ਖ਼ਬਰ ਹੈ ਕਿ ਸਤਾਰਵੀਂ ਲੋਕ ਸਭਾ ਚੋਣਾਂ ਆਮ ਨਹੀਂ ਹਨ। ਇਹ ਚੋਣਾਂ ਦੇਸ਼ ਦੀ ਨੀਤੀ ਅਤੇ ਭਵਿੱਖ ਨੂੰ ਤਹਿ ਕਰਨਗੀਆਂ। ਇਹਨਾ ਚੋਣਾਂ ਵਿੱਚ ਰਿਜ਼ਰਵੇਸ਼ਨ, ਖੇਤਰੀ ਭਾਸ਼ਾ ਵਿਵਾਦ, ਵੰਸਵਾਦ, ਮਜ਼ਹਬੀ ਕੱਟੜਤਾ, ਘੋਟਾਲੇ ਆਦਿ ਮੁੱਦਿਆਂ ਤੋਂ ਤਾਂ ਮਤਦਾਤਾ ਜਾਣੂ ਹਨ, ਪਰ ਜਿਸ ਢੰਗ ਨਾਲ ਸੱਤਾ ਦੇ ਲੋਭੀਆਂ ਅਤੇ ਦੇਸ਼ ਧਰੋਹੀਆਂ ਨੇ ਭਾਰਤ ਨੂੰ ਅੰਗ-ਭੰਗ ਕਰਨ ਦੀ ਯੋਜਨਾ ਬਣਾਈ ਹੈ, ਅਤੇ ਇਹ ਵਿਵਸਥਾ ਪੈਦਾ ਕਰ ਦਿੱਤੀ ਹੈ ਕਿ ਬੁਰਾਈਆਂ ਨਾਲ ਸਮਝੋਤਾ ਕੀਤੇ ਬਿਨ੍ਹਾਂ ਸੱਤਾ ਨਹੀਂ ਹਥਿਆਈ ਜਾ ਸਕਦੀ, ਤੋਂ ਆਮ ਆਦਮੀ ਅਣਜਾਣ ਹੈ।
ਵੇਖੋ ਨਾ ਜੀ ਕਾਂਗਰਸ, ਬਸਪਾ, ਰਾਜਦ, ਲੋਜਪਾ ਵੰਸਵਾਦ ਤੋਂ ਪੀੜਤ ਆ। ਅਤੇ ਆਹ ਭਾਜਪਾ ਵਾਲੇ ਅਸਲੀ ਰਾਸ਼ਟਰਵਾਦੀ ਬਣ ਕੇ ਵਿਰੋਧੀ ਨੂੰ ਦੇਸ਼ ਧਰੋਹੀ ਆਖੀ ਜਾਂਦੇ ਆ। ਉਹ ਕਾਂਗਰਸ ਵਲੋਂ ਦੇਸ਼ ਦੀ ਕੀਤੀ ਦੁਰਦਸ਼ਾ ਤੋਂ ਤਾਂ ਦੁੱਖੀ ਰਹਿੰਦੇ ਆ, ਪਰ ਆਪ ਰਾਫੇਲ ਵਰਗੇ ਘੁਟਾਲੇ ਆਪਣੇ ਪੱਲੇ ਪਾਈ ਬੈਠੇ ਆ। ਉਹ ਕਾਂਗਰਸ ਵਲੋਂ ਪੰਜਾਹ ਪੰਚਵੰਜਾ ਸਾਲ ਦੇਸ਼ ਨੂੰ ਲੁੱਟਣ ਦੀ ਗੱਲ ਤਾਂ ਕਰਦੇ ਆ, ਅਤੇ ਆਪ ਗਰੀਬਾਂ, ਨਿਆਸਰਿਆਂ ਦੇ ਹਿੱਤ ਲਈ ਨਵੀਂ ਯੋਜਨਾਵਾਂ ਲਿਆ ਰਹੇ ਆ ਅਤੇ ਇੱਕ ਯੋਜਨਾ ਤੋਂ ਬਾਅਦ ਦੂਜੀ ਯੋਜਨਾ ਖਾ ਰਹੇ ਆ। ਉਹ ਦੇਸ਼ ਦੇ ਵਿਕਾਸ ਲਈ ਸਭ ਕਾ ਵਿਕਾਸ, ਸਭ ਕਾ ਸਾਥ ਦੀ ਗੱਲ ਕਰਦੇ ਨੇ ਅਤੇ ਮੇਕ ਇਨ ਇੰਡੀਆ ਦੇ ਨਾਹਰੇ ਲਾਉਂਦੇ ਆ ਅਤੇ ਲੋਹ ਪੁਰਸ਼ ਦੇ ਬੁੱਤ ਚੀਨ ਤੋਂ ਬਣਵਾਉਂਦੇ ਆ। ਇੰਜ ਦੇਸ਼ ਦਾ ਵਿਕਾਸ ਹੋਵੇ ਨਾ ਹੋਵੇ, ਪਰ ਇਹੋ ਜਿਹੀ ਕਲਾਕਾਰੀ ਨਾਲ ਘੁਟਾਲੇ ਕਰਦੇ ਤੁਰੇ ਜਾਂਦੇ ਆ ।
ਆਹ ਵੇਖੋ ਨਾ ਯੋਗੀ, ਉਹ ਵੇਖੋ ਨਾ ਸਾਧਵੀ ਪ੍ਰਗਿਆ, ਏਧਰ ਵੇਖੋ ਨਾ ਸ਼ਾਹ, ਉਧਰ ਵੇਖੋ ਨਾ ਮੋਦੀ। ਆਹ ਵੇਖੋ ਨਾ ਲਾਲੂ। ਉਹ ਵੇਖੋ ਨਾ ਰਾਹੁਲ। ਇਧਰ ਵੇਖੋ ਨਾ ਮਾਇਆ, ਉਧਰ ਵੇਖੋ ਨਾ ਮਮਤਾ। ਕਿਸੇ ਕੋਲ ਕੋਈ ਗੁਣ ਨਹੀਂ, ਇਕੋ ਗੁਣ ਆ, ਲੋਕਾਂ ਨੂੰ ਕਿਵੇਂ ਵਰਗਲਾਉਣਾ ਆ, ਭਾਸ਼ਨ ਦੇਕੇ ਕਿਵੇਂ ਵਰਾਉਣਾ ਆ, ਅਤੇ ਚੋਣਾਂ ਜਿੱਤਣ ਤੋਂ ਬਾਅਦ ਕਿਵੇਂ ਰੁਆਉਣਾ ਆਂ। ਇਸੇ ਗੁਣ ਦੀ ਵਰਤੋਂ ਕਰਕੇ ਉਹ ਵੱਡੇ ਭਾਸ਼ਨ ਕਰਦੇ ਹਨ, ਇੱਕ-ਦੂਜੇ ਨੂੰ ਗਾਲੀ-ਗਲੋਚ ਕਰਦੇ ਹਨ, ਨਿੰਦਦੇ ਹਨ ਅਤੇ ਕਿਸੇ ਕਵੀ ਦੀਆਂ ਲਿਖੀਆਂ ਸਤਰਾਂ ਉਤੇ ਪੂਰੇ ਉਤਰਦੇ ਹਨ, "ਜਿਦ੍ਹੇ ਵਿੱਚ ਕੋਈ ਵੀਰਨੋ ਗੁਣ ਨਾਹੀਂ, ਬੜ-ਬੜ ਕਰਦਾ ਤੇ ਐਂਵੇ ਹੀ ਤੀਂਘਦਾ ਹੈ"।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.