ਕੱਲ੍ਹ ਦਲਬੀਰ ਸੱਖੋਵਾਲੀਆ ਨੇ ਬਟਾਲਿਓਂ ਮੈਨੂੰ ਸਵਿੰਦਰ ਭਾਗੋਵਾਲੀਆ ਦੇ ਗਾਏ ਗੀਤ ਦੀ ਸੋਅ ਦਿੱਤੀ ਪਰ ਗੀਤ ਨਾ ਘੱਲਿਆ। ਪੱਤਰਕਾਰ ਹੈ ਨਾ, ਹੋਰ ਕੰਮਾਂ ਚ ਫਸਿਆ ਹੋਣ ਕਾਰਨ ਭੁੱਲ ਗਿਆ ਹੋਵੇਗਾ।
ਖ਼ੈਰ!
ਅੱਜ ਸਵੇਰੇ ਮੇਰੇ ਵੱਡੇ ਭਾ ਜੀ ਪ੍ਰੋ: ਸੁਖਵੰਤ ਸਿੰਘ ਗਿੱਲ ਨੇ ਸਬੰਧਿਤ ਗੀਤ ਸਿਡਨੀ(ਆਸਟਰੇਲੀਆ ) ਤੋਂ ਭੇਜਿਆ ਹੈ।
ਗੀਤ ਕਾਹਦੈ, ਸਿਆਸਤੀਆਂ ਦੀ ਧੁੰਨੀ ਚ ਸਿੱਧਾ ਵਿਹੁਲਾ ਤੀਰ ਹੈ।
ਸ਼ੀਸ਼ਾ ਹੈ, ਜੇ ਇਹ ਵੇਖਣ ਤਾਂ.....
ਸਵਿੰਦਰ ਭਾਗੋਵਾਲੀਆ ਦੀ ਉਮਰ ਇਸ ਵੇਲੇ 75 ਤੋਂ ਉੱਪਰ ਹੋਵੇਗੀ। ਮੈਥੋਂ 10 ਸਾਲ ਤਾਂ ਵੱਡੇ ਹੈ ਹੀ ਨੇ ਘੱਟੋ ਘੱਟ।
ਸਾਰੀ ਉਮਰ ਅਧਿਆਪਕ ਰਹੇ ਨੇ। ਮੁੱਖ ਅਧਿਆਪਕ ਵੀ ਲੰਮਾ ਸਮਾਂ। ਅਨੁਸ਼ਾਸਨ ਦੇ ਪੀਰ।
ਤੂੰਬੀ ਨਾਲ ਗੀਤ ਗਾਉਣੇ ਉਨ੍ਹਾਂ ਦਾ ਜਮਾਂਦਰੂ ਇਸ਼ਕ ਰਿਹੈ। ਖ਼ੁਦ ਵਿਅੰਗਾਤਮਕ ਗੀਤ ਲਿਖਦੇ ਹਨ। ਇੱਕ ਵਾਰ ਤਾਂ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੇ ਆਪਣੀ ਕੈਸਿਟ ਛਣਕਾਟਾ ਚ ਭਾਗੋਵਾਲੀਆ ਦਾ ਗੀਤ ਪਾਇਆ ਸੀ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਵੀ ਹਨ ਉਹ।
ਸੇਵਾ ਮੁਕਤੀ ਬਾਦ ਪਿੰਡ ਭਾਗੋਵਾਲ ਦੇ ਸਰਪੰਚ ਵੀ ਰਹੇ ਨੇ। ਸਾਡੇ ਜ਼ਿਲ੍ਹੇ ਗੁਰਦਾਸਪੁਰ ਦਾ ਵੱਡਾ ਗੜ੍ਹ ਰਿਹੈ ਕਦੇ ਭਾਗੋਵਾਲ। ਸ਼ਾਇਦ ਹੁਣ ਵੀ ਹੋਵੇ, ਪਰ ਮੈਂ 50 ਸਾਲ ਪਹਿਲਾਂ ਦਾ ਭੇਤੀ ਹਾਂ।
ਹੁਣ ਤਾਂ ਨਵੀਆਂ ਗੁੱਡੀਆਂ ਨਵੇਂ ਪਟੋਲੇ।
ਉਦੋਂ ਕਿਸ ਦੀ ਮਜ਼ਾਲ ਸੀ ਕਿ ਉਹ ਜਥੇਦਾਰ ਵਰਿਆਮ ਸਿੰਘ ਭਾਗੋਵਾਲੀਆ, ਪੰਡਤ ਗੋਰਖ਼ ਨਾਥ ਦਾਲਮ, ਪਰਬੋਧ ਚੰਦਰ, ਸ: ਗੁਰਬਚਨ ਸਿੰਘ ਬਾਜਵਾ, ਜਥੇਦਾਰ ਤੇਜਾ ਸਿੰਘ ਅਕਰਪੁਰੀ, ਪੰਡਤ ਮੋਹਨ ਲਾਲ , ਸੰਤੋਖ ਸਿੰਘ ਰੰਧਾਵਾ, ਮਹਿੰਦਰ ਸਿੰਘ ਬੱਬੇਹਾਲੀ ਦੇ ਹੁੰਦਿਆਂ ਕੋਈ ਗੁਰਦਾਸਪੁਰ ਚ ਬਾਹਰੋਂ ਆ ਕੇ ਖੰਘ ਵੀ ਜਾਵੇ।
ਹੁਣ ਤਾਂ ਬਾਹਰਲਿਆਂ ਦੀ ਸਰਦਾਰੀ ਹੈ ਤੇ ਅਸੀਂ ਸਾਰੇ ਦਰਬਾਰੀ।
ਜੁਰਾਬਾਂ ਹੀ ਮੂਧੀਆਂ ਕਰ ਦਿੱਤੀਆਂ ਨੇ ਵਕਤ ਨੇ।
ਮੈਨੂੰ ਯਾਦ ਆਇਆ
ਕੋਟਲੀ ਸੂਰਤ ਮੱਲ੍ਹੀ ਅੱਡੇ ਤੇ 1968 ਚ ਕਾਨਫਰੰਸ ਸੀ।
ਪੰਜਾਬੀ ਸੂਬਾ ਬਣ ਚੁਕਾ ਸੀ ਪਰ ਚੰਡੀਗੜ੍ਹ ਦਾ ਰੇੜਕਾ ਵਿੱਚ ਵਿਚਾਲੇ ਸੀ। ਪੰਜਾਬੋਂ ਬਾਹਰ ਰਹਿ ਗਏ ਪੰਜਾਬੀ ਇਲਾਕੇ ਵੀ ਦੁਖਦੀ ਰਗ ਸੀ।
ਕਾਨਫਰੰਸ ਚ ਸਵਿੰਦਰ ਭਾਗੋਵਾਲੀਆ ਨੇ ਗੀਤ ਗਾਇਆ ਸੰਤ ਫ਼ਤਹਿ ਸਿੰਘ ਤੇ ਉਸ ਦੀ ਕਮ ਅਕਲ ਜੁੰਡਲੀ ਦੇ ਖ਼ਿਲਾਫ਼। ਗੀਤ ਸੀ।
ਵਾਹ ਸੰਤਾ ਤੇਰੇ ਰੰਗ ਨਿਆਰੇ
ਡਾਢੀ ਵੇਖੀ ਖੂਬੀ।
ਬਈ ਇੱਕ ਚੰਡੀਗੜ੍ਹ ਬਦਲੇ,
ਤੂੰ ਤੇ ਸੂਬੇ ਦਾ ਬਣਾ ਦਿੱਤੀ ਸੂਬੀ।
ਇਹ ਬੋਲ ਹੁਣ ਤੀਕ ਸਾਡੀ ਹਿੱਕ ਤੇ ਉਕਰੇ ਪਏ ਨੇ, ਪਰ ਚੰਡੀਗੜ੍ਹ ਅਜੇ ਵੀ ਪੰਜਾਬ ਨੂੰ ਨਹੀਂ ਮਿਲਿਆ।
ਹੁਣ ਵਰਤਮਾਨ ਚੋਣਾਂ ਦੇ ਪ੍ਰਸੰਗ ਚ ਉਨ੍ਹਾਂ ਦਾ ਗੀਤ ਸੁਣਿਆ ਤਾਂ ਬਹੁਤ ਵਧੀਆ ਲੱਗਾ।
ਆਵਾਜ਼ ਤੇ ਉਮਰ ਦਾ ਅਸਰ ਦਿਸਦਾ ਹੈ ਪਰ ਅੰਦਾਜ਼ ਉਹੀ ਹੈ।
ਸੱਚ ਸੁਣਾਇਸੀ ਸੱਚ ਕੀ ਬੇਲਾ ਵਾਲਾ। ਸਵਿੰਦਰ ਭਾਗੋਵਾਲੀਆ ਦਾ ਨਵਾਂ ਗੀਤ ਤੁਸੀਂ ਵੀ ਸੁਣੋ
ਵਾਰੋ ਵਾਰੀ ਸਭ ਦਾ ਪਰਦਾ ਫਾਸ਼ ਕਰੋ।
ਚੋਰਾਂ ਵਿੱਚੋਂ ਚੰਗਾ ਚੋਰ ਤਲਾਸ਼ ਕਰੋ।
ਠੂਠਾ ਫੜ ਕੇ ਫੇਰ ਵਿਚਾਰੇ ਆਏ ਨੇ, ਫੇਰ ਇਨ੍ਹਾਂ ਦੇ ਵਾਦੇ ਤੇ ਵਿਸ਼ਵਾਸ ਕਰੋ।
ਉੱਗੇ ਨਾ ਕੰਡਿਆਰੀ ਵਿੱਚ ਸਿਆਸਤ ਦੇ,
ਜ਼ਹਿਰੀਲੇ ਬੀਜਾਂ ਦਾ ਮੁੱਠ ਤੋਂ ਨਾਸ਼ ਕਰੋ।
ਚੰਗੀ ਮੰਦੀ ਖਸਲਤ ਪਰਖੋ ਬੰਦਿਆਂ ਦੀ,
ਆਪਣੇ ਹੱਕਾਂ ਦੇ ਵੱਲ ਝੁਕਦੀ ਤਾਸ਼ ਕਰੋ।
ਸੋਚਣ ਦੇ ਦਿਨ ਹੋਰ ਅਜੇ ਵੀ ਬਾਕੀ ਨੇ,
ਕਾਹਲੀ ਦੇ ਵਿੱਚ ਹੱਕਾਂ ਦਾ ਨਾ ਨਾਸ਼ ਕਰੋ।
ਸਵਿੰਦਰ ਭਾਗੋਵਾਲੀਆ ਅਸਲ ਚੌਕੀਦਾਰ ਹੈ ਜੋ ਸਮੇਂ ਸਮੇਂ ਜਾਗਣ ਦਾ ਹੋਕਾ ਦਿੰਦਾ ਹੈ।
ਗੁਰਭਜਨ ਗਿੱਲ
6.5.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.