ਅਣਵੰਡੇ ਪੰਜਾਬ ਨੂੰ ਵਡਮੁੱਲੇ ਸ਼ਬਦ ਸਭਿਆਚਾਰ ਦੇ ਲੜ ਲਾਉਣ ਵਾਲੇ ਸ: ਜੀਵਨ ਸਿੰਘ ਜੀ ਲਾਹੌਰ ਬੁੱਕ ਸ਼ਾਪ ਵਾਲਿਆਂ ਨੂੰ ਜੇ ਪੰਜਾਬੀ ਅਕਾਦਮਿਕ ਖੋਜ ਸਾਹਿਤ ਦਾ ਭੀਸ਼ਮ ਪਿਤਾਮਾ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ। ਉਨ੍ਹਾਂ 1940 ਚ ਅੰਗਰੇਜ਼ੀ ਦੀ ਐੱਮ ਐੱਮ ਏ ਕਰਕੇ ਸਾਹਿੱਤ ਪ੍ਰਕਾਸ਼ਨ ਦਾ ਲਾਹੌਰ ਨਿਸਬਤ ਰੋਡ ਤੇ ਕਾਰੋਬਾਰ ਆਰੰਭਿਆ। ਨਿੱਕੇ ਵੀਰ ਮਹਿਤਾਬ ਸਿੰਘ, ਮਹਿੰਦਰ ਸਿੰਘ ਤੇ ਦਲੀਪ ਸਿੰਘ ਨਾਲ ਨਾਲ ਰਲਦੇ ਗਏ। ਦੇਸ਼ ਵੰਡ ਮਗਰੋਂ ਸਾਰੇ ਪ੍ਰਕਾਸ਼ਕ ਤੇ ਛਾਪਕ ਬਣੇ।
ਸ: ਜੀਵਨ ਸਿੰਘ ਨੂੰ ਜੇਕਰ ਮੇਰੇ ਜਹੇ ਪੰਜਾਬੀ ਪੜ੍ਹਨ ਪੜ੍ਹਾਉਣ ਵਾਲੇ ਖਾਰਜ ਕਰਨਾ ਚਾਹੁਣ ਤਾਂ ਪੱਲੇ ਕੱਖ ਵੀ ਨਹੀਂ ਰਹਿੰਦਾ। ਐੱਮ ਏ ਕਰਨ ਵਾਲਿਆਂ ਨੂੰ ਆਪ ਕਿਤਾਬਾਂ ਸਿਫਾਰਸ਼ ਕਰਦੇ। ਮੈਨੂੰ ਅਤਸਰ ਕਹਿ ਦਿੰਦੇ, ਇਹ ਕਿਤਾਬ ਤੇਰੇ ਵਾਲੀ ਨਹੀਂ, ਇਹ ਸਿਰਫ਼ ਪਾਸ ਕਰਵਾ ਸਕਦੀ ਹੈ, ਮੈਰਿਟ ਹਾਸਲ ਕਰਨ ਲਈ ਇਹ ਕਿਤਾਬਾਂ ਪੜ੍ਹ। ਕਿਸ਼ਨ ਸਿੰਘ , ਡਾ:ਹਰਿਭਜਨ ਸਿੰਘ, ਡਾ: ਪ੍ਰੇਮ ਪ੍ਰਕਾਸ਼ ਸਿੰਘ ਤੇ ਕਿੰਨੇ ਹੋਰ ਵਿਦਵਾਨ ਪੜ੍ਹਨ ਦੀ ਸਾਨੂੰ ਚੇਟਕ ਲਾਈ।
ਮੇਰੇ ਲਈ ਉਹ ਦਰਿਆ ਦਿਲ ਇਨਸਾਨ ਸਨ ਪਰ ਕਈਆਂ ਲਈ ਨਿਰੋਲ ਕਾਰੋਬਾਰੀ। ਉਹ ਪਾਰਖੂ ਅੱਖ ਵਾਲੇ ਪ੍ਰਕਾਸ਼ਕ ਤੇ ਪਰਮੋਟਰ ਸਨ।
ਹਜ਼ਾਰਾਂ ਪੁਸਤਕਾਂ ਦੇ ਪ੍ਰਕਾਸ਼ਨ ਕਰਨ ਵਾਲੇ ਸ: ਜੀਵਨ ਸਿੰਘ ਲਾਹੌਰ ਬੁੱਕ ਸ਼ਾਪ ਵਾਲਿਆਂ ਦੀ ਜੀਵਨ ਯਾਤਰਾ ਆਧਾਰਿਤ ਕਿਤਾਬ 'ਬਹੁ ਰੰਗ ਤਮਾਸ਼ੇ' ਪੜ੍ਹ ਰਿਹਾ ਸਾਂ। ਉਨ੍ਹਾਂ ਦੀ ਪਸੰਦ ਦਾ ਸ਼ਾਇਰ ਸ਼ਿਵ ਕੁਮਾਰ ਕਈ ਵਰ੍ਹੇ ਉਨ੍ਹਾਂ ਤੋਂ ਪਹਿਲਾਂ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ।ਉਨ੍ਹਾਂ ਉਸ ਦਾ ਸਮੁੱਚਾ ਕਲਾਮ ਸ: ਮਨਮੋਹਨ ਸਿੰਘ ਆਈ ਏ ਐੱਸ ਤੋਂ ਸੰਪਾਦਿਤ ਕਰਵਾਇਆ ਤੇ ਦੇਸ਼ ਬਦੇਸ਼ ਪਹੁੰਚਾਇਆ।
1940 'ਚ ਸ: ਜੀਵਨ ਸਿੰਘ ਨੇ ਲਾਹੌਰ 'ਚ ਪੁਸਤਕ ਪ੍ਰਕਾਸ਼ਨ ਦਾ ਰੁਜ਼ਗਾਰ ਨਹੀਂ, ਮਿਸ਼ਨਰੀ ਕਾਰਜ ਸ਼ੁਰੂ ਕੀਤਾ ਸੀ।
ਸ਼ੁਰੂਆਤੀ ਦੌਰ 'ਚ ਸ: ਜੀਵਨ ਸਿੰਘ ਨੇ ਬੜੀਆਂ ਵਿਚਾਰ ਉਜੇਕਤ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ।
ਸਾਬਕਾ ਮਾਲ ਮੰਤਰੀ ਗਿਆਨੀ ਕਰਤਾਰ ਸਿੰਘ ਵਰਗੇ ਸਿਰਕੱਢ ਸਿੱਖ ਆਗੂ ਨਾਲ ਦੋਸਤੀ ਕਾਰਨ ਹੀ ਉਨ੍ਹਾਂ ਨੇ ਲੰਡਨ ਰਾਊਂਡ ਟੇਬਲ ਬਾਰੇ ਮਿਸਟਰ ਬਲੇਕ ਦੀ ਕਿਤਾਬ 'Betrayal of Sikhs' ਪ੍ਰਕਾਸ਼ਿਤ ਕੀਤੀ ਸੀ। ਇਹ ਕਿਤਾਬ ਲੇਖਕ ਦੇ ਅਸਲ ਨਾਂ ਦੀ ਥਾਂ 'ਲੰਡਨ ਸਾਰਫੀਲਡ' ਦੇ ਨਾਂਅ ਹੇਠ ਛਪੀ ਸੀ। ਸਰਕਾਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬਲੇਕ ਨੂੰ ਪੁਸਤਕ ਲਿਖਣ ਦੇ ਦੋਸ਼ 'ਚ ਰੁਜ਼ਗਾਰ ਮੁਕਤ ਕਰ ਦਿੱਤਾ ਸੀ। ਮੈਕਾਲਿਫ ਦੀ ਕਿਤਾਬ 'The Sikhs' ਵੀ ਸ: ਜੀਵਨ ਸਿੰਘ ਨੇ ਹੀ ਪ੍ਰਕਾਸ਼ਿਤ ਕੀਤੀ ਸੀ। ਸ: ਗੁਰਬਚਨ ਸਿੰਘ ਤਾਲਿਬ ਦੀ ਕਿਤਾਬ Idea of Sikh State' ਤੇ ਸਾਧੂ ਸਰੂਪ ਸਿੰਘ ਦੀ ਪੁਸਤਕ 'Sikhs demand their homeland' ਤੇ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. ਦੀਆਂ ਹੋਰ ਕਿਤਾਬਾਂ ਤੋਂ ਇਲਾਵਾ 'ਸਾਚੀ ਸਾਖੀ' ਵੀ ਪਹਿਲੀ ਵਾਰ ਸ: ਜੀਵਨ ਸਿੰਘ ਨੇ ਹੀ ਪ੍ਰਕਾਸ਼ਿਤ ਕੀਤੀ ਸੀ।
ਸ: ਜੀਵਨ ਸਿੰਘ ਦਾ ਜਨਮ 6 ਜੂਨ 1914 ਨੂੰ ਪਿੰਡ ਮਰਦਵਾਲ (ਰਾਵਲਪਿੰਡੀ) 'ਚ ਹੋਇਆ।
ਸ: ਜੀਵਨ ਸਿੰਘ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸਵਾਦ ਪੈ ਗਿਆ। ਮਰਦੇ ਦਮ ਤੱਕ ਸ: ਜੀਵਨ ਸਿੰਘ ਲਾਇਬਰੇਰੀਆਂ ਨੂੰ ਪਵਿੱਤਰ ਧਾਰਮਿਕ ਸਥਾਨਾਂ ਵਾਂਗ ਹੀ ਸੀਸ ਝੁਕਾਉਂਦੇ ਰਹੇ।
ਦੇਸ਼ ਦੀ ਵੰਡ ਵੇਲੇ ਪਹਿਲਾਂ ਉਹ ਫ਼ਰੀਦਕੋਟ ਆ ਵਸੇ। ਇਕ ਸਾਲ ਇਥੋਂ ਹੀ ਪ੍ਰਕਾਸ਼ਨ ਕਾਰਜ ਕੀਤਾ। ਅਗਲੇ ਸਾਲ ਲੁਧਿਆਣੇ ਆ ਕੇ ਚੌਕ ਘੰਟਾ ਘਰ ਦੀ ਨੁਕਰੇ ਲਾਹੌਰ ਬੁੱਕ ਸ਼ਾਪ ਦੀ ਸਥਾਪਨਾ ਕਰ ਲਈ। ਦੇਸ਼ ਵੰਡ ਮਗਰੋਂ ਸਕੂਲਾਂ ਦੇ ਪਾਠਕ੍ਰਮ ਦੀਆਂ ਪੁਸਕਤਾਂ 'ਸੰਥਾਵਲੀ' ਨਾਮ ਹੇਠ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਅਤੇ ਹੋਰ ਵਿਦਵਾਨ ਲਿਖਾਰੀਆਂ ਪਾਸੋਂ ਲਿਖਵਾ ਕੇ ਨਵੀਂ ਪਨੀਰੀ ਨੂੰ ਗਿਆਨਵੰਤ ਕੀਤਾ। 'ਸਾਹਿਤ ਸਮਾਚਾਰ' ਮਾਸਿਕ ਪੱਤਰ ਤੇ ਬੱਚਿਆਂ ਲਈ ਬਾਲ ਦਰਬਾਰ ਦਾ ਮਾਸਿਕ ਪ੍ਰਕਾਸ਼ਨ ਆਰੰਭਿਆ। ਸ: ਜੀਵਨ ਸਿੰਘ ਨੂੰ ਸੈਂਕੜੇ ਲੇਖਕਾਂ ਦੀਆਂ ਪੁਸਤਕਾਂ ਪਹਿਲੀ ਵਾਰ ਛਾਪਣ ਦਾ ਮਾਣ ਮਿਲਿਆ।
ਆਪਣੇ ਜੀਵਨ ਕਾਲ 'ਚ ਉਹ ਪੰਜਾਬੀ ਨੂੰ ਪਹਿਲੇ ਥਾਂ 'ਤੇ ਹੀ ਰੱਖਦੇ ਰਹੇ। ਅੰਗਰੇਜ਼ੀ ਕਿਤਾਬਾਂ ਵੀ ਪ੍ਰਕਾਸ਼ਿਤ ਕੀਤੀਆਂ ਪਰ ਪੰਜਾਬੀ ਟਾਈਟਲਜ਼ ਦੀ ਸੰਖਿਆ ਹਜ਼ਾਰਾਂ 'ਚ ਉਨ੍ਹਾਂ ਦੇ ਜਿਉਂਦੇ-ਜੀਅ ਹੋ ਗਈ ਸੀ।
ਘੰਟਾ ਘਰ ਤੋਂ ਬਾਅਦ ਲਾਜਪਤ ਰਾਏ ਮਾਰਕੀਟ 'ਚ ਸੁਸਾਇਟੀ ਸਿਨੇਮਾ ਦੇ ਗੁਆਂਢ ਚਲੇ ਗਏ। ਇਥੇ ਕਾਰਜਸ਼ੀਲ ਹੋ ਕੇ ਹੀ ਉਨ੍ਹਾਂ ਨੇ ਨਵੇਂ ਲੇਖਕਾਂ ਪਾਸ਼ ਤੇ ਵਰਿਆਮ ਸਿੰਘ ਸੰਧੂ ਵਰਗਿਆਂ ਨੂੰ ਖ਼ੁਦ ਮੁਹੱਬਤ ਨਾਲ ਬੁਲਾ ਕੇ ਪ੍ਰਕਾਸ਼ਿਤ ਕੀਤਾ। ਉੱਡਦੇ ਬਾਜ਼ਾਂ ਮਗਰ (ਪਾਸ਼) ਤੇ ਭੱਜੀਆਂ ਬਾਹੀਂ (ਵਰਿਆਮ ਸਿੰਘ ਸੰਧੂ) ਪੂਰਾ ਆਦਮੀ (ਡਾ. ਸਾਧੂ ਸਿੰਘ) ਦਾ ਪ੍ਰਕਾਸ਼ਨ ਇਕੱਠਾ ਹੀ ਹੋਇਆ ਸੀ। ਸ: ਜੀਵਨ ਸਿੰਘ ਦੇ ਜਾਣ ਨਾਲ ਇੰਜ ਲੱਗਿਆ ਜਿਵੇਂ ਪ੍ਰਕਾਸ਼ਨ ਦਾ ਘੰਟਾ ਘਰ ਢਹਿ ਗਿਆ ਹੋਵੇ। ਉਨ੍ਹਾਂ ਦੀਆਂ ਮੇਰੇ ਮਨ ਵਿਚ ਅਨੇਕ ਯਾਦਾਂ ਹਨ। ਉਨ੍ਹਾਂ ਨੂੰ ਵਿਛੜਿਆਂ ਭਾਵੇਂ ਕਈ ਵਰ੍ਹੇ ਹੋ ਗਏ ਹਨ ਪਰ ਅੱਜ ਵੀ ਉਨ੍ਹਾਂ ਦੀ ਕਮੀ ਮਹਿਸੂਸ ਹੁੰਦੀ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਸੰਸਥਾਪਕ ਮੈਂਬਰ ਹੋਣ ਕਾਰਨ ਉਹ ਇਸ ਦੇ ਵਿਕਾਸ ਲਈ ਲਗਾਤਾਰ ਚਿੰਤਾਤੁਰ ਰਹਿੰਦੇ ਸਨ।
ਆਪਣੇ ਪੁੱਤਰ ਤੇਜਿੰਦਰਬੀਰ ਸਿੰਘ ਤੇ ਪੋਤਰੇ ਗੁਰਮੰਨਤ ਸਿੰਘ ਨੂੰ ਉਹ ਅਜਿਹੀ ਵਿਰਾਸਤ ਦੇ ਗਏ ਹਨ , ਜਿਸ ਦੀ ਕੀਮਤ ਰੁਪਈਆਂ ਚ ਗਿਣਨੀ ਸੰਭਵ ਨਹੀਂ ।
ਉਹਨਾਂ ਨੂੰ ਸਾਡੇ ਚੇਤਿਆਂ ਚੋਂ ਕਸ਼ੀਦਣਾ ਆਸਾਨ ਕਾਰਜ ਨਹੀਂ ਹੈ।
ਸਾਬਕਾ ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.