ਭਾਰਤ ਦੇ ਚੋਣ ਕਮਿਸ਼ਨ ਵਲੋਂ ਸਤ ਪੜ੍ਹਾਵਾਂ ਵਿਚ ਹੋਣ 17ਵੀਂ ਲੋਕਸਭਾ ਦੀਆਂ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ,ਪੰਜਾਬ ਨੂੰ ਆਖਰੀ ਸਤਵੇਂ ਗੇੜ੍ਹ ਵਿਚ ਰੱਖਿਆ ਗਿਆ ਅਤੇ ਵੋਟਾਂ ਪਾਉਣ ਦੀ ਮਿਤੀ 19 ਮਈ ਨਿਸਚਤ ਕੀਤੀ ਗਈ ਸੀ।ਲੋਕ ਸਭਾ ਚੋਣਾਂ ਨੂੰ ਵੇਖਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਚੋਣਾਂ ਕਰਵਾਉਣ ਲਈ ਜੰਗੀ ਪੱਧਰ ਤੇ ਤਿਆਰੀਆਂ ਆਰੰਭ ਕਰ ਦਿੱਤੀਆਂ , 1 ਜਨਵਰੀ 2019 ਤਕ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਬਾਲਗਾਂ ਦੀਆਂ ਵੋਟਾਂ ਬਣਾਉਣ ਅਤੇ ਵੋਟਰ ਸੂਚੀਆਂ ਵਿਚ ਸੁਧਾਈ ਦਾ ਕੰਮ ਵੀ ਮੁਕੰਮਲ ਕਰਨਾ ਆਰੰਭ ਕਰ ਦਿੱਤਾ। ਮਤਦਾਤਾਵਾਂ ਨੂੰ ਵੋਟ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਉਪਰਾਲੇ ਕੀਤੇ ਗਏ।ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਮਤਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਨਾ ਕਰਨ ਲਈ ਸਾਰੇ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਇਕ ਵਿਸੇਸ਼ ਚੇਤਨਾ ਮੁਹਿੰਮ ਆਰੰਭੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਕਿ ਹਰ ਉਸ ਵਿਅਕਤੀ , ਜਿਸਦੀ ਉਮਰ 18 ਸਾਲ ਦੀ ਹੋਵੇ,ਉਸ ਦੀ ਵੋਟ ਬਣੀ ਹੋਵੇ । ਵੋਟ ਬਣਾਉਣਾ ਹੀ ਲਾਜ਼ਮੀ ਨਹੀਂ ਸਗੋਂ ਉਸ ਤੋਂ ਵੀ ਜਰੁਰੀ ਹੈ ਕਿ ਮਤਦਾਤਾ ਮਤਦਾਨ ਵਾਲੇ ਦਿਨ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਯਕੀਨੀ ਤੌਰ ਤੇ ਕਰੇ। ਵੋਟਰਾਂ ਖਾਸਕਰ ਨਵੇਂ ਦਰਜ ਨੌਜਵਾਨ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਅਤੇ ਨੈਤਿਕ ਵੋਟਿੰਗ (ਐਥੀਕਲ ਵੋਟਿੰਗ) ਲਈ ਉਤਸਾਹਿਤ ਕਰਨ ਖਾਤਰ ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐੰਡ ਇਲੈਕਟੋਰਲ ਪਾਰਟੀਸਿਪੇਸ਼ਨ) ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤੇਜ ਕੀਤੀਆਂ ਗਈਆਂ। ਭਾਰਤੀ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। 19 ਮਈ ਨੂੰ ਹੋ ਰਹੀ ਲੋਕ ਸਭਾ ਚੋਣਾਂ ਲਈ ਸਵੀਪ ਪ੍ਰੋਜੈਕਟ ਤਹਿਤ ਚਲਾਏ ਜਾਣ ਵਾਲੇ ਮਤਦਾਤਾ ਜਾਗਰੂਕਤਾ ਅਭਿਆਨ ਦੌਰਾਨ ਚੇਤਨਾ ਮੁਹਿੰਮ ਤਹਿਤ ਸਾਰੇ ਸਰਕਾਰੀ ਅਧਿਕਾਰੀ/ ਕਮਰਚਾਰੀ ਡਿਊਟੀ ਨਿਭਾਉਣ ਤੇ 'ਜਿੰਮੇਵਾਰ ਬਣੋ ਵੋਟਰੋ' ਦਾ ਸੰਦੇਸ਼ ਵੋਟਰਾਂ ਤਕ ਪਹੁੰਚਾਉਣ। ਵੋਟਰਾਂ ਤੋਂ ਪ੍ਰਣ ਕਰਵਾਇਆ ਗਿਆ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਯਕੀਨੀ ਬਣਾਉਣ।
ਸਿਆਸੀ ਪਾਰਟੀਆਂ,ਗੈਰ ਸਰਕਾਰੀ ਸੰਗਠਨਾਂ ,ਨਹਿਰੂ ਯੁਵਾ ਕੇਂਦਰਾਂ ਰਾਂਹੀ ਨੌਜਵਾਨ ਮੈਂਬਰਾਂ ਨੂੰ ਵੋਟਰ ਰਜਿਸਟ੍ਰੇਸ਼ਨ ਪ੍ਰਤੀ ਉਤਸਾਹਤ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਨਾਲ ਸਵੀਪ ਗਤੀਵਿਧੀਆਂ ਲਈ ਸਹਿਯੋਗ ਲਿਆ ਗਿਆ। ਹਰੇਕ ਬਾਲਗ ਨੂੰ ਵੋਟ ਬਣਾਉਣ ਲਈ ਪਰੇਰਿਆ ਅਤੇ ਉਹਨਾਂ ਰਾਂਹੀ ਲੋਕਾਂ ਨੂੰ ਵੋਟ ਦੇ ਅਧਿਕਾਰ ਸਬੰਧੀ ਪ੍ਰੇਰਿਤ ਕਰਨ ਲਈ ਵੀ ਸਹਿਯੋਗ ਲਿਆ। ਕਿਸੇ ਵਿਅਕਤੀ ਦਾ ਵੋਟਰ ਕਾਰਡ ਬਣਿਆ ਹੋਇਆ ਹੋਵੇ, ਉਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ, ਤਾਂ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ। ਨਵਾਂ ਵੋਟਰ ਕਾਰਡ ਬਣਾਉਣ ਅਤੇ ਵੋਟਰ ਕਾਰਡ ਵਿੱਚ ਦਰੁੱਸਤੀ ਲਈ ਵੀ ਸਬੰਧਤ ਬੀ.ਐਲ.ਓ ਨਾਲ ਸੰਪਰਕ ਕਰਨਾ ਚਾਹੀਦਾ ਸੀ ਜੋ ਸਮਾਂ ਬੀਤ ਚੁੱਕਾ ਹੈ। ਕੋਈ ਵੀ ਵਿਅਕਤੀ ਵੈਬਸਾਈਟ'ਤੇ ਉਪਲਬੱਧ ਵੋਟਰ ਸੂਚੀ 'ਤੇ ਆਪਣੀ ਵੋਟ ਚੈਕ ਕਰ ਸਕਦਾ ਹੈ। ਜਿਨ੍ਹਾਂ ਨੌਜਵਾਨਾਂ ਨੇ ਵੋਟਰ ਬਣਨ ਲਈ ਹੰਭਲਾ ਮਾਰਿਆ ਹੁਣ ਉਹ ਲੋਕਤੰਤਰ ਦੀ ਮੁੱਖ ਪ੍ਰਕਿਰਿਆ ਦੇ ਭਾਗੀਦਾਰ ਬਣ ਕੇ ਆਪਣੇ ਅਧਿਕਾਰ ਨੂੰ ਪਹਿਚਾਨਣ।ਐਨ.ਐਸ.ਐਸ, ਐਨ.ਸੀ.ਸੀ, ਲੇਬਰ ਅਤੇ ਰੁਜ਼ਗਾਰ ਵਿਭਾਗ, ਵਿੱਤੀ ਸੰਸਥਾਨ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ, ਸਿਵਲ ਸਪਲਾਈਜ਼ ਵਿਭਾਗ ਆਪਣੇ ਨਾਲ ਜੁੜੇ ਸੰਸਥਾਨਾਂ, ਮੈਂਬਰਾਂ, ਕਰਮਚਾਰੀਆਂ ਅਤੇ ਡੀਲਰਾਂ ਜਾਂ ਉਪਭੋਗਤਾਵਾਂ ਨੂੰ ਵੋਟਰ ਰਜਿਸਟ੍ਰੇਸ਼ਨ ਲਈ ਉਤਸਾਹਤ ਕਰਦੇ ਰਹੇ ਅਤੇ ਚੋਣ ਕਮਿਸ਼ਨ ਵੱਲੋਂ ਛਾਪੀ ਪ੍ਰਚਾਰ ਸਮੱਗਰੀ ਨੂੰ ਡਿਸਪਲੇਅ ਕਰਦੇ ਰਹੇ। ਸਿੱਖਿਆ ਸੰਸਥਾਵਾਂ,ਯੁਵਕ ਸੇਵਾਵਾਂ, ਖੇਡਾਂ ਅਤੇ ਸਭਿਆਚਾਰਕ ਵਿਭਾਗ ਵੱਲੋਂ ਪ੍ਰੋਫੈਸ਼ਨਲ ਕਲਚਰਲ ਗਰੁੱਪਾਂ ਜ਼ਰੀਏ ਡਰਾਮੇ ਤੇ ਹੋਰ ਗਤੀਵਿਧੀਆਂ ਕਰਵਾਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਦੂਰਦਰਸ਼ਨ, ਆਲ ਇੰਡੀਆ ਰੇਡੀਓ ਅਤੇ ਹੋਰ ਸਰਕਾਰੀ ਮੀਡੀਆ ਸਵੀਪ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਆਪਣੀ ਪੱਧਰ ਉੱਪਰ ਜਾਗਰੂਕਤਾ ਮੁਹਿੰਮ ਚਲਾਕੇ ਇਸ ਮੁਹਿੰਮ ਨੂੰ ਮਜਬੂਤ ਕੀਤਾ ਗਿਆ।ਲੋਕਾਂ ਨੂੰ ਲੋਕਤੰਤਰ ਲਈ ਵੋਟ ਦੀ ਮਹਤੱਤਾ ਅਤੇ ਵੋਟ ਦੇ ਹੱਕ ਸਬੰਧੀ ਭਾਰਤ ਦੇ ਚੋਣ ਕਮਿਸ਼ਨ ਵਲੋਂ ਤਿਆਰ ਕੀਤੇ ਸੰਦੇਸ਼ ਭੇਜਣ ਲਈ ਸ਼ੋਸ਼ਲ ਮੀਡੀਏ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ।
ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੇ ਇਸਤੇਮਾਲ ਪ੍ਰਤੀ ਜਾਗਰੂਕ ਕਰਕੇ ਲੋਕਤੰਤਰ ਦੀ ਮਜਬੂਤੀ ਲਈ ਚਲਾਈਆਂ ਗਈਆਂ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਵੱਖ-ਵੱਖ ਵਿਭਾਗਾਂ ਦੀ ਮਜਬੂਤ ਭਾਗੀਦਾਰੀ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨੌਜਵਾਨ ਲੜਕੇ/ਲੜਕੀਆਂ ਸਬੰਧੀ ਸਿੱਖਿਆ ਸੰਸਥਾਵਾਂ ਦੇ ਮੁੱਖੀਆਂ ਨੂੰ ਇਹ ਸਰਟੀਫਿਕੇਟ ਦੇਣ ਲਈ ਕਿਹਾ ਗਿਆ ਕਿ ਉਸ ਦੀ ਸੰਸਥਾ ਦੇ ਸਾਰੇ ਯੋਗ ਵਿਦਿਆਰਥੀਆਂ ਦੀਆਂ ਵੋਟਾਂ ਬਣ ਗਈਆਂ ਹਨ। ਆਸ਼ਾ ਵਰਕਰ, ਏ.ਐਨ.ਐਮ. ਅਤੇ ਆਂਗਣਵਾੜੀ ਵਰਕਰਾਂ ਨੇ ਵੀ ਘਰ ਘਰ ਤੱਕ ਸੰਦੇਸ ਪਹੁੰਚਾਉਣ ਲਈ ਚੇਤਨਾ ਮੁਹਿੰਮ ਜਾਰੀ ਰੱਖਣਗੇ। ਨਵੀਆਂ ਪੰਚਾਇਤਾਂ ਦੀ ਸਿਖਲਾਈ ਦੌਰਾਨ ਵੀ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਵੋਟ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ਬੈਨਰ ਲਗਾਉਣ ਅਤੇ ਸਲੋਗਨ ਲਿਖਣ ਦੀ ਮੁਹਿੰਮ ਵੀ ਆਰੰਭੀ ਜਾਵੇਗੇ,ਜਾਗਰਤੀ ਰੈਲੀਆਂ ਤੇ ਮਾਰਚ ਕੱਢੇ ਗਏ।
ਕੇਂਦਰ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗ ਚੋਣ ਕਮਿਸ਼ਨ ਵੱਲੋਂ ਵੋਟਰ ਜਾਗਰੂਕਤਾ ਲਈ ਭੇਜੇ ਮਟੀਰੀਅਲ ਜ਼ਰੀਏ ਵੈਬਸਾਈਟਸ ਤੇ ਹੋਰ ਗਤੀਵਿਧੀਆਂ ਜ਼ਰੀਏ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਜਾਗਰੂਕ ਕਰਦੇ ਰਹੇ।ਕਿਸ਼ਾਨ ਮੇਲਿਆਂ ਵਿਚ ਕਿਸ਼ਾਨਾਂ ਨੂੰ ਵੋਟਾਂ ਦੇ ਮਹੱਤਵ ਤੋਂ ਜਾਣੂੰ ਕਰਵਾਉਣ ਅਤੇ ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਤੋਂ ਵੋਟ ਦੀ ਵਰਤੋਂ ਕਰਨ ਦਾ ਸਕੰਲਪ ਕਰਵਾਉਣ। ਨਗਰ ਨਿਗਮ/ਨਗਰ ਕੌਂਸ਼ਲਾਂ ਸ਼ਹਿਰੀ ਖੇਤਰਾਂ ਵਿਚ ਵੋਟਰਾਂ ਦੇ ਫ਼ਰਜ਼ਾਂ ਤੋਂ ਜਾਣੂੰ ਕਰਵਾਉਣ ਲਈ ਸਲੋਗਨ ਲਿਖਵਾਕੇ ਬੋਰਡ ਲਗਾਵਾਏ ਗਏ।
ਭਾਰਤ ਦੇ ਚੋਣ ਕਮਿਸ਼ਨਰ ਦੇ ਆਦੇਸ਼ ਜਾਰੀ ਕਰਨ ਤੋਂ ਮੰਤਵ ਸਪੱਸਟ ਸਾਹਮਣੇ ਹੈ ਕਿ ਹਰ ਵੋਟਰ ਦੀ ਜ਼ਮੀਰ ਨੂੰ ਟੁੰਬਿਆ ਜਾਵੇ ਅਤੇ ਉਸ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਵੇ। ਸੱਚ ਮੁੱਚ ਵੋਟਰਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਅਤੇ ਵਿਕਾਸ ਲਈ ਆਪਣੀ ਮਨਪਸੰਦ ਦੇ ਚੰਗੇ ਉਮੀਂਦਵਾਰਾਂ ਨੂੰ ਚੁਣ ਕੇ ਲੋਕਸਭਾ ਵਿਚ ਭੇਜਣਾ ਚਾਹੀਦਾ ਹੈ।
ਲੋਕਸਭਾ ਚੋਣਾਂ ਦੇ ਐਲਾਨ ਨਾਲ ਜਿੱਥੇ ਸਰਕਾਰੀ ਮਸ਼ੀਨਰੀ ਨੇ ਸਰਗਰਮੀਆਂ ਤੇਜ਼ ਕੀਤੀਆਂ ਉਥੇ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੇ ਅਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀਆਂ ਗਤੀਵਿੱਧੀਆਂ ਤੋਂ ਲੈ ਕੇ 17 ਲਈ ਸ਼ਾਮ 6 ਵਜੇ ਤਕ ਪਰਚਾਰ ਲਈ ਵੱਡੇ ਵੱਡੇ ਲੀਡਰਾਂ,ਫਿਲਮ ਸਟਾਰਾਂ ਦੀਆਂ ਰੈਲੀਆਂ ਤੇ ਮਾਰਚ ਵੋਟਰਾਂ ਨੂੰ ਪਰੇਰਿਤ ਕਰਨ ਲਈ ਕੀਤੇ ਗਏ।ਇਸ ਸਮੇਂ ਦੌਰਾਨ ਧੂੰਆਧਾਰ ਪਰਚਾਰ ਕਰਦਿਆਂ ਸਿਆਸੀ ਪਾਰਟੀਆਂ ਦੇ ਪ੍ਰਚਾਰਕਾਂ ਦੇ ਭਾਸ਼ਣਾਂ ਵਿਚ ਇੱਕ ਦੂਜੇ ਉਪਰ ਇਲਜਾਮ,ਦੂਸ਼ਣਬਾਜੀ ਭਾਰੂ ਰਹੀ ਪਰ ਪੰਜਾਬ ਦੇ ਮੁੱਦੇ ਅਤੇ ਮੁਸ਼ਕਿਲਾਂ ਵੱਲ ਕਿਸੇ ਵੀ ਪਾਰਟੀ ਨੇ ਠੋਸ ਬਿਆਨ ਨਹੀਂ ਦਿੱਤਾ।ਚੋਣ ਮੁਹਿੰਮ ਦੌਰਾਨ ਮੌਜੂਦਾ ਲੋਕਸਭਾ ਦੀਆਂ ਚੋਣਾਂ ਦੇ ਨਾਲ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਦਾ ਭਾਰੂ ਰਿਹਾ।
ਭਾਰਤ ਦੇ ਚੋਣ ਕਮਿਸ਼ਨ ਵਲੋਂ ਵੋਟਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਇਲੈਕਟਰੋਨਿਕ ਵੋਟਰ ਮਸ਼ੀਨਾਂ ਨਾਲ ਵੀ ਵੀ ਪਿਟ ਮਸ਼ੀਨਾਂ ਲਗਾਉਣ ਤੇ ਪੰਜ ਪੰਜ ਬੂਥਾਂ ਦੀਆਂ ਪਰਚੀਆਂ ਦੀ ਗਿਣਤੀ ਕਰਨ ਦੇ ਆਦੇਸ਼ ਦੇਣ ਨਾਲ ਵੋਟਰਾਂ ਵਿਚ ਕੁਝ ਹੱਦ ਤਕ ਭਰੋਸੇਯੋਗਤਾ ਬਣੀ ਹੈ ਪਰ ਅਸਲ ਤਸਵੀਰ ਚੋਣ ਨਤੀਜਿਆਂ ਤੋਂ ਬਾਅਦ ਸਾਹਮਣੇ ਆਵੇਗੀ।ਭਾਰਤ ਦੇ ਵੋਟਰ ਜੋ ਕਿਸੇ ਵੋਟਰ ਨੂੰ ਪਸੰਦ ਨਹੀਂ ਕਰਦੇ ਉਨ੍ਹਾਂ ਲਈ ਆਪਣੇ ਗੁੱਸੇ ਦਾ ਪਰਗਟਾਵਾ ਕਰਨ ਲਈ ਵਾਧੂ ਬੱਟਨ 'ਨੋਟਾ' ਲਗਾ ਦਿੱਤਾ ਗਿਆ ਹੈ।ਚੋਣ ਮੁਹਿੰਮ ਦੌਰਾਨ ਜਿਸ ਤਰਾਂ ਵੋਟਰਾਂ ਨੇ ਉਮੀਂਦਵਾਰਾਂ ਨਾਲ ਸਵਾਲ ਜਵਾਬ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਉਸ ਤੋਂ ਜਾਪਦਾ ਕਿ ਕੁਝ ਵੋਟਰ 'ਨੋਟਾ' ਤੇ ਆਪਣਾ ਪਰਗਟਾਵਾ ਕਰਨਗੇ।ਲੋਕਾਂ ਨੂੰ ਸਰਕਾਰਾਂ/ਉਮੀਦਵਾਰਾਂ ਦੀ ਕਾਰਗੁਜ਼ਾਰੀ ਵਿਰੁੱਧ ਲਾਮਬੰਦ ਕਰਨ ਲਈ ਕੁਝ ਸੰਗਠਨ ਸਰਗਰਮ ਹਨ ਤੇ ਵੋਟਰਾਂ ਪਰ੍ਰੇਨਾ ਕਰ ਰਹੇ ਹਨ ਕਿ ਵੋਟਾਂ ਪਾਉਣ ਸਮੇਂ ਆਪਣੇ 'ਮੱਤਦਾਨ'ਦਾ ਸਹੀ ਪ੍ਰਯੋਗ ਕਰਨ।
ਪੰਜਾਬ ਵਿਚ 19 ਮਈ ਨੂੰ ਹੋ ਰਹੀ ਲੋਕਸਭਾ ਚੋਣਾਂ ਲਈ ਆਖਰੀ 48 ਘੰਟਿਆ ਦੌਰਾਨ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤੇ ਚੋਣ ਕਮਿਸ਼ਨ ਦੀ ਬਾਜ ਅੱਖ ਰਹੇਗੀ। ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੋਟਾਂ ਨਾਲ ਸਬੰਧਤ ਹਰ ਅਧਿਕਾਰੀ ਅਤੇ ਕਰਮਚਾਰੀ ਦੀ ਕਾਰਗੁਜ਼ਾਰੀ ਉੱਪਰ ਕਮਿਸ਼ਨ ਵਲੋਂ ਨਜ਼ਰ ਰੱਖੀ ਜਾ ਰਹੀ ਹੈ।
ਪੰਜਾਬ ਦੇ ਸੂਝਵਾਨ ਵੋਟਰਾਂ ਦਾ ਫ਼ਰਜ਼ ਬਣਦਾ ਹੈ ਕਿ ਮੱਤਦਾਤਾ ਆਪਣੀ ਵੋਟ ਦਾ ਮਹੱਤਵ ਸਮਝਣ।ਨੌਜਵਾਨ ਵੋਟਰਾਂ ਦੀਆਂ ਵੋਟਾਂ ਸਿਰਜਣਗੀਆਂ ਨਵਾਂ ਯੁੱਗ ਦਾ ਆਰੰਭ। ਉਹ ਆਪਣੀ ਵੋਟ ਦੀ ਵਰਤੋਂ ਕਰਕੇ ਆਪਣੀ ਮਨਪਸੰਦ ਤੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨ ਵਾਲੇ ਉਮੀਂਦਵਾਰਾਂ ਦੀ ਸ਼ਾਤੀ ਪੂਰਵਿਕ ਢੰਗ ਨਾਲ ਚੋਣ ਕਰਨ,ਅਗਰ ਉਮੀਂਦਵਾਰ ਪਸੰਦ ਨਹੀਂ ਤਾਂ 'ਨੋਟਾ' ਦੀ ਵਰਤੋਂ ਕਰਨ ਤੋਂ ਗੁਰੇਜ਼ ਨਾ ਕਰਨ।ਪੰਜਾਬ ਵਿਚ 19 ਮਈ ਨੂੰ 17ਵੀਂ ਲੋਕ ਸਭਾ ਲਈ ਪੈਣ ਵਾਲੀਆਂ ਵੋਟਾਂ - ਕੇਂਦਰ ਦੀ ਅਗਲੀ ਸਰਕਾਰ ਦਾ ਭਵਿੱਖ ਤਹਿ ਕਰਨਗੀਆਂ ਤੇ 2022 ਵਿਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦਾ ਮੁੱਢ ਬੰਨਣਗੀਆਂ।
-
ਗਿਆਨ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.