ਅੱਜ ਦੇ ਇਸ ਵਰਤਮਾਨ ਯੁੱਗ ਵਿੱਚ, ਅਸੀਂ ਬਹੁਤ ਹੱਦ ਤੱਕ ਕਾਰਪੋਰੇਟ ਦੀ ਗ਼ੁਲਾਮੀ ਵੱਲ ਧੱਕੇ ਜਾ ਚੁੱਕੇ ਹਾਂ ਅਤੇ ਪੂਰੀ ਤੇਜ਼ ਗਤੀ ਨਾਲ ਇਸ ਗ਼ੁਲਾਮੀ ਵੱਲ ਅੱਗੇ ਵੱਧ ਰਹੇ ਹਾਂ। ਸਾਡੀਆਂ ਸੜਕਾਂ ਤੇ ਲੱਗੇ ਟੋਲ ਪਲਾਜ਼ਿਆਂ ਤੋਂ, ਇਹ ਗ਼ੁਲਾਮੀ ਦੀ ਸਪਸ਼ਟ ਤਸਵੀਰ ਸਮਝੀ ਜਾ ਸਕਦੀ ਹੈ।ਟੋਲ ਪਲਾਜ਼ਾ ਸੜਕ ਬਣਾਉਣ ਦੇ ਖ਼ਰਚੇ ਦੇ ਅੰਕੜਿਆਂ ਦੇ ਜ਼ਿਕਰ ਕੀਤਿਆਂ ਬਿਨਾ ਹੀ, ਇਹ ਸਮਝ ਆ ਸਕਦੀ ਹੈ ਕਿ ਟੋਲ ਪਲਾਜ਼ਿਆਂ ਵਾਲੀਆਂ ਇਹ ਸੜਕਾਂ ਸਾਡੀਆਂ ਸਰਕਾਰਾਂ ਵੀ ਬਣਾ ਸਕਦੀਆਂ ਹਨ। ਜੇਕਰ ਕਿਸੇ ਨੂੰ ਇਹ ਭੁਲੇਖਾ ਹੋਵੇ ਕਿ ਨਿੱਜੀ ਪੂੰਜੀ ਨਿਵੇਸ਼ ਦੀ ਲੋੜ ਕਾਰਨ ਇਹ ਟੋਲ ਪਲਾਜ਼ਿਆਂ ਵਾਲੀਆਂ ਸੜਕਾਂ ਇਹਨਾਂ ਕੰਪਨੀਆਂ ਤੋਂ ਬਣਵਾਈਆਂ ਗਈਆਂ ਹਨ, ਤਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਅਜਿਹੇ ਕਿਨ੍ਹੇ ਹੀ ਕਾਰਪੋਰੇਟਾਂ ਨੂੰ ਕਿੰਨੀਆਂ ਵੱਡੀਆਂ ਰਕਮਾਂ ਦੇ ਕਰਜ਼ੇ,ਨਾ ਮੁੜਨ ਯੋਗ ਐਲਾਨ ਕਰ ਕੇ ਸਿੱਧੇ ਹੀ ਮਾਫ਼ ਕਰ ਦਿੱਤੇ ਜਾਂਦੇ ਹਨ। ਸਿਰਫ਼ ਅਪ੍ਰੈਲ 2018 ਤੋਂ ਦਸੰਬਰ 2018ਤੱਕ 1,56,702 ਕਰੋੜ ਇਹਨਾਂ ਕਾਰਪੋਰੇਟਾਂ ਨੂੰ ਮਾਫ਼ ਕੀਤੇ ਗਏ ਹਨ। ਇਸ ਤੋਂ ਬਿਨਾ ਵੀ ਇਹਨਾਂ ਕਾਰਪੋਰੇਟਾਂ ਨੂੰ ਦਿੱਤੇ ਜਾਂਦੇ ਆਰਥਿਕ ਲਾਭਾਂ ਦੇ ਢੇਰ ਲੱਗੇ ਹੋਏ ਹਨ।
ਸੜਕਾਂ ਤੇ ਲੱਗੇ ਟੋਲ ਪਲਾਜ਼ਾ, ਅਸਲ ਵਿੱਚ ਸਰਕਾਰੀ ਮਨਜ਼ੂਰੀ ਵਾਲੇ ਸਰਕਾਰੀ ਗੁੰਡਾ ਟੈਕਸ ਹੀ ਹਨ।
ਟੋਲ ਪਲਾਜ਼ਿਆ ਉੱਪਰ, ਟੋਲ ਪਲਾਜ਼ਾ ਵਾਲਿਆਂ ਵੱਲੋਂ ਹੁੰਦੀਆਂ ਮਾਰਕੁੱਟ ਦੀਆਂ ਘਟਨਾਵਾਂ,ਅੰਗਰੇਜ਼ਾਂ ਵੇਲੇ ਹੁੰਦੀ ਸਰਕਾਰੀ ਲੁੱਟ ਅਤੇ ਕੁੱਟ ਨਾਲ ਮੇਲ ਖਾਂਦੀਆਂ ਹਨ। ਅਪ੍ਰੈਲ 2019 ਦੇ ਸ਼ੁਰੂ ਵਿੱਚ ਜਲੰਧਰ ਅੰਮ੍ਰਿਤਸਰ ਹਾਈਵੇ ਤੇ ਢਿਲਵਾਂ ਟੋਲ ਪਲਾਜ਼ਾ ਉੱਤੇ ਗੁੰਡਾ ਗਰਦੀ ਦੀ ਘਟਨਾ ਵਾਇਰਲ ਹੋਈ। ਜਿਸ ਵਿੱਚ 20ਮਿੰਟ ਤੋਂ ਵੱਧ ਸਮਾਂ ਬੀਤ ਜਾਣ ਕਾਰਨ ਟੋਲ ਨਾ ਕਟਵਾਉਣ ਦੀ ਗੱਲ ਕਰਨੀ ਹੀ ਵੱਡਾ ਜੁਰਮ ਹੋ ਗਈ, ਜਿਸ ਤੇ ਕਾਰ ਦੀ ਤੋੜ ਭੰਨ ਕਰ ਦਿੱਤੀ ਗਈ ਅਤੇ ਕਾਰ ਸਵਾਰ ਵੀ ਜ਼ਖਮੀ ਹੋਏ। ਇਸੇ ਤਰਾਂ ਟੋਲ ਪਲਾਜ਼ਾ ਤੇ ਤੇਜ਼ ਧਾਰ ਹਥਿਆਰ ਨਾਲ ਬਾਂਹ ਤੇ ਹਮਲਾ ਕਰਨ ਦੀ ਵੀਡੀਓ ਵੀ ਵਾਇਰਲ ਹੋਈ ਹੈ। ਸੀਮਤ ਸਮੇਂ ਤੋਂ ਜ਼ਿਆਦਾ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਟੋਲ ਦੇਣ ਦਾ ਕਾਨੂੰਨ ਹੈ ਜਾਂ ਨਹੀਂ ? ਇਸ ਵਿਸ਼ੇ ਤੇ ਇਹਨਾਂ ਜ਼ਿਆਦਾ ਰੋਲਾ ਪੈਣ ਬਾਅਦ ਵੀ ਸਾਡੀਆਂ ਸਰਕਾਰਾਂ ਨਾ ਤਾਂ ਇਹ ਸਪਸ਼ਟ ਕਰ ਸਕੀਆਂ ਕਿ ਇਹ ਕਾਨੂੰਨ ਨਹੀਂ ਹੈ ਅਤੇ ਨਾ ਹੀ ਇਸ ਨੂੰ ਲਾਗੂ ਕਰਵਾ ਸਕੀਆਂ।
ਟੋਲ ਪਲਾਜ਼ਾ, ਸਾਡੇ ਸੰਵਿਧਾਨ ਦੁਆਰਾ ਸਾਨੂੰ ਆਪਣੇ ਦੇਸ਼ ਵਿੱਚ ਘੁੰਮਣ ਫਿਰਨ ਦੀ ਆਜ਼ਾਦੀ ਦੇ ਦਿੱਤੇ ਅਧਿਕਾਰ ਦੀ ਵੀ ਉਲੰਘਣਾ ਹੈ। ਕਿਉਂਕਿ ਹੁਣ ਅਸੀਂ ਘੁੰਮਣ ਫਿਰਨ ਲਈ ਆਜ਼ਾਦ ਨਹੀਂ। ਬਲਕਿ ਘੁੰਮਣ ਲਈ ਟੈਕਸ ਦੇਣ ਲਈ ਮਜਬੂਰ ਹਾਂ।
ਕਿਨ੍ਹਾਂ ਵੱਡਾ ਸਵਾਲ ਹੈ ਕਿ ਸਾਡੇ ਦੇਸ਼ ਦੀਆਂ ਸੜਕਾਂ ਹੀ ਸਾਡੀਆਂ ਆਪਣੀਆਂ ਨਹੀਂ ਰਹੀਆਂ।
ਟੋਲ ਸੜਕਾਂ, ਲੁੱਕ ਦੀਆਂ ਸੜਕਾਂ ਵਾਂਗ ਇੱਕ ਸਾਰ (ਸਮਤਲ) ਵੀ ਨਹੀਂ ਹਨ। ਰਾਮਪੁਰਾ (ਜ਼ਿਲ੍ਹਾ-ਬਠਿੰਡਾ) ਦੇ ਨੇੜੇ ਭੁੱਚੋ ਟੋਲ ਪਲਾਜ਼ਾ ਦੇ ਨਾਲ ਹੀ ਇਸ ਟੋਲ ਪਲਾਜ਼ਾ ਸੜਕ ਤੇ ਰੇਲਵੇ ਫਾਟਕ ਸਥਿਤ ਹੈ। ਇੱਥੋਂ ਤੱਕ ਕਿ ਰੇਲਵੇ ਫਾਟਕ ਨੂੰ ਡਬਲ ਸੜਕ ਵੀ ਨਹੀਂ ਕੀਤਾ ਗਿਆ। ਇਸ ਲਈ, ਹਰ ਵਹੀਕਲ ਨੂੰ ਲਗਭਗ ਰੁਕ ਕੇ ਹੀ ਫਾਟਕ ਪਾਰ ਕਰਨਾ ਪੈਂਦਾ ਹੈ, ਜਾਮ ਵੀ ਅਕਸਰ ਲੱਗ ਜਾਂਦਾ ਹੈ। ਫਾਟਕ ਬੰਦ ਹੋਣ ਦੀ ਹਾਲਤ ਵਿੱਚ 10ਮਿੰਟ ਰੁਕਣਾ ਵੀ ਪੈ ਸਕਦਾ ਹੈ। ਇਹਨਾਂ ਊਣਤਾਈਆਂ ਜਾਂ ਧੱਕਿਆਂ ਦਾ ਕਾਰਨ ਭਾਵੇਂ ਟੋਲ ਪਲਾਜ਼ਾ ਦੇ ਨਰਮ ਕਾਨੂੰਨ ਹੋਣ ਜਾਂ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੋਵੇ। ਇਹ ਦੋਹੇਂ ਹਾਲਤਾਂ, ਕਾਰਪੋਰੇਟ ਕੰਪਨੀਆਂ ਦਾ ਸਾਡੇ ਤੇ ਰਾਜ ਕਰਨ ਦੀ ਸਥਿਤੀ ਨੂੰ ਬਿਆਨ ਕਰਦੀਆਂ ਹਨ।
ਉਂਜ ਸਾਡੀਆਂ ਸੜਕਾਂ ਦੇ ਸੰਸਾਧਨ ਹੀ ਸਾਡੇ ਤੋਂ ਨਹੀਂ ਖੋਹੇ ਗਏ। ਸਾਡੇ ਮੁਲਕ ਦੇ ਸਾਰੇ ਹੀ ਸੰਸਾਧਨ ਲਗਾਤਾਰ ਇਹਨਾਂ ਕਾਰਪੋਰੇਟ ਘਰਾਨਿਆਂ ਕੇ ਸਪੁਰਦ ਕੀਤੇ ਜਾ ਰਹੇ ਹਨ। ਫਰਵਰੀ 2019 ਵਿੱਚ ਸਾਡੇ ਛੇ ਹਵਾਈ ਅੱਡੇ ਇਹਨਾਂ ਦੇ ਸਪੁਰਦ ਕਰ ਦਿੱਤੇ ਗਏ। ਬੀ.ਐਸ.ਐਨ.ਐਲ. ਨੂੰ ਟੇਢੇ ਢੰਗ ਨਾਲ ਰਿਲਾਇੰਸ-ਜੀਓ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹੋਰ ਪਤਾ ਨੀ ਕਿਨ੍ਹਾਂ ਹੀ ਕੁੱਝ ਵਾਪਰ ਗਿਆ ਹੈ ਅਤੇ ਵਾਪਰ ਰਿਹਾ ਹੈ।
ਇਹ ਸਾਰਾ ਹੀ ਕੁੱਝ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਹੈ ਪਰ ਇਹ ਸਾਰੇ ਧੱਕੇ ਖ਼ਿਲਾਫ਼ ਬੋਲਣ ਨਾਲੋਂ ਅਸੀਂ ਆਪਣੇ ਆਪ ਨੂੰ ਗੈਰ ਸਿਆਸੀ ਘੋਸ਼ਿਤ ਕਰਨ ਵਿੱਚ ਵੱਧ ਮਹਿਫ਼ੂਜ਼ ਤੇ ਸਿਆਣੇ ਮਹਿਸੂਸ ਕਰਦੇ ਹਾਂ। ਕਾਰਪੋਰੇਟ ਅਤੇ ਸਿਆਸਤ, ਲੋਕਾਂ ਦਾ ਇੱਕ ਅਜਿਹਾ ਖ਼ਾਸ ਵਰਗ ਵੀ ਤਿਆਰ ਕਰਨ ਵਿੱਚ ਕਾਮਯਾਬ ਰਹੇ ਹਨ,ਜੋ ਅਜਿਹੇ ਧੱਕਿਆਂ ਖ਼ਿਲਾਫ਼ ਬੋਲਣ ਵਾਲਿਆਂ ਨੂੰ ਦੇਸ਼ ਦੇ ਦੁਸ਼ਮਣ ਸਮਝਦਾ ਹੈ। ਇਹ ਖਾਸ ਵਰਗ, ਕਾਰਪੋਰੇਟ ਲੁੱਟ ਖ਼ਿਲਾਫ਼ ਬਣਦੀ ਸਪਸ਼ਟ ਸਮਝ ਨੂੰ ਧੁੰਦਲਾ ਕਰਨ ਦਾ ਮਾਧਿਅਮ ਬਣ ਰਿਹਾ ਹੈ।
ਸਾਡੇ ਹਾਕਮਾਂ ਦਾ ਮੀਡੀਆ ਉੱਤੇ ਕੀਤਾ ਕੰਟਰੋਲ, ਸਾਡੀ ਖੁੱਸ ਰਹੀ ਆਜ਼ਾਦੀ ਤੋਂ ਸਾਡਾ ਧਿਆਨ ਲਗਾਤਾਰ ਪਾਸੇ ਰੱਖਣ ਵਿੱਚ ਹੀ ਸਫਲ ਨਹੀਂ ਹੋ ਰਿਹਾ, ਸਗੋਂ ਉਪਰੋਕਤ ਕਿਸਮ ਦੇ ਖ਼ਾਸ ਵਰਗ ਨੂੰ ਵੀ ਪੈਦਾ ਕਰਨ ਤੇ ਉਤਸ਼ਾਹਿਤ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ।
12-05-2019
-
ਗਗਨ ਗਰੋਵਰ, ਲੇਖਕ
gagan9872507229@gmail.com
98725-07229
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.