ਖ਼ਬਰ ਹੈ ਕਿ ਮਸ਼ਹੂਰ ਅਦਾਕਾਰ ਸ਼ਬਾਨਾ ਆਜ਼ਮੀ ਨੇ ਆਪਣੇ ਪਤੀ ਜਾਵੇਦ ਅਖ਼ਤਰ ਬਾਰੇ ਦਿਲਚਸਪ ਟਿੱਪਣੀ ਕੀਤੀ ਹੈ। ਸ਼ਬਾਨਾ ਨੇ ਅਖ਼ਤਰ ਲਈ ਲਿਖਿਆ ਹੈ, "ਵਾਲ ਸਫੈਦ ਹੋਏ ਤਾਂ ਕੀ ਹੋਇਆ, ਦਿਲ ਤਾਂ ਅਜੇ ਕਾਲਾ ਹੈ"। ਜਾਵੇਦ ਤੇ ਸ਼ਬਾਨਾ ਦੀ ਜੋੜੀ ਹਰਦਿਲ ਅਜ਼ੀਜ ਹੈ। ਦੋਵੇਂ ਬਾਲੀਵੁਡ ਦੇ ਨਾਲ-ਨਾਲ ਸਿਆਸਤ ਵਿੱਚ ਆਪਣੀ ਹਾਜ਼ਰੀ ਦਰਜ਼ ਕਰਾਉਂਦੇ ਰਹਿੰਦੇ ਹਨ। ਹਾਲ ਹੀ ਵਿੱਚ ਦੋਨੋਂ ਬਿਹਾਰ ਦੇ ਬੇਗੂਸਰਾਏ ਵਿੱਚ ਸੀ.ਪੀ.ਆਈ. ਉਮੀਦਵਾਰ ਕਨ੍ਹੱਈਆ ਕੁਮਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਗਏ ਸਨ।
ਕਈ ਵੇਰ ਸਹਿਜ ਸੁਭਾਅ ਮੂੰਹੋਂ ਸੱਚ ਨਿਕਲ ਹੀ ਜਾਂਦਾ ਆ। ਨਿਕਲੇ ਵੀ ਕਿਉਂ ਨਾ ਆਹ ਵੇਖੋ ਨਾ ਕਿ ਬਾਵਜੂਦ ਇਸਦੇ ਕਿ ਕਿਸੇ ਵੀ ਪੈਂਤੀ ਅੱਖਰੀ ਜਾਂ ਐਲਫਾਵੇਟ ਦੇ ਸਾਰੇ ਅੱਖਰ ਬਰਾਬਰ ਹੁੰਦੇ ਹਨ, ਪਰ ਸਕੂਲੀ ਸਿੱਖਿਆ ਵੇਲੇ ਨੰਬਰ ਦਿੰਦਿਆਂ ਭਲਾ ਏ ਅਤੇ ਬੀ, ਸੀ ਅਤੇ ਡੀ ਤੋਂ ਬਿਹਤਰ ਕਿਉਂ ਹੋ ਜਾਂਦੇ ਆ? ਵੇਖੋ ਨਾ ਜੀ, ਸਾਡਾ ਲੋਕਤੰਤਰ ਸਿਆਣਾ ਹੋ ਗਿਆ ਅਤੇ ਲਾਪਰਵਾਹ ਵੀ ਹੋ ਗਿਆ। ਇਥੇ ਆਜ਼ਾਦੀ ਸਭ ਨੂੰ ਆ, ਪਰ ਆਜ਼ਾਦੀ ਦੀਆਂ ਕਿਸਮਾਂ ਹੀ ਕਈ ਹੋ ਗਈਆਂ ਹਨ। ਗਰੀਬਾਂ ਲਈ ਆਜ਼ਾਦੀ ਵੱਖਰੀ, ਅਮੀਰਾਂ ਲਈ ਆਜ਼ਾਦੀ ਵੱਖਰੀ। ਔਰਤਾਂ ਲਈ ਆਜ਼ਾਦੀ ਵੱਖਰੀ ਤੇ ਬੰਦਿਆਂ ਲਈ ਆਜ਼ਾਦੀ ਵੱਖਰੀ! ਇਸੇ ਕਰਕੇ ਦੁਨੀਆ 'ਚ ਸਾਡਾ ਸਭ ਤੋਂ ਵੱਡਾ ਲੋਕਤੰਤਰ ਏ, ਬੀ,ਸੀ, ਡੀ ਤੋਂ ਬਾਅਦ ਹੁਣ ਜੈਡ ਤੇ ਪੁੱਜ ਗਿਆ ਆ। ਜਿਥੇ ਸਾਡੇ ਨੇਤਾਵਾਂ ਨੂੰ ਜੈਡ ਸਕਿਊਰਿਟੀ ਦੀ ਲੋੜ ਪੈਣ ਲੱਗ ਪਈ ਆ। ਉਹਨਾ ਨੂੰ ਜਨਤਾ ਤੋਂ ਹੀ ਨਹੀਂ ਆਪਣਿਆਂ ਤੋਂ ਵੀ ਖਤਰਾ ਹੋਣ ਲੱਗ ਪਿਆ ਆ। ਤਦੇ ਉਹ ਉਹਨਾ ਦੀਆਂ ਜੜ੍ਹਾਂ ਵੱਢਣ ਲਈ ਹਰ ਵੇਲੇ ਤਤਪਰ ਦਿੱਸਦੇ ਹਨ। ਤਦੇ ਭਾਈ ਸਿਆਣੇ ,ਬੁੱਢੇ ਲੋਕਤੰਤਰ ਨੂੰ ਬਚਾਉਣ ਲਈ, ਜਿਸਦੇ ਵਾਲ ਸਫੈਦ ਹੋ ਗਏ ਹਨ, ਜਿਹੜਾ ਸੱਤਰਿਆ ਬਹੱਤਰਿਆ ਹੋ ਗਿਆ ਹੈ, ਇੱਕ ਡਿਕਟੇਟਰ ਦੀ ਲੋੜ ਪੈ ਗਈ ਹੈ, ਜਿਹੜਾ ਇਹਨੀਂ ਦਿਨੀ ਗੱਜਦਾ ਆ, ਮਚਦਾ ਆ, ਕਿਸੇ ਹੋਰ ਨੂੰ ਬੰਦਾ ਹੀ ਨਹੀਂ ਸਮਝਦਾ, ਚੌੜੀ ਛਾਤੀ ਨਾਲ ਸਾਰਿਆਂ ਦੇ ਸੀਨੇ ਛਲਣੀ ਕਰਨ ਦੇ ਰਾਹ ਤੁਰ ਪਿਆ ਆ। ਤਦੇ ਤਾਂ ਸਾਡੀ ਅਭਿਨੇਤਰੀ ,ਆਪਣੇ ਪਤੀ ਦੇ ਸਫੈਦ ਵਾਲਾਂ ਦੀ ਗੱਲ ਕਰਦੀ ਕਰਦੀ ਲੋਕਤੰਤਰ ਦੇ ਵੱਡੇ ਨੇਤਾਵਾਂ ਦੀ ਗੱਲ ਕਰਦੀ ਕਹਿਣ ਤੋਂ ਰਤਾ ਕੁ ਵੀ ਨਹੀਂ ਝਿਜਕੀ, "ਵਾਲ ਸਫੈਦ ਹੋਏ ਤਾਂ ਕੀ ਹੋਇਆ, ਦਿਲ ਤਾਂ ਅਜੇ ਕਾਲਾ ਹੈ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
· ਅਤਿਅੰਤ ਗਰੀਬੀ ਹੇਠ ਰਹਿਣ ਵਾਲੇ ਲੋਕਾਂ ਦੀ ਫੀਸਦੀ ਆਬਾਦੀ ਨਾਇਜੀਰੀਆ ਵਿੱਚ 15.7 ਹੈ, ਕਾਗੋ ਵਿੱਚ 10 ਫੀਸਦੀ ਹੈ ਅਤੇ ਭਾਰਤ ਵਿੱਚ 8 ਫੀਸਦੀ ਹੈ। ਜਦਕਿ ਅਮਰੀਕਾ ਅਬਾਦੀ ਦਾ ਸਿਰਫ਼ 0.3 ਫੀਸਦੀ ਅਤੇ ਪਾਕਸਿਤਾਨ ਆਬਾਦੀ ਦਾ ਵੀ ਸਿਰਫ਼ 0.3 ਫੀਸਦੀ ਲੋਕ ਅਤਿਅੰਤ ਗਰੀਬੀ 'ਚ ਰਹਿਣ ਵਾਲੇ ਲੋਕ ਹਨ।
ਇੱਕ ਵਿਚਾਰ
ਤਾਕਤ ਸਾਰਿਆਂ ਉਤੇ ਜਿੱਤ ਪ੍ਰਾਪਤ ਕਰ ਰਹੀ ਹੈ, ਪਰੰਤੂ ਇਹ ਜਿੱਤ ਥੋੜ-ਚਿਰੀ ਹੈ।................ਇਬਰਾਹੀਮ ਲਿੰਕਨ
ਗੁਰਮੀਤ ਪਲਾਹੀ
ਮੋਬ: 9815802070
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.