ਗਿਆਨੀ ਹਰੀ ਸਿੰਘ ਜੀ ਤੇ ਭਾਪਾ ਪ੍ਰੀਤਮ ਸਿੰਘ ਜੀ ਨਵਯੁਗ ਵਾਲਿਆਂ ਨੇ ਪੰਜਾਬੀ ਸਾਹਿੱਤ ਸਭਾ ਦਿੱਲੀ ਦਾ ਘਰ ਘਾਟ ਪੰਜਾਬੀ ਭਵਨ ਦੇ ਰੂਪ ਚ ਵਿਕਸਤ ਕਰਕੇ ਸ਼ਬਦ ਸਭਿਆਚਾਰ ਦੇ ਪਸਾਰ ਲਈ ਸਮਕਾਲੀ ਸਾਹਿੱਤ ਨਾਮ ਹੇਠ ਤ੍ਰੈਮਾਸਿਕ ਸਾਹਿੱਤਕ ਪਰਚਾ ਸ਼ੁਰੂ ਕਰਕੇ ਗਹਿਰ ਗੰਭੀਰੇ ਪਾਠਕਾਂ ਲਈ ਚੰਗਾ ਆਧਾਰ ਢਾਂਚਾ ਸਿਰਜਿਆ ਸੀ।
ਇਸ ਨੂੰ ਭਾਪਾ ਜੀ ਦੇ ਵਿਉਂਤਕਾਰੀ ਹੱਥਾਂ ਨੇ ਅਜਿਹੀ ਛੱਬ ਪ੍ਰਦਾਨ ਕੀਤੀ ਕਿ ਹੁਣ ਤੀਕ ਨਹੀਂ ਡੋਲਿਆ।
ਡਾ: ਕਰਨਜੀਤ ਸਿੰਘ ਲੰਮਾ ਸਮਾਂ ਇਸ ਦੀ ਖੂਬਸੂਰਤ ਸੰਪਾਦਨਾ ਕਰਦੇ ਰਹੇ, ਫਿਰ ਦਰਸ਼ਨ ਸਿੰਘ ਸੋਵੀਅਤ ਦੂਤਾਵਾਸ ਵਾਲੇ ਨਾਵਲਕਾਰ।
ਹੁਣ ਬਲਬੀਰ ਮਾਧੋਪੁਰੀ ਦਾ ਸਜੀਵ ਸੰਪਾਦਨ ਹਾਜ਼ਰ ਹੈ।
ਬਲਬੀਰ ਸਾਡਾ ਰੌਸ਼ਨ ਉਮੀਦ ਵਰਗਾ ਬੇਲੀ ਹੈ। ਨਿਰੰਤਰ ਤੁਰਦਾ ਸੋਚਦਾ ਪੱਲ੍ਹਰਦਾ ਛਾਂਗਿਆ ਰੁੱਖ।
ਹੁਸ਼ਿਆਰਪੁਰੀਆ ਹੋਸ਼ਿਆਰ ਰਹਿਣ ਤੇ ਰੱਖਣ ਵਾਲਾ।
ਇਹ ਅੰਮ੍ਰਿਤਾ ਜੀ ਦਾ ਜਨਮ ਸ਼ਤਾਬਦੀ ਸਾਲ ਹੈ। ਜਸਵੰਤ ਸਿੰਘ ਕੰਵਲ, ਗੁਰਦੇਵ ਸਿਘ ਮਾਨ ਤੇ ਈਸ਼ਰ ਸਿੰਘ ਸੋਬਤੀ ਵਾਂਗ।
ਸ ਸ ਨਰੂਲਾ ਜੀ ਦੀ ਜਨਮ ਸ਼ਤਾਬਦੀ ਪਿਛਲੇ ਸਾਲ ਸੁੱਕੀ ਲੰਘ ਗਈ, ਸਿਰਫ਼ ਭਾਰਤੀ ਸਾਹਿੱਤ ਅਕਾਦਮੀ ਨੇ ਇੱਕ ਸੈਮੀਨਾਰ ਕੀਤਾ ਲੁਧਿਆਣੇ,ਕਾਰਵਾਈ ਵਰਗਾ।
ਕਦੇ ਲਿਖਾਰੀਆਂ ਦੀਆਂ ਜਨਮ ਸ਼ਤਾਬਦੀ ਡਾਕ ਟਿਕਟਾਂ ਜਾਰੀ ਹੁੰਦੀਆਂ ਸਨ, ਪਰ ਹੁਣ ਦੁਸ਼ਿਅੰਤ ਕੁਮਾਰ ਦੇ ਕਹਿਣ ਮੁਤਾਬਕ
ਅਬ ਕਿ ਇਸ ਬਾਜ਼ਾਰ ਮੇਂ ਬਾਰਾਤ ਹੋ ਯਾ ਵਾਰਦਾਤ,
ਅਬ ਕਿਸੀ ਭੀ ਬਾਤ ਪਰ ਖੁਲਤੀ ਨਹੀਂ ਹੈਂ ਖਿੜਕੀਆਂ।
ਸ਼ੁਕਰ ਹੈ ਕਿ ਪੰਜਾਬੀ ਸਾਹਿੱਤ ਸਭਾ ਦਿੱਲੀ ਨੇ ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਵੱਲ ਸੱਜਰੀ ਹਵਾ ਲਈ ਖਿੜਕੀ ਖੋਲ੍ਹੀ ਹੈ।
ਅਪ੍ਰੈਲ ਤੋਂ ਜੂਨ 2019 ਤਿਮਾਹੀ ਵਾਲੇ ਅੰਕ ਚ ਮੇਰੇ ਵੱਡੇ ਪ੍ਰਬੁੱਧ ਵੀਰ ਜੰਗ ਬਹਾਦਰ ਗੋਇਲ ਦਾ ਬੇਹੱਦ ਜ਼ਹੀਨ ਲੇਖ ਛਪਿਆ ਹੈ। ਬੁਨਿਆਦੀ ਲੇਖ ਹੈ ਇਸ ਅੰਕ ਦਾ।
ਜਸਬੀਰ ਭੁੱਲਰ, ਮੋਹਨਜੀਤ, ਬਚਿੰਤ ਕੌਰ ਤੋਂ ਇਲਾਵਾ ਸੰਦੀਪ ਕੌਰ ਤੇ ਸਰਬਜੀਤ ਕੌਰ ਦੇ ਸੋਹਣੇ ਲੇਖ ਹਨ।
ਸਰਬਜੀਤ ਨੇ ਬਾ ਕਮਾਲ ਲੇਖ ਵਿੱਚ
ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਚ ਦੇਸ਼ ਵੰਡ ਦੁਖਾਂਤ ਨੂੰ ਬਹੁਤ ਸੋਹਣਾ ਚਿਤਰਿਆ ਹੈ।
ਅੰਮ੍ਰਿਤਾ ਪ੍ਰੀਤਮ ਦੀ ਸ੍ਵੈਜੀਵਨੀ ਰਸੀਦੀ ਟਿਕਟ ਚੋਂ ਕੁਝ ਅੰਸ਼ ਇਸ ਅੰਕ ਦੀ ਸ਼ਾਨ ਹਨ। ਕੁਝ ਯਾਦਗਾਰੀ ਤਸਵੀਰਾਂ ਸੰਭਾਲਣ ਯੋਗ ਹਨ।
ਕੁਝ ਫੁਟਕਲ ਰਚਨਾਵਾਂ ਹਨ ਲੇਖਕਾਂ ਦੀਆਂ ਆਪੋ ਆਪਣੀਆਂ। ਕੁਝ ਅਨੁਵਾਦ ਤੇ ਆਲੋਚਨਾਤਮਕ ਲੇਖ।
ਪਰਚਾ ਸਾਰਾ ਹੀ ਮੂੰਹੋਂ ਬੋਲਦਾ ਹੈ।
ਇਸ ਚੰਗੇ ਕਾਰਜ ਲਈ ਪੜਜਾਬੀ ਸਾਹਿੱਤ ਸਭਾ ਟੀਮ ਮੁਬਾਰਕ ਦੀ ਹੱਕਦਾਰ ਹੈ।
ਗੁਰਭਜਨ ਗਿੱਲ
13.5.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.