ਚਕਰ (ਲੁਧਿਆਣਾ) ਚ ਕਦੇ ਮੇਰਾ ਯਾਰਾਂ ਵਰਗਾ ਵੱਡਾ ਵੀਰ ਪ੍ਰਿੰ: ਸਰਵਣ ਸਿੰਘ ਵੱਸਦਾ ਸੀ, ਹੁਣ ਓਥੇ ਸਮੁੱਚੇ ਵਿਸ਼ਵ ਚ ਰਹਿੰਦੇ ਪੰਜਾਬੀਆਂ ਦਾ ਸਵੈਮਾਣ ਵੱਸਦਾ ਹੈ।
ਸੁਰਗਾਂ ਚ ਵਾਸਾ ਹੋਵੇ ਪਿਆਰੇ ਵੀਰ ਅਜਮੇਰ ਸਿੰਘ ਸਿੱਧੂ ਟੋਰਾਂਟੋ ਵਾਲਿਆਂ ਦਾ ਜਿਸਨੇ ਆਪਣੇ ਪਿਆਰੇ ਵੀਰ ਬਲਦੇਵ ਸਿੰਘ ਨਾਲ ਮਿਲ ਕੇ ਪਿੰਡ ਚਕਰ ਦਾ ਕਾਇਆਂ-ਕਲਪ ਕਰਨ ਲਈ ਕਮਰਕੱਸਾ ਕੀਤਾ। ਪਿੰਡ ਵਿਕਾਸ ਦੇ ਸਰਬਪੱਖੀ ਯਤਨਾਂ ਲਈ ਪਹਿਲੇ ਕਰੋੜ ਇਸ ਟੱਬਰ ਨੇ ਜੇਬ ਚੋਂ ਲਾਏ ਮਗਰੋਂ ਮੁਰਗਨ ਵਰਗੇ ਗੋਰੇ ਯਾਰ ਨੇ ਕਰੋੜ ਪਾਇਆ।
ਪਿੰਡ ਦੇ ਪੁੱਤਰ ਤੇ ਸਰਵਣ ਸਿੰਘ ਦੇ ਪਿੰਡ ਰਹਿੰਦੇ ਕਾਲਜ ਚ ਪੰਜਾਬੀ ਪੜ੍ਹਾਉਂਦੇ ਭਤੀਜੇ ਡਾ: ਬਲਵੰਤ ਸਿੰਘ ਸੰਧੂ ਰਾਹੀਂ ਪਿੰਡ ਨਾਲ ਤੋਰਿਆ।
ਸੰਤ ਬਲਬੀਰ ਸਿੰਘ ਤੇ ਸੰਤ ਸੁਖਜੀਤ ਸਿੰਘ ਸੀਚੇਵਾਲ ਵਾਲਿਆਂ ਪਿੰਡ ਦਾ ਸੀਵਰੇਜ ਡਿਜ਼ਾਈਨ ਕਰਕੇ ਪਿੰਡ ਦੇ ਨੌਜਵਾਨਾਂ ਤੇਂ ਕਾਰਸੇਵਾ ਕਰਾਈ।
ਲੁਧਿਆਣਾ ਦੀ ਆਖ਼ਰੀ ਨੁੱਕਰ ਤੇ ਹੈ ਇਹ ਪਿੰਡ। ਹਰ ਸਾਲ ਕਾਟੋ ਕਲੇਸ਼ ਤੇ ਕਤਲ ਹੋਣੇ ਆਮ ਜਿਹੀ ਗੱਲ ਸੀ। ਧੜੇਬੰਦੀ ਸਿਖ਼ਰਾਂ ਤੇ ਸੀ। ਪਿੰਡ ਨੂੰ ਵਿਕਾਸ ਚੋਂ ਸਵਾਦ ਆਉਣ ਲੱਗ ਪਿਆ। ਹੱਥਾਂ ਚ ਡਾਂਗਾਂ ਸੋਟਿਆਂ ਦੀ ਥਾਂ ਜਵਾਨੀ ਨੇ ਕਹੀਆਂ ਬਾਲਟੇ ਝਾੜੂ ਮਾਂਜੇ ਚੁੱਕ ਲਏ। ਸੜਕਾਂ ਤੇ ਸੁਰਗ ਸੁਹਾਵਣੇ ਬੂਟੇ ਪੱਲ੍ਹਰੇ। ਛੱਪੜ ਝੀਲ ਬਣ ਗਏ। ਬੱਤਖ਼ਾਂ ਤੈਰਦੀਆਂ। ਵਿੱਚ ਕਿਸ਼ਤੀ ਘੁੰਮਦੀ ਪਿੰਡ ਦੀਆਂ ਧੀਆਂ ਭੈਣਾਂ ਮਾਵਾਂ ਲੈ ਕੇ ਮੁਰਗਨ ਝੀਲ ਵਿੱਚ। ਚੋਣਾਂ ਵੇਲੇ ਸਿਆਸੀ ਚੌਣਾ ਪਿੰਡ ਦੇ ਅਮਨ ਨੂੰ ਮਿੱਧਣੋਂ ਹੁਣ ਵੀ ਗੁਰੇਜ਼ ਨਹੀਂ ਕਰਦਾ। ਆਵਾਰਾ ਪਸ਼ੂਆਂ ਵਾਂਗ ਜ਼ੁੰਮੇਵਾਰੀ ਦਾ ਰੱਸਾ ਨਾ ਪਵੇ ਤਾਂ ਇੰਜ ਹੀ ਹੁੰਦਾ ਹੈ। ਸਾਰਾ ਵਿਕਾਸ ਸਰਕਾਰਾਂ ਤੋਂ ਲਾਂਭੇ ਲਾਂਭੇ ਹੀ ਹੋ ਗਿਆ। ਸਰਕਾਰਾਂ ਪਰੇਸ਼ਾਨ। ਕਿਹੜੀ ਕੁੰਜੀ ਹੈ ਜਿਸ ਨਾਲ ਜੰਗਾਲਿਆ ਜੰਦਰਾ ਖੁੱਲ੍ਹਿਆ ਹੈ।
ਇਹ ਕੁੰਜੀ ਏਕਤਾ ਪਿਆਰ ਭਰੱਪਣ ਦੀ ਸੀ, ਜਿਹੜੇ ਪਿੰਡ ਸਮਝ ਜਾਂਦੇ ਨੇ ਉਹ ਮਿਸਾਲ ਬਣ ਜਾਂਦੇ ਨੇ ਚਕਰ ਵਾਂਗ। ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਮੁਨੀਸ਼ ਤਿਵਾੜੀ ਨੇ ਪਿੰਡ ਦਾ ਚੱਕਰ ਲਾਇਆ। ਭਾਰਤ ਸਰਕਾਰ ਨੂੰ ਵਿਕਾਸ ਬਾਰੇ ਦੱਸਿਆ। ਦੂਰਦਰਸ਼ਨ ਤੇ ਰੇਡੀਉ ਤੋਂ ਦਸਤਾਵੇਜ਼ੀ ਫ਼ਿਲਮ ਬਣਵਾਈ। ਧਰਤੀ ਪੁੱਤਰ ਵਿਸ਼ਵਾ ਨਾਥ ਤਿਵਾੜੀ ਦਾ ਪੁੱਤਰ ਜੁ ਸੀ, ਜਿਸਨੇ ਪੰਜਾਬੀ ਸੂਬਾ ਹੱਦਬੰਦੀ ਵੇਲੇ ਰੋਪੜ ਇਲਾਕੇ ਦੇ ਪਿੰਡਾਂ ਚ ਘਰ ਘਰ ਜਾ ਕੇ ਟੇਪ ਰਿਕਾਰਡਿੰਗ ਕਰਨ ਉਪਰੰਤ ਹੱਦਬੰਦੀ ਕਮਿਸ਼ਨ ਨੂੰ ਇਹ ਮਨਵਾਇਆ ਸੀ ਕਿ ਅੰਬਾਲਾ ਜ਼ਿਲ੍ਹੇ ਦੀ ਰੋਪੜ ਤਹਿਸੀਲ ਨਿਰੋਲ ਪੰਜਾਬੀ ਬੋਲਦਾ ਖ਼ਿੱਤਾ ਹੈ। ਜੇ ਪੰਜਾਬ ਯੂਨੀਵਰਸਿਟੀ ਦੇ ਪ੍ਰੋ: ਵਿਸ਼ਵ ਨਾਥ ਤਿਵਾੜੀ ਇਹ ਹਿੰਮਤ ਨਾ ਕਰਦੇ ਤਾਂ ਰੋਪੜ ਇਲਾਕਾ ਪੰਜਾਬੋਂ ਬਾਹਰ ਹੋਣਾ ਸੀ। ਕਰਤਾਰਪੁਰ(ਜਲੰਧਰ) ਦੇ ਜੰਮਪਲ ਡਾ: ਤਿਵਾੜੀ ਨੂੰ ਸਲਾਮ!ਗੱਲ ਤਾਂ ਚਕਰ ਦੀ ਕਰ ਰਿਹਾ ਸਾਂ, ਕਿੱਧਰ ਤੁਰ ਪਿਆਜ਼ਰੂਰੀ ਸੀ, ਜਿਹੜੇ ਮੁਨੀਸ਼ ਨੂੰ ਪਰਵਾਸੀ ਤਿਵਾੜੀ ਦੱਸਦੇ ਨੇ ਉਨ੍ਹਾਂ ਨੂੰ ਵੀ ਦੱਸਣਾ ਜ਼ਰੂਰੀ ਸੀ ਕਿ ਇਹ ਉਸੇ ਬੱਗੇ ਸ਼ੇਰ ਦਾ ਪੁੱਤਰ ਹੈ, ਜਿਹੜਾ ਪੈਪਸੂ ਹਕੂਮਤ ਦੇ ਵਜ਼ੀਰ ਸ: ਤੀਰਥ ਸਿੰਘ ਦਾ ਦੋਹਤਰਾ ਹੈ ਕਮਲ਼ਿਓ। ਚਕਰ ਦੀਆਂ ਧੀਆਂ ਨੂੰ ਖੇਡ ਮੈਦਾਨ ਚ ਲਿਆਂਦਾ ਅਜਮੇਰ ਤੇ ਬਲਦੇਵ ਦੀ ਸੋਚ ਨੇ। ਬੌਕਸਿੰਗ ਅਕੈਡਮੀ ਬਣਾ ਕੇ ਅੰਤਰ ਰਾਸ਼ਟਰੀ ਪੱਧਰ ਦੀ ਕੋਚਿੰਗ ਪਿੰਡ ਚ ਕਰਵਾਉਣ ਦਾ ਉਪਰਾਲਾ ਕੀਤਾ। ਕਿਊਬਾ ਭੇਜ ਕੇ ਵੀ ਬੱਚਿਆਂ ਨੂੰ ਸਿਖਲਾਈ ਦਿਵਾਈ। ਪੰਜਾਬ ਪੁਲੀਸ ਦੇ ਸੇਵਾਮੁਕਤ ਕਪਤਾਨ ਸ: ਦੇਵਿੰਦਰ ਸਿੰਘ ਘੁੰਮਣ ਦੀ ਸੁਯੋਗ ਅਗਵਾਈ ਪਿੰਡ ਨੂੰ ਪ੍ਰਾਪਤ ਹੈ। ਐੱਨ ਆਈ ਐੱਸ ਦੇ ਮੁੱਖ ਬੌਕਸਿੰਗ ਕੋਚ ਸ: ਗੁਰਬਖ਼ਸ਼ ਸਿੰਘ ਸੰਧੂ ਦੀ ਸਿਲਸਿਲੇਵਾਰ ਟਰੇਨਿੰਗ ਕਾਰਨ ਪਿੰਡ ਦੀਆਂ ਧੀਆਂ ਕਮਾਲ ਕਰ ਰਹੀਆਂ ਹਨ। ਉਨ੍ਹਾਂ ਦੇ ਸ਼ਾਗਿਰਦ ਕੋਚਿੰਗ ਦੇਣ ਚ ਮਦਦ ਕਰਦੇ ਹਨ। ਅੱਜ ਸਵੇਰੇ ਜਾਗਣ ਸਾਰ ਡਾ: ਬਲਵੰਤ ਸਿੰਘ ਸੰਧੂ ਨੇ ਇਹ ਖ਼ਬਰ ਦਿੱਤੀ ਕਿ ਚਕਰ ਦੀ ਧੀ ਸਿਮਰਨਜੀਤ ਕੌਰ ਨੇ ਏਸ਼ੀਅਨ ਬੌਕਸਿੰਗ ਚੈਂਪੀਅਨ ਸ਼ਿਪ ਚ ਸਿਲਵਰ ਮੈਡਲ ਜਿੱਤ ਲਿਆ ਹੈ। ਉਹ ਇਸ ਵੇਲੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੋਹਾਲੀ ਚ ਸਿਖਲਾਈ ਹਾਸਲ ਕਰ ਰਹੀ ਹੈ।
ਮੈਂ ਵੀ ਉਸ ਦੀ ਇਸ ਪ੍ਰਾਪਤੀ ਤੇ ਖ਼ੁਸ਼ੀ ਚ ਖੀਵਾ ਹਾਂ ਕਿਉਂਕਿ ਉਹ ਮੇਰੇ ਸੱਜਣ ਸ੍ਵ ਮਹਿੰਦਰ ਸਿੰਘ ਚਕਰ(ਨਾਵਲਕਾਰ )ਕਰਤਾ ਕੱਲਰ ਦੇ ਕੰਵਲ ਦੀ ਪੋਤਰੀ ਹੈ। ਚਾਅ ਦਾ ਕੀ ਹੈ? ਖ਼ੁਦ ਘਰ ਬੈਠਿਆਂ ਲਿਆ ਜਾ ਸਕਦੈ। ਇਸ ਦੀ ਪ੍ਰਵਾਨਗੀ ਸਰਕਾਰੋਂ ਦਰਬਾਰੋਂ ਨਹੀਂ ਲੈਣੀ ਪੈਂਦੀ। ਚਕਰ ਪਿੰਡ ਦੇ ਸਮੂਹ ਮਾਈ ਭਾਈ ਨੂੰ ਵਧਾਈ।
ਗੁਰਭਜਨ ਗਿੱਲ
27.4.2019
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.