ਅਜੋਕੇ ਯੁੱਗ 'ਚ ਡਿਜੀਟਲ ਬੈਂਕਿੰਗ ਰਾਹੀਂ ਪੈਸਿਆਂ ਦਾ ਲੈਣ-ਦੇਣ ਬਹੁਤ ਜ਼ਿਆਦਾ ਹੋ ਰਿਹਾ ਹੈ। ਇਸਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਸਰਕਾਰਾਂ ਦੁਆਰਾ ਲੋਕਾਂ ਨੂੰ ਮਜਬੂਰ ਵੀ ਅਤੇ ਪ੍ਰੇਰਿਤ ਵੀ ਕੀਤਾ ਜਾਂਦਾ ਹੈ ਕਿ ਆਨਲਾਈਨ ਬੈਕਿੰਗ ਦੀ ਹੀ ਵਰਤੋਂ ਕਰਨ। ਆਨਲਾਈਨ ਟਰਾਂਜੈਕਸ਼ਨ ਲਈ ਕੰਪਨੀਆਂ ਵਲੋਂ ਕਈ ਆਫਰ ਵੀ ਗ੍ਰਾਹਕਾਂ ਨੂੰ ਦਿੱਤੇ ਜਾਂਦੇ ਹਨ। ਬਜ਼ਾਰ ਚੋਂ ਕੋਈ ਵੀ ਵਸਤੂ ਖਰੀਦਣ ਲਈ ਜਾਓ ਤਾਂ ਆਨਲਾਈਨ ਸ਼ਾਪਿੰਗ ਕਰਨ ਲਈ ਲੁਭਾਵਣੇ ਆਫਰ ਦਿੱਤੇ ਜਾਂਦੇ ਹਨ।
ਜਿਸ ਨਾਲ ਲੋਕ ਆਨਲਾਈਨ ਲਈ ਮਜਬੂਰ ਵੀ ਹੋ ਰਹੇ ਹਨ ਅਤੇ ਉਹਨਾਂ ਦੇ ਆਦੀ ਵੀ। ਪਹਿਲਾਂ ਤਾਂ ਕੁਝ ਦੁਕਾਨਦਾਰ ਜਾਂ ਹੋਟਲ ਵਾਲੇ ਵੇਟਰ ਵੀ ਤੁਹਾਡੇ ਕਾਰਡ ਨਾਲ ਛੇੜਛਾੜ ਕਰ ਲੈਂਦੇ ਹੁੰਦੇ ਸਨ। ਫਿਰ ਇਸ ਚ ਸੁਧਾਰ ਹੋਇਆ ਜਿਸ ਕਾਰਨ ਓ.ਟੀ.ਪੀ ਅਤੇ ਪਾਸਵਰਡ ਤੋਂ ਬਿਨਾਂ ਪੈਸਿਆਂ ਦਾ ਲੈਣ ਦੇਣ ਬੰਦ ਹੋਗਿਆ। ਜਿਸ ਕਾਰਨ ਦੁਕਾਨ ਜਾਂ ਵੱਡੇ ਸਟੋਰ ਦੇ ਮੁਲਾਜ਼ਮਾਂ ਵਲੋਂ ਠੱਗੀ ਮਾਰਨੀ ਔਖੀ ਹੋ ਗਈ। ਲੋਕਾਂ ਨੂੰ ਸੁਵਿਧਾਵਾਂ ਬਹੁਤ ਚੰਗੀਆਂ ਲਗ ਜਾਂਦੀਆਂ ਹਨ ਕਿਉਂਕਿ ਤੁਹਾਨੂੰ ਕੈਸ਼ ਸੰਭਾਲਣ ਦੀ ਜ਼ਰੂਰਤ ਨਹੀਂ ਪੈਂਦੀ।
ਸਿਰਫ ਆਪਣਾ ਪਾਸਵਰਡ ਯਾਦ ਰੱਖੋ ਅਤੇ ਜੋ ਮਰਜੀ ਸਮਾਨ ਬਜਾਰ ਚੋਂ ਖਰੀਦ ਲਵੋ। ਪਰ ਜਦੋਂ ਗਲ ਠਗੀ ਦੀ ਆਉਂਦੀ ਹੈ ਤਾਂ ਲੋਕ ਤੁਹਾਡੇ ਨਾਲ ਉਥੇ ਵੀ ਠਗੀ ਮਾਰ ਜਾਂਦੇ ਹਨ। ਸਗੋਂ ਠਗੀ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਕੋਈ ਵੀ ਦੇਸ਼ ਵਿਚ ਜਦੋਂ ਸੁਵਿਧਾਵਾਂ ਵਧਦੀਆਂ ਹਨ ਉਦੋਂ ਹੀ ਠਗੀ ਮਾਰਨ ਵਾਲਿਆਂ ਦੀ ਗਿਣਤੀ ਵੀ ਵੱਧ ਜਾਂਦੀ ਹੈ। ਪਹਿਲਾਂ ਚੋਰ ਚੋਰੀ ਘਰਾਂ ਵਿਚ ਜਾਕੇ ਕਰਦੇ ਸਨ ਫਿਰ ਚੋਰ ਘਰਾਂ ਤੋਂ ਬਾਅਦ ਦਫਤਰਾਂ ਵਲ ਹੋ ਗਏ ਅਤੇ ਹੁਣ ਚੋਰ ਬੈਂਕਾਂ ਦਾ ਸਹਾਰਾ ਲੈਕੇ ਲੋਕਾਂ ਨੂੰ ਸੁਵਿਧਾਵਾਂ ਦੇ ਬਦਲੇ ਠਗੀ ਦਾ ਸ਼ਿਕਾਰ ਬਣਾ ਰਹੇ ਹਨ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਜਦੋਂ ਦਾ ਨੈਟ ਮੁਫ਼ਤ ਮਿਲਿਆ ਹੈ ਉਦੋਂ ਦਾ ਡਿਜੀਟਲ ਭੁਗਤਾਨ ਚ ਵਾਧਾ ਹੋਇਆ ਹੈ ਜਿਸ ਕਾਰਨ ਠਗੀਆਂ ਹੋਰ ਵੀ ਵੱਧ ਗਈਆਂ ਹਨ। ਸੋਚਣ ਵਾਲੀ ਗੱਲ ਹੈ ਕਿ ਜਦੋਂ ਨੈਟ ਮੁਫ਼ਤ ਨਹੀਂ ਸੀ ਕੀ ਉਦੋਂ ਠਗੀ ਨਹੀਂ ਵਜਦੀ ਸੀ?
ਬਸ ਠੱਗੀ ਮਾਰਨ ਦਾ ਢੰਗ ਬਦਲ ਗਿਆ । ਅੱਜ ਤੋਂ 10 ਕੁ ਸਾਲ ਪਹਿਲਾਂ ਵੀ ਇਨਾਮ ਜਿੱਤਣ ਦੀਆਂ ਫੈਕ ਕਾਲਾਂ ਆਉਂਦੀਆਂ ਸਨ ਅਤੇ ਪੈਸੇ ਖਾਤਿਆਂ ਚ ਜਾਂ ਮੋਬਾਈਲ ਦਾ ਬੈਲੈਂਸ ਵੀ ਟਰਾਂਸਫਰ ਕਰਕੇ ਇਨਾਮ ਜਿੱਤਣ ਦਾ ਸੁਨਹਿਰੀ ਮੌਕਾ ਦਿੱਤਾ ਜਾਂਦਾ ਸੀ। ਜਿਹੜੇ ਪੈਸੇ ਬੈਂਕ ਰਾਹੀਂ ਜਾਂ ਕਿਸੇ ਸਿਮ ਰਾਹੀਂ ਟਰਾਂਸਫਰ ਕੀਤੇ ਜਾਂਦੇ ਹਨ ਉਹ ਬੈਂਕ ਖਾਤੇ ਅੱਜ ਵੀ ਕਿਸ ਦੇ ਨਾਮ ਤੇ ਹਨ ਜਾਂ ਨਹੀਂ ਇਸਦਾ ਕੋਈ ਵੀ ਪਤਾ ਨਹੀਂ ਲੱਗਦਾ। ਅੱਜਕਲ ਇਕ ਐਪ ਹੈ ਜਿਸ ਚ ਤੁਹਾਡਾ ਮੋਬਾਇਲ ਨੰਬਰ ਨਾਲ ਤੁਹਾਡਾ ਬੈਂਕ ਖਾਤਾ ਜੁੜ ਜਾਂਦਾ ਹੈ ਅਤੇ ਕਿਸੇ ਤੋਂ ਪੈਸੇ ਮੰਗਵਾਉਣ ਲਈ ਸਿਰਫ ਮੋਬਾਇਲ ਨੰਬਰ ਦੀ ਲੋੜ ਹੁੰਦੀ ਹੈ। ਉਸ ਐਪ ਚ ਰਿਕੁਐਸਟ ਆਉਂਦੀ ਹੈ ਉਸ ਵਕਤ ਤੁਸੀਂ ਪੈਸੇ ਰਿਸੀਵ ਕਰਨ ਦੀ ਜਗ੍ਹਾ ਤੇ ਸੈਂਡ ਕਰ ਦਿੰਦੇ ਹੋ।
ਤੁਹਾਨੂੰ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਰਿਕੁਐਸਟ ਅਕਸੇਪਟ ਕਰਕੇ ਆਪਣਾ ਪਿੰਨ ਭਰਨ ਲਈ ਕਿਹਾ ਜਾਂਦਾ ਹੈ। ਜਿਸ ਨਾਲ ਤੁਹਾਡੇ ਖਾਤੇ ਚੋਂ ਪੈਸੇ ਚਲੇ ਜਾਂਦੇ ਹਨ ਅਤੇ ਤੁਹਾਡੇ ਨਾਲ ਠਗੀ ਵਜ ਜਾਂਦੀ ਹੈ। ਇਸ ਤੋਂ ਬਾਅਦ ਤੁਸੀਂ ਕੋਈ ਵੀ ਵਸਤੂ ਵੇਚਣੀ ਹੋਵੇ ਤਾਂ ਆਨਲਾਈਨ ਪਾਂਦੇ ਹੋ ਉਸਨੂੰ ਖਰੀਦਣ ਲਈ ਖਰੀਦਦਾਰ ਤੁਹਾਡੇ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਪੈਸੇ ਖਾਤੇ ਚ ਲੈ ਲਵੋ ਇਸ ਐਪ ਨੂੰ ਇੰਸਟਾਲ ਕਰਕੇ ਆਪਣਾ ਓ.ਟੀ. ਪੀ ਦਵੋ ਅਤੇ ਪੈਸੇ ਲੈ ਲਵੋ ਪਰ ਉਲਟ ਹੋ ਜਾਂਦਾ ਹੈ ਪੈਸੇ ਤੁਹਾਡੇ ਖਾਤੇ ਚੋਂ ਨਿਕਲ ਕੇ ਖਰੀਦਦਾਰ ਦੇ ਖਾਤੇ ਚ ਚਲੇ ਜਾਂਦੇ ਹਨ। ਫਿਰ ਤੁਹਾਨੂੰ ਪਤਾ ਲਗਦਾ ਕਿ ਤੁਹਾਡੇ ਨਾਲ ਠਗੀ ਵਜ ਜਾਂਦੀ ਹੈ।
ਡਿਜੀਟਲ ਧੋਖੇਬਾਜ਼ੀ ਤੋਂ ਕਿਵੇਂ ਬਚੀਏ:
ਜਦੋਂ ਤੁਹਾਡੇ ਬੈਂਕ ਅਕਾਊਂਟ ਦੀ ਜਾਣਕਾਰੀ ਦੇ ਨਾਲ ਓ.ਟੀ. ਪੀ ਅਤੇ ਸੀ.ਵੀ.ਵੀ ਮੰਗੇ ਤਾਂ ਨਾ ਦਵੋ। ਕਿਉਂਕਿ ਬੈਂਕਾਂ ਕਦੇ ਵੀ ਤੁਹਾਡੇ ਤੋਂ ਓ.ਟੀ.ਪੀ ਅਤੇ ਪਿੰਨ ਨਹੀਂ ਮੰਗਦੀਆਂ। ਜੇਕਰ ਤੁਸੀਂ ਆਨਲਾਈਨ ਕੁਝ ਵੀ ਵੇਚਣਾ ਹੋਵੇ ਤਾਂ ਉਸਦਾ ਲੈਣ ਦੇਣ ਵੇਲੇ ਪਾਸਵਰਡ ਨਾਂ ਦਵੋ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰੋ। ਜੇਕਰ ਤੁਹਾਡੇ ਖਾਤੇ ਚੋਂ ਪੈਸਿਆਂ ਦਾ ਫਰਕ ਲਗੇ ਤਾਂ ਤੁਰੰਤ ਬੈਂਕ ਅਧਿਕਾਰੀ ਨਾਲ ਜਾਂ ਬੈਂਕ ਦੇ ਗਾਹਕ ਸੇਵਾ ਨਾਲ ਸੰਪਰਕ ਕਰੋ। ਜੇਕਰ ਫਿਰ ਵੀ ਕੋਈ ਹੱਲ ਨਾ ਨਿਕਲੇ ਤਾਂ ਪੁਲਿਸ ਨੂੰ ਸਮੇਂ ਸਿਰ ਇਤਲਾਹ ਕਰਕੇ ਤੁਰੰਤ ਕਾਰਵਾਈ ਕਰਵਾਓ। ਅਖੀਰ ਚ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਮੌਕੇ ਮੌਕੇ ਤੇ ਬੈਂਕ ਅਧਿਕਾਰੀਆਂ ਤੋਂ ਆਪਣੇ ਬੈਂਕ ਬਾਰੇ ਜਾਣਕਾਰੀ ਲੈਣਾ ਅਜੋਕੇ ਸਮੇਂ ਚ ਲਾਜ਼ਮੀ ਹੈ।
-
ਪਰਵਿੰਦਰ ਸਿੰਘ ਕੰਧਾਰੀ, ਲੇਖਕ ਤੇ ਪੱਤਰਕਾਰ
kandhariprince@gmail.com
9579600007
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.