ਗੁਰਭਜਨ ਗਿੱਲ ਹਰ ਇਕ ਦਾ ਗੂਗਲ ਅੰਕਲ ਹੈ। ਉਨ੍ਹਾਂ ਦੇ ਦਾਇਰੇ ਵਾਲੇ ਕਿਸੇ ਸਿਆਸਤਦਾਨ, ਅਫ਼ਸਰ, ਪ੍ਰੋਫ਼ੈਸਰ, ਪੱਤਰਕਾਰ, ਲੇਖਕ ਜਾਂ ਖਿਡਾਰੀ ਨੂੰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਗੂਗਲ ਵਿੱਚ 'ਸਰਚ' ਕਰਨ ਦੀ ਬਜਾਏ ਉਹ ਗੁਰਭਜਨ ਗਿੱਲ ਨੂੰ ਸਿੱਧਾ ਫ਼ੋਨ ਕਰ ਕੇ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਲੈਂਦੇ ਹਨ। ਇਤਿਹਾਸਕ ਪ੍ਰਸੰਗ ਨਾਲ ਜੁੜੀ ਗੱਲ ਪਤਾ ਕਰਨੀ ਹੋਵੇ ਜਾਂ ਕਿਸੇ ਪੁਰਾਣੇ ਸਿਆਸਤਦਾਨ ਜਾਂ ਲਿਖਾਰੀ ਦੀ ਗੱਲ ਪੁੱਛਣੀ ਹੋਵੇ, ਕਿਸੇ ਵਿਸ਼ੇਸ਼ ਦਿਨ ਦੀ ਮਹੱਤਤਾ ਜਾਣਨੀ ਹੋਵੇ ਜਾਂ ਕਿਸੇ ਥਾਂ ਬਾਰੇ ਪਤਾ ਕਰਨਾ ਹੋਵੇ, ਸਮਕਾਲੀ ਸਥਿਤੀਆਂ ਨੂੰ ਇਤਿਹਾਸ ਦੇ ਨਜ਼ਰੀਏ ਵਿੱਚੋਂ ਦੇਖਣਾ ਹੋਵੇ ਤਾਂ ਗੁਰਭਜਨ ਗਿੱਲ ਕੋਲ ਅੱਗੇ ਵਾਲੇ ਦੇ ਹਰ ਸਵਾਲ ਦਾ ਜਵਾਬ ਹੁੰਦਾ ਹੈ। ਅੱਜ (2 ਮਈ) ਨੂੰ ਉਹ ਆਪਣਾ ਛਿਆਹਟਵਾਂ ਜਨਮ ਦਿਨ ਮਨਾ ਰਹੇ ਹਨ ਅਤੇ ਇਸ ਮੌਕੇ ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ 'ਰਾਵੀ' ਦਾ ਦੂਜਾ ਐਡੀਸ਼ਨ ਰਿਲੀਜ਼ ਹੋ ਰਿਹਾ ਹੈ। ਰਾਵੀ ਗੁਰਭਜਨ ਗਿੱਲ ਲਈ ਮਹਿਜ਼ ਇਕ ਦਰਿਆ ਨਹੀਂ ਸਗੋਂ ਭਾਵਨਾ ਦਾ ਸਾਗਰ ਹੈ ਜਿਸ ਨਾਲ ਜਜ਼ਬਾਤੀ ਰਿਸ਼ਤਾ ਹੈ। ਸੰਤਾਲੀ ਦੀ ਵੰਡ ਦਾ ਸੰਤਾਪ ਗੁਰਭਜਨ ਗਿੱਲ ਦੀ ਸ਼ਾਇਰੀ ਵਿੱਚੋਂ ਆਮ ਨਜ਼ਰ ਆਉਂਦਾ ਹੈ ਅਤੇ ਰਾਵੀ ਦਰਿਆ ਇਸ ਦਾ ਪ੍ਰਤੀਕ ਹੈ ਜਿਸ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਇਸ ਕਾਵਿ ਸੰਗ੍ਰਹਿ ਵਿੱਚੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਖ਼ਾਸ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਸ਼ਾਇਰੀ ਵਿੱਚੋਂ ਸਹਿਜੇ ਹੀ ਵੇਖੀ ਜਾ ਸਕਦੀ ਹੈ। ਸ਼ਾਇਦ ਇਸੇ ਪਿੱਛੇ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਰਾਵੀ ਪਾਰ ਕਰਕੇ ਪਾਕਿਸਤਾਨ ਤੋਂ ਭਾਰਤ ਆ ਵਸਣਾ ਅਤੇ ਫੇਰ ਰਾਵੀ ਨੇੜਲੇ ਡੇਰਾ ਬਾਬਾ ਨਾਨਕ ਖਿੱਤੇ ਵਿੱਚ ਰਹਿਣ ਲੱਗਣਾ ਵੀ ਹੈ। ਜਦੋਂ ਵੀ ਕਰਤਾਰਪੁਰ ਲਾਂਘੇ ਦਾ ਜ਼ਿਕਰ ਹੁੰਦਾ ਤਾਂ ਉਨ੍ਹਾਂ ਦੇ ਮਨ ਦੀ ਵੇਦਨਾ ਸ਼ਬਦਾਂ ਰਾਹੀਂ ਪ੍ਰਗਟ ਹੋ ਜਾਂਦੀ ਹੈ, ਚਾਹੇ ਉਹ ਕਵਿਤਾ ਦੇ ਰੂਪ ਵਿੱਚ ਹੋਵੇ ਜਾਂ ਫੇਰ ਲੇਖਾਂ ਰਾਹੀਂ।
ਉਮਰ ਦੇ ਸੱਤਵੇਂ ਦਹਾਕੇ ਦਾ ਅੱਧ ਪਾਰ ਕਰਨ ਵਾਲੇ ਗੁਰਭਜਨ ਗਿੱਲ ਸੂਚਨਾ ਤਕਨਾਲੋਜੀ ਦੀ ਵਰਤੋਂ ਵਿੱਚ ਨਵੀਂ ਉਮਰ ਦੇ ਮੁੰਡਿਆਂ ਨੂੰ ਵੀ ਮਾਤ ਪਾ ਦਿੰਦੇ ਹਨ। ਵੱਟਸਐਪ ਗਰੁੱਪਾਂ ਵਿੱਚ ਰੋਜ਼ਾਨਾ ਸਵੇਰੇ ਉਨ੍ਹਾਂ ਵੱਲੋਂ ਭੇਜੇ ਜਾਂਦੇ ਜਾਣਕਾਰੀ ਭਰਪੂਰ ਸੰਦੇਸ਼ ਪੱਤਰਕਾਰਾਂ ਤੇ ਲਿਖਾਰੀਆਂ ਲਈ ਗਿਆਨ ਦਾ ਸੋਮਾ ਹੁੰਦੇ ਹਨ। ਉਹ ਸੋਲਾਂ ਵਰ੍ਹਿਆਂ ਦੇ ਨੌਜਵਾਨ ਵਾਂਗ ਟੈਕਨਾਲੌਜੀ ਦੀ ਵਰਤੋਂ ਕਰ ਰਹੇ ਹਨ। ਪਿਛਲੀਆਂ ਦੋ ਪੁਸਤਕਾਂ ਦਾ ਮੈਟਰ ਉਨ•ਾਂ ਮੋਬਾਈਲ ਉਪਰ ਹੀ ਟਾਈਪ ਕੀਤਾ ਹੈ। ਉਹ ਰੋਜ਼ਾਨਾ ਆਪਣੀ ਨਵੀਂ ਲਿਖੀ ਗ਼ਜ਼ਲ, ਨਜ਼ਮ ਜਾਂ ਰੁਬਾਈ ਮੋਬਾਈਲ ਉਪਰ ਹੀ ਦੋਸਤਾਂ ਨੂੰ ਵੱਟਸਐਪ ਉਪਰ ਭੇਜ ਦਿੰਦੇ ਹਨ। ਪੰਜਾਬੀ ਸਾਹਿਤ, ਸੱਭਿਆਚਾਰ, ਕਲਾ, ਸਿੱਖਿਆ ਤੇ ਖੇਡ ਖੇਤਰ ਦੀ ਉਹ ਜਾਣੀ-ਪਛਾਣੀ ਸ਼ਖ਼ਸੀਅਤ ਹੈ। ਗੁਰਭਜਨ ਗਿੱਲ ਦਾ ਘੇਰਾ ਸਮਾਜ ਦੇ ਹਰ ਵਰਗ ਤੱਕ ਪਹੁੰਚਿਆ ਹੈ, ਚਾਹੇ ਉਹ ਵਿਦਿਆਰਥੀ, ਖਿਡਾਰੀ, ਪੱਤਰਕਾਰ, ਸਾਹਿਤਕਾਰ, ਕਲਾਕਾਰ, ਕਿਸਾਨ, ਅਫ਼ਸਰ, ਸਮਾਜ ਸੇਵੀ ਜਾਂ ਫੇਰ ਰਾਜਨੀਤਕ ਸ਼ਖ਼ਸੀਅਤ ਹੋਵੇ।ਗੁਰਭਜਨ ਗਿੱਲ ਦੀ ਰਹਿਣੀ-ਸਹਿਣੀ, ਕਹਿਣੀ-ਕਥਨੀ ਅਤੇ ਲੇਖਣੀ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਚੁੱਕਿਆ ਹੈ। ਜਾਣ-ਪਛਾਣ, ਬਾਹਰਲੇ ਵਿਸ਼ਿਆਂ ਬਾਰੇ ਗਿਆਨ, ਹਰ ਖੇਤਰ ਵਿੱਚ ਉਨ੍ਹਾਂ ਦੀਆਂ ਸਾਂਝਾਂ, ਸਰਗਰਮੀਆਂ ਅਤੇ ਸਤਿਕਾਰ ਕਾਰਨ ਗੁਰਭਜਨ ਗਿੱਲ ਇਸ ਵੇਲੇ ਪੰਜਾਬੀ ਸਾਹਿਤਕਾਰਾਂ ਵਿੱਚੋਂ ਸਭ ਤੋਂ ਵੱਧ ਜਾਣਿਆ ਜਾਣ ਵਾਲਾ ਨਾਮ ਹੈ। ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਗਿੱਲ ਦੀਆਂ ਪੰਦਰਾਂ ਕਾਵਿ ਸ੍ਰੰਗਹਿ ਪੁਸਤਕਾਂ ਵਿੱਚ ਗ਼ਜ਼ਲਾਂ, ਗੀਤਾਂ, ਕਵਿਤਾਵਾਂ ਅਤੇ ਰੁਬਾਈਆਂ ਸਭ ਸ਼ਾਮਲ ਹਨ। ਉਨ੍ਹਾਂ ਤਿੰਨ ਦਰਜਨ ਦੇ ਕਰੀਬ ਗੀਤ ਵੀ ਲਿਖੇ, ਜੋ ਵੱਡੇ ਗਾਇਕਾਂ ਨੇ ਗਾਏ। ਗੀਤਕਾਰੀ ਨਾਲੋਂ ਵੱਧ ਰੁਝਾਨ ਉਨ੍ਹਾਂ ਦਾ ਕਵੀ ਬਣਨ ਵੱਲ ਵੱਧ ਰਿਹਾ ਹੈ। ਉਨ੍ਹਾਂ ਦੀ ਸ਼ਾਇਰੀ ਕੁਦਰਤ, ਇਤਿਹਾਸਕ ਪ੍ਰਸੰਗਾਂ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਰਜਮਾਨੀ ਕਰਦੀ ਹੋਈ ਸਮਾਜਿਕ ਸਰੋਕਾਰਾਂ ਦੇ ਬਹੁਤ ਨੇੜੇ ਢੁਕ ਜਾਂਦੀ ਹੈ। ਅਣਜੰਮੀ ਧੀ ਦੀ ਗਾਥਾ ਸੁਣਾਉਂਦੀ ਕਵਿਤਾ 'ਲੋਰੀ' ਨੇ ਗੁਰਭਜਨ ਗਿੱਲ ਨੂੰ ਸਮਾਜ ਵਿੱਚ ਸਭ ਤੋਂ ਸਨਮਾਨ ਦਿਵਾਇਆ ਹੈ, ਜਿੱਥੇ ਉਨ੍ਹਾਂ ਭਰੂਣ ਹੱਤਿਆ ਜਿਹੀ ਲਾਹਨਤ ਨੂੰ ਆਪਣੇ ਸ਼ਬਦਾਂ ਨਾਲ ਬਿਆਨ ਕੀਤਾ ਹੈ।
ਗੁਰਭਜਨ ਗਿੱਲ ਦਾ ਜਨਮ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਬਸੰਤ ਕੋਟ ਵਿਖੇ 1953 ਨੂੰ ਹੋਇਆ। ਪਿਤਾ ਹਰਨਾਮ ਸਿੰਘ ਤੇ ਮਾਤਾ ਤੇਜ ਕੌਰ ਦੇ ਸਭ ਤੋਂ ਛੋਟੇ ਪੁੱਤਰ ਗੁਰਭਜਨ ਗਿੱਲ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਸਰਪ੍ਰਸਤੀ ਘਰੋਂ ਹੀ ਮਿਲੀ। ਸਭ ਤੋਂ ਵੱਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ, ਵੱਡੇ ਭਰਾ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ. ਸੁਖਵੰਤ ਸਿੰਘ ਗਿੱਲ ਦੀ ਮਿਲੀ ਸੇਧ ਨੇ ਗੁਰਭਜਨ ਗਿੱਲ ਦੀ ਲਿਆਕਤ ਦੀ ਨੀਂਹ ਮਜ਼ਬੂਤ ਕੀਤੀ। ਗੁਰਭਜਨ ਗਿੱਲ ਨੇ ਪ੍ਰਾਇਮਰੀ ਦੀ ਸਿੱਖਿਆ ਪਿੰਡ ਦੇ ਹੀ ਸਕੂਲੋਂ ਪ੍ਰਾਪਤ ਕੀਤੀ ਅਤੇ ਦਸਵੀਂ ਦੀ ਪੜ•ਾਈ ਧਿਆਨਪੁਰੋਂ ਕੀਤੀ। ਗਿਆਰ੍ਹਵੀਂ ਤੇ ਬਾਰ੍ਹਵੀਂ ਕਾਲਾ ਅਫ਼ਗ਼ਾਨਾ ਕਾਲਜ ਤੋਂ ਕਰਨ ਪਿੱਛੋਂ ਗੁਰਭਜਨ ਗਿੱਲ ਨੇ ਬੀ.ਏ. ਲੁਧਿਆਣਾ ਦੇ ਜੀ.ਜੀ.ਐਨ. ਖ਼ਾਲਸਾ ਕਾਲਜ ਵਿੱਚੋਂ ਕੀਤੀ ਜਿੱਥੇ ਅੱਜ ਉਨ੍ਹਾਂ ਦੇ ਜਨਮ ਦਿਨ ਦਾ ਸਮਾਗਮ ਰੱਖਿਆ ਹੈ। ਡਾ. ਐਸ.ਪੀ. ਸਿੰਘ ਦੀ ਸ਼ਾਗਿਰਦਗੀ ਅਤੇ ਮਿੱਤਰ ਵਜੋਂ ਸ਼ਮਸ਼ੇਰ ਸੰਧੂ ਦੀ ਦੋਸਤੀ ਦਾ ਸਾਥ ਮਿਲਿਆ। ਸਰਕਾਰੀ ਕਾਲਜ ਲੁਧਿਆਣਾ ਤੋਂ ਪੰਜਾਬੀ ਦੀ ਐਮ.ਏ. ਕੀਤੀ। 1975 ਵਿੱਚ ਕਾਲਜ ਦੀ ਪੜ•ਾਈ ਦੌਰਾਨ ਗੁਰਭਜਨ ਗਿੱਲ ਨੂੰ ਪਹਿਲਾ ਸਨਮਾਨ 'ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ' ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਦਿੱਤਾ ਗਿਆ। ਗੁਰਭਜਨ ਗਿੱਲ ਨੇ ਪੜ੍ਹਾਈ ਪੂਰੀ ਕਰਦਿਆਂ 1976 ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ। ਦੋਰਾਹਾ ਕਾਲਜ ਵਿਖੇ ਇਕ ਸਾਲ ਸੇਵਾ ਨਿਭਾਉਣ ਤੋਂ ਬਾਅਦ ਲਾਜਪਤ ਰਾਏ ਮੈਮੋਰੀਅਲ ਜਗਰਾਉਂ ਵਿਖੇ 1977 ਤੋਂ 1983 ਤੱਕ ਛੇ ਸਾਲ ਪੜ•ਾਇਆ। ਗੁਰਭਜਨ ਗਿੱਲ ਨੇ ਅਪਰੈਲ 1983 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੀਨੀਅਰ ਸੰਪਾਦਕ (ਪੰਜਾਬੀ) ਵਜੋਂ ਨੌਕਰੀ ਜੁਆਇਨ ਕੀਤੀ, ਜਿੱਥੇ ਉਨ੍ਹਾਂ ਤੀਹ ਸਾਲ ਸੇਵਾਵਾਂ ਨਿਭਾਈਆਂ। ਮਈ 2013 ਵਿੱਚ ਸੇਵਾ ਮੁਕਤੀ ਤੋਂ ਬਾਅਦ ਗੁਰਭਜਨ ਗਿੱਲ ਨੇ ਮਾਲਵੇ ਦੇ ਧੁਰ ਅੰਦਰ ਬਠਿੰਡਾ ਜ਼ਿਲੇ• ਵਿੱਚ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਡਾਇਰੈਕਟਰ (ਯੋਜਨਾ ਤੇ ਵਿਕਾਸ) ਵਜੋਂ ਇਕ ਸਾਲ ਸੇਵਾਵਾਂ ਨਿਭਾਈਆਂ। ਫ਼ਰਵਰੀ 2014 ਤੋਂ ਬਾਅਦ ਗੁਰਭਜਨ ਗਿੱਲ ਭਾਵੇਂ ਨੌਕਰੀ ਦੀਆਂ ਸੇਵਾਵਾਂ ਤੋਂ ਪੂਰੀ ਤਰ੍ਹਾਂ ਵਿਹਲੇ ਹੋ ਗਏ ਪ੍ਰੰਤੂ ਵੱਖ-ਵੱਖ ਖੇਤਰਾਂ ਵਿੱਚ ਸਰਗਰਮੀ ਅਤੇ ਸਾਹਿਤਕ ਗਤੀਵਿਧੀਆਂ ਨੂੰ ਹੋਰ ਵਧਾ ਦਿੱਤਾ। ਆਪਣੀ ਸਰਵਿਸ ਦੌਰਾਨ ਉਨ੍ਹਾਂ ਸਾਹਿਤ ਖੇਤਰ ਦੀਆਂ ਸਿਖਰਾਂ ਛੋਹੀਆਂ।
ਗੁਰਭਜਨ ਗਿੱਲ ਦੀ ਪਹਿਲੀ ਪੁਸਤਕ ਕਾਵਿ 'ਸ਼ੀਸ਼ਾ ਝੂਠ ਬੋਲਦਾ ਹੈ' 1978 ਵਿੱਚ ਪ੍ਰਕਾਸ਼ਿਤ ਹੋਈ। ਹੁਣੇ ਜਿਹੇ ਉਨ੍ਹਾਂ ਦੀ ਸੋਲ੍ਹਵੀਂ ਪੁਸਤਕ 'ਧਰਤੀ ਨਾਦ' ਪ੍ਰਕਾਸ਼ਿਤ ਹੋਈ ਹੈ। ਉਨ•ਾਂ ਪੰਦਰਾਂ ਕਾਵਿ ਸੰਗ੍ਰਹਿ ਤੇ ਇਕ ਵਾਰਤਕ (ਸ਼ਬਦ ਚਿੱਤਰ) ਦੀ ਪੁਸਤਕ ਲਿਖੀ। ਇਸ ਤੋਂ ਇਲਾਵਾ ਪੰਜ ਪੁਸਤਕਾਂ ਸੰਪਾਦਿਤ ਕੀਤੀਆਂ। ਦੂਜੀ ਪੁਸਤਕ 'ਹਰ ਧੁਖਦਾ ਪਿੰਡ ਮੇਰਾ ਹੈ' (1985) ਸੀ ਫੇਰ 'ਬੋਲ ਮਿਟੀ ਦਿਆ ਬਾਵਿਆ' ਤੇ 'ਅਗਨ ਕਥਾ' (2002)। ਇਸ ਤੋਂ ਬਾਅਦ 2005 ਵਿੱਚ 'ਧਰਤੀ ਨਾਦ' ਤੋਂ ਸ਼ੁਰੂ ਕੀਤਾ ਸਫ਼ਰ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਤੇ 'ਖ਼ੈਰ ਪੰਜਾਂ ਪਾਣੀਆਂ ਦੀ', ਫੁੱਲਾਂ ਦੀ ਝਾਂਜਰ (2006), ਪਾਰਦਰਸ਼ੀ (2008), ਮੋਰ ਪੰਖ (2010), ਮਨ ਤੰਦੂਰ (2013), ਗੁਲਨਾਰ (2015), ਮਿਰਗਾਵਲੀ (2016), ਰਾਵੀ (2017), ਸੰਧੂਰਦਾਨੀ (2018) ਤੱਕ ਚਲਦਾ ਹੋਇਆ ਧਰਤੀ ਨਾਦ ਤੱਕ ਹੀ ਪੁੱਜ ਗਿਆ ਹੈ। ਸੰਪਾਦਿਤ ਕੀਤੀਆਂ ਪੰਜ ਪੁਸਤਕਾਂ ਵਿੱਚ ਸੁਰਖ ਸਮੁੰਦਰ, ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ, ਤਾਰਿਆਂ ਨਾਲ ਗੱਲਾਂ ਕਰਦਿਆਂ ਤੇ ਪਿੱਪਲ ਪੱਤੀਆਂ ਸ਼ਾਮਲ ਹਨ। ਵਾਰਤਕ ਦੀ ਇਕਲੌਤੀ ਪੁਸਤਕ 'ਕੈਮਰੇ ਦੀ ਅੱਖ ਬੋਲਦੀ' ਹੈ ਜਿਸ ਵਿੱਚ ਲੁਧਿਆਣੇ ਦੇ ਪ੍ਰਸਿੱਧ ਫ਼ੋਟੋ ਆਰਟਿਸਟ ਤੇਜ ਪ੍ਰਤਾਪ ਸਿੰਘ ਸੰਧੂ ਦੀਆਂ ਤਸਵੀਰਾਂ ਹਨ, ਜਿਨ•ਾਂ ਬਾਰੇ ਸ਼ਬਦ ਚਿੱਤਰ ਲਿਖਦਿਆਂ ਗੁਰਭਜਨ ਗਿੱਲ ਨੇ ਤਸਵੀਰਾਂ ਜਿੰਨੇ ਹੀ ਖ਼ੂਬਸੁਰਤ ਸ਼ਬਦ ਦਿੱਤੇ ਹਨ।
ਗੁਰਭਜਨ ਗਿੱਲ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 2013 ਵਿੱਚ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਮਿਲਿਆ। 2018 ਦੇ ਸ਼ੁਰੂ ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਉਮਰ ਭਰ ਦੀਆਂ ਸੇਵਾਵਾਂ ਬਦਲੇ 'ਫ਼ੈਲੋ ਪੁਰਸਕਾਰ' ਨਾਲ ਸਨਮਾਨਤ ਕੀਤਾ। ਇਸੇ ਸਾਲ ਖਾਲਸਾ ਕਾਲਜ ਪਟਿਆਲਾ ਵਿਖੇ ਖਾਲਸਾ ਗਲੋਬਲ ਰਤਨ ਪੁਰਸਕਾਰ ਦਾ ਸਨਮਾਨ ਮਿਲਿਆ। ਜ਼ਿੰਦਗੀ ਵਿੱਚ ਮਿਲੇ ਹੋਰ ਮਾਣ-ਸਨਮਾਨਾਂ ਤੇ ਐਵਾਰਡਾਂ ਦੀ ਗੱਲ ਕਰੀਏ ਤਾਂ 2005 ਵਿੱਚ ਬਲਵਿੰਦਰ ਰਿਸ਼ੀ ਮੈਮੋਰੀਅਲ ਗ਼ਜ਼ਲ ਐਵਾਰਡ ਤੇ ਸੁਰਜੀਤ ਰਾਮਪੁਰੀ ਐਵਾਰਡ, 2003 ਵਿੱਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ ਤੇ ਸਫ਼ਦਰ ਹਾਸ਼ਮੀ ਲਿਟਰੇਰੀ ਐਵਾਰਡ, 2002 ਵਿੱਚ ਐਸ.ਐਸ. ਮੀਸ਼ਾ ਐਵਾਰਡ, ਗਿਆਨੀ ਸੁੰਦਰ ਸਿੰਘ ਐਵਾਰਡ ਤੇ ਪ੍ਰੋ. ਪੂਰਨ ਸਿੰਘ ਐਵਾਰਡ, 1998 ਵਿੱਚ ਬਾਵਾ ਬਲਵੰਤ ਐਵਾਰਡ, 1992 ਵਿੱਚ ਸ਼ਿਵ ਕੁਮਾਰ ਬਟਾਲਵੀ ਐਵਾਰਡ ਅਤੇ 1979 ਵਿੱਚ 'ਭਾਈ ਵੀਰ ਸਿੰਘ ਐਵਾਰਡ' ਮਿਲੇ।
ਸਾਹਿਤਕ ਖੇਤਰ ਦੀ ਸਭ ਤੋਂ ਵੱਡੀ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਉਹ ਚਾਰ ਸਾਲ (2010-2014) ਤੱਕ ਪ੍ਰਧਾਨ ਰਹੇ ਅਤੇ ਇਸ ਕਾਰਜਕਾਲ ਦੌਰਾਨ ਲਾਮਿਸਾਲ ਕੰਮ ਕੀਤੇ। ਅਕਾਦਮੀ ਦਾ ਦਾਇਰਾ ਹੋਰ ਵੱਡਾ ਕੀਤਾ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਸਮੇਤ ਵੱਖ-ਵੱਖ ਅਹੁਦਿਆਂ 'ਤੇ ਗੁਰਭਜਨ ਗਿੱਲ ਨੇ 20 ਸਾਲ ਸੇਵਾਵਾਂ ਨਿਭਾਈਆਂ ਹਨ। ਉਹ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਲੁਧਿਆਣਾ ਦੇ ਸਕੱਤਰ ਜਨਰਲ ਵੀ ਰਹੇ ਹਨ। ਮਾਝੇ ਦੀਆਂ ਪ੍ਰਸਿੱਧ ਖੇਡਾਂ ਅਤੇ ਉਲੰਪਿਕ ਚਾਰਟਰ ਵਾਲੀਆਂ ਇਕਲੌਤੀਆਂ ਕਮਲਜੀਤ ਖੇਡਾਂ ਦੀ ਪ੍ਰਬੰਧਕੀ ਸੰਸਥਾ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਉਹ ਚੇਅਰਮੈਨ ਹਨ। ਉਹ 2012 ਤੋਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ, ਬੱਸੀਆਂ (ਰਾਏਕੋਟ) ਦੇ ਚੇਅਰਮੈਨ ਚਲੇ ਆ ਰਹੇ ਹਨ, ਜਿਨ੍ਹਾਂ ਦੀ ਅਗਵਾਈ ਹੇਠ ਬੱਸੀਆਂ ਕੋਠੀਆਂ ਵਿਖੇ ਖ਼ਾਲਸਾ ਰਾਜ ਦੇ ਆਖ਼ਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੀ ਅਦੁੱਤੀ ਯਾਦਗਾਰ ਬਣੀ ਹੈ। ਇਸ ਤੋਂ ਇਲਾਵਾ ਉਹ 1987 ਤੋਂ ਲੋਕ ਵਿਰਾਸਤ ਅਕਾਦਮੀ ਇੰਟਰਨੈਸ਼ਨਲ ਪੰਜਾਬ ਦੇ ਮੋਢੀ ਚੇਅਰਮੈਨ, ਸਰਦਾਰ ਸ਼ੋਭਾ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਸ੍ਰੀ ਹਰਗੋਬਿੰਦਪੁਰ ਤੇ ਸੱਭਿਆਚਾਰਕ ਸੱਥ ਪੰਜਾਬ ਦੇ ਸਰਪ੍ਰਸਤ ਅਤੇ 2016 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫ਼ੈਲੋ ਹਨ।ਸੂਚਨਾ ਤਕਨਾਲੌਜੀ ਦੇ ਦੌਰ ਵਿੱਚ ਗੁਰਭਜਨ ਗਿੱਲ ਉਹ ਸ਼ਾਹ ਅਸਵਾਰ ਹੈ ਜਿਸ ਕੋਲ ਹਰ ਵਿਸ਼ੇ ਦੀ ਹਰ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਉਸ ਦੇ ਦਾਇਰੇ ਵਾਲੇ ਲੋਕ 'ਗੂਗਲ' ਨਾਲੋਂ 'ਗਿੱਲ' ਉਪਰ ਜ਼ਿਆਦਾ ਯਕੀਨ ਕਰਦੇ ਹਨ। ਗੂਗਲ ਦੀ ਖੋਜ ਜਿੱਥੇ ਜਾ ਕੇ ਮੁੱਕ ਜਾਂਦੀ ਹੈ, ਪ੍ਰੋ. ਗਿੱਲ ਹੁਰਾਂ ਦਾ ਗਿਆਨ ਭੰਡਾਰ ਉਥੋਂ ਸ਼ੁਰੂ ਹੁੰਦਾ ਹੈ।
-
ਨਵਦੀਪ ਸਿੰਘ ਗਿੱਲ, ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.