ਘੁਮਾਰ ਮੰਡੀ ਲੁਧਿਆਣਾ ਚ ਕਈ ਸਾਲ ਪਹਿਲਾਂ ਬਣਾਈ ਜੱਸਲ ਆਰਟ ਗੈਲਰੀ ਦੇ ਬਾਨੀ ਸ: ਦਲਜੀਤ ਸਿੰਘ ਜੱਸਲ ਮੇਰੇ ਮਿਹਰਬਾਨ ਵੱਡੇ ਵੀਰ ਹਨ।
ਉਨ੍ਹਾਂ ਦੇ ਇਸ ਕਲਾਤਮਕ ਕਾਰੋਬਾਰ ਦਾ ਉਦਘਾਟਨ ਸ: ਸੋਭਾ ਸਿੰਘ ਚਿਤਰਕਾਰ ਜੀ ਨੇ ਕੀਤਾ ਸੀ।
1971 ਚ ਮੈਂ ਗੁਰਦਾਸਪੁਰੋਂ ਲੁਧਿਆਣੇ ਪੜ੍ਹਨ ਆਇਆ ਤਾਂ ਇਹ ਕਾਰੋਬਾਰ ਮੇਰੇ ਕਾਲਿਜ ਦੇ ਰਾਹ ਚ ਪੈਂਦਾ ਸੀ।
ਪਰ ਇਨ੍ਹਾਂ ਨਾਲ ਬਹੁਤੀ ਮੁਲਾਕਾਤ ਉਦੋਂ ਹੋਈ ਜਦ ਮੈਂ 1983 ਚ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ ਦੀ ਲੈਕਚਰਰਸ਼ਿਪ ਛੱਡ ਕੇ ਪੰਜਾਬ ਖੇਤੀ ਯੂਨੀਵਰਸਿਟੀ ਚ ਲੁਧਿਆਣੇ ਆ ਗਿਆ।
ਉਹ ਵੀ ਮੂਲ ਰੂਪ ਚ ਜਗਰਾਉਂ ਦੇ ਹੀ ਹਨ ਪਰ ਬੜੇ ਲੰਮੇ ਸਮੇਂ ਤੋਂ ਲੁਧਿਆਣਾ ਚ ਹਨ।
ਲਿਖਣ ਪੜ੍ਹਨ ਤੇ ਕਲਾਤਮਿਕ ਬਿਰਤੀ ਤਾਂ ਸੀ ਪਰ ਪਰਿਵਾਰਕ ਜ਼ਿੰਮੇਵਾਰੀਆਂ ਦਾ ਭਾਰ ਵੱਡਾ ਸੀ।
ਉਹ 1985-86 ਚ ਸਾਡੇ ਨਾਲ ਸਰਗਰਮ ਹੋ ਗਏ। ਮੋਹਨ ਸਿੰਘ ਮੇਲੇ ਦੀ ਮੰਚ ਸਜਾਵਟ ਤੋਂ ਤੁਰ ਕੇ ਉਹ ਪਹਿਲੇ ਦਿਨ ਦੀਆਂ ਪੇਸ਼ਕਾਰੀਆਂ ਦੇ ਮੰਚ ਸੰਚਾਲਕ ਬਣ ਗਏ।
ਜੱਸਲ ਆਰਟ ਗੈਲਰੀ ਦੀ ਇੱਕ ਨੁੱਕਰੇ ਵਿਰਾਸਤੀ ਵਸਤਾਂ ਦੀ ਨੁਮਾਇਸ਼ ਕਰਨੀ ਆਰੰਭੀ ਤਾਂ ਮੈਂ ਇਸ ਬਾਰੇ ਬਹੁਤ ਅਖਬਾਰਾਂ ਚ ਲਿਖਿਆ।
ਉਸ ਨੂੰ ਪੜ੍ਹ ਕੇ ਪੰਜਾਬ ਦੇ ਡਾਇਰੈਕਟਰ ਸਭਿਆਚਾਰਕ ਮਾਮਲੇ ਸ਼੍ਰੀ ਸ ਕ ਆਹਲੂਵਾਲੀਆ ਸ: ਜੱਸਲ ਨੂੰ ਆਰਟ ਗੈਲਰੀ ਚ ਮਿਲਣ ਆਏ ਤੇ ਬਹੁਤ ਉਤਸ਼ਾਹ ਦੇ ਕੇ ਗਏ।
1987-88 ਚ ਕੁਝ ਦੋਸਤਾਂ ਨੂੰ ਸੰਗ ਰਲਾ ਕੇ ਲੋਕ ਵਿਰਾਸਤ ਅਕੈਡਮੀ ਦੀ ਸਥਾਪਨਾ ਕੀਤੀ ਤੇ ਇਸ ਦੇ ਬੈਨਰ ਥੱਲੇ ਪਹਿਲਾ ਪ੍ਰੋਗਰਾਮ ਘੂਕਰ ਚਰਖ਼ੇ ਦੀ ਕਰਵਾਇਆ। ਪੰਜਾਬੀ ਭਵਨ ਦੇ ਵਿਹੜੇ ਚ 70 ਮਾਵਾਂ ਧੀਆਂ ਭੈਣਾਂ ਚਰਖ਼ਾ ਕੱਤਣ ਆਈਆਂ। ਡਾ: ਖੇਮ ਸਿੰਘ ਗਿੱਲ ਜੀ ਨੇ ਉਦਘਾਟਨ ਕੀਤਾ ਸੀ। ਗੁਰਮੀਤ ਬਾਵਾ ਨੇ ਲੰਮੀ ਹੇਕ ਦੇ ਭੁੰਜੇ ਬਹਿ ਕੇ ਗੀਤ ਗਾਏ।
ਪੂਰਨ ਚੰਦ ਤੇ ਪਿਆਰੇ ਲਾਲ ਵਡਾਲੀ ਨੇ ਮੇਰਾ ਇਹ ਚਰਖ਼ਾ ਨੌਲੱਖਾ ਕੁੜੇ ਗਾ ਕੇ ਕਾਇਨਾਤ ਝੂਮਣ ਲਾ ਦਿੱਤੀ।
ਸ: ਭਾਗ ਸਿੰਘ ਨਾਟਕਕਾਰ ਚੰਡੀਗੜ੍ਹੋਂ ਉਚੇਚੇ ਆਏ।
ਸ ਕ ਆਹਲੂਵਾਲੀਆ ਨੇ ਪੂਰਾ ਵਿਭਾਗੀ ਸਾਥ ਦਿੱਤਾ। ਨਿੱਤ ਨਵੇਂ ਸੂਰਜ ਫਿਰ ਕਈ ਪ੍ਰੋਗਰਾਮ ਹੋਰ।
ਕੰਮ ਵਿੱਚਪਤਾ ਹੀ ਨਾ ਲੱਗਾ ਕਿ ਸਮਾਂ ਕਿਵੇਂ ਬੀਤ ਗਿਆ।
ਸਰੀਰਕ ਕਸ਼ਟ ਨੇ ਜੱਸਲ ਸਾਹਿਬ ਨੂੰ ਘੇਰ ਲਿਆ ਪਰ ਉਹ ਡੋਲੇ ਨਹੀਂ।
ਇਸ ਸਮੇਂ ਦੌਰਾਨ ਦੋ ਕਿਤਾਬਾਂ ਲਿਖ ਚੁਕੇ ਨੇ। ਰੋਜ਼ ਪੜ੍ਹਦੇ ਨੇ।
ਲਗਾਤਾਰਤਾ ਚ ਦੁਖ ਸੁਖ ਦੇ ਭਾਈਵਾਲ ਬਣਦੇ ਨੇ।
ਮੇਰੀ ਕਿਤਾਬ ਰਾਵੀ ਦਾ ਦੂਜਾ ਸੰਸਕਰਨ ਆਇਆ ਤਾਂ ਉਨ੍ਹਾਂ ਮੁਬਾਰਕ ਦਿੱਤੀ। ਕਿਤਾਬ ਮੰਗਵਾਈ।
ਤ੍ਰੈਲੋਚਨ ਲੋਚੀ ਨੇ ਉਨ੍ਹਾਂ ਦੀ ਇਹ ਤਸਵੀਰ ਭੇਜੀ ਤਾਂ ਸੁਰਤਿ 36 ਸਾਲ ਪਿੱਛੇ ਚਲੀ ਗਈ।
ਇਸ ਨਸਲ ਦੇ ਸਿਰੜੀ ਵੱਡੇ ਵੀਰ ਜ਼ਿੰਦਾਬਾਦ!
ਗੁਰਭਜਨ ਗਿੱਲ
5.5.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.