ਖ਼ਬਰ ਹੈ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਇਹਨੀ ਦਿਨੀਂ ਵਪਾਰ ਵਾਰਤਾ ਬਿਨ੍ਹਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ ਹੈ। ਚੀਨ ਤੋਂ ਅਮਰੀਕਾ ਵਿੱਚ ਆਉਣ ਵਾਲੀਆਂ ਚੀਜ਼ਾਂ ਉਤੇ ਟੈਕਸ 300 ਅਰਬ ਡਾਲਰ ਵਧਾ ਦਿੱਤਾ ਹੈ। ਚੀਨ ਨਾਲ ਵਾਰਤਾ ਖ਼ਤਮ ਹੋਣ ਦਾ ਕਾਰਨ ਹੈ ਕਿ ਵਾਰਤਾ ਤੋਂ ਪਹਿਲਾ ਹੀ ਅਮਰੀਕਾ ਨੇ ਚੀਨ ਤੋਂ ਆਈਆਂ ਚੀਜ਼ਾਂ ਉਤੇ 200 ਅਰਬ ਡਾਲਰ ਦਾ ਟੈਕਸ ਵਧਾ ਦਿੱਤਾ ਸੀ। ਉਧਰ ਚੀਨ ਨੇ ਕਿਹਾ ਕਿ ਅਮਰੀਕਾ ਨਾਲ ਵਪਾਰ ਸਮਝੌਤਾ ਵਾਰਤਾ ਖ਼ਤਮ ਨਹੀਂ ਕੀਤੀ ਜਾਏਗੀ।
ਵੱਡਾ ਥਾਣੇਦਾਰ ਆ ਅਮਰੀਕਾ! ਉਸਤੋਂ ਵੀ ਵੱਡਾ ਪੁਲਸੀਆ ਆ ਟਰੰਪ। ਹੱਥ 'ਚ ਹੰਟਰ ਲੈ, ਹਰ ਪਲ ਨਵੀਂ ਇਬਾਰਤ ਲਿਖਣ ਦਾ ਆਦੀ ਹੈ ਅਮਰੀਕਾ-ਤੰਤਰ। ਉਹਦਾ ਮੁਹਰਾ ਭਾਵੇਂ ਟਰੰਪ ਹੋਵੇ ਜਾਂ ਨਿਕਸਨ, ਬੁਸ਼ ਹੋਵੇ ਜਾਂ ਰੀਗਨ, ਹੂਬਰ ਹੋਵੇ ਜਾਂ ਵਿਲਸਨ। ਕਦੇ ਇਰਾਕ ਨੂੰ ਦਰੜਦੇ ਹਨ, ਕਦੇ ਅਫ਼ਗਾਨਿਸਤਾਨ ਨੂੰ। ਕਦੇ ਫਲਸਤੀਨ ਪੁੱਜਦੇ ਆ, ਕਦੇ ਈਰਾਨ। ਅਤੇ ਕਦੇ ਮਿੱਤਰ ਬਣ ਭਾਰਤ ਨਾਲ ਮਿੱਤਰ-ਮਾਰ ਕਰਦੇ ਆ ਅਤੇ ਗੁਆਂਢੀਆਂ 'ਤੇ ਧਨ ਦੀ ਵਰਖਾ ਕਰਦੇ ਆ। ਗੱਲ ਤਾਂ ਭਾਈ ਇਕੋ ਆ ਕਿ 'ਗੁਲਾਮਾਂ ਨੂੰ ਹੋਰ ਗੁਲਾਮ ਕਿਵੇਂ ਬਣਾਇਆ ਜਾਏ। ਉਹਨਾ ਦਾ ਕੁਦਰਤੀ ਧੰਨ ਕਿਵੇਂ ਉਡਾਇਆ ਜਾਏ?
ਵੇਖੋ ਨਾ ਜੀ, ਦਵਾਈਆਂ ਦਾ ਸਭ ਤੋਂ ਵੱਡਾ ਵਪਾਰੀ-ਅਮਰੀਕਾ! ਹਥਿਆਰਾਂ ਦਾ ਸਭ ਤੋਂ ਵੱਡਾ ਸੌਦਾਗਰ-ਅਮਰੀਕਾ!! ਲੋਕਾਂ ਨੂੰ ਵੱਢਣ, ਕੁੱਟਣ, ਮਾਰਨ, ਤਬਾਹ ਕਰਨ ਦਾ ਸਭ ਤੋਂ ਵੱਡਾ ਚਿਹਰਾ-ਅਮਰੀਕਾ!!! ਸਾਂਤੀ ਦਾ ਪੁਜਾਰੀ ਤੇ ਵੱਡੇ ਚਰਿੱਤਰ ਦਾ ਦਿਖਾਵਾ ਕਰਨ ਲਈ ਮਸ਼ਹੂਰ, "ਰੱਜੇ ਢਿੱਡ ਫਾਰਸੀਆਂ ਬੋਲਣ" ਵਾਲਾ ਹੈ ਅਮਰੀਕਾ!!!!
ਉਹ ਅਮਰੀਕਾ, ਜਿਹੜਾ ਇੱਕ ਚੂੰਢੀ ਵੱਢਦਾ ਹੈ, ਨੌਂ ਮਣ ਲਹੂ ਕੱਢ ਲੈ ਜਾਂਦਾ ਆ। ਇਵੇਂ ਹੀ ਭਾਈ ਉਸ ਚੀਨ ਦੇ ਚੂੰਢੀ ਵੱਢੀ ਆ ਤੇ ਲੈ ਗਿਆ ਉੜਾਕੇ 300 ਅਰਬ ਡਾਲਰ! ਉਹਨੂੰ ਕਾਹਦਾ ਹਿੱਤ! ਮੋਦੀ ਜਦੋਂ ਅਮਰੀਕਾ ਜਾਂਦਾ, ਅਰਬਾਂ ਰੁਪਏ ਹਥਿਆਰਾਂ ਲਈ ਅਮਰੀਕਾ ਦੇ ਆਉਂਦਾ, ਅਮਰੀਕਾ ਰੰਗਾ-ਖੁਸ਼! ਚੀਨ ਉਹਦੇ ਕੁਝ ਪੱਲੇ ਨਹੀਂ ਪਾਉਂਦਾ, ਉਹ ਉਹਦੀ ਜੇਬੋਂ ਕੱਢ ਲਿਆਉਂਦਾ-ਅਮਰੀਕੀ ਰੰਗ ਖੁਸ਼ ਕਿਉਂਕਿ ਅਮਰੀਕਾ ਲਈ ਪੈਸੇ, ਧੰਨ, ਜਾਇਦਾਦ ਤੋਂ ਬਿਨ੍ਹਾਂ ਜ਼ਿੰਦਗੀ ਦੇ ਹੋਰ ਕੋਈ ਮਾਇਨੇ ਹੀ ਨਹੀਂ ਹੁੰਦੇ। ਤਦੇ ਕਹਿੰਦੇ ਆ, "ਸਾਮਰਾਜ ਦੀ ਨੀਤ,ਨਿੱਤ ਨਫਾ ਹੋਵੇ, ਹੋਰ ਏਸਦਾ ਨਾ ਸਰੋਕਾਰ, ਕੋਈ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਭਾਰਤੀ ਰਿਜ਼ਰਵ ਬੈਂਕ ਦੇ ਮੁਤਾਬਕ 31 ਮਾਰਚ 2019 ਤੱਕ ਭਾਰਤੀ ਬਜ਼ਾਰਾਂ ਵਿੱਚ 102 ਅਰਬ ਦੇ ਕਰੰਸੀ ਨੋਟਾਂ ਦਾ ਚਲਣ ਹੋ ਰਿਹਾ ਹੈ।
ਇੱਕ ਵਿਚਾਰ
ਕਿਸੇ ਮਿਸ਼ਨ ਵਿੱਚ ਸਫ਼ਲ ਹੋਣ ਲਈ ਤੁਹਾਡੇ ਕੋਲ ਇੱਕ ਸਪਸ਼ਟ ਨਿਸ਼ਾਨਾ ਅਤੇ ਕੰਮ ਦੀ ਪੂਰਤੀ ਲਈ ਸਮਰਪਨ ਦੀ ਭਾਵਨਾ ਹੋਣੀ ਚਾਹੀਦੀ ਹੈ।..............ਡਾ ਏ.ਪੀ.ਜੇ. ਅਬਦੁਲ ਕਲਾਮ
ਗਿਆਨ ਦੀਆਂ ਗੱਲਾਂ
· ਪਲੇਟੋ ਕਹਿੰਦਾ ਹੈ ਕਿ ਸਿਆਸਤ ਵਿੱਚ ਹਿੱਸਾ ਨਾ ਲੈਣ ਦਾ ਖ਼ਮਿਆਜ਼ਾ ਇਹ ਹੈ ਕਿ ਤੁਹਾਡੇ ਉਤੇ ਤੁਹਾਡੇ ਤੋਂ ਘੱਟ ਗਿਆਨ ਵਾਲੇ ਲੋਕ ਰਾਜ ਕਰਦੇ ਹਨ।
· ਮਾਰਕ ਹਨਾ ਦਾ ਕਥਨ ਹੈ ਕਿ ਦੋ ਚੀਜ਼ਾਂ ਮਹੱਤਵਪੂਰਨ ਹਨ। ਪਹਿਲੀ ਹੈ ਪੈਸਾ ਅਤੇ ਦੂਜੀ ਮੈਨੂੰ ਯਾਦ ਨਹੀਂ।
· ਆਸਕਰ ਕਮਾਰਿੰਗਰ ਆਖਦਾ ਹੈ ਕਿ ਦੋਨਾਂ ਨੂੰ ਇੱਕ ਦੂਜੇ ਤੋਂ ਬਚਾਉਣ ਦਾ ਵਾਇਦਾ ਕਰਦੇ ਹੋਏ, ਸਿਆਸਤ ਗਰੀਬਾਂ ਤੋਂ ਵੋਟ ਲੈਣ ਅਤੇ ਅਮੀਰਾਂ ਤੋਂ ਚੋਣਾਂ ਲਈ ਚੰਦਾ ਲੈਣ ਦੀ ਕਲਾ ਹੈ।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.