ਇਤਿਹਾਸਕ ਪੱਖੋਂ ਗੁਰਦਾਸਪੁਰ ਭਾਰਤੀ ਪੰਜਾਬ ਦਾ ਇਕ ਅਤਿ ਮਹੱਤਵਪੂਰਨ ਜ਼ਿਲਾ ਹੈ ਪਰ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਭੂਗੋਲਿਕ ਪੱਖੋਂ ਦੇਸ਼ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਇਸ ਨੂੰ ਹਰ ਕੇਂਦਰ ਅਤੇ ਰਾਜ ਸਰਕਾਰ ਨੇ ਨਕਾਰ ਰਖਿਆ ਹੈ। ਇਸ ਜ਼ਿਲੇ ਦੇ ਰਾਜਨੀਤਕ ਅਤੇ ਸਮਾਜਿਕ ਆਗੂ ਵੀ ਐਸੇ ਨਿਕੰਮੇ, ਦੂਰ-ਦ੍ਰਿਸ਼ਟੀਹੀਨ ਅਤੇ ਆਪਸੀ ਭੈੜੀ ਗੁੱਟਬਾਜ਼ੀ ਦੇ ਸ਼ਿਕਾਰ ਬਣੇ ਰਹਿਣ ਕਰਕੇ ਇਸਦੇ ਵਿਕਾਸ ਅਤੇ ਇਤਿਹਾਸਿਕ ਸਥਾਨਾਂ ਦੇ ਰਖ-ਰਖਾਅ ਲਈ ਬੁਰੀ ਤਰ•ਾਂ ਨਾਕਾਮ ਰਹੇ। ਇਸ ਦਾ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਅੰਜਾਮ ਅੱਜ ਲੋਕ ਸਭਾ ਚੋਣਾਂ ਵੇਲੇ ਪ੍ਰਤੱਖ ਵਿਖਾਈ ਦੇ ਰਿਹਾ ਹੈ। ਇਸ ਦੀ ਕੂਕ ਵਿਦੇਸ਼ਾ ਅੰਦਰ ਵੀ ਸਪਸ਼ਟ ਵੇਖਣ ਨੂੰ ਮਿਲ ਰਹੀ ਹੈ।
ਪਿੱਛਲੇ ਦਿਨੀਂ ਲੇਖਕ ਦੇ ਕੈਨੇਡਾ ਵਾਪਸ ਪਰਤਣ ਤੇ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਅੰਦਰ ਲੋਕ ਸਭਾ ਚੋਣਾਂ ਸਬੰਧੀ 'ਟੈਗ ਟੀ.ਵੀ' ਤੇ ਡਾ : ਰਣਵੀਰ ਸ਼ਾਰਦਾ ਅਤੇ ਸ : ਹਰਜੀਤ ਸਿੰਘ ਗਿੱਲ (ਕੰਪੀਅਰ) ਨਾਲ ਇੱਕ ਘੰਟਾ 'ਬਰੇਨ ਬਰਸਟ' ਗਲਬਾਤ ਅਧੀਨ ਤਿੱਖੇ ਵਿਚਾਰ-ਵਟਾਂਦਰੇ ਦਾ ਕੇਂਦਰ ਬਿੰਦੂ ਗੁਰਦਾਸਪੁਰ ਲੋਕ ਸਭਾ ਹਲਕਾ ਬਣ ਗਿਆ। ਇਸ ਦਾ ਮੁੱਖ ਕਾਰਨ ਇਹ ਸੀ ਕਿ ਦੇਸ਼ ਦੀਆਂ ਦੋਹਾਂ ਪ੍ਰਮੁੱਖ ਰਾਸ਼ਟਰੀ ਪਾਰਟੀਆਂ ਭਾਰਤੀ ਜਨਤਾ ਦਲ ਅਤੇ ਕਾਂਗਰਸ ਨੂੰ ਇਸ ਲੋਕ ਸਭਾ ਹਲਕੇ ਲਈ ਸਥਾਨਿਕ ਉਮੀਦਵਾਰ ਕਿਉਂ ਨਹੀਂ ਲੱਭਂ ਰਹੇ? ਇਸ ਮੁੱਦੇ 'ਤੇ ਲੇਖਕ ਨੂੰ ਉਨ•ਾਂ ਨੇ ਤਿੱਖੇ ਰਾਜਨੀਤਕ ਸਵਾਲ ਕੀਤੇ ਕਿਉਂਕਿ ਕਾਂਗਰਸ ਪਾਰਟੀ ਜੋ ਰਾਜ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 16 ਮਾਰਚ, 2017 ਤੋਂ ਸੱਤਾ ਵਿਚ ਹੋਣ ਦੇ ਬਾਵਜੂਦ ਇਸ ਹਲਕੇ ਵਿਚ ਅਬੋਹਰ ਤੋਂ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸ਼੍ਰੀ ਸੁਨੀਲ ਜਾਖ਼ੜ ਨੂੰ ਸਥਾਨਿਕ ਕਾਂਗਰਸੀ ਮਹਾਂਰਥੀ ਆਗੂਆਂ ਜਿੰਨਾਂ ਵਿਚ ਸਾਬਕਾ ਪੰਜਾਬ ਕਾਗਰਸ ਕਮੇਟੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ : ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਅਸ਼ਵਨੀ ਸੇਖੜੀ, ਚੌ : ਸਲਾਮਤ ਮਸੀਹ ਅਤੇ ਰਮਨ ਬਹਿਲ ਆਦਿ ਨੂੰ ਨਕਾਰ ਕੇ ਦੁਬਾਰਾ ਚੋਣ ਲੜਾ ਰਹੀ ਹੈ।
ਦੂਸਰੇ ਪਾਸੇ ਭਾਜਪਾ ਨੂੰ ਬਾਰ-ਬਾਰ ਇਸ ਜ਼ਿਲੇ ਦੇ ਸਥਾਨਿਕ ਆਗੂ ਜਿੰਨਾਂ ਵਿਚ ਪ੍ਰਮੁੱਖ ਤੌਰ ਤੇ ਪੰਡਤ ਮੋਹਨ ਲਾਲ (ਸਾਬਕਾ ਮੰਤਰੀ, ਦਿਨੇਸ਼ ਬੱਬੂ) (ਸਾਬਕਾ ਡਿਪਟੀ ਸਪੀਕਰ) ਜਗਦੀਸ ਸਾਹਨੀ ਆਦਿ ਨੂੰ ਨਕਾਰ ਕੇ ਫ਼ਿਲਮ ਨਗਰੀ ਤੋਂ ਮਸ਼ਹੂਰ ਐਕਟਰ ਚੁਣ ਕੇ ਕਿਉਂ ਲਿਆਉਣੇ ਪੈਂਦੇ ਹਨ। ਪਹਿਲਾਂ ਉਹ ਵਿਨੋਦ ਖੰਨਾ ਅਤੇ ਉਸ ਦੇ ਸੁਰਗਵਾਸ ਹੋਣ ਤੇ ਸੰਨੀ ਦਿਉਲ ਪੁੱਤਰ ਧਰਮਿੰਦਰ ਨੂੰ ਇਸ ਵਾਰ ਲੈ ਕੇ ਆਈ ਹੈ।
ਵਿਦੇਸ਼ਾਂ ਵਿਚ ਬੈਠੇ ਪੰਜਾਬੀ, ਪੰਜਾਬ ਦੀ ਅਜੋਕੀ ਜਰ-ਜਰ ਹੋ ਚੁੱਕੀ ਆਰਥਿਕਤਾ, ਇੱਥੇ ਪਾਲ-ਪੋਸ ਰਹੀ ਭ੍ਰਿਸ਼ਟ, ਮਾਫੀਆਵਾਦੀ ਅਤੇ ਅਪਰਾਧੀ ਪਰਿਵਾਰਵਾਦੀ ਰਾਜਨੀਤੀ, ਨਸ਼ੀਲੇ ਪਦਾਰਥਾਂ ਦੀ ਧੜੱਲੇ ਨਾਲ ਵਿੱਕਰੀ, ਅਤਿ ਦੀ ਬੇਰੋਜ਼ਗਾਰੀ, ਰੇਤ-ਬਜਰੀ, ਕੇਬਲ, ਟਰਾਂਸਪੋਰਟ, ਨਿੱਜੀ ਸਕੂਲ ਸਿਖਿਆ ਅਤੇ ਤਕਨੀਕੀ ਸਿਖਿਆ ਮਾਫੀਆ, ਗੈਂਗਸਟਰਵਾਦ, ਭ੍ਰਿਸ਼ਟਾਚਾਰੀ ਅਫਸਰਸ਼ਾਹੀ, ਕਿਸਾਨੀ ਖੁਦਕੁਸ਼ੀਆਂ, ਸਨਅਤੀ ਸਿਖਿਆ ਬਰਬਾਦੀ ਆਦਿ ਲਈ ਜੁਮੇਂਵਾਰ ਕਾਂਗਰਸ ਅਤੇ ਅਕਾਲੀ-ਭਾਜਪਾ ਦੀ ਰਵਾਇਤੀ ਲੀਡਰਸ਼ਿਪ ਦੀ ਥਾਂ ਆਮ ਆਦਮੀ ਪਾਰਟੀ ਰਾਹੀਂ ਤੀਸਰਾ ਰਾਜਨੀਤਕ ਬਦਲ ਸਥਾਪਿਤ ਕਰਕੇ ਇਸ ਦਾ ਸਮੁੱਚਾ ਕਾਇਆ-ਕਲਪ ਕਰਨਾ ਚਾਹੁੰਦੇ ਸਨ, ਪਰ ਉਹ ਵੀ ਬੁਰੀ ਤਰ•ਾਂ ਦਗਾ ਦੇ ਗਈ। ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਇਸ ਪਾਰਟੀ ਦੇ ਪੰਜਾਬ ਦੇ ਪਹਿਲੇ ਕਨਵੀਨਰ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਇਸ ਨੂੰ ਆਪਣੇ ਖੂਨ-ਪਸੀਨੇ ਨਾਲ ਦਿਨ-ਰਾਤ ਇਕ ਕਰਕੇ ਪੰਜਾਬ ਵਿਚ ਇੱਕ ਇਨਕਲਾਬ ਵਜੋਂ ਤੇਜ਼ੀ ਨਾਲ ਉਭਾਰਿਆ। ਪਰ ਇਸ ਦੀ ਅਵਸਰਵਾਦੀ ਭ੍ਰਿਸ਼ਟ, ਦੂਰਅੰਦੇਸ਼ੀ ਰਹਿਤ ਅਤੇ ਪੰਜਾਬ ਵਿਰੋਧੀ ਲੀਡਰਸ਼ਿਪ ਵਲੋਂ ਉਸ ਦਰਵੇਸ਼ ਸਿਆਸਤਦਾਨ ਨੂੰ ਦਾਗ਼ੀ ਕਰਕੇ ਹਟਾਉਣ ਦੀ ਘਿਨਾਉਣੀ ਚਾਲ ਹੀ ਇਸ ਪਾਰਟੀ ਨੂੰ ਪੰਜਾਬ ਅੰਦਰ ਲੈ ਡੁੱਬੀ। ਪੰਜਾਬ ਦੇ ਸੁਹਿਰਦ ਲੋਕ ਉਸ ਵਿਚ ਪੰਜਾਬ ਦਾ ਦਰਵੇਸ਼ ਮੁੱਖ ਮੰਤਰੀ ਵੇਖ ਰਹੇ ਸਨ। ਇਸ ਦਾ ਸਭ ਤੋਂ ਵੱਧ ਰਾਜਨੀਤਕ, ਆਰਥਿਕ ਅਤੇ ਵਿਕਾਸ ਪੱਖੋਂ ਫਾਇਦਾ ਜ਼ਿਲਾ ਗੁਰਦਾਸਪੁਰ ਨੂੰ ਹੋਣਾ ਸੀ ਜੋ ਅੱਜ ਪੰਜਾਬ ਦੀ ਰਾਜਨੀਤੀ ਵਿਚ ਅਣਦੇਖਾ ਚਲਿਆ ਆ ਰਿਹਾ ਸੀ। ਕਾਸ਼। ਕਿ ਅਜਿਹਾ ਹੋ ਸਕਦਾ।
ਇਤਿਹਾਸਿਕ ਮਹੱਤਤਾ : ਇਹ ਜ਼ਿਲਾ ਪੰਜਾਬ ਦੇ ਦਰਿਆਵਾਂ ਬਿਆਸ ਅਤੇ ਰਾਵੀ ਵਿਚਕਾਰ ਸਥਿਤ ਹੈ। ਵਿਸ਼ਵ ਪ੍ਰਸਿੱਧ ਜੇਤੂ ਯੂਨਾਨ ਦੇ ਬਾਦਸ਼ਾਹ ਸਿਕੰਦਰ ਨੂੰ ਇਸ ਜ਼ਿਲੇ ਦੇ ਪੂਰਬ ਸਥਿੱਤ ਬਿਆਸ ਦਰਿਆ ਤੋਂ ਵਾਪਸ ਮੁੜਨਾ ਪਿਆ ਸੀ। ਗੁਰਦਾਸਪੁਰ ਜ਼ਿਲੇ ਅੰਦਰ ਕਸਬਾ ਕਲਾਨੌਰ ਦੇ ਅਸਥਾਨ 'ਤੇ ਅਕਬਰ ਮਹਾਨ ਦੀ ਸੰਨ 1556 ਵਿਚ ਮੁਗਲਬਾਦਸ਼ਾਹ ਹਮਾਯੂੰ ਦੇ ਜਰਨੈਲ ਬੈਰਮ ਖਾਨ ਵਜੋਂ ਤਾਜਪੋਸ਼ੀ ਕੀਤੀ ਗਈ ਜਦੋਂ ਉਸ ਨੂੰ ਪਤਾ ਲਗਾ ਕਿ ਬਾਦਸ਼ਾਹ ਦਿੱਲੀ ਵਿਖੇ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗ ਕੇ ਮਰ ਗਿਆ ਹੈ।
ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਬੀਬੀ ਸੁਲਖਣੀ ਦੇਵੀ ਜੀ ਨਾਲ ਸੰਨ 1485 ਵਿਚ ਬਟਾਲਾ (ਗੁਰਦਾਸਪੁਰ) ਵਿਖੇ ਹੋਈ। ਵੀਰ ਹਕੀਕਤ ਰਾਏ ਇਸੇ ਬਟਾਲਾ ਸ਼ਹਿਰ ਨਾਲ ਸਬੰਧਿਤ ਹੈ। ਮੁਗਲ ਰਾਜ ਵੇਲੇ ਛੋਟਾ ਘਲੂਘਾਰਾ ਮਾਰਚ ਤੋਂ ਜੂਨ 1746 ਨੂੰ ਕਾਹਨੂੰਵਾਨ ਦੇ ਸੰਬ ਵਿਖੇ ਇਸੇ ਜ਼ਿਲੇ ਵਿਚ ਵਾਪਰਿਆ। ਇਸ ਖੂਨੀ ਘਲੂਘਾਰੇ ਵਿਚ ਕਰੀਬ 7000 ਸਿੱਖ ਮਾਰੇ ਗਏ ਸਨ। ਬੰਦਾ ਸਿੰਘ ਬਹਾਦਰ ਮੁਗਲ ਫ਼ੌਜਾਂ ਨਾਲ ਲੜਦਾ ਲੰਬੇ ਘੇਰੇ ਬਾਅਦ ਇਸ ਜ਼ਿਲੇ ਦੇ ਗੁਰਦਾਸ ਨੰਗਲ ਕਸਬੇ ਦੀ ਗੜ•ੀ ਵਿਚੋਂ ਆਪਣੇ 700 ਤੋਂ ਵੱਧ ਸਿੱਘਾਂ ਨਾਲ ਪਕੜਿਆ ਗਿਆ ਸੀ। ਬਟਾਲਾ ਦੀ ਸਾਸ਼ਕ ਰਾਣੀ ਸਦਾ ਕੌਰ ਸੁਪਤਨੀ ਸ : ਗੁਰਬਖਸ਼ ਸਿੰਘ ਮੁਖੀ ਕਨ•ਈਆ ਮਿਸਲ ਦੀ ਲੜਕੀ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਦੀ ਹੋਈ ਸੀ ਜਿਸ ਦਾ ਪੁੱਤਰ ਸ਼ੇਰ ਸਿੰਘ, ਮਹਾਰਾਜਾ ਖੜਗ ਸਿੰਘ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਬਣਿਆ ਸੀ। ਰਾਣੀ ਸਦਾ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਵਧਾਉਣ ਵਿਚ ਵੱਡਾ ਯੋਗਦਾਨ ਪਾਇਆ ਸੀ। ਮਸ਼ਹੂਰ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਇਸੇ ਸ਼ਹਿਰ ਨਾਲ ਸਬੰਧਿਤ ਹੈ।
ਇਸ ਜ਼ਿਲੇ ਦਾ ਕਸਬਾ ਦੀਨਾਨਗਰ (ਸਬ ਡਿਵੀਜ਼ਨ) ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਹੁੰਦੀ ਸੀ। ਹਰ ਸਾਲ ਮਈ-ਜੂਨ ਦੋ ਮਹੀਨੇ ਉਹ ਇਥੇ ਗੁਜ਼ਾਰਦਾ। ਇਹ ਕਸਬਾ ਮੁਗਲ ਫੌਜ਼ਦਾਰ ਅਦੀਨਾਬੇਗ ਨੇ ਵਸਾਇਆ ਸੀ।
ਇਸ ਜ਼ਿਲੇ ਦਾ ਕਾਦੀਆਂ ਕਸਬਾ ਅਹਿਮਦੀ ਭਾਈਚਾਰੇ ਦੀ ਰਾਜਧਾਨੀ ਅਤੇ ਮੁੱਖ ਮੁਕਦੱਸ ਸਥਾਨ ਹੈ। ਕਸਬਾ ਸ਼੍ਰੀ ਹਰਗੋਬਿੰਦਪੁਰ ਛੇਵੇਂ ਗੁਰੂ ਹਰਗੋਬਿੰਦ ਰਾਏ ਜੀ ਵਲੋਂ ਵਸਾਇਆ ਹੋਇਆ ਹੈ। ਕਸਬਾ ਡੇਰਾ ਬਾਬਾ ਨਾਨਕ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਉਨ•ਾਂ ਨਾਲ ਸਬੰਧਿਤ 'ਸਿੱਧ ਗੋਸ਼ਟ' ਅਚਲ ਸਾਹਿਬ ਇਸੇ ਜ਼ਿਲੇ 'ਚ ਹੈ। ਵੈਸ਼ਨਵ ਪ੍ਰਸਿੱਧ ਮੰਦਰ ਤਾਲਿਬਪੁਰ ਪੰਡੋਰੀ ਅਤੇ ਧਿਆਨਪੁਰ ਇਸੇ ਜ਼ਿਲੇ 'ਚ ਸਥਿੱਤ ਹਨ। ਹੁਣ ਇਸ ਜ਼ਿਲੇ ਵਿਚ ਉਸਰ ਰਿਹਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਜੋੜਨ ਵਾਲਾ ਲਾਂਘਾ ਅੱਠਵੇਂ ਅਜੂਬੇ ਤੋਂ ਘੱਟ ਨਹੀਂ ਹੋਵੇਗਾ।
ਮਸ਼ਹੂਰ ਸਨਅਤ : ਬਟਾਲਾ ਵਿਖੇ ਏਸ਼ੀਆ ਦੀ ਸਭ ਤੋਂ ਮਸ਼ਹੂਰ ਦੇਗੀ ਲੋਹੇ ਸਬੰਧਿਤ ਢਲਾਈ ਸਨਅਤ ਮੌਜੂਦ ਸੀ ਜੋ ਆਲੇ-ਦੁਆਲੇ ਪਿੰਡਾਂ ਤੇ ਕਸਬਿਆਂ ਦੇ ਲੱਖਾਂ ਨੂੰ ਰੋਜ਼ਗਾਰ ਦਿੰਦੀ ਸੀ। ਧਾਰੀਵਾਲ ਵਿਖੇ ਨਿਊ ਏਜਰਟਨ ਵੂਲਨ ਮਿਲ ਵਿਸ਼ਵ ਪ੍ਰਸਿੱਧ ਸੀ ਜੋ ਹਜ਼ਾਰਾਂ ਲੋਕਾਂ ਰੋਜ਼ਗਾਰ ਮੁਹੱਈਆ ਕਰਦੀ ਸੀ। ਅਪਰਬਾਰੀ ਨਹਿਰ ਜੋ ਮਾਧੋਪੁਰ ਸਥਾਨ ਦਰਿਆ ਰਾਵੀ ਤੋਂ ਕੱਢੀ ਗਈ ਲੱਖਾਂ ਏਕੜ ਜ਼ਮੀਨ ਹੀ ਨਹੀਂ ਸਿੰਜਦੀ ਸੀ ਬਲਕਿ ਪਾਣੀ ਨਾਲ ਚਲਣ ਵਾਲੀ ਆਟਾ ਪੀਹਣ ਵਾਲੀ ਘਰਾਟ ਇੰਡਸਟਰੀ ਚਲਾਉਂਦੀ ਸੀ ਇਵੇਂ ਹੀ ਵੱਡੇ ਪੱਧਰ 'ਤੇ ਚਾਵਲ ਸਨਅਤ ਸਬੰਧਿਤ ਸੈਲਰ ਮੌਜੂਦ ਸਨ ਜੋ ਹਜ਼ਾਰਾ ਲੋਕਾਂ ਦਾ ਰੋਜ਼ਗਾਰ ਦਾ ਸਾਧਨ ਸਨ। ਦੀਨਾਨਗਰ ਵਿਖੇ ਪਟਾ ਅਤੇ ਸਟੀਲ ਨਾਲੀ ਬਣਾਉਣ ਦੀਆਂ ਮਸ਼ਹੂਰ ਸਨਅਤਾਂ ਸਨ ਜੋ ਸੈਂਕੜੇ ਲੋਕਾਂ ਦਾ ਰੋਜ਼ਾਗਰ ਦਾ ਸਾਧਨ ਸਨ।
ਪੰਜਾਬ ਦੀ ਭ੍ਰਿਸ਼ਟ, ਪਰਿਵਾਰਵਾਦੀ, ਅਪਰਾਧੀ ਅਤੇ ਦੂਰ-ਅੰਦੇਸ਼ੀ ਰਹਿਤ ਰਾਜਨੀਤਕ ਲੀਡਰਸ਼ਿਪ, ਇਸ ਜ਼ਿਲੇ ਨਾਲ ਸਬੰਧਿਤ ਨਾਲਾਇਕ, ਨਾਅਹਿਲ ਅਤੇ ਭ੍ਰਿਸ਼ਟ ਲੀਡਰਸ਼ਿਪ ਅਤੇ ਪ੍ਰਸਾਸ਼ਨ ਦੀ ਅਣਦੇਖੀ ਕਰਕੇ, ਅੱਤਵਾਦੀ ਅਤਿ ਡਰਾਉਣੀ 10-12 ਸਾਲਾ ਤ੍ਰਾਸਦੀ ਕਰਕੇ, ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਐਨ.ਡੀ.ਏ. ਸਰਕਾਰ ਵਲੋਂ ਗੁਆਂਢੀ ਪਹਾੜੀ ਰਾਜਾਂ ਜਿਵੇਂ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨੂੰ ਸਨਅਤੀ ਪੈਕੇਜ਼ ਅਤੇ ਪੈਦਾਵਰ ਟੈਕਸ ਛੋਟ ਦੇਣ ਕਰਕੇ, ਜੋ ਡਾ : ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ. ਅਤੇ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਵਲੋਂ ਲਗਾਤਾਰ ਚਾਲੂ ਰੱਖਣ ਕਰਕੇ ਗੁਰਦਾਸਪੁਰ ਦੀ ਸਮੁੱਚੀ ਸਨਅਤ ਬਰਬਾਦ ਹੋ ਗਈ। ਰਾਜ ਅਤੇ ਕੇਂਦਰ ਸਰਕਾਰਾਂ ਨੇ ਪਾਕਿਸਤਾਨ ਨਾਲ ਲਗਦੇ ਇਸ ਸਰਹੱਦੀ ਜ਼ਿਲੇ ਦੀ ਸਨਅਤ ਨੂੰ ਆਮ ਲੋਕਾਂ ਦੇ ਰੋਜ਼ਗਾਰ ਅਤੇ ਵਿਕਾਸ ਖਾਤਰ ਮੁੜ• ਸਜੀਵ ਕਰਨ ਲਈ ਕੋਈ ਕਦਮ ਨਹੀਂ ਪੁੱਟਿਆ।
ਹਿੰਦ-ਪਾਕਿ ਤਨਾਜੇ ਦੀ ਮਾਰ :
ਇਹ ਜ਼ਿਲਾ ਦੇਸ਼ ਦੀ ਵੰਡ ਸੰਨ 1947 ਵੇਲੇ ਕਾਫੀ ਚਿਰ ਝਗੜੇ ਦਾ ਸ਼ਿਕਾਰ ਰਿਹਾ। ਇਸ ਜ਼ਿਲੇ ਵਿਚ ਮੁਸਲਮਾਨ ਭਾਈਚਾਰੇ ਦੀ ਅਬਾਦੀ 51.11 ਪ੍ਰਤੀਸ਼ਤ ਸੀ, ਇਸ ਲਈ ਮੁਸਲਿਮ ਇਸ ਨੂੰ ਪਾਕਿਸਤਾਨ ਵਿਚ ਸ਼ਾਮਿਲ ਕਰਨਾ ਚਾਹੁੰਦੀ ਸੀ। ਇਸ ਜ਼ਿਲੇ ਦੀ ਜਰਨੈਲੀ ਸੜਕ-1 ਭਾਰਤ ਨੂੰ ਜੰਮੂ-ਕਸ਼ਮੀਰ ਨਾਲ ਜੋੜਦੀ ਸੀ। ਇਸ ਲਈ ਭਾਰਤ ਇਸ ਨੂੰ ਆਪਣੇ ਅੰਦਰ ਰਖਣਾ ਚਾਹੁੰਦਾ ਸੀ। ਇਸ ਜ਼ਿਲੇ ਦੀ ਸ਼ਕਰਗੜ• ਤਹਿਸੀਲ ਪਾਕਿਸਤਾਨ ਨੂੰ ਦੇ ਕੇ, ਗੁਰਦਾਸਪੁਰ ਅਤੇ ਪਠਾਨਕੋਟ ਤਹਿਸੀਲਾਂ ਭਾਰਤ ਵਿਚ ਕਾਇਮ ਰਖ ਕੇ ਰੈਡਕਲਿਫ਼ ਕਮਿਸ਼ਨ ਨੇ ਇਹ ਝਗੜਾ ਨਿਪਟਾਇਆ। ਲੇਟ ਵੰਡ ਦੇ ਐਲਾਨ ਕਰਕੇ ਇਸ ਜ਼ਿਲੇ ਦੇ ਹਿੰਦੂ-ਸਿੱਖ ਅਤੇ ਮੁਸਲਮਾਨਾਂ ਨੂੰ ਭਾਰੀ ਜਾਨੀ ਅਤੇ ਮਾਲੀ ਨੁਕਾਸਾਨ ਉਠਾਉਣਾ ਪਿਆ।
ਸੰਨ 1965, 1971 ਦੀਆਂ ਜੰਗਾਂ, ਸੰਨ 1999 ਦੇ ਕਾਰਗਿਲ ਯੁੱਧ, ਵਿਚ ਇਸ ਸਰਹੱਦੀ ਜ਼ਿਲੇ ਦੇ ਲੋਕਾਂ ਨੂੰ ਵੱਡਾ ਨੁਕਸਾਨ ਪਹੁੰਚਿਆ। 27 ਜੁਲਾਈ, 2015 ਵਿਚ ਇਸ ਦਾ ਕਸਬਾ ਦੀਨਾਨਗਰ ਪਾਕਿਸਤਾਨੀ ਅਤਿਵਾਦੀਆਂ ਦੇ ਹਮਲੇ ਦਾ ਸ਼ਿਕਾਰ ਬਣਿਆ।
ਰਾਵੀ ਦਰਿਆ ਤੋਂ ਪਾਰਲੇ ਦਰਜਣਾ ਪਿੰਡਾਂ ਨੂੰ ਅਜੇ ਤੱਕ ਸਥਾਈ ਪੁਲ, ਸਕੂਲ, ਪ੍ਰਾਇਮਰੀ ਹੈਲਥ ਸੈਂਟਰ, ਪੀਣ ਵਾਲਾ ਸਾਫ਼ ਪਾਣੀ, ਸਥਾਈ ਬਿਜਲੀ ਪ੍ਰਬੰਧ, ਟੈਲੀਫੋਨ, ਆਵਾਜਾਈ ਸਹੂਲਤਾਂ ਨਸੀਬ ਨਹੀਂ ਹੋਈਆਂ। ਇਨ•ਾਂ ਪਿੰਡਾਂ ਦੇ ਲੋਕਾਂ ਐਲਾਨ ਕੀਤਾ ਹੈ ਜੋ ਵੀ ਲੋਕ ਸਭਾ ਉਮੀਦਵਾਰ ਉਨ•ਾਂ ਤੋਂ ਵੋਟਾ ਲੈਣ ਆਵੇਗਾ ਉਸਦਾ ਡੱਟ ਵਿਰੋਧ ਅਤੇ ਬੇਇਜ਼ਤੀ ਕੀਤੀ ਜਾਵੇਗੀ।
ਵੱਡਾ ਦੁਖਾਂਤ-ਬਾਹੀ ਉਮੀਦਵਾਰ :
ਇਸ ਜ਼ਿਲੇ ਨੂੰ ਅਜੇ ਤੱਕ ਕੋਈ ਕਾਬਲ ਸਾਂਸਦ ਨਹੀਂ ਮਿਲਿਆ ਜੋ ਇਸ ਦੇ ਸਰਹੱਦੀ ਲੋਕਾਂ ਦੀ ਅਵਾਜ਼ ਪਾਰਲੀਮੈਂਟ ਵਿਚ ਉਠਾਉਂਦਾ। ਅਕਸਰ ਕਾਂਗਰਸ ਅਤੇ ਭਾਜਪਾ ਨੇ ਜ਼ਿਲਿਉ ਅਤੇ ਪੰਜਾਬ ਤੋਂ ਬਾਹਰ ਦੇ ਰਾਜਨੀਤੀਵਾਨਾਂ ਅਤੇ ਫਿਲਮ ਸਿਤਾਰਿਆਂ ਨੂੰ ਇਸ ਹਲਕੇ ਦੇ ਲੋਕਾਂ ਤੇ ਥੋਪ ਕੇ ਇਸ ਹਲਕੇ ਅਤੇ ਲੋਕਤੰਤਰ ਦਾ ਘਾਤ ਕੀਤਾ।
ਸੰਨ 1952 ਵਿਚ ਚੁਣੇ ਗਏ ਕਾਂਗਰਸੀ ਸਾਂਸਦ ਤੇਜਾ ਸਿੰਘ ਅਕਰਪੁਰੀ, 1957,62,67 ਵਿਚ ਚੁਣੇ ਗਏ ਦੀਵਾਨ ਚੰਦ ਸ਼ਰਮਾ (ਕਾਂਗਰਸ) ਕਾਗਜ਼ੀ ਸਾਂਸਦ ਸਾਬਤ ਹੋਏ। ਇਵੇਂ ਹੀ 1977 ਵਿਚ ਚੁਣੇ ਗਏ ਯੱਗ ਦਤ ਸ਼ਰਮਾ (ਜਨਤਾ ਪਾਰਟੀ) ਸੰਨ 1968 ਦੀ ਉਪ ਚੋਣ ਅਤੇ 1971 ਵਿਚ ਸ਼੍ਰੀ ਪ੍ਰਬੋਧ ਚੰਦਰ ਚੁਣੇ ਗਏ ਪਰ ਬ੍ਰਿਧ ਹੋਣ ਕਰਕੇ ਹਲਕੇ ਦਾ ਕੁਝ ਨਾ ਸਵਾਰ ਸਕੇ। ਸੰਨ 1980,84,89,91 ਅਤੇ 1996 ਵਿਚ ਬੀਬੀ ਸੁਖਬੰਸ ਕੌਰ ਭਿੰਡਰ ਦਿੱਲੀ ਤੋਂ ਲਿਆ ਕੇ ਉਤਾਰ ਜਾਂਦੀ ਰਹੀ ਭਾਵੇਂ ਗੁਰਦਾਸਪੁਰ ਉਸ ਨੇ ਰਿਹਾਇਸ਼ ਰਖੀ ਹੋਈ ਸੀ ਅੱਤਵਾਦ ਦੇ ਦੌਰ ਵਿਚ ਉਹ ਵੀ ਹਲਕੇ ਦੀ ਸਨਅਤ ਬਚਾਉਣੋਂ ਨਾਮਾਕ ਰਹੀ ਨਾ ਹੀ ਕੋਈ ਨਵੀਂ ਸਨਅਤ ਲਿਆ ਸਕੀ ਭਾਵੇਂ ਉਹ ਕੇਂਦਰੀ ਰਾਜ ਮੰਤਰੀ ਕਾਂਗਰਸ ਸਰਕਾਰਾਂ ਵਿਚ ਰਹੀ। ਲੇਖਕ ਨੂੰ ਮਰਹੂਮ ਕਾਂਗਰਸ ਮੰਤਰੀ ਸ਼੍ਰੀ ਰਘੁਨਾਥ ਪੁਰੀ ਨੇ ਦਸਿਆ ਸੀ ਕਿ ਕਿਵੇਂ ਇਸ ਬੀਬੀ ਨੂੰ ਜਿਤਾਉਣ ਲਈ ਧੰਨ ਦੇ ਨਾਲ ਡਰਗਜ਼ ਵੰਡਣ ਦੀ ਰੀਤ ਇਸ ਦੇ ਨਜ਼ਦੀਕੀ ਪੈਰੋਕਾਰਾਂ ਨੇ ਚਲਾਈ।
ਸੰਨ 1998 ਵਿਚ ਭਾਜਪਾ ਜਿਸਦੇ ਹਿੱਸੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਕੇ ਇਹ ਹਲਕਾ ਆਇਆ ਸੀ, ਵਿਨੋਦ ਖੰਨਾ ਫਿਲਮ ਸਿਤਾਰੇ ਨੂੰ ਮੁੰਬਈ ਤੋਂ ਲੈ ਕੇ ਆਈ। ਉਸਨੇ ਬੀਬੀ ਸੁਖਬੰਸ ਕੌਰ ਨੂੰ ਦਿੱਤ ਕੀਤਾ। ਉਹ ਸ਼੍ਰੀ ਵਾਜਪਾਈ ਦੀ ਸਰਕਾਰ ਵਿਚ ਮੰਤਰੀ ਵੀ ਰਹੇ ਪਰ ਜਿੱਤਣ ਬਾਅਦ ਉਹ ਮੁੰਬਈ ਦੌੜ ਜਾਂਦੇ ਹਨ। ਉਹ 1998,99,2004 ਅਤੇ 2014 ਵਿਚ ਸਾਂਸਦ ਬਣੇ। ਉਨ•ਾਂ ਦੀ ਦਰਿਆ ਬਿਆਸ ਤੇ ਮੁਕੇਰੀਆ, ਦਰਿਆ ਰਾਵੀ-ਉੱਜ ਤੇ ਜੰਮੂ-ਕਸ਼ਮੀਰ ਨੂੰ ਜੋੜਨ ਵਾਲੇ (ਕਥਲੌਰ ਵਿਖੇ) ਵੱਡੀ ਦੇਣ ਸੀ।
ਸੰਨ 2009 ਦੀਆਂ ਚੋਣਾਂ ਵਿਚ ਉਸ ਨੂੰ ਇਸ ਹਲਕੇ ਦੇ ਦਮਦਾਰ ਕਾਂਗਰਸ ਆਗੂ ਜੋ ਕੁੱਝ ਸਮਾਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ, ਸ : ਪ੍ਰਤਾਪ ਸਿੰਘ ਬਾਜਵਾ ਨੇ ਸ਼ਿਕਸ਼ਤ ਦਿਤੀ। ਇਸ ਜ਼ਿਲੇ ਦੇ ਲੋਕ ਉਸ ਨੂੰ ਪੰਜਾਬ ਦੇ ਭਵਿੱਖੀ ਮੁੱਖ ਮੰਤਰੀ ਵੱਜੋਂ ਵੇਖ ਰਹੇ ਸਨ ਪਰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਨੇ ਉਸ ਦੇ ਪੈਰ ਨਾ ਲਗਣ ਦਿਤੇ। ਸੰਨ 2017 ਵਿਚ ਵਿਨੋਦ ਖੰਨਾ ਦੀ ਮੌਤ ਬਾਅਦ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਨੇ ਸ : ਬਾਜਵਾ ਦੀ ਥਾਂ ਅਬੋਹਰ ਤੋਂ ਇੱਕ ਕੌਂਸਲਰ ਤੋਂ ਵਿਧਾਨ ਸਭਾ ਹਾਰੇ ਸੁਨੀਲ ਜਾਖੜ ਨੂੰ ਇਸ ਹਲਕੇ ਤੇ ਲਿਆ ਥੋਪਿਆ। ਭਾਜਪਾ ਨੇ ਇਸ ਜ਼ਿਲੇ ਨਾਲ ਸਬੰਧਿਤ ਮੁੰਬਈ ਸਥਿੱਤ ਕਾਰੋਬਾਰੀ ਸਵਰਨ ਸਿੰਘ ਸਲਾਰੀਆ ਲਿਆ ਥੋਪਿਆ ਜੋ ਬੁਰੀ ਤਰ•ਾਂ 1 ਲੱਖ 93 ਹਜ਼ਾਰ ਵੋਟ ਤੇ ਹਾਰਿਆ।
ਇਸ ਵਾਰ ਫਿਰ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਜਾਂ ਹੋਰ ਸਥਾਨਿਕ ਆਗੂ ਦੀ ਥਾਂ ਸ਼੍ਰੀ ਸੁਨੀਲ ਜਾਖੜ ਨੂੰ ਉਮੀਦਵਾਰ ਬਣਾਇਆ ਜੋ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਹਨ। ਉਸ ਦੇ ਮੁਕਾਬਲੇ ਭਾਜਪਾ ਫਿਲਮ ਸਟਾਰ ਧਰਮਿੰਦਰ ਦਾ ਲੜਕਾ ਸੰਨੀ ਦਿਉਲ ਪੇਰਾਸ਼ੂਟਰ ਵਜੋਂ ਲੈ ਕੇ ਆਈ ਹੈ। ਮੁੱਖ ਮੁਕਾਬਲਾ ਇਨ•ਾਂ ਦੋਹਾਂ ਵਿਚ ਭਾਵੇ ਆਮ ਆਦਮੀ ਪਾਰਟੀ ਦੇ ਪੀਟਰ ਮਸੀਹ ਅਤੇ ਪੀ.ਡੀ.ਏ. ਦੇ ਨਾਲ ਚੰਦ ਕਟਾਰੂ ਚੱਕ ਵੀ ਮੈਦਾਨ ਵਿਚ ਹਨ।
ਸੋ ਇਸ ਹਲਕੇ ਤੋਂ ਬਾਹਰੀ ਉਮੀਦਵਾਰ ਭਾਵੇਂ ਕਾਂਗਰਸ ਜਾਂ ਭਾਜਪਾ ਦਾ ਜਿੱਤੇ। ਇਸ ਜ਼ਿਲੇ ਅਤੇ ਹਲਕੇ ਦੇ ਲੋਕਾਂ ਦੀ ਬਾਤ ਕਿਸੇ ਨੇ ਨਹੀਂ ਪੁੱਛਣੀ, ਨਾ ਹੀ ਜਨਤਕ ਸਮੱਸਿਆਵਾਂ, ਸਨਅਤੀ ਮੁੜ ਸੁਰਜੀਤ, ਬੇਰੋਜ਼ਗਾਰੀ, ਨਸ਼ੀਲੇ ਪਾਦਰਥਾਂ ਦੀ ਵਿੱਕਰੀ, ਗੇਰ-ਕਾਨੂੰਨੀ ਮਾਈਨਿੰਗ, ਬੇਰੁਜ਼ਗਾਰੀ, ਸਿਖਿਆ, ਸਿਹਤ, ਸਾਫ ਪੀਣ ਵਾਲੇ ਪਾਣੀ, ਸੀਵਰੇਜ਼, ਦਰਿਆਵਾਂ ਤੇ ਪੁਲਾਂ ਆਦਿ ਬਾਰੇ ਕਿਸੇ ਨੇ ਕਨੰ ਕਰਨਾ ਹੈ। ਇਸ ਤੋਂ ਵੱਡਾ ਇਸ ਲਗਾਤਾਰ ਦੇਸ਼ ਅਜ਼ਾਦੀ ਬਾਅਦ ਨਕਾਰੇ ਜ਼ਿਲੇ ਅਤੇ ਹਲਕੇ ਦਾ ਭਾਰਤੀ ਵਿਸ਼ਾਲ ਲੋਕਤੰਤਰ ਵਿਚ ਹੋਰ ਕਿਹੜਾ ਦੁਖਾਂਤ ਹੋ ਸਕਦਾ ਹੈ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
+1 3438892550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.