ਏਸ ਵਾਰੀ ਬੇਰੀਆਂ ਨੂੰ ਬੂਰ ਨਹੀਂ ਪਿਐ...ਪਿਛਲੇ ਵਰ੍ਹੇ ਵਾਧੂੰ ਬੇਰ ਪਏ ਸਨ ਬੇਰੀਆਂ ਨੂੰ! ਗੋਡੇ-ਗੋਡੇ ਨਿੱਸਰੀ ਕਣਕ 'ਚ ਖੇਤੀਂ ਖੜ੍ਹੀਆਂ ਬੇਰੀਆਂ ਕਣਕਾਂ 'ਚ ਲਾਲ ਸੂਹੇ ਕਿਰੇ-ਕਿਰੇ ਬੇਰ ਸੁੱਟ੍ਹਦੀਆਂ ਸਨ। ਹੁਣ ਵੀ ਜਦ ਕਦੇ ਸਵੇਰ ਦੀ ਸੈਰ ਸਮੇਂ ਤੁਰਦਿਆਂ ਪਹੇ ਲਾਗਲੀ ਕੋਈ ਬੇਰੀ ਹਾਕ ਮਾਰ ਲਵੇ, ਤਾਂ ਕਣਕਾਂ 'ਚੋਂ ਬੇਰ ਕਿਰੇ-ਕਿਰੇ ਚੁਗ ਲੈਂਦਾ ਹਾਂ। ਬਚਪਨ ਚੇਤੇ ਆ ਜਾਂਦਾ ਹੈ। ਪਰ ਏਸ ਵਾਰ ਬੇਰੀਆਂ ਨੂੰ ਬੂਰ ਨਹੀਂ ਪਿਐ। ਹਾਂ...ਏਸ ਵਾਰੀ ਦੇਸੀ ਕਿੱਕਰਾਂ ਨੂੰ ਤੁੱਕੇ ਖੂਬ ਲੱਗੇ ਨੇ। ਜਿਹੜੀ ਕਿੱਕਰ ਦੇਖੋ, ਤੁੱਕਿਆਂ ਨਾਲ ਭਰੀ ਪਈ ਹੈ। ਤੁੱਕੇ ਹੀ ਤੁੱਕੇ ਕਿੱਕਰਾਂ ਨੂੰ। ਇੱਕ ਪਾਸੇ ਬੰਦਾ ਤੁੱਕੇ ਮਾਰਦਾ ਫਿਰਦੈ, ਤੁੱਕੇ ਜੜਦਾ-ਜੜਾਉਂਦਾ ਫਿਰਦੈ। ਵੋਟਾਂ ਦੇ ਦਿਨ ਨੇ ਤੇ ਤੁੱਕਿਆਂ ਦੀ ਲੋੜ ਹੈ ਸਭ ਨੂੰ, ਲੋਕਾਂ ਨੂੰ ਵੀ, ਨੇਤਾਵਾਂ ਨੂੰ ਵੀ!
ਚੰਡੀਗੜੋਂ ਪਿੰਡ ਪਰਤਿਆਂ ਹਾਂ। ਘਸੀ ਜਿਹੀ ਬੋਰੀ 'ਤੇ ਵਿਹੜੇ ਵਿਚ ਤੁੱਕੇ ਸੁੱਕਣੇ ਪਾਏ ਹੋਏ ਨੇ ਮਾਂ ਨੇ। ਮੈਂ ਪੁੱਛਦਾਂ ਕਿ ਇਹਨਾਂ ਦੀ ਕੀ ਲੋੜ? ਮਾਂ ਦਸਦੀ ਹੈ-"ਅਚਾਰ ਪਾਵਾਂਗੇ ਸੁਕਾ ਕੇ ਤੁੱਕਿਆਂ ਦਾ...ਬਹੁਤ ਚੰਗਾ ਹੁੰਦੈ ਅਚਾਰ ਤੁੱਕਿਆਂ ਦਾ...।" ਚੇਤੇ ਦੀ ਚੰਗੇਰ ਮੁਸਕ੍ਰਾ ਕੇ ਦਸਦੀ ਹੈ, ਬੀਤ ਗਏ ਵੇਲੇ ਤੇ ਬੀਤ ਗਏ ਉਹ ਲੋਕ, ਜੋ ਲਵੇ-ਲਵੇ ਤੁੱਕਿਆਂ ਦਾ ਅਚਾਰ ਪਾਉਂਦੇ ਸਨ ਤੇ ਚਾਈਂ-ਚਾਈ ਸੁਆਦਾਂ ਨਾਲ ਛਕਦੇ ਸਨ। ਸਾਡਾ ਲਗਭਗ ਸਾਰਾ ਪਿੰਡ ਹੀ ਤੁੱਕਿਆਂ ਦਾ ਅਚਾਰ ਪਾਉਂਦਾ ਸੀ। ਸ਼ੂਗਰ ਦੀ ਦੇਸੀ ਦਵਾਈ ਵਿਚ ਵੀ ਤੁੱਕੇ ਪੀਠ ਕੇ ਪਾਏ ਜਾਂਦੇ ਤੇ ਹੋਰ ਕਈ ਦਵਾਈਆਂ ਲਈ ਵੈਦ ਕਿੱਕਰਾਂ ਤੋਂ ਤੁੱਕੇ ਲਾਹੁੰਦੇ ਦਿਖਦੇ। ਦੂਰੋਂ ਦੂਰੋਂ ਵੈਦ ਤੁੱਕੇ ਤੋੜਨ ਆਉਂਦੇ। ਆਜੜੀਆਂ ਨੇ ਤੁੱਕੇ ਲਾਹੁੰਣ ਲਈ ਲੰਮੇ-ਲੰਮੇ ਢਾਂਗੇ ਬਣਾਏ ਹੁੰਦੇ। ਕਿੱਕਰਾਂ ਦੇ ਕੰਡਿਆਂ (ਸੂਲਾਂ) ਦੀ ਪੀੜ ਅਜੇ ਵੀ ਕਦੇ ਕਦੇ ਅੱਡੀਆਂ ਮਹਿਸੂਸ ਲੈਂਦੀਆਂ ਨੇ। ਜਦ ਕਦੇ ਕੰਡਾ ਚੁਭਵਾ ਕੇ ਰੋਂਦੇ-ਰੋਂਦੇ ਘਰ ਜਾਣਾ,ਮਾਂ ਨੇ ਪੈਰ ਹੱਥ 'ਚ ਫੜ ਕੇ ਕੋਸੀਆਂ-ਕੋਸੀਆਂ ਫੂਕਾਂ ਮਾਰਨੀਆਂ ਤੇ ਕਿੱਕਰਾਂ ਥੱਲੇ ਕੰਡਿਆਂ ਵਾਲੀ ਥਾਵੇਂ ਜਾਣੋ ਵਰਜਣਾ।
ਆਖਿਰ ਕਿੱਕਰਾਂ ਜੁਆਬ ਦੇ ਦਿੱਤੈ, ਅਸੀਂ ਕਿਉਂ ਦੇਈਏ ਤੈਨੂੰ ਤੁੱਕੇ ਬੰਦਿਆ? ਤੁੱਕੇ ਤਾਂ ਬੰਦੇ ਕੋਲ ਹੀ ਬਹੁਤ ਨੇ! ਤੁੱਕਿਆਂ ਦੀਆਂ ਗੱਲਾਂ ਕਰਦਾ, ਤੁੱਕੇ ਜੜਦਾ ਮੈਂ ਆਪੋ ਵਿਚ ਹੀ ਹੱਸੀ ਜਾਨਾਂ ਕਿ ਲਗਦੈ ਮਾਂ ਵੀ ਕਮਲੀ ਹੋ ਗਈ ਹੈ, ਧੁੱਪ ਵਿਚ ਤੁੱਕੇ ਸੁਕਾਈ ਜਾਂਦੀ ਹੈ, ਕੀ ਸਾਡਾ ਟੱਬਰ ਤਰ ਜਾਊ ਇਹਨਾਂ ਤੁੱਕਿਆਂ ਦਾ ਅਚਾਰ ਖਾ ਕੇ!
ਸਾਡੇ ਪਿੰਡ ਤੇ ਆਲੇ ਦੁਆਲੇ ਦੇ ਪਿੰਡੀਂ ਹੁਣ ਪਹਾੜੀ ਕਿੱਕਰਾਂ ਹੀ ਦਿਸਦੀਆਂ ਨੇ। ਦੇਸੀ ਕਿੱਕਰਾਂ ਟਾਵੀਆਂ- ਟਾਵੀਆਂ ਰਹਿ ਗਈਆਂ ਨੇ। ਦੇਸੀ ਕਿੱਕਰ ਦੀ ਦਾਤਣ ਸਾਡੇ ਲੋਕੀ ਆਮ ਹੀ ਕਰਦੇ। ਬੰਦਿਆਂ ਦੇ ਨਾਲ-ਨਾਲ ਬੋਕ ਤੇ ਬੱਕਰੀਆਂ ਨੂੰ ਚਰਨ ਲਈ ਤੁੱਕਿਆਂ ਤੋਂ ਬਿਨਾਂ ਕਿੱਕਰ ਲੋਕਾਂ ਨੂੰ ਬਾਲਣ ਵੀ ਦਿੰਦੀ। ਦੇਸੀ ਦਾਰੂ ਕੱਢਣ ਲਈ ਸੱਕ ਦਿੰਦੀ। ਕਿੱਕਰ ਨਾਲੋਂ ਲਾਹੀ ਗੂੰਦ ਅਸੀਂ ਫਟੀਆਂ ਕਿਤਾਬਾਂ ਕਾਪੀਆਂ ਜੋੜਨ ਲਈ ਅਕਸਰ ਹੀ ਵਰਤਦੇ। ਕਿੱਕਰਾਂ ਦੇ ਪੀਲੇ-ਪੀਲੇ ਫੁੱਲ ਮਹਿਕਦੇ ਤਾਂ ਆਲਾ-ਦੁਆਲਾ ਮਹਿਕ ਉਠਦਾ। ਵਿਰਕ ਦਾ ਲਿਖਿਆ ਗੀਤ ਹੁਣ ਵੀ ਜਦ ਕਦੇ ਸਦੀਕ ਗਾਉਂਦਾ ਸੁਣੀਂਦਾ ਹੈ:
ਕਿੱਕਰਾਂ ਦੇ ਫੁੱਲਾਂ ਦੀ ਰਾਖੀ
ਕੌਣ ਕਰੇਂਦਾ ਅੜਿਆ ਵੇ...
ਤਾਂ ਮਨ ਝੂਮ ਉੱਠਦਾ ਹੈ,ਪੀਲੱਤਣ ਭਰੀਆਂ ਕਿੱਕਰਾਂ ਸਾਵੀਆਂ ਦੀਆਂ ਸਾਵੀਆਂ ਸਕਾਰ ਹੋ ਜਾਂਦੀਆਂ ਨੇ ਅੱਖੀਆਂ ਸਾਹਵੇਂ। ਲੱਗਣ ਲਗਦਾ ਕਿ ਜਿਵੇਂ ਕਿੱਕਰਾਂ ਨੇ ਪੀਲੀਆਂ ਚੁੰਨੀਆਂ ਓਹੜ ਲਈਆਂ ਹੋਣ! ਕਿੰਨਾਂ ਪਿਆਰਾ ਵਾਤਵਾਰਣ ਹੁੰਦਾ ਸੀ, ਜੋ ਹੁਣ ਲੱਭਿਆਂ ਨਹੀਂ ਲਭਦਾ। ਸਾਡੀ ਹਵੇਲੀ ਵਿਚ ਖੜ੍ਹੀਆਂ ਕਿੱਕਰਾਂ ਹਾਲੇ ਵੀ ਚੇਤੇ 'ਚੋਂ ਵਿਸਰੀਆਂ ਨਹੀਂ। ਕਿੱਕਰਾਂ ਹੇਠਾਂ ਪਸੂ ਬੰਨ੍ਹੇ ਜਾਂਦੇ। ਪੀਘਾਂ ਵੀ ਪਾਈਆਂ ਜਾਂਦੀਆਂ। ਮੰਜੇ ਵੀ ਡਾਹੇ ਜਾਂਦੇ। ਰਾਤ ਨੂੰ ਕਿੱਕਰਾਂ ਉਤੋਂ ਬੋਲਦੇ ਉੱਲੂ ਵੀ ਉਡਾਏ ਜਾਂਦੇ। ਸਵੇਰੇ-ਸਵੇਰੇ ਰਾਮ ਤਾਇਆ ਸਾਰੇ ਟੱਬਰ ਲਈ ਦਾਤਣਾਂ ਤੋੜਦਾ ਕਦੇ ਨਹੀਂ ਭੁਲਦਾ।
ਪਿਛਲੇ ਸਾਲ ਇੱਕ ਸਮਾਜ ਸੇਵੀ ਸੰਸਥਾ ਨੇ ਸਾਡੇ ਪਿੰਡ ਰੁੱਖ ਲਾਏ, ਉਹਨਾਂ ਵਿਚ ਕਿੱਕਰ ਦਾ ਰੁੱਖ ਇੱਕ ਵੀ ਨਹੀਂ ਸੀ। ਰੁੱਖਾਂ ਦੇ ਦਾਨੀਆਂ ਨੇ ਦੱਸਿਆ ਕਿ ਕਿੱਕਰਾਂ ਹੁਣ ਪਿੱਛੋਂ ਹੀ ਨਹੀਂ ਆਉਂਦੀਆਂ, ਕੀ ਕਰੀਏ? ਪਿੱਛੋਂ ਕਿੱਥੋਂ ਆਉਣੀਆਂ ਹੋਈਆਂ ਕਿੱਕਰਾਂ, ਸਮਝ ਨਹੀਂ ਸੀ ਪਈ। ਕਈ ਕੁਝ ਸੋਚਦਾ ਮੈਂ ਘਰ ਆਇਆ ਸਾਂ।
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.