ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨੇ ਵਾਰਾਨਸੀ ਤੋਂ ਸਾਂਸਦ ਦੇ ਤੌਰ 'ਤੇ ਦੂਜੀ ਪਾਰੀ ਦੇ ਲਈ ਚੋਣ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਤੋਂ ਪਹਿਲਾਂ ਉਹਨਾ ਨੇ ਰੋਡ ਸ਼ੋ ਕੀਤਾ। ਕੁਝ ਜੋਤਸ਼ੀਆਂ ਦੇ ਕਹੇ ਅਨੁਸਾਰ ਉਹਨਾ ਨੇ ਦਿਨ ਦੇ 11 ਵਜਕੇ 45 ਮਿੰਟਾਂ 'ਤੇ ਕਾਗਜ਼ ਭਰੇ ਅਤੇ ਪਹਿਲਾਂ ਕਾਸ਼ੀ ਦੇ ਕੋਤਵਾਲ ਕਹੇ ਜਾਣ ਵਾਲੇ ਇੱਕ ਮੰਦਰ ਵਿੱਚ ਪੂਜਾ ਕੀਤੀ। ਉਹਨਾ ਨੇ ਆਪਣੀ ਵਿਰੋਧੀ ਧਿਰ ਨੂੰ ਕੌੜੀਆਂ, ਕੁਸੈਲੀਆਂ ਸੁਣਾਈਆਂ ਅਤੇ ਵਿਰੋਧੀਆਂ ਦੇ ਮਹਾਂਗਠਜੋੜ ਸਬੰਧੀ ਸਖਤ ਟਿੱਪਣੀਆਂ ਕੀਤੀਆਂ।
ਵੋਟਾਂ ਬਈ ਵੋਟਾਂ! ਛੋਟਾਂ ਬਾਈ ਛੋਟਾਂ! ਮੁਲਾਜ਼ਮਾਂ ਨੂੰ ਛੋਟਾਂ। ਬਹੁਬਲੀਆਂ ਨੂੰ ਛੋਟਾਂ। ਕਾਰਪੋਰੇਟੀਆਂ ਨੂੰ ਛੋਟਾਂ ਅਤੇ ਭਾਈ ਆਮ ਆਦਮੀ ਨੂੰ ਨਿਰੀਆਂ ਮਿਲਣੀਆਂ, ਘੋਟਾਂ ਹੀ ਘੋਟਾਂ।
ਜਾਤੀ ਵੋਟਾਂ, ਮਜ਼ਹਬੀ ਵੋਟਾਂ, ਸੂਬਾਈ ਵੋਟਾਂ, ਭਾਸ਼ਾਈ ਵੋਟਾਂ, ਅਗੜੇ ਵੋਟ, ਪੱਛੜੇ ਵੋਟ, ਘੱਟ ਗਿਣਤੀ ਵੋਟ ਅਤੇ ਦਲਿਤ ਵੋਟ! ਨੇਤਾ ਲਈ ਸਭ ਇਕੋ ਜਿਹੇ। ਪਰ ਇਹਨਾ ਨੂੰ ਛੋਟਾਂ ਅਤੇ ਘੋਟਾਂ ਮਿਲਦੀਆਂ ਆ ਨੇਤਾ ਦੀ ਚਾਹਤ ਦੇ ਅਨੁਸਾਰ।
ਉਂਜ ਭਾਈ ਵੋਟਰ ਤਾਂ ਨੇਤਾ ਲਈ ਦਰੀ ਵਿਛਾਉਂਦਾ ਹੈ। ਮੰਚ ਲਗਾਉਂਦਾ ਹੈ। ਮਾਈਕ ਲਿਆਉਂਦਾ ਹੈ। ਭੀੜ ਇੱਕਠੀ ਕਰਦਾ ਹੈ ਅਤੇ ਨੱਚਦਾ ਹੈ-ਗਾਉਂਦਾ ਹੈ। ਨੇਤਾ ਭਾਸ਼ਨ ਦਿੰਦਾ ਹੈ। ਸ਼ਬਦਾਂ ਦੇ ਰਾਸ਼ਨ ਦਿੰਦਾ ਹੈ। ਜੇ ਬਹੁਤ ਹੀ ਮਜ਼ਬੂਰ ਹੋਵੇ ਤਾਂ ਵੋਟਰਾਂ ਦੇ ਪੇਟ ਭਰਨ ਲਈ ਵੱਡਾ ਵਾਇਦਾ ਦਿੰਦਾ ਹੈ ਅਤੇ ਪਿਆਸੇ ਭੁੱਖੇ ਭਾਰਤ ਨੂੰ ਜਨ-ਗਨ-ਮਨ ਦਿੰਦਾ ਹੈ।
ਵੋਟਾਂ ਤਾਂ ਇੱਕ ਚੱਕਰ ਹੈ। ਜਿਹੜਾ ਵੋਟਰਾਂ ਨੂੰ ਭਰਮਾਉਂਦਾ ਹੈ, ਲਲਚਾਉਂਦਾ ਹੈ। ਨੇਤਾ, ਮੋਟਰ ਰੂਪੀ ਵੋਟਰਾਂ, ਤੇ ਸਵਾਰੀ ਕਰਦਾ ਹੈ, ਹੂਟੇ ਲੈਂਦਾ ਹੈ। ਵਿਰੋਧੀ ਨੂੰ ਲਤਾੜਦਾ ਹੈ ਤੇ ਆਪ "ਸੱਤ ਸਵਰਗਾਂ" ਦੇ ਫਲ ਪ੍ਰਾਪਤ ਕਰਨ ਲਈ ਜਾ ਏ.ਸੀ. ਵਿੱਚ ਬਹਿੰਦਾ ਹੈ। ਉਂਜ ਇਥੇ ਪੁਜੱਣ ਲਈ ਬੜੇ ਹੀ ਪਾਪੜ ਉਹਨੂੰ ਵੇਲਣੇ ਪੈਂਦੇ ਹਨ, ਆਪਣੀ ਆਤਮਾ, ਸਰੀਰ 'ਚੋਂ ਕੱਢਕੇ ਵੇਚਣੀ ਪੈਂਦੀ ਹੈ। ਹਰ ਕਿਸਮ ਦਾ ਮੋਹ ਤਿਆਗਣਾ ਪੈਂਦਾ ਹੈ ਅਤੇ ਆਪਣੀ ਤਲਵਾਰ, ਆਪਣੀ ਕਟਾਰ,ਆਪਣੀ ਕੁਤਰ-ਕੁਤਰ ਕਰਦੀ ਜ਼ੁਬਾਨ ਤਿੱਖੀ ਕਰਨੀ ਪੈਂਦਾ ਹੈ।
ਸੁਣੋ ਕਵੀ ਦੇ ਮਨ ਦੀ ਗੱਲ ਨੇਤਾਵਾਂ ਬਾਰੇ, "ਭਲੇ ਮਾਣਸ ਨੇ ਸ਼ਾਂਤੀ ਪਸੰਦ ਹੁੰਦੇ, ਚੰਗੀ ਲੱਗੇ ਲੜਾਈ ਕੁਪੱਤਿਆਂ ਨੂੰ"।
ਮੱਕੇ ਵਿੱਚ ਜੇ ਕੁਫ਼ਰ ਪਰਧਾਨ ਹੋ ਜਾਊ,
ਸਿਦਕਵਾਨ ਫਿਰ ਦੋਸਤੋ ਕਿੱਥੇ?
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤਾਕਤਵਰ ਅਰਥਾਤ ਅਮੀਰ ਲੋਕ ਕੋਰਟ ਨਾਲ ਖੇਡਾਂ ਨਾ ਕਰਨ, ਕਿਉਂਕਿ ਇਹ ਅੱਗ ਨਾਲ ਖੇਡਣ ਜਿਹਾ ਹੈ। ਸੁਪਰੀਮ ਕੋਰਟ ਦੇ ਜੱਜਾਂ ਦੇ ਇੱਕ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਨਿਆਪਾਲਿਕਾ ਉਤੇ ਯੋਜਨਾਵਧ ਹਮਲੇ ਹੋ ਰਹੇ ਹਨ। ਸੁਪਰੀਮ ਕੋਰਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਬੈਂਚ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਸੀਂ ਦੁਨੀਆ ਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਧੰਨ, ਸ਼ਕਤੀ ਅਤੇ ਸਿਆਸੀ ਤਾਕਤ ਨਾਲ ਨਹੀਂ ਚੱਲ ਸਕਦਾ।
ਹੌਲੀ-ਹੌਲੀ ਰੌਸ਼ਨੀ ਬੁਝ ਰਹੀ ਹੈ। ਹੌਲੀ-ਹੌਲੀ ਖੁਸ਼ੀ ਖੋਹੀ ਜਾ ਰਹੀ ਹੈ।ਹੌਲੀ-ਹੌਲੀ ਸਾਦਗੀ ਖਤਮ ਹੋ ਰਹੀ ਹੈ। ਮਨੁੱਖ "ਮੌਤ ਦੀ ਲੜਾਈ" 'ਚ ਜਿੱਤ ਰਿਹਾ ਹੈ, ਪਰ ਖੁਦਕੁਸ਼ੀ ਵੱਧ ਰਹੀ ਹੈ। ਹੌਲੀ-ਹੌਲੀ ਮਨੁੱਖ ਬੇ-ਰੁਖੀ ਅਤੇ ਬੇਅਕਲੀ ਦੇ ਜੰਗਲ ਵਿੱਚ ਫਸਦਾ ਜਾ ਰਿਹਾ ਹੈ। ਤਦੇ ਤਾਂ ਭਾਈ ਕੂੜ ਪ੍ਰਧਾਨ ਹੈ, ਕੁਫ਼ਰ ਪ੍ਰਧਾਨ ਹੈ।
ਕੋਈ ਆਖ ਰਿਹਾ ਹੈ ਜਾਤ-ਪਾਤ ਜਪਣਾ, ਜਨਤਾ ਦਾ ਮਾਲ ਅਪਣਾ। ਕੋਈ ਆਖ ਰਿਹਾ ਹੈ ਜਾਤ-ਪਾਤ ਜਪਣਾ, ਦਲਿਤੋਂ ਕਾ ਵੋਟ ਹੜੱਪਣਾ। ਕੋਈ ਆਖ ਰਿਹਾ ਹੈ ਵੋਟ ਸਾਡੇ ਹੱਥ, ਨੋਟ ਸਾਡੇ ਹੱਥ ਅਤੇ ਨਿਆਏ- ਅਨਿਆਏ ਸਾਡੇ ਬੱਸ।
ਕੋਈ ਧਨਵਾਨ ਆਖ ਰਿਹਾ ਹੈ, ਮੈਂ ਚੌਕੀਦਾਰ ਹਾਂ। ਕੋਈ ਆਖ ਰਿਹਾ ਹੈ ਮੈਂ ਬਾਹੂਬਲੀ ਹਾਂ। ਕਨੂੰਨ ਤਾਂ ਮੈਂ ਕਦੇ ਵੀ ਖਰੀਦ ਸਕਦਾ ਹਾਂ। ਕੋਈ ਦਰਜਨਾਂ, ਸੈਂਕੜਿਆਂ ਫੌਜਦਾਰੀ, ਕ੍ਰਿਮੀਨਲ ਕੇਸ ਆਪਣੇ ਨਾਮ ਲੈਕੇ "ਕਨੂੰਨ ਘੜਨੀ" ਸਭਾਵਾਂ ਲੋਕ ਸਭਾ, ਵਿਧਾਨ ਸਭਾ ਦਾ ਮੈਂਬਰ ਬਣ ਕੇ ਕਾਨੂੰਨ ਘੜਨ ਦੀ ਤਾਕਤ ਹਥਿਆ ਰਿਹਾ।
ਕੋਈ ਉੱਚ ਅਹੁਦੇ ਤੇ ਬੈਠਿਆ ਸੀ.ਬੀ.ਆਈ., ਆਈ.ਬੀ., ਰਿਜ਼ਰਵ ਬੈਂਕ ਜਿਹੀਆਂ ਆਜ਼ਾਦ ਸੰਸਥਾ ਨੂੰ ਵਰਤਕੇ ਅਤੇ ਤਾਕਤਵਰ ਹੋਕੇ ਨਿਆਪਾਲਿਕਾ ਨੂੰ ਆਪਣੇ ਸ਼ਿੰਕਜੇ 'ਚ ਲਿਆਉਣ ਦਾ ਜੇਕਰ ਯਤਨ ਕਰਨ ਲੱਗ ਪਵੇ ਤਾਂ ਫਿਰ ਕਾਨੂੰਨ ਦਾ ਰਾਖਾ ਕਿਥੇ ਜਾਊ? ਕਨੂੰਨ ਵਰਲਾਪ ਨਾ ਕਰੂ ਤਾਂ ਕੀ ਕਰੂ? ਅਸਲ ਵਿੱਚ ਤਾਂ ਦੇਸ਼ ਦਾ ਲੋਕਤੰਤਰ ਤਾਂ ਧਨਵਾਨਾਂ ਦੀ ਜੇਬ 'ਚ ਵੜ ਚੁੱਕਾ ਆ। ਧਨਵਾਨਾਂ, ਸਿਆਸਤਦਾਨਾਂ ਨੇ ਜੇਕਰ ਕਨੂੰਨ ਵੀ ਕਾਬੂ ਕਰ ਲਿਆ ਤਾਂ ਫਿਰ ਮਨੁੱਖ ਦੀ ਸੋਚ ਨੂੰ ਜ਼ਿੰਦਰਾ ਵੱਜਿਆ ਸਮਝੋ ਤੇ ਫਿਰ, "ਮੱਕੇ ਵਿੱਚ ਜੇ ਕੁਫ਼ਰ ਪ੍ਰਧਾਨ ਹੋ ਜਾਊ, ਸਿਦਕਵਾਨ ਫਿਰ ਦੋਸਤੋ ਜਾਊ ਕਿੱਥੇ"?
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.