''ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ £ ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ £''( ਸਿਰੀਰਾਗੁ ਮਹਲਾ 3)
ਸਤਿਕਾਰਯੋਗ ਮਾਤਾ ਅਵਤਾਰ ਕੌਰ ਜੀ ਦੇ ਚਰਨਾਂ 'ਚ ਬਾਰ ਬਾਰ ਨਮਸਕਾਰ ਹੈ, ਸਿੱਖ ਕੌਮ ਦੀ ਚੜ੍ਹਦੀਕਲਾ ਲਈ ਸਦਾ ਜੂਝਦੀ ਆਈ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸਪੁਤਰ ਦੇ ਰੂਪ ਵਿਚ ਕੌਮ ਦੀ ਝੋਲੀ ਪਾਉਣ ਤੋਂ ਹੀ ਮਾਤਾ ਜੀ ਦੀ ਧਾਰਮਿਕ ਬਿਰਤੀ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਮਾਤਾ ਜੀ ਦਾ ਜਨਮ 1934 ਈ: ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਚਰਨ ਛੋਹ ਪ੍ਰਾਪਤ ਨਗਰ ਪਿੰਡ ਪੰਜੋਖਰਾ ਸਾਹਿਬ, ਜ਼ਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਸ: ਬਚਨ ਸਿੰਘ ਜਗੀਰਦਾਰ ਦੇ ਗ੍ਰਹਿ ਵਿਖੇ ਮਾਤਾ ਗੁਰਦਿਆਲ ਕੌਰ ਦੀ ਪਵਿਤਰ ਕੁੱਖ ਤੋਂ ਹੋਇਆ। ਮਾਤਾ ਜੀ ਦੇ ਦੋ ਭਰਾਤਾ ਸ: ਕਰਨੈਲ ਸਿੰਘ ਤੇ ਸ: ਹਰਭਜਨ ਸਿੰਘ ਹੋਏ। ਪੰਜੋਖਰਾ ਨਗਰ ਵਿਖੇ ਦਮਦਮੀ ਟਕਸਾਲ ਦੇ 12ਵੇ ਮੁਖੀ ਸੰਤ ਗਿਆਨੀ ਸੰਤ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜਥੇ ਸਮੇਤ ਮਹੀਨਾ - ਮਹੀਨਾ ਰਿਹਾ ਕਰਦੇ ਸਨ ਅਤੇ ਸੰਤਾਂ ਨਾਲ ਇਸ ਪਰਿਵਾਰ ਦਾ ਬਹੁਤ ਪ੍ਰੇਮ ਸਦਕਾ ਜਥੇ ਲਈ ਦੁੱਧ ਅਤੇ ਦਹੀਂ ਸ: ਬਚਨ ਸਿੰਘ ਜਗੀਰਦਾਰ ਦੇ ਘਰੋਂ ਆਇਆ ਕਰਦਾ ਸੀ।
ਮਾਤਾ ਜੀ ਦਾ ਪਹਿਲਾ ਨਾਮ ਬੀਬੀ ਰਛਪਾਲ ਕੌਰ ਸੀ ਜੋ ਕਿ ਅੰਮ੍ਰਿਤਪਾਨ ਉਪਰੰਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਬੀਬੀ ਅਵਤਾਰ ਕੌਰ ਰਖਿਆ। ਆਪ ਜੀ ਦੇ ਅਮ੍ਰਿਤਪਾਨ ਸਮੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਪਿੰਡ ਭਿੰਡਰ ਕਲਾਂ ਤੋਂ ਨਾ ਕੇਵਲ ਕਿਰਪਾਨ ਮੰਗਵਾ ਕੇ ਦਿੱਤੀ ਸਗੋਂ ਅਮ੍ਰਿਤ ਸੰਚਾਰ ਦੀ ਸੇਵਾ ਵਿਚ ਵੀ ਆਪ ਸ਼ਾਮਿਲ ਹੋ ਕੇ ਹਥੀਂ ਨਿਭਾਈ। ਮਾਤਾ ਜੀ ਦਾ ਅਨੰਦ ਕਾਰਜ ਪਿੰਡ ਧੁੰਮਾ, ਜ਼ਿਲ੍ਹਾ ਪਟਿਆਲਾ ਦੇ ਵਸਨੀਕ ਗੁਰਸਿੱਖ ਪਰਿਵਾਰ 'ਚ ਭਾਈ ਤਰਲੋਚਨ ਸਿੰਘ ਜੀ ਨਾਲ ਹੋਇਆ। ਮਾਤਾ ਜੀ ਪਰਿਵਾਰਕ ਮੈਬਰਾਂ ਨੂੰ ਗੁਰਬਾਣੀ ਅਤੇ ਸਿੱਖੀ 'ਚ ਪਰਪੱਕਤਾ ਲਈ ਹਮੇਸ਼ਾਂ ਪ੍ਰੇਰਦੇ ਰਹੇ। ਜੀਵਨ 'ਚ ਧਾਰਮਿਕ ਰੰਗ ਵਿਚ ਰੰਗੇ ਹੋਏ ਮਾਤਾ ਜੀ 3 ਜਵਾਨ ਪੁਤਰਾਂ ਭਾਈ ਮਨਜੀਤ ਸਿੰਘ, ਭਾਈ ਅਮਰਜੀਤ ਸਿੰਘ ਅਤੇ ਭਾਈ ਅਜੀਤ ਸਿੰਘ ਜੀ ਦੇ ਸੰਸਾਰ ਤੋਂ ਬੇਵਕਤ ਕੂਚ ਕਰ ਜਾਣ 'ਤੇ ਵੀ ਗੁਰੂ ਦੇ ਭਾਣੇ ਨੂੰ ਸਤਿ ਕਰ ਕੇ ਮੰਨਦਿਆਂ ਕਦੀ ਸੋਗ ਨਹੀਂ ਕੀਤਾ। ਮਾਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਪੰਜੋਖਰਾ ਸਾਹਿਬ ਵਿਖੇ ਹੀ ਬਾਬਾ ਗੁਰਬਖਸ਼ ਸਿੰਘ ਜੀ ਤੋਂ ਹਾਸਲ ਕੀਤੀ। ਮਾਤਾ ਜੀ ਨਿੱਤਨੇਮ ਵਿਚ ਪੂਰਨ ਤੌਰ 'ਤੇ ਪਰਪੱਕ ਸਨ। ਅਮ੍ਰਿਤ ਵੇਲੇ ਨੂੰ ਕਦੀ ਹੱਥੋਂ ਨਹੀਂ ਜਾਣ ਦਿਤਾ, 2 ਵਜੇ ਉਠ ਕੇ ਇਸ਼ਨਾਨ ਕਰਨ ਉਪਰੰਤ ਪੰਜ ਬਾਣੀਆਂ ਤੇ ਪੰਜ ਗੰ੍ਰਥੀ ਦਾ ਨਿਤਨੇਮ ਕਰਦੇ, ਸੁਖਮਨੀ ਸਾਹਿਬ ਦੇ ਪਾਠ, ਸ਼ਬਦਾਂ ਦਾ ਅਭਿਆਸ ਅਤੇ ਮੂਲ ਮੰਤਰ ਦੀਆਂ 36 ਮਾਲਾਵਾਂ ਦਾ ਅਭਿਆਸ ਉਹਨਾਂ ਲਈ ਰੋਜਾਨਾ ਦਾ ਕਰਤਵ ਸੀ। ਆਪ ਜੀ ਨੂੰ 50 ਤੋਂ ਵੱਧ ਬਾਣੀਆਂ ਵੀ ਜੁਬਾਨੀ ਯਾਦ ਸਨ।
ਆਪ ਜੀ ਜੀਵਨ ਦੌਰਾਨ ਅਨੇਕਾਂ ਸਹਿਜ ਪਾਠ ਕੀਤੇ, ਪਿੰਡ ਧੁੰਮਾ ਦੀਆਂ ਮਾਈਆਂ ਨੂੰ 3 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸਰਵਣ ਕਰਾਏ, ਜਿਸ ਤੋਂ ਪਰਭਾਵਿਤ ਹੋ ਕੇ ਬਹੁਤ ਸਾਰੇ ਪ੍ਰਾਣੀ ਅਮ੍ਰਿਤ ਪਾਨ ਕਰਦਿਆਂ ਗੁਰੂਵਾਲੇ ਬਣੇ। ਆਪ ਜੀ ਪਿੰਡ ਦੇ ਗੁਰਦਵਾਰੇ ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਾਉਦੇ, ਝਾੜੂ ਫੇਰਦੇ, ਸੰਗਤ ਦੇ ਜੋੜੇ ਝਾੜਦੇ, ਹੱਥੀਂ ਚੱਕੀ ਪੀਹ ਕੇ ਗੁਰੂ ਘਰ ਦੇ ਗੰਥੀਆਂ ਨੂੰ ਪ੍ਰਸ਼ਾਦਾ ਛਕਾਉਦੇ। ਮਾਤਾ ਜੀ ਗੁਰੂ ਸਾਹਿਬਾਨ ਨਾਲ ਸੰਬੰਧਿਤ ਇਹਾਸਕ ਅਸਥਾਨਾਂ ਦੀ ਕਾਰਸੇਵਾ ਹੱਥੀਂ ਟੋਕਰੀਆਂ ਢੋਹ ਕੇ ਕਰਿਆ ਕਰਦੇ ਸਨ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੂੰ ਬਚਪਨ 'ਚ ਬਹੁਤ ਸਾਰੀ ਗੁਰਬਾਣੀ ਦੀ ਸੰਥਿਆ ਮਾਤਾ ਅਵਤਾਰ ਕੌਰ ਜੀ ਨੇ ਹੀ ਕਰਵਾਈ। ਬਚਪਨ ਦੌਰਾਨ ਜਿੰਨਾਂ ਚਿਰ ਬਾਬਾ ਹਰਨਾਮ ਸਿੰਘ ਜੀ ਪੰਜ ਜਪੁਜੀ ਸਾਹਿਬ ਦੇ ਪਾਠ ਨਹੀਂ ਸਨ ਕਰ ਲੈਂਦੇ ਉਨ੍ਹਾਂ ਚਿਰ ਮਾਤਾ ਅਵਤਾਰ ਕੌਰ ਜੀ ਆਪ ਜੀ ਨੂੰ ਸਕੂਲ ਨਹੀਂ ਸਨ ਜਾਣ ਦਿੰਦੇ। ਮਾਤਾ ਅਵਤਾਰ ਕੌਰ ਜੀ ਦੇ ਸ਼ੁਭ ਗੁਣ ਹੀ ਹਨ ਜੋ ਉਨਾਂ ਦੇ ਪੁਤਰਾਂ ਨੇ ਆਪਣੇ ਜੀਵਨ ਵਿਚ ਗ੍ਰਹਿਣ ਕੀਤੇ। ਜੀਵਨ ਦੌਰਾਨ ਹੋਰਨਾਂ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਦਮਦਮੀ ਟਕਸਾਲ ਦੇ 13ਵੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ, 14 ਵੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਬਾਬਾ ਠਾਕੁਰ ਸਿੰਘ ਜੀ ਨਾਲ ਮਾਤਾ ਜੀ ਦਾ ਬਹੁਤ ਸਨੇਹ ਰਿਹਾ। ਜਦ ਦਮਦਮੀ ਟਕਸਾਲ ਦੇ 14ਵੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਨੇ ਜਥੇ: ਤਰਲੋਚਨ ਸਿੰਘ ਜੀ ਤੋਂ 10 ਕੁ ਸਾਲ ਦੇ ਸੰਤ ਗਿਆਨੀ ਹਰਨਾਮ ਸਿੰਘ ਜੀ ਦੀ ਜਥੇ ਲਈ ਮੰਗ ਕੀਤੀ ਤਾਂ ਮਾਤਾ ਜੀ ਨੇ ਵੀ ਹਾਮੀ ਭਰਦਿਆਂ ਕੋਈ ਉਜਰ ਨਹੀਂ ਵਿਖਾਈ , ਖੁਸ਼ੀ ਖੁਸ਼ੀ ਆਪਣਾ ਪਿਆਰਾ ਸਪੁੱਤਰ ਸੰਤਾਂ ਨੂੰ ਸੌਪਣਾ ਕੀਤਾ।
ਸਤਿਕਾਰਯੋਗ ਮਾਤਾ ਅਵਤਾਰ ਕੌਰ ਜੀ 87 ਸਾਲ ਦੀ ਬਿਰਧ ਅਵਸਥਾ 'ਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ, ਸੇਵਾ ਤੇ ਨਿਰਮਤਾ ਦੇ ਪੁੰਜ, ਪਿਆਰ ਦੀ ਮੂਰਤ, ਗੁਰੂ ਦੇ ਭਾਣੇ ਨੂੰ ਸਤਿ ਕਰਕੇ ਮੰਨਣ ਵਾਲੀ ਸਿਦਕੀ ਅਤੇ ਗੁਰਬਾਣੀ ਰੂਹ ਨਾਲ ਭਿੱਜੀ ਮਾਤਾ ਜੀ ਨੂੰ ਕੋਟਿਨ ਕੋਟਿ ਨਮਸ਼ਕਾਰ ਹੈ। ''ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ£'' ਆਪ ਜੀ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 30 ਅਪ੍ਰੈਲ ਦਿਨ ਮੰਗਲ ਵਾਰ ਨੂੰ 11 ਤੋਂ 2 ਵਜੇ ਪਿੰਡ ਧੁੰਮਾਂ ਵਿਖੇ ਕੀਤਾ ਜਾ ਰਿਹਾ ਹੈ। ਜਿਥੇ ਅਹਿਮ ਧਾਰਮਿਕ ਸ਼ਖਸ਼ੀਅਤਾਂ ਸੰਤਾਂ ਮਹਾਂਪੁਰਸ਼ਾ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਜਾਣਗੇ।
-
ਸਰਚਾਂਦ ਸਿੰਘ,
damdamitaksal15@gmail.com
9781355522
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.