- #ਚੋਣ ਮੈਦਾਨ #ਸਿਆਸੀ ਤਾਪਮਾਨ #ਸਵਾਲ-ਜਵਾਬ
- ਪੰਜਾਬ ਦੀ ਸਿਆਸੀ ਨਬਜ਼ -ਸਵਾਲਾਂ ਦੀ ਜ਼ੁਬਾਨੀ
ਸਾਰੀਆਂ ਪਾਰਟੀਆਂ ਅਤੇ ਸਾਰੇ ਉਮੀਦਵਾਰ ਪੰਜਾਬ ਦੇ ਲੋਕ ਸਭਾ ਚੋਣ ਮੈਦਾਨ ਚ ਆ ਚੁੱਕੇ ਹਨ . ਕੌਣ ਕਿਸ ਦੇ ਮੁਕਾਬਲੇ 'ਚ ਹੈ -ਸਭ ਕੁੱਝ ਸਾਹਮਣੇ ਹੈ .ਲਗਭਗ ਮਹੀਨਾ ਭਰ ਹੋਰ ਗਹਿਮਾ-ਗਹਿਮੀ ਰਹਿਣੀ ਹੈ .ਚੋਣ ਮਾਹੌਲ ਬਾਰੇ ,ਸਿਆਸੀ ਪਾਰਟੀਆਂ, ਉਮੀਦਵਾਰਾਂ, ਨੇਤਾਵਾਂ ਅਤੇ ਉਨ੍ਹਾਂ ਦੇ ਤੌਰ-ਤਰੀਕਿਆਂ ਬਾਰੇ ,ਸਰਕਾਰੀ ਤੰਤਰ ਬਾਰੇ , ਚੋਣ ਕਮਿਸ਼ਨ ਬਾਰੇ ਅਤੇ ਵੋਟਰਾਂ ਸਮੇਤ ਹੋਰ ਸਬੰਧਿਤ ਧਿਰਾਂ ਅਤੇ ਵਰਤਾਰਿਆਂ ਬਾਰੇ ਅਨੇਕਾਂ ਸਵਾਲ ਉੱਠ ਰਹੇ ਨੇ ਅਤੇ ਉੱਠਦੇ ਰਹਿਣੇ ਨੇ .
ਮੇਰੀ ਜਾਚੇ ਬਹੁਤ ਸਾਰੇ ਸਵਾਲ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਜਵਾਬ -ਸਵਾਲ ਦੇ ਵਿਚ ਹੀ ਹੁੰਦੇ ਨੇ ਜਾਂ ਜਵਾਬ ਵੱਲ ਇਸ਼ਾਰਾ ਜ਼ਰੂਰ ਹੁੰਦਾ ਹੈ .ਅਸੀਂ ਕੋਸ਼ਿਸ਼ ਕਰਾਂਗੇ ਅਜਿਹੇ ਹੀ ਸਵਾਲ ਕਰਨ ਦੀ ਜਿਨ੍ਹਾਂ ਦੇ ਜਵਾਬ ਲੋਕ ਆਪ ਹੀ ਸਮਝ ਜਾਣ .
ਖ਼ਬਰ ਹੈ ਖ਼ੁਦਕੁਸ਼ੀ ਪੀੜਿਤ ਕਿਸਾਨ ਪਰਿਵਾਰਾਂ ਦੀਆਂ ਸਫ਼ੈਦ ਚੁੰਨੀਆਂ ਵਾਲੀਆਂ ਦੋ ਵਿਧਵਾ ਬੀਬੀਆਂ ਵੀਰਪਾਲ ਕੌਰ ਅਤੇ ਮਨਜੀਤ ਕੌਰ ਨੇ ਖ਼ੁਦਕੁਸ਼ੀ ਪੀੜਿਤ ਪਰਿਵਾਰ ਕਮੇਟੀ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਕਾਗ਼ਜ਼ ਦਾਖਲ ਕੀਤੇ ਨੇ . ਦੋਹਾਂ ਦੀ ਕੁੱਲ ਜਾਇਦਾਦ ਦੇ ਮੁਕਾਬਲੇ ਉਨ੍ਹਾਂ ਸਿਰ ਚੜ੍ਹੇ ਕਰਜ਼ੇ ਤੋਂ ਘਟ ਕੀਮਤ ਦੀ ਹੈ .
ਸਵਾਲ ਇਹ ਹੈ ਕਿ ਕੀ ਇਸ ਦਾ ਅਰਥ ਇਹ ਹੈ ਕਿ ਇਹ ਪੀੜਿਤ ਕਿਸੇ ਪਾਰਟੀ ਤੋਂ ਸੰਤੁਸ਼ਟ ਨਹੀਂ ਅਤੇ ਕਿਸੇ ਨੇ ਇਨ੍ਹਾਂ ਦੀ ਬਾਂਹ ਨਹੀਂ ਫੜੀ ? ਇਨ੍ਹਾਂ ਪਰਿਵਾਰਾਂ ਨੂੰ ਕਿਸੇ ਪਾਰਟੀ ਜਾਂ ਉਮੀਦਵਾਰ ਤੇ ਭਰੋਸਾ ਨਹੀਂ ਕਿ ਉਹ ਇਨ੍ਹਾਂ ਦੀ ਆਵਾਜ਼ ਬਣੇਗਾ ?
ਕੀ ਇਸ ਦਾ ਅਰਥ ਇਹ ਨਹੀਂ ਮੌਜੂਦਾ ਸਰਕਾਰ ਨੇ ਆਪਣਾ ਇਹ ਐਲਾਨ ਲਾਗੂ ਨਹੀਂ ਕੀਤਾ ਕਿ ਖ਼ੁਦਕੁਸ਼ੀ ਕਰ ਵਾਲੇ ਕਿਸਾਨਾਂ ਦੇ ਪਰਿਵਾਰਾਂ ਦਾ ਸਾਰਾ ਕਰਜ਼ਾ ਸਰਕਾਰ ਮੁਆਫ਼ ਕਰੇਗੀ ?
ਅਗਲੀ ਖ਼ਬਰ ਹੈ -ਭਾਰਤ ਸਰਕਾਰ ਨੇ ਕੈਨੇਡਾ , ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਵਸੇ ਉਹ 'ਕਾਲੀ ਸੂਚੀ' (ਬਲੈਕ ਲਿਸਟ ) ਤੇ ਕਾਟਾ ਮਾਰ ਦਿੱਤਾ ਹੈ ਜਿਹੜੀ ਉਨ੍ਹਾਂ ਮੁਲਕਾਂ ਵਿਚਲੇ ਭਾਰਤੀ ਸਫ਼ੀਰਾ , ਦੂਤ ਘਰਾਂ , ਹਾਈ ਕਮਿਸ਼ਨਾਂ ਅਤੇ ਕੌਂਸਲੇਟ ਦਫ਼ਤਰਾਂ ਨੇ ਆਪਣੇ ਆਪ ਬਣਾਈ ਸੀ . ਇਸ ਸੂਚੀ ਵਿਚ ਸ਼ਾਮਲ ਭਾਰਤੀਆਂ ( ਜਿਨ੍ਹਾਂ ਵਿਚ ਬਹੁਤੇ ਪੰਜਾਬੀ ਅਤੇ ਉਨ੍ਹਾਂ 'ਚੋਂ ਵੀ ਬਹੁਤੇ ਸਿੱਖ ਸ਼ਾਮਲ ਸਨ ) ਨੂੰ ਇੰਡੀਆ ਦਾ ਵੀਜ਼ਾ ਦੇਣ ਜਾਂ ਪਾਸਪੋਰਟ ਅਤੇ ਹੋਰ ਸਫ਼ਾਰਤੀ ਕੰਮ-ਕਾਜ ਦੀ ਸਹੂਲਤ ਨਹੀਂ ਸੀ ਦਿੱਤੀ ਜਾਂਦੀ .ਇਨ੍ਹਾਂ ਵਿਚ ਉਹ ਸ਼ਾਮਲ ਹਨ ਜਿਹੜੇ ਉੱਥੇ ਜਾ ਕੇ ਸ਼ਰਨ ਮੰਗਦੇ ਨੇ . ਮੋਦੀ ਸਰਕਾਰ ਨੇ ਇਹ ਨਿਰਨਾ ਐਨ ਲੋਕ ਸਭਾ ਚੋਣਾਂ ਦੇ ਮੌਕੇ ਲਾਗੂ ਕੀਤਾ ਹੈ .
ਸਵਾਲ ਇਹ ਹਨ ਕਿ ਕੀ ਮੋਦੀ ਸਰਕਾਰ ਸੱਚ-ਮੁੱਚ ਹੀ ਖੁੱਲ੍ਹਦਿਲੀ ਵਰਤ ਕੇ ਇਨ੍ਹਾਂ ਪਾਬੰਦੀਆਂ ਤੋਂ ਪ੍ਰਭਾਵਿਤ ਭਰਤੀਆਂ ਦੀ ਮਦਦ ਕਰਨਾ ਚਾਹੁੰਦੀ ਹੈ ?
ਜਾਂ
ਇਸ ਦਾ ਸਬੰਧ ਵੋਟ ਬੈਂਕ ਨਾਲ ਕੋਈ ਹੈ ?
ਜਾਂ ਫਿਰ ਇਸ ਦਾ ਸਬੰਧ ਪਾਕਿਸਤਾਨ ਨਾਲ ਵੀ ਹੈ ?
ਪਿਛਲੇ ਸਮੇਂ ਦੌਰਾਨ ਕਰਤਾਰਪੁਰ ਲਾਂਘੇ ਦੀ ਉਸਾਰੀ, ਹੋਰ ਸਿੱਖ ਮਸਲਿਆਂ ਦੇ ਹੱਲ ਅਤੇ ਪਾਕਿਸਤਾਨ ਨੂੰ ਸਿੱਖਾਂ ਲਈ ਧਾਰਮਿਕ ਟੂਰਿਜ਼ਮ ਡੈੱਸਟੀਨੇਸ਼ਨ ਵਜੋਂ ਵਿਕਸਤ ਕਰਨ ਲਈ ਤੇਜ਼ੀ ਨਾਲ ਕਦਮ ਚੁੱਕ ਕੇ ਸਿੱਖਾਂ ਅਤੇ ਖ਼ਾਸ ਕਰਕੇ ਵਿਦੇਸ਼ੀ ਸਿੱਖਾਂ ਦੇ ਵੱਡੇ ਹਿੱਸੇ ਵਿਚ ਆਪਣੀ ਭਲ ਬਣਾਈ ਹੈ .
ਕੀ ਇਸ ਦਾ ਸਬੰਧ ਸਿੱਖ ਜਗਤ ਨੂੰ ਖ਼ੁਸ਼ ਕਰਨ ,ਆਕਰਸ਼ਿਤ ਪ੍ਰਭਾਵਿਤ ਕਰਨ ਲਈ ਪੱਬਾਂ ਭਾਰ ਹੋਈ ਪਾਕਿਸਤਾਨ ਦੀ ਇਮਰਾਨ ਸਰਕਾਰ ਤੇ ਚੈੱਕ ਮੇਟ ਲਾਉਣਾ ਹੈ ?
30 ਅਪ੍ਰੈਲ , 2019
ਸਵੇਰੇ 10 ਵਜੇ
-
ਬਲਜੀਤ ਬੱਲੀ, ਸੰਪਾਦਕ , ਬਾਬੂਸ਼ਾਹੀ ਡਾਟ ਕਾਮ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.