ਪੰਜਾਬੀ ਸਾਹਿਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਲੇਖਕ ਈਸ਼ਰ ਸਿੰਘ ਸੋਬਤੀ ਨੇ ਆਪਣੇ ਜੀਵਨ ਦੀ ਇਕ ਸਦੀ ਪੂਰੀ ਕਰ ਲਈ ਹੈ। ਈਸ਼ਰ ਸਿੰਘ ਸੋਬਤੀ ਦਾ ਜਨਮ 15 ਮਈ 1919 ਨੂੰ ਪਾਕਿਸਤਾਨ ਦੇ ਸੂਬਾ ਸਿੰਧ ਦੇ ਪਿੰਡ ਮੀਰ ਪੁਰ ਖਾਸ ਵਿਚ ਹੋਇਆ। ਗੁਲਾਮ ਦੇਸ਼ ਵਿਚ ਪੈਦਾ ਹੋਏ ਸੋਬਤੀ ਦੇ ਪਰਿਵਾਰ ਪਾਸ ਦੋ ਹਜ਼ਾਰ ਏਕੜ ਜ਼ਮੀਨ ਸੀ। ਆਪ ਨੇ ਉਸ ਵਕਤ ਬੀ ਏ ਪਾਸ ਕੀਤੀ। ਵਿਦਿਆਰਥੀ ਜੀਵਨ ਵਿਚ ਆਪ ਦਾ ਝੁਕਾਅ ਕਰਾਂਤੀਕਾਰੀ ਸਭਾ ਵੱਲ ਹੋ ਗਿਆ। ਆਪ ਪੂਰੇ ਜ਼ੋਰ ਸ਼ੋਰ ਨਾਲ ਅਜ਼ਾਦੀ ਦੀ ਲੜਾਈ ਵਿਚ ਕੁੱਦ ਪਏ। ਆਪ ਅਜੇ ਸਕੂਲ ਵਿਚ ਹੀ ਪੜ੍ਹਦੇ ਸਨ ਜਦੋਂ ਆਪ ਨੇ ਅੰਗਰੇਜ ਹਕੂਮਤ ਦਾ ਝੰਡਾ ਪਾੜ ਦਿੱਤਾ। ਜਿਸ ਕਾਰਣ ਆਪ ਨੂੰ ਗ੍ਰਿਫਤਾਰ ਕਰ ਕੇ ਤਸ਼ੱਦਦ ਕੀਤਾ ਗਿਆ। ਸਵਤੰਤਰਤਾ ਸੈਨਾਨੀ ਆਪ ਦੇ ਘਰ ਵਿਚ ਪਨਾਹ ਲੈਂਦੇ ਸਨ। ਪਾਕਿਸਤਾਨ ਵਿਚ ਸਰਦਾਰ ਪਟੇਲ ਆਪ ਦੇ ਜ਼ਿਗਰੀ ਯਾਰਾਂ ਵਿਚੋਂ ਸਨ । ਅਜ਼ਾਦੀ ਪਿਛੋਂ ਸੋਬਤੀ ਦਾ ਪਰਿਵਾਰ ਉਜੜ ਕੇ ਰਾਜਸਥਾਨ ਦੇ ਸ਼ਹਿਰ ਅਜਮੇਰ ਵਿਚ ਆ ਗਿਆ। ਖੁਸ਼ਹਾਲ ਜ਼ਿੰਦਗੀ ਤੋਂ ਇਕ ਦਮ ਗਰੀਬੀ ਦੀ ਅਵਸਥਾ ਵਿਚ ਆਉਣਾ ਕਿੰਨਾ ਤਕਲੀਫ ਦੇਹ ਹੁੰਦਾ ਹੈ ਇਹ ਸੋਬਤੀ ਦਾ ਪਰਿਵਾਰ ਹੀ ਜਾਣਦਾ ਹੈ।ਇਥੇ ਆਪ ਛੋਟੇ ਮੋਟੇ ਕੰਮ ਕਰ ਕੇ ਪਰਿਵਾਰ ਦਾ ਗੁਜ਼ਰ ਬਸ਼ਰ ਕਰਨ ਲੱਗੇ। ਬੜੀ ਭੱਜ ਨੱਸ ਤੋਂ ਬਾਅਦ ਇਨ੍ਹਾਂ ਨੂੰ ਪੰਜਾਬ ਵਿਚ ਸਿਰਫ ਦੋ ਸੌ ਏਕੜ ਜ਼ਮੀਨ ਅਲਾਟ ਹੋਈ। ਜੋ ਅਲੱਗ ਅਲੱਗ ਟੋਟਿਆਂ ਵਿਚ ਵੰਡੀ ਹੋਈ ਸੀ। ਪਰ ਆਪ ਨੇ ਹਿੰਮਤ ਨਹੀਂ ਹਾਰੀ ਸਗੋਂ ਮਿਹਨਤ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲੱਗੇ। ਈਸ਼ਰ ਸਿੰਘ ਸੋਬਤੀ ਦਾ ਜੀਵਨ ਗੁਰਸਿੱਖੀ ਨੂੰ ਪਰਨਾਇਆ ਹੋਇਆ ਹੈ। ਆਪ ਨੇ ਆਪਣੇ ਪਰਿਵਾਰ ਵਿਚ ਵੀ ਨੈਤਿਕ ਗੁਣ ਭਰਨ ਵਿਚ ਕੋਈ ਕਸਰ ਨਹੀਂ ਛੱਡੀ। ਸੋਬਤੀ ਦਾ ਵਿਆਹ ਸਰਦਾਰਨੀ ਹਰਸ਼ਰਨ ਕੌਰ ਨਾਲ ਹੋਇਆ ਜਿਸ ਤੋਂ ਆਪ ਦੇ ਤਿੰਨ ਬੇਟੇ ਹਨ। ਆਪ ਨੇ ਬੱਚਿਆਂ ਦੀ ਵਿਦਿਆ ਵੱਲ ਖਾਸ ਤਵੱਜੋਂ ਦਿੱਤੀ। ਇਸ ਦਾ ਹੀ ਨਤੀਜਾ ਹੈ ਕਿ ਆਪ ਦਾ ਸਾਰਾ ਪਰਿਵਾਰ ਹੀ ਉਚ ਯੋਗਤਾ ਪ੍ਰਾਪਤ ਪਰਿਵਾਰ ਹੈ।ਇਨ੍ਹਾਂ ਦਾ ਇਕ ਬੇਟਾ ਡਾਕਟਰ, ਇਕ ਬੇਟਾ ਸੁਪਰੀਮ ਕੋਰਟ ਵਿਚ ਵਕੀਲ ਅਤੇ ਇਕ ਬੇਟਾ ਇੰਗਲੈਂਡ ਵਿਚ ਸਥਾਪਿਤ ਹੈ। ਆਪ ਦੀਆਂ ਨੂੰਹਾਂ ਵੀ ਉਚ ਯੋਗਤਾ ਵਾਲੀਆਂ ਹਨ।ਖਾਸ ਗੱਲ ਇਹ ਹੈ ਕਿ ਆਪ ਦਾ ਸਾਰਾ ਪਰਿਵਾਰ ਹੀ ਸਿੱਖੀ ਨੂੰ ਪਰਣਾਇਆ ਹੋਇਆ ਹੈ। ਲੇਖਕ ਦੇ ਤੌਰ ਤੇ ਸੋਬਤੀ ਨੇ 9 ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਹਨ। ਜਿਨ੍ਹਾਂ ਵਿਚੋਂ ਇਕ ਅੰਗਰੇਜ਼ੀ, ਇਕ ਉਰਦੂ ਅਤੇ ਸੱਤ ਪੰਜਾਬੀ ਵਿਚ ਹਨ। ਆਪ ਦੀ ਵਿਸ਼ਵ ਪ੍ਰਸਿਧ ਪੁਸਤਕ 'ਕਿਵੇਂ ਮਰਨਾ' ਦੇ ਅੰਗਰੇਜੀ ਅਨੁਵਾਦ ਨੂੰ ਕੈਲੀਫੋਰਨੀਆਂ ਯੂਨੀਵਰਸਿਟੀ ਨੇ ਵੀ ਮਾਨਤਾ ਦਿੱਤੀ ਅਤੇ ਸੋਬਤੀ ਨੂੰ ਡੀ ਲਿਟ ਦੀ ਉਪਾਧੀ ਨਾਲ ਨਿਵਾਜਿਆ। ਉਸ ਵੇਲੇ ਆਪ ਦੀ ਉਮਰ 94 ਸਾਲ ਦੀ ਸੀ। ਆਪ ਪੰਜਾਬੀ ਸਾਹਿਤ ਅਕਾਡਮੀ ਦੇ ਜੀਵਨ ਮੈਂਬਰ ਹਨ। ਸਾਹਿਤ ਸੇਵਾ ਦੇ ਨਾਲ ਆਪ ਸਮਾਜ ਸੇਵਕ ਵੀ ਹਨ।ਇਸ ਵੇਲੇ ਆਪ ਸਭ ਤੋਂ ਵਡੀ ਉਮਰ ਦੇ ਸਵਤੰਤਰਤਾ ਸੈਨਾਨੀ ਹਨ।ਇਹ ਪਰਿਵਾਰ ਸ਼ਹਿਰ ਦਾ ਅਮੀਰ ਪਰਿਵਾਰ ਹੈ ਪਰ ਕਿਸੇ ਵੀ ਮੈਂਬਰ ਵਿਚ ਕਦੇ ਹੰਕਾਰ ਵਾਲੀ ਗੱਲ ਨਹੀਂ ਦੇਖੀ। ਸਾਡੇ ਇਸ ਮਾਣ ਮੱਤੇ ਲੇਖਕ ਨੇ ਆਪਣੇ ਜੀਵਨ ਦੀਆਂ ਸੌ ਬਹਾਰਾਂ ਤੇ ਪਤਝੜਾਂ ਨੂੰ ਮਾਣਿਆ ਹੈ।
ਲਾਲ ਕ੍ਰਿਸ਼ਨ ਆਡਵਾਨੀ ਦੇ ਪਿਤਾ ਜੀ ਸ: ਈਸ਼ਰ ਸਿੰਘ ਸੋਬਤੀ ਦੇ ਅਧਿਆਪਕ ਰਹੇ ਸਨ।
ਸਿਰਜਣਧਾਰਾ ਵੱਲੋਂ ਉਨ੍ਹਾਂ ਦੇ ਪਰਿਵਾਰ ਅਤੇ ਹੋਰ ਹਮ ਖਿਆਲ ਸਾਹਿਤਕ ਸੰਸਥਾਵਾ ਨਾਲ ਮਿਲ ਕੇ ਉਨ੍ਹਾਂ ਦਾ 101ਵਾਂ ਜਨਮ ਦਿਨ ਬੁਧਵਾਰ 15 ਮਈ ਸਵੇਰੇ 10 ਤੋਂ 12 ਵਜੇ ਤਕ ਗੁਰਦਵਾਰਾ ਸਿੰਘ ਸਭਾ ਸਰਾਭਾ ਨਗਰ ਵਿਖੇ ਮਨਾਇਆ ਜਾ ਰਿਹਾ ਹੈ।
-
ਦਵਿੰਦਰ ਸਿੰਘ ਸੇਖਾ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.