ਦੇਖਣ ਅਤੇ ਬੋਲਣ ਵਿਚ ਇਕ ਅੱਖ਼ਰ ਦਾ ਬਣਿਆ ਸ਼ਬਦ ਹੈ 'ਮਾਂ'। ਪਰ ਇਹ ਇਕੋ ਅੱਖ਼ਰ ਆਪਣੇ ਅੰਦਰ ਇਕ ਵਿਸ਼ਾਲ ਸੁਮੰਦਰ ਜਿੰਨਾ ਜ਼ਿਗਰਾ, ਹੀਰੇ ਮੋਤੀਆਂ ਵਰਗੇ ਵਿਚਾਰ ਅਤੇ ਪਾਣੀ ਵਾਂਗ ਹਰ ਰੰਗ ਵਿਚ ਰਮ ਜਾਣ ਵਰਗੇ ਸਰਵਉੱਚ ਗੁਣ ਸਮੋਈ ਸਦੀਆਂ ਤੋਂ ਚਲਿਆ ਆ ਰਿਹਾ ਹੈ। 'ਮਾਂ' ਸ਼ਬਦ ਜ਼ਿਹਨ ਵਿਚ ਆਉਂਦਿਆਂ ਹੀ ਠੰਢੇ ਬੁਲ੍ਹੇ ਦੀ ਤਰ੍ਹਾਂ ਦਿਲ-ਦਿਮਾਗ਼ ਤਾਂ ਕੀ ਸਰੀਰ ਦੇ ਪੂਰੇ ਨਾਰੀ ਤੰਤਰ ਵਿਚ ਇਕ ਤਰ੍ਹਾਂ ਠੰਢਕ ਪਹੁੰਚਣ ਲਗਦੀ ਹੈ ਬਸ਼ਰਤੇ ਕਿ ਉਹ ਜ਼ਿਹਨ ਇਕ ਸਪੁੱਤਰ ਜਾਂ ਸਪੁੱਤਰੀ ਦਾ ਹੋਵੇ। ਗੁਰਬਾਣੀ ਤੋਂ ਪੁਛੀਏ ਕਿ ਮਾਤਾ ਕੀ ਹੈ ਤਾਂ ਫੁਰਮਾਨ ਹੈ 'ਮਾਤਾ ਧਰਤਿ ਮਹਤੁ' ਕਹਿਣ ਤੋਂ ਭਾਵ ਮਾਤਾ ਉਹ ਹੈ ਜਿਸ ਦਾ ਜਿਗਰਾ ਤੇ ਸਹਿਣਸ਼ਕਤੀ ਧਰਤੀ ਵਾਂਗਰਾ ਹੋਵੇ। ਇਕ ਅੰਗਰੇਜ਼ ਲਿਖਦਾ ਹੈ ਕਿ 'ਮਾਂ ੁਉਹ ਬੈਂਕ ਹੈ ਜਿਥੇ ਅਸੀਂ ਆਪਣੇ ਦੁੱਖ ਅਤੇ ਚਿੰਤਾਵਾਂ ਜਮਾਂ ਕਰਦੇ ਹਾਂ''।
'ਮਾਂ' ਦੀ ਮਮਤਾ ਦੀ ਵਿਸ਼ਾਲਤਾ ਦਾ ਇਸ ਗੱਲੋਂ ਵੀ ਅਨੁਮਾਨ ਲਗਾਇਆ ਜਾ ਸਕਦਾ ਹੈ ਜੀਵ-ਜੰਤੂਆਂ ਦੀ ਦੁਨੀਆ ਵਿਚ ਵੀ 'ਮਾਂ' ਆਪਣੇ ਮਮਤਾਈ ਭਰੇ ਗੁਣ ਵਿਸਰਨ ਨਹੀਂ ਦਿੰਦੀ। ਉਦਾਹਰਣ ਦੇ ਤੌਰ 'ਤੇ ਜਦੋਂ ਕਿਤੇ ਪਸ਼ੂ-ਪੰਛੀ ਦੀ ਮਾਂ ਵਿਛੜ ਜਾਏ ਤਾਂ ਜਿਵੇਂ ਉਹ ਪਸ਼ੂ ਜਾਂ ਪੰਛੀ ਅੜਿੰਗ-ਅੜਿੰਗ ਜਾਂ ਚੀਂ-ਚੀਂ ਕਰ ਕੇ ਵਾਜਾਂ ਮਾਰਦਾ ਹੈ ਉਹ ਕਈ ਛੋਟੇ ਦਿਲ ਵਾਲਿਆਂ ਕੋਲੋਂ ਦੇਖਿਆ ਨਹੀਂ ਜਾ ਸਕਦਾ, ਫਿਰ ਬੱਚੇ ਤੱਕ ਦੇ ਮੂੰਹ ਵਿਚੋਂ ਆਪ-ਮੁਹਾਰੇ ਨਿਕਲ ਜਾਂਦਾ ਹੈ ਕਿ ਇਸ ਨੂੰ ਇਸ ਦੀ ਮਾਂ ਕੋਲ ਛੱਡ ਦਿਉ। ਇਹ ਹੈ ਮਾਂ ਦੀ ਮਮਤਾ। ਅਸੀਂ ਤਾਂ ਫਿਰ ਵੀ ਗੁਰਬਾਣੀ ਅਨੁਸਾਰ 84 ਲੱਖ ਜੀਵਾਂ ਵਿੱਚੋਂ ਇਕ ਸ਼੍ਰੇਸ਼ਟ ਜੀਵ ਅਤੇ ਬੁੱਧੀਮਾਨ ਪ੍ਰਾਣੀ ਹਾਂ, ਸਾਨੂੰ ਤਾਂ ਇਸ ਮਮਤਾ ਰੂਪੀ ਰੱਬ ਦੀ ਹੋਰ ਸਮਝ ਹੋ ਸਕਦੀ ਹੈ। ਸਾਡੇ ਦੇਸ਼ ਵਿਚ ਹੀ ਮਾਂ ਦੇ ਰੂਪ ਵਿਚ ਰੱਬ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਮਾਂ ਨੂੰ ਰੱਬ ਦਾ ਦੂਜਾ ਰੂਪ ਵੀ ਮੰਨਿਆ ਜਾਂਦਾ ਹੈ। ਮਾਂ ਦੇ ਹੱਥਾਂ ਵਿਚ ਜਾਦੂ ਵੀ ਹੁੰਦਾ ਹੈ, ਇਸ ਸੁੱਖਦ ਗੱਲ ਦਾ ਅਹਿਸਾਸ ਉਨ੍ਹਾਂ ਲੋਕਾਂ ਕੋਲੋਂ ਪੁਛਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਛੋਟੇ ਹੁੰਦਿਆਂ ਆਪਣੀਆਂ ਪੁ²ੜਪੁੜੀਆਂ ਵਿਚ ਤੇਲ ਲਗਾਉਣ ਦਾ ਜਾਂ ਅੱਖ ਚੁੱਭਣ 'ਤੇ ਭਾਫ਼ ਲੈਣ ਦਾ ਸੁਭਾਗ ਸਮਾਂ ਆਪਣੀ ਮਾਂ ਕੋਲੋਂ ਪ੍ਰਾਪਤ ਹੋਇਆ ਹੈ। ਕੁੜੀਆਂ ਲਈ ਮਾਂ ਸਿਰਫ ਮਾਂ ਹੀ ਨਹੀਂ ਹੁੰਦੀ ਵੱਡੀ ਉਮਰ ਹੁੰਦਿਆਂ ਹੀ ਉਹ ਇਕ ਆਦਰਸ਼ ਸਹੇਲੀ ਦੇ ਰੂਪ ਵਿਚ ਬਦਲ ਜਾਂਦੀ ਹੈ।
ਇਕ 'ਮਾਂ' ਹੀ ਹੈ ਜਿਹੜੀ ਸਾਨੂੰ ਦੁਨੀਆ ਵਿਚ ਮਾਂ ਕਹਿਣ, ਕਹਾਉਣ ਅਤੇ ਮਾਂ-ਪਿਉ ਬਣ ਰੱਬ ਦਾ ਰੂਪ ਬਣਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਦੁਨੀਆ ਵਿਚ ਮਾਂ ਦਾ ਸਤਿਕਾਰ ਕਰਨ ਵਾਲੇ ਸਪੁੱਤਰ ਵੀ ਬਹੁਤ ਹਨ ਅਤੇ ਮਾਂ ਦਾ ਨਿਰਾਦਰ ਕਰਨ ਵਾਲੇ ਕੁਪੁੱਤਰ ਵੀ ਬਹੁਤ ਹਨ। ਕਈਆਂ ਵਿਚਾਰਿਆਂ ਦੀ ਮਾਂ ਜਨਮ ਦਿੰਦੇ ਸਾਰ ਜਾਂ ਬਹੁਤ ਛੋਟੀ ਉਮਰੇ ਆਪਣੇ ਬੱਚਿਆਂ ਨੂੰ ਛੱਡ ਕੇ ਇਸ ਜ਼ਹਾਨ ਤੋਂ ਕੂਚ ਕਰ ਗਈ ਹੁੰਦੀ ਹੈ ਉਨ੍ਹਾਂ ਲਈ ਤਾਂ ਮਾਂ ਇਕ ਤਰ੍ਹਾਂ ਨਾਲ ਸੁਪਨਾ ਜਾਂ ਸ਼ਬਦੀ ਅੱਖਰ ਬਣ ਕੇ ਰਹਿ ਗਈ ਹੁੰਦੀ ਹੈ। ਉਨ੍ਹਾਂ ਨੂੰ ਤਾਂ ਮਾਂ ਡੂੰਘੇ ਹਉਕਿਆਂ ਦੇ ਵਿਚ ਵਹਿ ਗਈ ਇਕ ਤਮੰਨਾ ਨਜ਼ਰ ਆਉਂਦੀ ਹੈ।
ਅੱਜ ਪੂਰਾ ਸੰਸਾਰ ਪੜ੍ਹਾਈ-ਲਿਖਾਈ ਅਤੇ ਕੰਮ ਕਾਰ ਵਿਚ ਐਨਾ ਰਚ ਕੇ ਰਹਿ ਗਿਆ ਹੈ ਕਿ ਉਹ ਆਪਣੇ ਘਰ, ਫਿਰ ਦੇਸ਼ ਦੀਆਂ ਹੱਦਾਂ ਬੰਨੇ ਟੱਪ ਕੇ ਦੂਜੇ ਦੇਸ਼ਾਂ ਵਿਚ ਗੁਆਚੇ ਵਾਂਗ ਰਹਿਣ ਤੱਕ ਮਜ਼ਬੂਰ ਹੋ ਗਿਆ ਹੈ। ਇਨ੍ਹਾਂ ਹਲਾਤਾਂ ਵਿਚ ਉਹ ਜਿੱਥੇ ਸਿਰਫ਼ 'ਕੰਮ ਦਾ ਪੁੱਤ' ਬਣ ਕੇ ਰਹਿ ਕੇ ਜਾਂਦਾ ਹੈ ਉੱਥੇ ਉਸਦੇ ਪਿਛੇ ਉਸ ਦੀ ਮਾਂ ਸੁੱਖਾਂ ਸੁੱਖਦੀ ਇਕ ਬਿਨਾਂ ਦੇਖ-ਭਾਲ ਦੀ ਹੋਂਦ ਕਾਰਨ ਸੁੱਕ ਰਹੇ ਦਰੱਖਤ ਦੇ ਮੁੱਢ ਬਣ ਕੇ ਰਹਿ ਜਾਂਦੀ ਹੈ। ਪਰ ਰੋਜ਼ੀ ਰੋਟੀ ਤੇ ਚੰਗੇਰੇ ਭਵਿੱਖ ਦੀ ਮਜ਼ਬੂਰੀ ਇਸ ਲਾ²ਡਲੇ ਪੁੱਤਰ ਨੂੰ ਅੱਖਾਂ ਤੋਂ ਭਾਵੇਂ ਦੂਰ ਕਰ ਦਿੰਦੀ ਹੈ ਪਰ ਦਿਲ ਵਿਚ ਉਹ ਅੱਗੇ ਤੋਂ ਵੀ ਜ਼ਿਆਦਾ ਨੇੜੇ ਆ ਜਾਂਦਾ ਹੈ। ਸੋ ਮਾਂ ਦੇ ਅਹਿਸਾਨਾਂ ਅਤੇ ਲਾਡਾਂ-ਪਿਆਰਾਂ ਦੇ ਦੇਣ ਦਾ ਪਲੜਾ ਤਾਂ ਕੋਈ ਬਰਾਬਰ ਨਹੀਂ ਕਰ ਸਕਦਾ ਪਰ ਫਿਰ ਵੀ ਅੱਜ ਦੇ ਆਧਨਿਕ ਬਣੇ ਮਨੁੱਖ ਨੇ 365 ਦਿਨਾਂ ਵਿੱਚੋਂ ਇਕ ਦਿਨ ਜ਼ਰੂਰ ਅਜਿਹਾ ਰੱਖ ਲਿਆ ਗਿਆ ਹੈ, ਜਿਸ ਦਿਨ ਨੂੰ 'ਮਾਂ ਦਿਵਸ' ਦੇ ਨਾਂਅ ਨਾਲ ਜਾਣਿਆ ਅਤੇ ਮਾਣਿਆ ਜਾ ਸਕੇ। ਬਹੁਤੇ ਮੁਲਕਾਂ ਵਿਚ ਇਹ ਦਿਵਸ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਨਿਰਧਾਰਤ ਕੀਤਾ ਗਿਆ ਹੈ। ਕਈ ਦੇਸ਼ਾਂ ਵਿਚ ਇਹ ਤਰੀਕ ਤੇ ਸਮਾਂ ਵੱਖਰਾ ਵੀ ਹੈ। ਇਸ ਦਿਵਸ ਨੂੰ ਸ਼ੁਰੂ ਹੋਇਆਂ ਵੀ ਕੋਈ ਬਹੁਤਾ ਸਮਾਂ ਨਹੀਂ ਹੋਇਆ। 1908 ਵਿਚ ਇਸ ਨੂੰ ਬਾਹਰਲੇ ਮੁਲਕਾਂ ਵਿਚ ਆਮ ਲੋਕਾਂ ਨੇ ਖੁੱਲ੍ਹ ਕੇ ਮਨਾਇਆ ਸੀ। ਇਸ ਤੋਂ ਬਾਅਦ 1914 ਵਿਚ ਅਮਰੀਕਾ ਦੇ ਰਾਸ਼ਟਰਪਤੀ ਨੇ ਕਾਨੂੰਨੀ ਤੌਰ 'ਤੇ ਇਸ ਨੂੰ 'ਮਾਂ-ਦਿਵਸ' ਐਲਾਨ ਦਿੱਤਾ ਸੀ। ਇਸ ਤੋਂ ਪਹਿਲਾਂ ਇਹੀ ਦਿਨ ਇੰਗਲੈਂਡ ਵਿਚ 'ਮਦਰਿੰਗ ਸੰਡੇ' ਦੇ ਨਾਂਅ ਨਾਲ ਮਨਾਇਆ ਜਾਂਦਾ ਸੀ। ਯੂਗੋਸਲਾਵੀਆ ਅਤੇ ਹੋਰ ਕਈ ਦੇਸ਼ ਇਸ ਦੀ ਰੀਸੇ ਆਪਣੇ ਮੁਲਕ ਵਿਚ ਵੀ ਇਹ ਦਿਨ ਮਨਾਉਂਦੇ ਸਨ। ਮੌਜੂਦਾ 'ਮਾਂ-ਦਿਵਸ' ਦੀ ਬਾਨੀ ਦੇ ਤੌਰ 'ਤੇ ਵਰਜੀਨੀਆ ਦੀ ਇਕ ਮਹਿਲਾ 'ਅੱਨਾ ਜਾਰਵਿਸ ਐਮ (1864-1948) ਨੂੰ ਮੰਨਿਆ ਜਾਂਦਾ ਹੈ।
ਉਂਝ ਇਸ 'ਮਾਂ ਦਿਵਸ' ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਦਰਜ਼ਾ ਦਿਵਾਉਣ ਵਿਚ ਅਮਰੀਕਾ ਦੀ ਪ੍ਰਸਿੱਧ ਲੇਖਿਕਾ ਜੂਲੀਆ ਵਾਰਡ ਹੌਵੇ (1819-1910) ਦਾ ਵੀ ਕਾਫੀ ਯੋਗਦਾਨ ਰਿਹਾ ਹੈ। ਇਸ ਨੇ 1861 ਵਿਚ ਹੋਈ ਅਮਰੀਕਾ ਦੀ 'ਸਿਵਲ ਬਾਰ' ਬਾਰੇ ਇਕ ਕਿਤਾਬ ਵੀ ਲਿਖੀ ਸੀ ਜੋ ਕਿ ਚਰਚਾ ਦਾ ਵਿਸ਼ਾ ਬਣ ਗਈ ਸੀ। ਇਹ ਕਿਤਾਬ ਉਸ ਨੇ ਇਸ ਖ਼ੁਦ ਫੌਜੀ ਕੈਂਪਾਂ ਦਾ ਦੌਰਾ ਕਰਕੇ ਲਿਖੀ ਸੀ। ਇਸ ਲੜਾਈ ਤੋਂ ਪ੍ਰਭਾਵਿਤ ਔਰਤਾਂ ਦੀ ਦੁਰਦਸ਼ਾਂ ਵੀ ਇਸ ਨੇ ਆਪਣੀ ਕਿਤਾਬ ਵਿਚ ਬਾ-ਖੂਬੀ ਪੇਸ਼ ਕੀਤੀ ਸੀ। ਇਨ੍ਹਾਂ ਦੁਖਿਆਰੀ ਔਰਤਾਂ ਦੀ ਭਲਾਈ ਲਈ ਇਸ ਨੇ ਕਈ ਤਰ੍ਹਾਂ ਦੇ ਸਮਾਜ ਸੇਵੀ ਕੰਮ ਵੀ ਸ਼ੁਰੂ ਕੀਤੇ। ਇਸ ਨੇ ਅਮਰੀਕਾ ਵਿਚ 'ਮਾਂ ਦਿਵਸ' ਮਨਾਉਣ ਦੀ ਸ਼ੁਰੂਆਤ 1872 ਵਿਚ ਹੀ ਕਰ ਦਿੱਤੀ ਸੀ।
1887 ਵਿਚ ਇਕ ਵੱਡਾ ਸਮਾਗਮ ਵੀ ਕੀਤਾ ਗਿਆ। ਇਸ ਤੋਂ ਬਾਅਦ ਲਗਾਤਾਰ ਸਮਾਗਮ ਕੀਤੇ ਅਤੇ 1904 ਤੱਕ ਸਭ ਦੇਸ਼ਾਂ ਤੇ ਲੋਕਾਂ ਦਾ ਧਿਆਨ ਇਸ 'ਮਾਂ -ਦਿਵਸ' ਵੱਲ ਖਿੱਚਣ ਦਾ ਟੀਚਾ ਮਿੱਥਿਆ ਗਿਆ। ਇਸ ਗੱਲ ਨੂੰ ਸਿਰੇ ਚਾੜ੍ਹਨ ਲਈ ਅੱਨਾ ਜਾਰਵਿਸ ਨੇ ਰਾਸ਼ਟਰੀ ਪੱਧਰ 'ਤੇ ਇਸ ਸਬੰਧੀ ਲੋਕਾਂ ਨੂੰ ਜਾਗੂਰਿਕ ਕਰਨ ਦਾ ਬੀੜਾ ਚੁੱਕਿਆ। ਇਸ ਨੇ ਮਈ ਦੇ ਦੂਜੇ ਐਤਵਾਰ ਨੂੰ ਇਸ ਵਿਸ਼ੇਸ਼ ਦਿਨ ਲਈ ਚੁਣਿਆ। ਇਸ ਦਿਨ ਜਿਨ੍ਹਾਂ ਦੀ ਮਾਂ ਜਿੰਦਾ ਹੁੰਦੀ ਹੈ ਉਨ੍ਹਾਂ ਨੂੰ ਰੰਗ-ਬਿਰੰਗੇ ਫੁੱਲਾਂ ਦੀ ਛਾਪ ਵਾਲੇ ਕੱਪੜੇ ਪਹਿਨਣ ਲਈ ਕਿਹਾ ਗਿਆ ਜਦ ਕਿ ਜਿਨ੍ਹਾਂ ਦੀ ਮਾਂ ਸਦਾ ਲਈ ਵਿਛੜ ਚੁੱਕੀ ਹੁੰਦੀ ਹੈ ਉਨ੍ਹਾਂ ਲਈ ਚਿੱਟੇ ਰੰਗ ਦੇ ਫੁੱਲਾਂ ਵਾਲੇ ਕੱਪੜੇ ਪਹਿਨਣ ਲਈ ਕਿਹਾ ਗਿਆ। 10 ਮਈ, 1908 ਨੂੰ ਪਹਿਲਾ ਵੱਡਾ ਸਮਾਗਮ ਗ੍ਰਾਫਨ ਸ਼ਹਿਰ ਦੇ ਇਕ ਚਰਚ ਵਿਚ ਅਤੇ ਫਿਲਾਡੇਲਫੀਆ ਵਿਚ ਕਈ ਜਗ੍ਹਾ ਅਜਿਹੇ ਸਮਾਗਮ ਕੀਤੇ ਗਏ। 1912 ਵਿਚ 'ਮਾਂ ਦਿਵਸ' ਮਨਾਉਣ ਬਾਰੇ ਇਕ ਮਤਾ ਪਾਸ ਕੀਤਾ ਗਿਆ ਅਤੇ ਇਸ ਵਿਚ ਅੱਨਾ ਜਾਰਵਿਸ ਨੂੰ 'ਫਾਊਂਡਰ ਬਾਨੀ' ਦੇ ਤੌਰ 'ਤੇ ਪੇਸ਼ ਕੀਤਾ ਗਿਆ। ਇਸ ਨੇਕ ਕੰਮ ਨੂੰ ਉਦੋਂ ਪੂਰਨ ਸ²ਫ਼ਲਤਾ ਮਿਲ ਗਈ ਜਦੋਂ 9 ਮਈ, 1914 ਨੂੰ ਰਾਸ਼ਟਰਪਤੀ ਵੱਲੋਂ ਇਸ ਇਤਿਹਾਸਕ ਫੈਸਲੇ ਉੱਤੇ ਦਸਤਖ਼ਤ ਕਰ ਦਿੱਤੇ ਗਏ।
ਅੱਜ ਭਾਰਤ ਦੇਸ਼ ਸਮੇਤ ਅਨੇਕਾਂ ਮੁਲਕਾਂ ਵਿਚ ਲੋਕ 'ਮਾਂ ਦਿਵਸ' ਦੇ ਮੌਕੇ ਉਤੇ ਆਪਣੀ ਮਾਂ ਲਈ ਤਰ੍ਹਾਂ-ਤਰ੍ਹਾਂ ਦੇ ਤੋਹਫੇ ਭੇਜ ਰਹੇ ਹਨ ਅਤੇ ਖੁਦ ਸਾਰੇ ਇਕੱਤਰ ਹੋ ਕੇ ਜਸ਼ਨ ਮਨਾ ਰਹੇ ਹਨ। ਦੂਰ ਦੁਰਾਡੇ ਬੈਠੇ ਲੋਕੀਂ ਆਪਣੀ ਮਾਂ ਨੂੰ ਇੰਟਰਨੈਟ ਦੇ ਸਹਾਰੇ ਫੁੱਲਾਂ ਦੇ ਗੁਲਦਸਤੇ, ਮਹਿੰਗੇ ਤੋਂ ਮਹਿੰਗੇ ਤੋਹਫੇ ਅਤੇ ਗਰੀਟਿੰਗ ਕਾਰਡ ਕਈ ਦਿਨ ਪਹਿਲਾਂ ਤੋਂ ਭੇਜ ਰਹੇ ਹਨ।
-
ਹਰਜਿੰਦਰ ਸਿੰਘ ਬਸਿਆਲਾ,
hsbasiala25@gmail.com
+64 21 025 39 830
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.