ਸਮਰਾਲੇ ਦੀ ਬੁੱਕਲ 'ਚ ਵਸਦੇ ਪਿੰਡ ਪੜਪੌਦੀ ਵਿਖੇ 11 ਮਈ 1912 ਨੂੰ ਸਅਦਤ ਹਸਨ ਮੰਟੋ ਦਾ ਜਨਮ ਹੋਇਆ।ਮੰਟੋ ਅਪਣੇ ਪਿਤਾ ਦੀ ਦੂਸਰੀ ਬੀਵੀ ਸਰਦਾਰ ਬੇਗਮ ਤੋਂ ਪੈਦਾ ਹੋਇਆ ਸੀ। ਉਸ ਦੀ ਇਕ ਵੱਡੀ ਭੈਣ ਤੇ ਤਿੰਨ ਮਤਰਏ ਭਰਾ ਸਨ।
ਸਮਰਾਲੇ ਨਾਲ ਵਾਹ ਹੋਣ ਕਾਰਣ ਜਾਂ ਫਿਰ ਕਿਸੇ ਹੋਰ ਕਾਰਨ ਮੰਟੋ ਮੇਰਾ ਪਸੰਦੀ ਦਾ ਸਾਹਿਤਕਾਰ ਹੈ। ਮੰਟੋ ਨਾਲ ਮੇਰੀ ਜਾਣਪਛਾਣ ਉਦੋ ਹੋਈ ਜਦੋ ਸਮਰਾਲੇ ਦੇ ਅਦਬੀ ਸੱਜਣਾ ਮਾ. ਤਰਲੋਚਨ ਸਮਰਾਲਾ, ਡਾ. ਦਲਜੀਤ ਸ਼ਾਹੀ, ਰਾਜਵਿੰਦਰ ਸਮਰਾਲਾ ਤੇ ਉਹਨਾਂ ਦੀ ਟੀਮ ਨੇ ਸਮਰਾਲੇ ਵਿੱਖੇ ਸਅਦਤ ਹਸਨ ਮੰਟੋ ਦੀ ਜਨਮ ਸ਼ਤਾਬਦੀ ਮਣਾਈ। ਇਸ ਮੌਕੇ ਮੰਟੋ ਸਾਬ ਦੀਆਂ ਬੇਟੀਆਂ ਪਾਕਿਸਤਾਨ ਤੋਂ ਉਚੇਚੇ ਤੋਰ ਤੇ ਸਮਰਾਲੇ ਇਸ ਸਮਾਗਮ ਵਿੱਚ ਪਹੁੰਚੀਆਂ ਸਨ। ਉਸ ਸਮਾਗਮ ਵਿੱਚ ਪਰਬੰਧਕਾ ਵੱਲੋ ਆਏ ਮਹਿਮਾਨਾਂ ਨੂੰ ਜੋ ਯਾਦਗਾਰੀ ਨਿਸ਼ਾਨੀ ਦਿੱਤੀ ਗਈ ਉਹ ਸੀ ਇਕ ਵੱਡ ਅਕਾਰੀ ਮੰਟੋ ਸਾਬ ਦੀ ਫੋਟੋ ਜਿਸ ਵਿੱਚ ਮੋਟੇ ਸ਼ਿਸ਼ਿਆ ਦੀ ਐਨਕ ਲਾਈਂ ਲੰਮਾ ,ਚਪਟਾ ਮੱਥਾ ਜਿਵੇਂ ਪੋਣਾ ਕੁ ਚੰਦ ਹੋਵੇ ਗੋਰੇ ਚਿਹਰੇ ਵਾਲਾ ਇਨਸਾਨ ਬੈਠਾ ਸੀ। ਜਿਸ ਦੇ ਹੱਥਾ ਦੀਆਂ ਨਾੜਾਂ ਉਭਰੀਆਂ ਹੋਈਆਂ ਸਨ। ਇਕ ਕਿੑਸ਼ਮਈ ਖਿੱਚ ਸੀ ਉਸ ਸਖਸ਼ ਵਿੱਚ। ਇਸ ਤਰਾਂ ਮੇਰੀ ਤੇ ਮੰਟੋ ਸਾਬ ਦੀ ਪੑਭਾਵਸ਼ਾਲੀ ਜਾਣਪਛਾਣ ਹੋਈ ਜੋ ਬਾਅਦ ਵਿੱਚ ਉਹਨਾਂ ਦੀਆਂ ਕਹਾਣੀਆਂ ਪੜਦਿਆਂ ਪੜਦਿਆਂ ਗੂੜੀ ਆੜੀ ਵਿੱਚ ਬਦਲ ਗਈ।
ਮੰਟੋ ਜਿਨੇ ਸਾਲ ਜਿਵਿਆ ਉਸ ਤੋ ਕਈ ਗੁਣਾ ਜਿਆਦਾ ਲਿਖਤਾ ਸਾਨੂੰ ਦੇ ਗਿਆ। ਉਹਨਾਂ ਨੇ ਅਠਾਰਾਂ ਕਹਾਣੀ ਸੰਗੑਹਿ ,ਤਿੰਨ ਨਿਬੰਧ ਸੰਗੑਹਿ , ਦੋ ਰੇਖਾ ਚਿੱਤਰ ਸੰਗੑਹਿ, ਦੋ ਸੌ ਦੇ ਕਰੀਬ ਰੇਡੀਓ ਨਾਟਕ, ਅਪਣੇ ਮੁਕੱਦਮਿਆ ਬਾਰੇ ਇਕ ਕਿਤਾਬ,ਅਣਗਿਣਤ ਅਖਬਾਰੀ ਲੇਖ ਤੇ ਅਨੇਕਾ ਹੀ ਫਿਲਮਾਂ ਦੇ ਅਫਸਾਨੇ ਲਿਖੇ । ਕੇਵਲ 42-43 ਸਾਲ ਦੀ ਉਮਰ 'ਚ ਹੀ ਐਨਾ ਕੁਝ ਲਿਖ ਜਾਣ ਦਾ ਕਮਾਲ ਕੇਵਲ ਮੰਟੋ ਸਾਬ ਦੇ ਹੀ ਹਿੱਸੇ ਆਇਆ ਹੈ।
ਮੰਟੋ ਨਾਲ ਮੇਰੀ ਆੜੀ ਦਾ ਇਕ ਕਾਰਨ ਸ਼ਾਇਦ ਇਹ ਵੀ ਹੈ ਕਿ ਉਸ ਨੂੰ ਵੀ ਇੱਕ ਅੜਬੈਲ ਤੇ ਮੋਹਖੋਰਾ ਪਿਤਾ ਮੀਲਿਆ ਤੇ ਮੈਨੂੰ ਵੀ। ਉਸ ਦਾ ਬਚਪਨ ਵੀ ਪਿਉ ਦੀਆਂ ਝਿੜਕਾਂ ਨਾਲ ਕੰਬਦਾ ਰਿਹਾ ਤੇ ਮੇਰਾ ਵੀ। ਉਸ ਦੀ ਮਾਂ ਵੀ ਪਿਤਾ ਦੀ ਹੈਂਕੜ ਅੱਗੇ ਝੁਕਦੀ ਰਹੀ ਤੇ ਮੇਰੀ ਵੀ। ਇਹ ਵੱਖਰੀ ਗੱਲ ਏ ਕਿ ਉਸ ਦਾ ਪਿਤਾ ਇਕ ਉੱਚ ਸਰਕਾਰੀ ਰੁਤਬੇ ਦਾ ਮਾਲਿਕ ਸੀ ਤੇ ਮੇਰਾ ਆਪੂ ਬਣਿਆਂ ਰੱਬ।
ਮੰਟੋ ਨੇ ਵੱਡਾ ਤੇ ਮਹਾਨ ਬਣਨਾ ਸੀ ਇਸ ਲਈ ਉਹ ਪਿਤਾ ਦੇ ਰੁਤਬੇ ਦੇ ਸ਼ੋਹਰਤ ਨੂੰ ਠੁਕਰਾ ਬੰਬਈ ਪਹੁੰਚ ਗਿਆ। ਉੱਥੇ ਉਸ ਨੇ ਉਹ ਕਰ ਵਿਖਾਇਆ ਜੋ ਸ਼ਾਇਦ ਪਿਤਾ ਨੇ ਸੋਚਿਆ ਵੀ ਨਹੀਂ ਸੀ। ਉਸ ਨੇ ਬਾਬੂ ਗੋਪੀ ਨਾਥ ,ਸਹਾਏ,ਗੁਰਮੁੱਖ ਸਿੰਘ ਦੀ ਵਸੀਅਤ,ਟੇਟਵਾਲ ਦਾ ਕੁੱਤਾ,ਅੱਖਾਂ, ਕਸੌਟੀ,ਧੂੰਆਂ,ਖੁਸ਼ੀਆਂ ਅਦਿ ਉੱਮਦਾ ਕਹਾਣੀਆਂ ਦੀ ਰਚਨਾ ਕੀਤੀ।
ਮੰਟੋ ਦੀਆਂ ਕਈ ਕਹਾਣੀਆਂ 'ਤੇ ਅਸ਼ਲੀਲ ਹੋਣ ਦੇ ਦੋਸ਼ ਵੀ ਲੱਗੇ ਤੇ ਮੁਕੱਦਮੇ ਵੀ ਚੱਲੇ।ਕਾਲੀ ਸਲਵਾਰ,ਧੂੰਆਂ,ਬੂ ਉਤੇ ਅੰਗਰੇਜ ਹਕੂਮਤ ਨੇ ਮੁਕੱਦਮੇ ਚਲਾਏ ਅਤੇ ਠੰਡਾ ਗੋਸ਼ਤ, ਹੇਠਾਂ ਉੱਤੇ ਤੇ ਦਰਮਿਆਨ ਉੱਤੇ ਪਾਕਿਸਤਾਨ ਵਿੱਚ ਮੁਕੱਦਮੇ ਚੱਲੇ।ਕਈ ਕੇਸਾ 'ਚ ਜੁਰਮਾਨੇ ਹੋਏ ਤੇ ਠੰਡਾ ਗੋਸ਼ਤ ਕਹਾਣੀ ਲਈ ਜੁਰਮਾਨੇ ਦੇ ਨਾਲ ਨਾਲ ਤਿੰਨ ਮਹੀਨੇ ਦੀ ਕੈਦ ਬਾ-ਮੁਸ਼ੱਕਤ ਵੀ ਹੋਈ। ਪਰ ਉਹ ਲੜਦਾ ਤੇ ਜਿੱਤਦਾ ਰਿਹਾ ਕੇਵਲ ਕਹਾਣੀ ਹੇਠਾਂ ਉੱਤੇ ਤੇ ਦਰਮਿਆਨ ਲਈ ਕਰਾਚੀ ਦੀ ਅਦਾਲਤ ਨੇ ਪੱਚੀ ਰੁਪਏ ਜੁਰਮਾਨਾ ਲਾਇਆ ਜੋ ਉਸ ਨੇ ਤਾਰ ਦਿੱਤਾ । ਇਸ ਤਰਾ ਮੰਟੋ ਅਪਣੀਆਂ ਲਿਖਤਾ ਲਈ ਸਰਕਾਰੇ ਦਰਬਾਰੇ 'ਸਨਮਾਨਿਆ ' ਗਿਆ।
ਕਈ ਵਾਰ ਬੰਦਾ ਐਵੇ ਭਾਵਿਕ ਹੋ ਕੇ ਫੈਸਲੇ ਕਰ ਬਹਿੰਦਾ ਏ ਜੋ ਬਾਅਦ 'ਚ ਉਸ ਦੀ ਹੋਣੀ ਨਿਰਧਾਰਿਤ ਕਰਦੇ ਹਨ ਐਵੇ ਹੀ ਮੰਟੋ ਵੀ ਭਾਵਨਾਵਸ ਹੋ ਪਾਕਿਸਤਾਨ ਜਾਣ ਦਾ ਫੈਸਲਾ ਕਰ ਬੈਠਾ ਤੇ ਜਿਸ ਨੇ ਉਸ ਦੀ ਹੋਣੀ ਨਿਰਧਾਰਿਤ ਕਰ ਦਿੱਤੀ ਤੇ ਫਿਰ ਉਸੇ ਹੋਣੀ ਨੂੰ ਹੰਢਾਉਦਿਆ ਸਅਦਤ ਹਸਨ ਮੰਟੋ ਜਨਵਰੀ 1955 ਨੂੰ ਪਾਿਕਸਤਾਨ ਦੀ ਸਰ ਜਮੀਨ ਤੇ ਇਸ ਜਹਾਨੋਂ ਰੁੱਖਸਤ ਹੋ ਗਿਆ ਤੇ ਪਿਛੇ ਛੱਡ ਗਿਆ ਸਾਹਿਤ ਰੂਪੀ ਅਪਣੀ ਅਮੀਰ ਵਿਰਾਸਤ।
ਮੈ ਅੱਜ ਦੇ ਦਿਨ ਤੇ ਉਹਨਾਂ ਨੂੰ ਅਪਣੀ ਅਕੀਦਤ ਭੇਂਟ ਕਰਦਾ ਹੋਇਆ ਸਮਰਾਲੇ ਤੇ ਪੜਪੌਦੀ ਦੀ ਧਰਤ ਨੂੰ ਨਮਨ ਕਰਦਾਂ ਹਾਂ ਨਾਲ ਹੀ ਮੇਰਾ ਨਮਨ ਹੈ ਸਮਰਾਲੇ ਦੇ ਅਦੀਬਾਂ ਨੂੰ ਜਿਹਨਾਂ ਨੇ ਮੰਟੋ ਨੂੰ ਜਿਉਦਾ ਰੱਖਿਆ ਹੈ ਤੇ ਪੜਪੌਦੀ ਵਿਖੇ ਮੰਟੋ ਨੂੰ ਸਮਰਪਿਤ ਇਕ ਖੂਬਸੂਰਤ ਲਾਇਬਰੇਰੀ ਦੀ ਸਥਾਪਨਾਂ ਕੀਤੀ ਹੈ ਜੋ ਮੇਰੇ ਵਰਗਿਆ ਲਈ ਰਾਹ ਦਸੇਰਾ ਹੈ।
-
ਦੇਵਿੰਦਰ ਗਰੇਵਾਲ, ਲੇਖਕ
*********
9592092100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.