ਖ਼ਬਰ ਹੈ ਕਿ ਪੰਜਾਬ ਦੇ 80 ਫੀਸਦੀ ਵੋਟਰ, ਪਾਰਟੀਆਂ ਜਾਂ ਉਮੀਦਵਾਰਾਂ ਤੋਂ ਨਕਦ, ਤੋਹਫੇ ਜਾਂ ਸ਼ਰਾਬ ਦਾ ਲਾਲਚ ਦਿੱਤੇ ਜਾਣ ਨੂੰ ਪੂਰੀ ਤਰ੍ਹਾਂ ਗਲਤ ਮੰਨਦੇ ਹਨ, ਲੇਕਿਨ 17 ਫੀਸਦੀ ਮਤਦਾਤਾ ਇਹੋ ਜਿਹੇ ਵੀ ਹਨ, ਜੋ ਇਸ ਤਰ੍ਹਾਂ ਦੇ ਲਾਲਚ ਨੂੰ ਵੋਟ ਦੇਣ ਦਾ ਮਹੱਤਵਪੂਰਨ ਕਾਰਕ ਮੰਨਦੇ ਹਨ। ਇਹ ਗੱਲ ਐਸੋਸੀਏਸ਼ਨ ਫਾਰ ਡੈਮੋਕਰੇਟਿਵ ਰੀਫਾਰਮਜ਼ ਐਂਡ ਡਾਟਾ ਸ਼ੋਲਿਊਸ਼ਨਜ਼ ਵਲੋਂ ਕਰਵਾਏ ਗਏ ਇੱਕ ਮੱਤਦਾਤਾ ਸਰਵੇਖਣ ਵਿੱਚ ਸਾਹਮਣੇ ਆਈ ਹੈ। ਪੰਜਾਬ ਦੀਆਂ 13 ਸੀਟਾਂ ਦੇ ਲਗਭਗ 6500 ਵੋਟਰਾਂ ਨਾਲ ਚੋਣਾਂ 'ਚ ਸਬੰਧਿਤ ਵਿਸ਼ੇਸ਼ ਮੁੱਦਿਆਂ ਉਤੇ ਇਸ ਸਰਵੇਖਣ 'ਚ ਗੱਲਬਾਤ ਕਰਕੇ ਇਹ ਸਿੱਟਾ ਕੱਢਿਆ ਹੈ।
ਜਿਵੇਂ ਲੋਕ ਸਮਝਦੇ ਆ ਕਿ ਨੇਤਾ ਨੇ ਪੰਜੀਂ ਵਰ੍ਹੀਂ ਦਰਸ਼ਨ ਦਿੱਤੇ ਆ, ਇਹਨੂੰ ਮੁੱਛ ਲਵੋ, ਜੋ ਦਿੰਦਾ ਆ ਇਹਤੋਂ ਲੈ ਲਵੋ। ਨਕਦ ਨਰੈਣ ਦੇਂਦਾ ਆ, ਪੈਸੇ ਲੈ ਲਉ। ਸਾੜ੍ਹੀ, ਬਨੈਣ, ਕੱਛਾ, ਤੋਲੀਆ, ਸਵੈਟਰ, ਬੂਟ, ਕੰਬਲ ਜੋ ਦਿੰਦਾ ਆ, ਲੈ ਲਉ। ਬੋਤਲਾਂ ਵੰਡਦਾ ਆ ਤਾਂ ਉਹਦੇ ਤੋਂ ਵੀ ਨਾਂਹ ਨਾ ਕਰੋ। ਕਿਉਂਕਿ ਵੋਟਾਂ ਤੋਂ ਬਾਅਦ ਤਾਂ ਨੇਤਾ ਜੀ ਨੇ ਇਹੋ ਕਹਿਣਾ ਹੈ ਕਿ ਵੋਟਾਂ ਤੋਂ ਪਹਿਲਾਂ ਸਾਰਾ ਕੁਝ ਜਨਤਾ ਦੇ ਨਾਮ ਸੀ ਅਤੇ ਵੋਟਾਂ ਤੋਂ ਬਾਅਦ ਜਨਤਾ ਕਿਹੜੇ ਕੰਮ ਦੀ? ਉਵੇਂ ਹੀ ਭਾਈ ਜਿਵੇਂ ਪਿਛਲੀਆਂ ਚੋਣਾਂ 'ਚ ਮੋਦੀ ਨੇ ਵੋਟਾਂ ਤੋਂ ਪਹਿਲਾਂ ਵੋਟਰ ਪੰਦਰਾਂ ਲੱਖੀ ਬਣਾ ਦਿੱਤਾ, ਜਦ ਕੁਰਸੀ ਤੇ ਬਹਿ ਗਿਆ ਤਦ ਵੋਟਰ ਨੂੰ ਕੱਖੋਂ ਹੌਲੇ ਕਰ ਦਿੱਤਾ।
ਉਂਜ ਆਮ ਬੰਦਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਆਂ। ਕੋਈ ਮੌਜੀ ਹੁੰਦਾ ਆ ਤੇ ਉਹਨੂੰ ਕਹਿ ਦਿੰਦੇ ਆ ਮੌਜੀ ਠਾਕੁਰ। ਕੋਈ ਸੋਝੀ ਵਾਲਾ ਹੁੰਦਾ ਆ ਉਹਨੂੰ ਆਖ ਦਿੰਦੇ ਆ ਸੁੱਘੜ ਸਿਆਣਾ। ਕੋਈ ਕੁਝ ਵੀ ਨਹੀਂ ਜਾਣਦਾ ਉਹਨੂੰ ਕਹਿੰਦੇ ਆ ਭੌਂਦੂ। ਕੋਈ ਹਰ ਵੇਲੇ ਰੋਂਦਾ ਉਹਨੂੰ ਆਖਦੇ ਆ ਰੋਂਦੂ। ਇਵੇਂ ਹੀ ਭਾਈ ਕੋਈ ਬੇਗਾਨੇ ਪੈਸੇ ਨੂੰ ਹੱਥ ਨਹੀਂ ਲਾਉਂਦਾ ਤੇ ਕੋਈ ਬੇਗਾਨੇ ਸ਼ੈਅ 'ਤੇ ਆ। ਉਵੇਂ ਹੀ ਜਿਵੇਂ ਕਵੀ ਦੇ ਕਹਿਣ ਅਨੁਸਾਰ, "ਕੋਈ ਆਖਦਾ-ਨਸ਼ਾ ਹੈ ਲੋਰ ਦਿੰਦਾ। ਕੋਈ ਆਖਦਾ-ਇਦ੍ਹਾ ਖਿਆਲ ਮਾੜਾ"।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.