ਖ਼ਬਰ ਹੈ ਕਿ ਦੁਨੀਆ ਭਰ ਵਿੱਚ ਮਸ਼ਹੂਰ ਅਮਰੀਕੀ ਮੈਗਜ਼ੀਨ "ਟਾਈਮ" ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ "ਪਾੜੇ ਪਾਉਣ ਵਾਲਾ ਮੁਖੀ" ਦੇ ਸਿਰਲੇਖ ਨਾਲ ਸਟੋਰੀ ਛਾਪੀ ਹੈ। ਆਤਿਸ਼ ਤਾਸੀਰ ਨਾਂਅ ਦੇ ਪੱਤਰਕਾਰ ਨੇ ਲਿਖਿਆ ਹੈ ਕਿ 2014 ਵਿੱਚ ਮੋਦੀ 'ਸਬਕਾ ਸਾਥ ਸਬਕਾ ਵਿਕਾਸ' ਦੇ ਨਾਹਰੇ ਨਾਲ ਸੱਤਾ ਵਿੱਚ ਆਏ ਪਰ ਪੰਜ ਸਾਲ ਉਹਨਾ ਇਸ ਨਾਅਰੇ ਦਾ ਮਤਲਬ ਵਿਅਰਥ ਕਰ ਦਿੱਤਾ। ਮੋਦੀ ਦੀ ਚੁਪੀ ਦਾ ਹਵਾਲਾ ਦਿੰਦਿਆ ਪੱਤਰਕਾਰ ਨੇ ਲਿਖਿਆ ਹੈ ਕਿ ਮੋਦੀ ਨੇ ਭਾਈਚਾਰਾ ਕਾਇਮ ਰੱਖਣ ਦੀ ਕੋਸ਼ਿਸ਼ ਹੀ ਕਦੇ ਨਹੀਂ ਕੀਤੀ ਅਤੇ ਦੇਸ਼ 'ਚ ਵਾਪਰੀਆਂ ਫਿਰਕੂ ਘਟਨਾਵਾਂ ਨੇ ਮੋਦੀ ਨੂੰ ਫਸਾਦੀਆਂ ਦੀ ਭੀੜ ਦਾ ਸਾਥੀ ਬਣਾ ਦਿੱਤਾ। ਇਥੋਂ ਤੱਕ ਕਿ ਮੋਦੀ ਨੇ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਭਾਈਚਾਰਾ ਕਾਇਮ ਰੱਖਣ ਦੀ ਮਨਸ਼ਾ ਵੀ ਕਦੇ ਜ਼ਾਹਰ ਨਹੀਂ ਕੀਤੀ। ਪੱਤਰਕਾਰ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੋਦੀ ਦੇ ਹੱਥੋਂ ਕੋਈ ਆਰਥਕ ਚਮਤਕਾਰ ਜਾਂ ਵਿਕਾਸ ਨਹੀਂ ਹੋ ਸਕਿਆ। ਪਰ ਇਸਦੇ ਬਾਵਜੂਦ ਵੀ ਹਰਿ ਹਰਿ ਮੋਦੀ, ਹਰ ਘਰ ਮੋਦੀ ਦੀ ਬਾਣੀ ਸੁਣਾਈ ਜਾ ਰਹੀ ਹੈ ਅਤੇ ਮੋਦੀ ਅਗਲਾ ਪ੍ਰਧਾਨ ਮੰਤਰੀ ਬਨਣ ਦਾ ਚਾਹਵਾਨ ਹੈ।
ਬਹੁਤ ਹੀ ਚੰਗਾ ਹੈ ਸਾਡਾ ਪ੍ਰਧਾਨ ਮੰਤਰੀ। ਬੋਲਦਾ ਹੈ ਤਾਂ ਬੋਲਦਾ ਹੀ ਤੁਰਿਆ ਜਾਂਦਾ ਹੈ। ਚੁੱਪ ਹੈ ਤਾਂ ਬੱਸ ਮੋਨੀ ਬਾਬਾ ਬਣ ਜਾਂਦਾ ਹੈ। ਤੁਰਦਾ ਹੈ ਤਾਂ ਬਸ ਜ਼ਹਾਜ਼ੇ ਚੜਿਆ ਤੁਰਿਆ ਜਾਂਦਾ ਹੈ। ਬੱਸ ਇੱਕ ਵੇਰ ਹੁਣ ਪੈਰ ਥੱਲੇ ਬਟੇਰਾ ਆ ਗਿਆ ਤਾਂ ਮਨ 'ਚ ਇਕੋ ਗੱਲ ਧਾਰੀ ਬੈਠਾ ਆ, ਇੱਕ ਵਾਰ ਹੋਰ, ਬਸ ਇੱਕ ਵਾਰ ਹੋਰ!
ਵੈਸੇ ਮੋਦੀ ਜੀ ਜਦੋਂ ਕ੍ਰਾਂਤੀ ਕਹਿੰਦੇ ਹਨ, ਲੋਕ ਦੰਗਾ ਸਮਝ ਲੈਂਦੇ ਹਨ। ਜਦੋਂ ਮੋਦੀ ਜੀ ਰਾਫੇਲ ਕਹਿੰਦੇ ਹਨ ਲੋਕ ਬੋਫਰਸ ਸਮਝ ਲੈਂਦੇ ਹਨ। ਮੋਦੀ ਹਰੀ ਬੱਤੀ ਜਲਾਉਂਦੇ ਹਨ, ਲੋਕ ਲਾਲ ਬੱਤੀ ਸਮਝ ਲੈਂਦੇ ਹਨ। ਮੋਦੀ "ਨਾਗਪੁਰ" ਕਹਿੰਦੇ ਹਨ, ਲੋਕ ਦਿੱਲੀ ਸਮਝ ਲੈਂਦੇ ਹਨ। ਮੋਦੀ 'ਰਾਮ' ਕਹਿੰਦੇ ਹਨ, ਲੋਕ ਆਰਾਮ ਸਮਝ ਲੈਂਦੇ ਹਨ। ਮੋਦੀ ਦੇਸ਼ ਨੂੰ ਨੋਟਬੰਦੀ ਅਤੇ ਜੀ ਐਸ ਟੀ ਦਾ ਨਵਾਂ ਵਿਚਾਰ ਦਿੰਦੇ ਹਨ, ਲੋਕ ਇਹਨੂੰ ਲੁੱਟ ਭੁੱਖ, ਬੇਰੁਜ਼ਗਾਰੀ, ਗਰੀਬੀ, ਭ੍ਰਿਸ਼ਟਾਚਾਰ ਸਮਝ ਲੈਂਦੇ ਹਨ। ਮੋਦੀ ਭਾਰਤ ਨੂੰ ਸੋਨੇ ਦੀ ਚਿੜੀ ਕਹਿੰਦੇ ਹਨ, ਲੋਕ ਇਹਨੂੰ ਫਟਿਆ, ਬੁੱਢਾ, ਬੀਮਾਰ ਲੋਕਤੰਤਰ ਸਮਝ ਲੈਂਦੇ ਹਨ।
ਪਰ ਇਸ ਸਭ ਕੁਝ ਦੇ ਬਾਵਜੂਦ ਕਿ ਮੋਦੀ ਆਪਣੇ ਆਪ ਨੂੰ "ਚੌਕੀਦਾਰ" ਕਹਿੰਦੇ ਹਨ, ਗਊ-ਭਗਤ ਸਮਝਦੇ ਹਨ। ਦੇਸ਼ ਭਗਤ ਕਹਿੰਦੇ ਹਨ, ਰਾਸ਼ਟਰਵਾਦੀ ਕਹਿੰਦੇ ਹਨ। ਪਰ ਦੇਸੀ-ਵਿਦੇਸ਼ੀ ਉਹਨੂੰ ਰੋਟੀਆਂ ਘੱਟ ਵੇਲਣ ਵਾਲੀ ਤੇ ਵਧ ਵੰਗਾਂ ਛਣਕਾਉਣ ਵਾਲੀ ਬਹੂ ਕਹਿੰਦੇ ਹਨ ਜਾਂ ਫਿਰਕੂ ਵੰਡ ਪਾਉਣ ਵਾਲਾ ਸੌਦਾਗਰ ਕਹਿੰਦੇ ਹਨ। ਇਸਦੇ ਬਾਵਜੂਦ ਉਹ ਗਰਮ-ਸਰਦ ਸਿੰਘਾਸਣ ਉਤੇ ਬੈਠਣ ਦੀ ਚਾਹਤ ਖ਼ਤਮ ਨਹੀਂ ਕਰ ਸਕਿਆ। ਤੇ ਗਲੀ, ਬਜ਼ਾਰ, ਪਿੰਡ ,ਸ਼ਹਿਰ, ਭਾਰਤ-ਭਗਤੀ 'ਚ ਮਗਨ ਬਸ ਇਕੋ ਰਟ ਦੇਸ਼ ਲਈ ਲਾਈ ਬੈਠਾ ਹੈ, "ਆਜ ਫਿਰ ਜੀਨੇ ਕੀ ਤਮੰਨਾ ਹੈ, ਆਜ ਫਿਰ ਮਰਨੇ ਕਾ ਇਰਾਦਾ ਹੈ"।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.