੰਤਾ ਤੇ ਚਿੰਤਨ ਕਰਦੇ ਹਨ ਪਰ ਸਮੂਹਕ ਸੋਚ ਗੈਰਹਾਜ਼ਰ ਹੈ।
ਹਰਿਮੰਦਿਰ ਸਾਹਿਬ ਮੱਥਾ ਟੇਕ ਕੇ ਵੀ ਜੇ ਅਸੀਂ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਨਹੀਂ ਹੁੰਦੇ ਤਾਂ ਤੁਸੀਂ ਆਪ ਦੱਸੋ?
ਹੋਰ ਬੇਮੁਖ ਕਿਹੋ ਜਹੇ ਹੁੰਦੇ ਨੇ।
ਗੁਰਭਜਨ ਗਿੱਲ
25.5.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.