ਨਿੱਕੀ ਜੇਹੀ ਉਮਰ ਹੈ
ਇਹਨਾਂ ਫੁੱਲਾਂ ਦੀ
ਇਹਨਾਂ ਨੂੰ ਸਾਂਭ ਕੇ ਰੱਖ-
ਦੇਖੀਂ ਕਿਤੇ ਗੁਲਜ਼ਾਰਾਂ ਨਾ ਖਤਮ ਹੋ ਜਾਣ
ਜੇ ਇਹ ਫੁੱਲ ਨਾ ਰਹੇ
ਤਾਂ ਬਹਾਰਾਂ ਵੀ ਨਹੀਂ ਰਹਿਣੀਆਂ
ਬਹਾਰਾਂ ਨਾਲ ਹੀ ਹੁੰਦੀਆਂ ਨੇ ਗੁਲਜ਼ਾਰਾਂ-
ਵੈਸੇ ਤਾਂ ਹਰ ਸ਼ੈਅ ਆਵੇ ਜਾਵੇ
ਕੋਈ ਰਾਹੀ ਨਹੀਂ ਸਮਝ ਸਕਿਆ
ਇਹਨਾਂ ਰਾਹਾਂ ਨੂੰ
ਨਾ ਹੀ ਦੁੱਧ ਚਿੱਟੀਆਂ
ਖਿੜ੍ਹੀਆਂ ਕਪਾਹਾਂ ਨੂੰ
ਇਹ ਖੇਲ ਇੱਕ ਪਲਕ ਫ਼ੋਰ ਵਰਗਾ
ਇੱਕ ਪਲ ਦੀ ਇਹ ਸਾਰੀ ਦੁਨੀਆਂ
ਕਿਸ ਚੁਰਾਹੇ ਕੀ ਹੋ ਜਾਣਾ
ਪਤਾ ਨਹੀਂ ਹੈ
ਕਿਹੜੇ ਪਲਾਂ ਗੀਤ ਬਣ ਜਾਣਾ
ਕੋਈ ਨਾ ਜਾਣੇ
ਰਸਤੇ ਮਿਣ-ਮੰਜ਼ਿਲਾਂ ਲੱਭ
ਛੁਪੀ ਹੋਣੀ ਮੁਹੱਬਤ ਵੀ ਕਿਤੇ
ਇਸ਼ਕ ਵੀ ਹੋਣਾ ਜਾਗਦਾ ਅੱਖਾਂ ਮਲਦਾ-
ਦੇਖ ਬੱਚੇ ਦੇ ਛਣਕਣੇ ਚ
ਕਿੰਨੀਆਂ ਸੁਰਾ ਤੇ ਸੰਗੀਤ- ਸਾਰੀ ਉਮਰ ਦਾ-
ਆਪਾਂ ਵੀ ਤਾਂ ਪਹਿਲਾ ਰਾਗ ਓਥੋਂ ਹੀ ਸੁਣਿਆ
ਮਾਂ ਨੇ ਸੀ ਮੇਲੇ 'ਚੋਂ ਲਿਆ ਕੇ ਦਿਤਾ-
ਮੇਲਿਆਂ ਚ ਜਾਇਆ ਕਰ
ਰੌਣਕ ਮਿਲ ਜਾਵੇਗੀ-
ਨੱਚਦੇ ਦੇਖੇਂਗਾ ਗੀਤ-
ਆਪਸੀ ਲੜਾਈਆਂ 'ਚ ਕੀ ਪਿਆ-
ਕਿਤੇ ਨਾ ਕਿਤੇ ਐਂਵੇਂ ਖਪ ਮਰੇਂਗਾ-
ਲੋਅ ਲੱਭ ਕਿਤੇ ਲੁਕੀ ਹੋਣੀ
ਹਨ੍ਹੇਰੇ ਪੂੰਝੀਏ-
ਮਾਵਾਂ ਦੀਆਂ ਅੱਖਾਂ ਨੂੰ ਵੰਡੀਏ-
ਸੁੰਨ੍ਹੀਆਂ ਅੰਨ੍ਹੀਆਂ ਸਵਾਤਾਂ ਚ ਰੱਖੀਏ-
ਦੇਖ ਕਿੰਨੇ ਕੰਮ ਨੇ ਕਰਨ ਵਾਲੇ-
ਸੂਰਜ ਨੂੰ ਜਗਾਈਏ
ਘਰਾਂ ਚ ਲਿਜਾਈਏ
ਰਬਾਬ ਟੋਲੀਏ ਕਿਤੇ ਹੋਣਾ ਮਰਦਾਨਾ
ਰਾਗ ਆ ਜਾਣੇ ਬੂਹਿਆਂ ਤੇ-
ਰੂਹਾਂ ਖਿੜ੍ਹ ਜਾਣਗੀਆਂ-
ਪੰਛੀ ਵੀ ਗਾਉਣਗੇ ਰਲ ਕੇ-
ਫੁੱਲ ਖਿੜ੍ਹਨਗੇ-ਡਾਲੀਆਂ ਨੂੰ ਉਮਰ ਲੱਗੂ
ਇੰਜ਼ ਸ਼ਾਇਦ ਵਸ ਜਾਣ-ਉੱਜੜੇ ਘਰ ਵੀ
ਨਹੀਂ ਤਾਂ ਖਾ ਜਾਣੇ ਇਹਨਾਂ ਰਾਹਾਂ ਨੇ ਗੀਤ
ਟੁੱਟ ਜਾਣੇ ਬੱਚਿਆਂ ਦੇ ਖਿਡੌਣੇ
ਪਰ ਝੜ੍ਹ ਜਾਣਗੇ ਮੇਰੇ ਪਰਿੰਦਿਆਂ ਦੇ
ਰੁੱਖਾਂ ਤੇ ਕਿਸੇ ਪੀਂਘ ਨਹੀਂ ਪਾਉਣੀ-
ਮੇਲਿਆਂ 'ਚ ਕਿਤੇ ਢੋਲ ਨਹੀਂ ਵੱਜਣੇ
ਤੜਕਸਾਰ ਕਿਤੇ ਗੁਰੂ ਨਾਨਕ ਨੇ ਨਹੀਂ ਬੋਲਣਾ
ਖੇਤਾਂ ਨੇ ਨਹੀਂ ਉਡੀਕਣਾ ਕਿਸੇ ਮਾਲਕ ਨੂੰ-
ਤਲਵਾਰਾਂ ਤਰਸ਼ੂਲ ਇਹ ਕਿਸੇ ਨਾ ਕੰਮ
ਜਗਦੇ ਦੀਵੇ ਬੁਝਾਉਂਦੀਆਂ
ਹੱਸਦੇ ਵਸਦੇ ਦਰਾਂ ਤੇ
ਹੰਝੂ ਵੈਣ ਵਿਛਾਉਂਦੀਆਂ-
ਸਰਕਾਰ ਬਦਲ ਤਲਵਾਰ ਨਾ
ਖੁਦਕਸ਼ੀਆਂ ਰੋਕ ਅਖ਼ਬਾਰ ਨਾ
ਅਸੀਂ ਕੀ ਲੈਣਾ ਸਾਧਾਂ ਕੋਲੋਂ
ਲਾਲੋ ਦਾ ਰਾਹ ਫ਼ੜਿਆ ਕਰ
ਕਿਰਤ ਕਮਾਈ ਸੂਰਜ ਹੀਰਾ
ਹਰ ਸਵੇਰ 'ਚ ਜੜ੍ਹਿਆ ਕਰ
ਬਹੁਤ ਫੁੱਲਾਂ ਦੀਆਂ ਕਲਮਾਂ ਏਥੇ
ਸੁੰਨ੍ਹੇ ਵਿਹੜੇ ਭਰਿਆ ਕਰ-
-
ਡਾ. ਅਮਰਜੀਤ ਟਾਂਡਾ,
drtanda101@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.