ਯੂ ਟਿਊਬ ਤੇ ਫੋਲਾ ਫਾਲੀ ਕਰਦਿਆਂ ਗਿੱਲ ਹਰਦੀਪ ਦਾ ਗਾਇਆ ਸੱਜਰਾ ਗੀਤ ਲੱਭ ਗਿਆ। ਗੀਤ ਸੁਣਦੇ ਸੁਣਦੇ ਬਹੁਤ ਕੁਝ ਮੇਰੇ ਅੰਦਰ ਤੁਰਿਆ। ਪੰਜ ਵਾਰ ਹੇਠ ਉੱਤੇ ਸੁਣਿਆ। ਅਗਲੇ ਦਿਨ ਫੇਰ ਤਿੰਨ ਵਾਰ।
ਫਿਰ ਦੋ ਵਾਰ ਟਿਕੀ ਰਾਤ ਵਿੱਚ ਸੁਣਿਆ। ਲੱਗਿਆ ਧਰਤੀ ਪੁੱਤਰ ਗਾ ਰਿਹੈ। ਰੁਦਨ ਕਰ ਰਿਹਾ ਲੱਗਿਆ।
ਕੋਕਰੀ(ਮੋਗਾ) ਦੇ ਜੰਮਪਲ ਇਸ ਬੁਲੰਦ ਆਵਾਜ਼ ਦੇ ਸਾਈਂ ਗਿੱਲ ਹਰਦੀਪ ਦਾ
ਮੈਂ ਫੈਨ ਹਾਂ, ਨਹੀਂ ਸੱਚ ਟੇਬਲ ਫੈਨ।
ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਵੇਲੇ ਤੋਂ ਲੈ ਕੇ।
ਮੈਨੂੰ ਹਰ ਵਾਰ ਲੱਗਦੈ ਗਿੱਲ ਹਰਦੀਪ ਨਹੀਂ ਧਰਤੀ ਆਪਣਾ ਦਰਦ ਸੁਣਾ ਰਹੀ ਹੈ।
ਬਚਪਨ ਵੇਲੇ ਸ਼ੌਕਤ ਅਲੀ ਨੂੰ ਰੇਡੀਓ ਲਾਹੌਰ ਤੋਂ ਸੁਣਦਿਆਂ ਇੰਜ ਹੁੰਦਾ ਸੀ।
ਮੈਂ ਗਿੱਲ ਹਰਦੀਪ ਨੂੰ ਕੈਨੇਡਾ ਵਾਲੇ ਨੰਬਰ ਤੇ ਫੋਨ ਮਿਲਾ ਕੇ ਪੁੱਛਿਆ ਕਿ ਇਹ ਗੀਤ ਕਿਸ ਲਿਖਿਐ?
ਗੱਲਾਂ ਤਾਂ ਸਾਰੀਆਂ ਹੀ ਮੇਰੇ ਮਨ ਦੀਆਂ ਨੇ। ਉਸ ਦੱਸਿਆ ਕਿ ਕੈਲਗਰੀ ਵੱਸਦੇ ਵੀਰ ਸੁੱਖ ਬਰਾੜ ਨੇ ਲਿਖਿਐ।
ਪੂਰਾ ਗੀਤ ਤਾਂ ਲੰਮਾ ਸੀ ਪਰ ਮੈਂ ਪੰਜ ਬੰਦ ਹੀ ਗਾਏ ਨੇ।
ਸੁੱਖ ਬਰਾੜ ਦੀ ਲਿਖਤ ਵਿੱਚੋਂ ਪੰਜਾਬ ਦਾ ਦਰਦ ਬੜੇ ਸ਼ਕਤੀਸ਼ਾਲੀ ਅੰਦਾਜ਼ ਚ ਬੋਲਿਆ ਹੈ। ਸੰਗੀਤ ਤਿਆਰ ਕਰਨ ਵਾਲੇ ਵੀਰ ਨੇ ਵੀ ਕਸਰ ਨਹੀਂ ਛੱਡੀ ਕੋਈ।
ਗਿੱਲ ਹਰਦੀਪ ਦੇ ਕਹੇ ਤੇ ਸੁੱਖ ਬਰਾੜ ਦੀ ਫੋਨ ਕਾਲ ਮਿਲੀ ਤਾਂ ਮਨ ਬੇਹੱਦ ਤ੍ਰਿਪਤ ਹੋ ਗਿਆ। ਉਸ ਦੇ ਦੱਸਣ ਮੁਤਾਬਕ ਸਾਡੀ ਕੈਲਗਰੀ ਚ ਚਲਾਵੀਂ ਜੇਹੀ ਮੁਲਾਕਾਤ ਹੋਈ ਸੀ ਪਰ ਸੱਚ ਮੰਨਿਓ, ਮੈਨੂੰ ਯਾਦ ਨਹੀਂ।
ਸੁੱਖ ਬਰਾੜ ਫੀਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਨੇੜਲੇ ਪਿੰਡ ਮਹੀਆਂਵਾਲਾ ਦਾ ਜੰਮਪਲ ਹੈ ਜਿੱਥੋਂ ਦੇ ਗਿਆਨੀ ਹਰਨਾਮ ਸਿੰਘ ਜਸਵੰਤ ਸਿੰਘ ਕੰਵਲ ਦੇ ਆੜੀ ਸਨ
-ਸੁੱਖ ਬਰਾੜ ਦਾ ਸੰਪਰਕ ਨੰਬਰ
+1 (403) 472-7200 ਹੈ।
ਤੁਸੀਂ ਇਸ ਗੀਤ ਦੇ ਪੂਰੇ ਬੰਦ ਪੜ੍ਹੋ।
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੱਕ ਸੋਨ ਚਿੜੀ ਆਪਣੀ,
ਸ਼ਿਕਰੇ ਕਿਹੜੀ ਚਾਲ ਨਾਲ ਫੜ੍ਹ ਗਏ !
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੂੰ ਕੀ ਸੀ,ਕੀ ਬਣ ਗਿਆ
ਸਾਰੀ ਭੁੱਲ ਗਿਐਂ ਰੀਤ ਪੁਰਾਣੀ ।
ਤੇਰੇ ਚੇਤਿਓਂ ਵਿੱਸਰ ਗਈ
ਬਾਬੇ ਨਾਨਕ ਜੀ ਦੀ ਬਾਣੀ ।
ਜਿਸ ਨੂੰ ਸੁਣ ਬਾਬਰ ਦੇ
ਹੱਥ ਤਲਵਾਰ ਵਾਲੇ ਸੀ ਖੜ੍ਹ ਗਏ।
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਦਸਮੇਸ਼ ਪਿਤਾ ਨੇ ਸੀ
ਜ਼ੁਲਮ ਦੇ ਰੋਕੇ ਵਾਰ ਲੈ ਢਾਲਾਂ।
ਉਸ ਰਾਹ ਤੋਂ ਰੋਕਣ ਲਈ
ਦੋਖੀ ਚੱਲਦੇ ਲੂੰਬੜ ਚਾਲਾਂ।
ਓਸ ਸ਼ੇਰ ਦੇ ਪੁੱਤਰ ਕਿਉਂ,
ਅੱਜ ਫਿਰ ਘੁਰਨਿਆਂ ਵਿੱਚ ਦੜ ਗਏ !
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੈਨੂੰ ਕੀਹਨੇ ਨਹੀਂ ਲੁੱਟਿਆ
ਕੀ ਤੈਮੂਰ ਤੇ ਕੀ ਅਬਦਾਲੀ।
ਤੇਰੇ ਅਣਖੀ ਸੂਰਮਿਆਂ
ਖੋਹ ਹਥਿਆਰ ਮੋੜਤੇ ਖਾਲ਼ੀ ।
ਨਲੂਏ ਜਿਹੇ ਯੋਧਿਆਂ ਦੇ,
ਨਾਮ ਪਠਾਣੀਆਂ ਦੇ ਮੂੰਹ ਚੜ੍ਹ ਗਏ ।
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੀ ਇਸ ਧਰਤੀ ਨੇ
ਪੈਦਾ ਕੀਤੇ ਭਗਤ, ਸਰਾਭੇ।
ਤੈਨੂੰ ਅੱਜ ਯਾਦ ਨਹੀਂ
ਬੱਬਰ ਅਕਾਲੀ, ਗਦਰੀ ਬਾਬੇ।
ਹੱਕ-ਸੱਚ ਦੀ ਖ਼ਾਤਰ ਜੋ
ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ ।
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੇ ਸਿਰੜੀ ਜੁੱਸੇ ਨੂੰ
ਢਾਲ ਨਾ ਸਕੇ ਤੋਪ ਦੇ ਗੋਲੇ ।
ਚਿੱਟੇ ਦੀ ਚੁਟਕੀ ਨੇ
ਕਰਤੇ ਗੱਭਰੂ ਗੂੰਗੇ-ਬੋਲੇ।
ਲੈ ਸਾਰ ਜੁਆਨੀ ਦੀ
ਸਮਝ ਲੈ ਕੌਣ ਘਾੜਤਾਂ ਘੜ੍ਹ ਗਏ ।
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੇ ਮਿੱਠੜੇ ਪਾਣੀ ਨੂੰ,
ਕਰਤਾ ਕੌੜਾ ਪਾ-ਪਾ ਜ਼ਹਿਰਾਂ।
ਦਰਿਆ ਤਾਂ ਵੰਡੇ ਸੀ,
ਇਹ ਹੁਣ ਵੰਡੀ ਜਾਂਦੇ ਨਹਿਰਾਂ ।
ਪਰ ਤੇਰੇ ਸਭ ਮਸਲੇ ,
ਵੀਰਨਾ ਤੇਜ਼ ਹੜ੍ਹਾਂ ਵਿੱਚ ਹੜ੍ਹ ਗਏ ।
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਇੱਕ ਪੁੱਤਰ ਅੰਨਦਾਤਾ
ਲੈ ਗਿਆ ਫਾਹਾ ਕਰਜ਼ੇ ਡੁੱਬਾ।
ਦੂਜਾ ਡੇਰੇ ਸਾਧਾਂ ਦੇ
ਡਿੱਗ-ਡਿੱਗ ਪੈਰੀਂ ਹੋ ਗਿਆ ਕੁੱਬਾ।
ਹੁਣ ਬਹੁੜ ਜੋਗੀਆ ਵੇ
ਟੱਬਰ ਦੇ ਨਾਗ ਕੁੰਡਲੀਏ ਲੜ ਗਏ।
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੀ ਧਰਤ ਸੁਹਾਵੀ ਤੇ,
ਰਹੇ ਗੁਰੂਆਂ ਪੀਰਾਂ ਦੇ ਵਾਸੇ।
ਅੱਜ ਉਸੇ ਧਰਤੀ ਤੇ,
ਹਾਹਾਕਾਰ ਮੱਚੀ ਹਰ ਪਾਸੇ।
ਗੁਰੂ ਗ੍ਰੰਥ ਸਾਹਿਬ ਜੀ ਦੇ,
ਅੰਗ ਨੇ ਗਲ਼ੀਆਂ ਦੇ ਵਿੱਚ ਸੜ ਗਏ।
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੇ ਘਰ ਦੇ ਜਿੰਦਰੇ ਦੀ,
ਦੇਖ ਖਾਂ ਕਿਹੜੇ ਹੱਥੀਂ ਕੁੰਜੀ ।
ਗੱਲ ਸੋਲਾਂ ਆਨੇ ਐਂ
ਚੋਰੀ ਭੇਤ ਬਿਨਾਂ ਨਹੀੰ ਹੁੰਦੀ ।
ਤੇਰੇ ਘਰ ਦੇ ਰਖਵਾਲੇ
ਲਗਦੈ ਨਾਲ ਚੋਰਾਂ ਦੇ ਖੜ੍ਹ ਗਏ ।
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੀ ਰੱਤ ਚੂਸ ਲਈ,
ਬੇਈਮਾਨਾਂ, ਰਿਸ਼ਵਤਖ਼ੋਰਾਂ ।
ਤੇਰਾ ਕੱਖ ਵੀ ਛੱਡਣਾ ਨਹੀਂ
ਇਹਨਾਂ ਘਰ ਵਿੱਚ ਵੜਿਆਂ ਚੋਰਾਂ ।
ਸੁੱਖ ਸੁੱਤਿਆਂ ਨਹੀਂ ਸਰਨਾ
ਜਿੱਤ ਗਏ ਜੋ ਉਹਨਾਂ ਸੰਗ ਲੜ ਗਏ ।
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.