ਪਰਸੋਂ ਬੀ ਜੇ ਪੀ ਨੇ ਧਰਮਿੰਦਰ ਦੇ ਵੱਡੇ ਮੁੰਡੇ ਸਨੀ ਦਿਓਲ ਨੂੰ ਪਾਰਟੀ ਚ ਸ਼ਾਮਿਲ ਕਰਕੇ ਗੁਰਦਾਸਪੁਰ ਤੇਂ ਉਮੀਦਵਾਰ ਐਲਾਨ ਕਰ ਦਿੱਤਾ ਤਾਂ ਇੱਕ ਕੌਮੀ ਅਖ਼ਬਾਰ ਨੇ ਪੇਰੀ ਪ੍ਰਤੀ ਕਿਰਿਆ ਜਾਨਣੀ ਚਾਹੀ।
ਮੇਰਾ ਇਹੀ ਕਹਿਣਾ ਸੀ ਕਿਨਬੀ ਜੇ ਪੀ ਵਰਗੀ ਕਾਡਰ ਆਧਾਰਿਤ ਪਾਰਟੀ ਨੇ ਇਹ ਟਿਕਟ ਦੇ ਕੇ ਦੁਬਾਰਾ ਆਪਣਾ ਲੋਕ ਵਿਸ਼ਵਾਸ ਤੋੜਿਆ ਹੈ।
ਰਾਜਨੀਤੀ ਨੂੰ ਪੰਜਾਬ ਚ ਬੱਚਿਆਂ ਦੀ ਖੇਡ ਬਣਾਉਣ ਚ ਇਨ੍ਹਾਂ ਉਦੋਂ ਸ਼ੁਰੂਆਤ ਕਰ ਦਿੱਤੀ ਸੀ ਜਦ ਵਿਨੋਦ ਖੰਨਾ ਨੂੰ ਗੁਰਦਾਸਪੁਰ ਤੋਂ ਟਿਕਟ ਦਿੱਤੀ ਸੀ। ਲੋਕਾਂ ਉਦੋਂ ਵੀ ਠੱਗਿਆ ਠੱਗਿਆ ਮਹਿਸੂਸ ਕੀਤਾ ਸੀ ਪਰ ਉਹ ਹੌਲੀ ਹੈਲੀ ਇਥੇ ਜੜ੍ਹ ਫੜ ਗਿਆ। ਚਾਰ ਵਾਰ ਮੈਂਬਰ ਪਾਰਲੀਮੈਂਟ ਬਣ ਗਿਆ। ਪਰ ਗੁਰਦਾਸਪੁਰੀਏ ਝਾਕਦੇ ਰਹੇ ਕਿ ਉਹ ਕਦੋਂ ਇਸ ਹਲਕੇ ਦੀ ਨੁਮਾਇੰਦਗੀ ਕਰਨਗੇ?
ਖ਼ਾਕੀ ਨਿੱਕਰਾਂ ਵਾਲੇ ਦਿੱਲੀ ਨਾਗਪੁਰ ਦੇ ਸੰਦ ਬਣ ਗਏ। ਹੁਣ ਫੇਰ!
ਸਨੀ ਦਿਉਲ ਹੋਵੇ ਜਾਂ ਉਹਦਾ ਬਾਪ
ਇਹ ਲੋਕ ਪੀੜਾਂ ਦੇ ਜਾਣਕਾਰ ਨਹੀਂ ਹੋ ਸਕਦੇ।
2007 ਚ ਮੈਂ ਇੱਕ ਵਾਰ ਬੀਕਾਨੇਰ (ਰਾਜਿਸਥਾਨ) ਗਿਆ। ਉਦੋਂ ਧਰਮਿੰਦਰ ਉਥੋਂ ਮੈਂਬਰ ਪਾਰਲੀਮੈਂਟ ਸੀ ਬੀ ਜੇ ਪੀ ਦਾ।
ਮੈਂ ਸ਼ਹਿਰ ਚ ਇਸ਼ਤਿਹਾਰ ਲੱਗੇ ਵੇਖੇ ਕਿ ਸਾਡਾ ਐੱਮ ਪੀ ਗੁਆਚ ਗਿਆ ਹੈ। ਕਦੇ ਬੀਕਾਨੇਰ ਨਹੀਂ ਦਿਸਿਆ। ਜੇ ਕਿਤੇ ਮਿਲੇ ਤਾਂ ਇਤਲਾਹ ਕਰਨਾ।
ਰੇਖਾ ਹੋਵੇ ਜਾਂ ਹੇਮਾ ਮਾਲਿਨੀ, ਜਯਾਪ੍ਰਦਾ ਹੋਵੇ ਜਾਂ ਕੋਈ ਹੋਰ ਫਿਲਮੀ ਚਿਹਰਾ, ਸਭ ਪਾਰਟੀਆਂ ਇਨ੍ਹਾਂ ਨੂੰ ਪਾਰਲੀਮੈਂਟ ਚ ਭੇਜ ਕੇ ਲੋਕ ਪ੍ਰਤੀਨਿਧਤਾ ਐਕਟ ਨਾਲ ਇਸ ਕਿਸਮ ਦਾ ਵਿਹਾਰ ਕਿਉਂ ਕਰਦੀਆਂ ਨੇ।
ਜਦ ਜਿਮਨੀ ਚੋਣ ਚ ਸੁਨੀਲ ਜਾਖੜ ਨੂੰ ਕਾਂਗਰਸ ਨੇ ਟਿਕਟ ਦਿੱਤੀ ਸੀ ਤਾਂ ਉਦੋਂ ਵੀ ਮੇਰਾ ਇਹੀ ਕਥਨ ਸੀ ਕਿ ਕੀ ਗੁਰਦਾਸਪੁਰ ਚ ਇੱਕ ਵੀ ਐਸਾ ਨੇਤਾ ਨਹੀਂ ਜੋ ਲੋਕ ਪ੍ਰਤੀਨਿਧਤਾ ਕਰ ਸਕੇ।
ਜਿੱਤਣਾ ਹੀ ਇਸ਼ਟ ਬਣ ਗਿਆ ਹੈ ਸਿਆਸਤਦਾਨਾਂ ਦਾ।
ਜਿੱਤ ਕੇ ਕੀ ਕਰਨਾ ਹੈ, ਇਹ ਏਜੰਡਾ ਸਪਸ਼ਟ ਨਹੀਂ। ਹੁਣ ਫੇਰ ਸੁਨੀਲ ਹੀ ਚੋਣ ਮੈਦਾਨ ਚ ਹੈ।
ਸੱਤਾ ਦੀ ਦੌੜ ਨੇ ਵਿਸਾਰ ਦਿੱਤਾ ਹੈ ਕਿ ਆਜ਼ਾਦੀ ਇਨ੍ਹਾਂ ਲੋਕਾਂ ਦੇ ਖੁੱਲ੍ਹ ਖੇਡਣ ਲਈ ਨਹੀਂ ਸੀ ਆਈ।
ਮਾਂਗਵੀਆਂ ਧਾੜਾਂ ਵੱਖ ਵੱਖ ਹਲਕਿਆਂ ਚ ਦਨਦਨਾਉਂਦੀਆਂ ਫਿਰਦੀਆਂ ਨੇ।
ਜਿੱਤੇ ਵਿਧਾਇਕ ਚੋਣ ਮੈਦਾਨ ਚ ਪਾਰਲੀਮੈਂਟ ਦੇ ਉਮੀਦਵਾਰ ਨੇ।
ਹਰ ਪਾਰਟੀ ਨੇ ਸੰਗ ਦਾ ਪਰਦਾ ਉਤਾਰ ਦਿੱਤਾ ਹੈ।
ਲੋਕ ਪ੍ਰਤੀਨਿਧਤਾ ਸ਼ੁਗਲ ਮੇਲਾ ਬਣ ਗਿਆ ਹੈ। ਪੈਸਾ ਨੰਗਾ ਨਾਚ ਨੱਚ ਰਿਹੈ। ਪੈਸੇ ਵਾਲੇ ਥੈਲੀਸ਼ਾਹ ਟੀਸੀ ਦੇ ਬੇਰ ਚੁਗ ਚੁਗ ਖਾ ਰਹੇ ਨੇ ਤੇ ਲੋਕ ਗਿਟਕਾਂ ਗਿਣ ਰਹੇ ਨੇ।
ਈਮਾਨ ਕੇ ਧਰਮ ਕਰਮ ਸਿਰਫ਼ ਇਨ੍ਹਾਂ ਦਾ ਗੁਲਾਮ ਹੈ।
ਨਿਰਾ ਮੋਮ ਦਾ ਨੱਕ, ਜਿੱਧਰ ਚਾਹੁਣ ਮਰੋੜ ਲੈਣ ਦਿੱਲੀ ਵਾਲੇ।
ਵਿਧਾਇਕਾਂ ਨੂੰ ਚੋਣ ਤੋਂ ਪਹਿਲਾਂ ਆਪਣੇ ਵਿਧਾਨ ਸਭਾ ਹਲਕੇ ਤੋਂ ਅਸਤੀਫਾ ਦੇ ਕੇ ਪਾਰਲੀਮੈਂਟ ਤੋਣ ਮੈਦਾਨ ਚ ਕੁੱਦਣਾ ਚਾਹੀਦੈ।
ਅਸੀਂ ਕਿਉਂ ਹਾਥੀਆਂ ਦੇ ਪੈਰੀਂ ਬਾਰ ਬਾਰ ਲਤਾੜੇ ਜਾਈਏ। ਪਹਿਲਾਂ ਅਸੈਂਬਲੀ ਵੇਲੇ ਕੋਡ ਆਫ ਕੰਡਕਟ, ਫਿਰ ਪਾਰਲੀਮੈਂਟ ਚੋਣਾਂ ਵੇਲੇ, ਜੇ ਜਿੱਤ ਜਾਣ ਤਾਂ ਫੇਰ ਜਿਮਨੀ ਚੋਣ ਵੇਲੇ ।
ਹੱਦ ਹੋ ਗਈ ਯਾਰ
ਏਨੀਆਂ ਫੈਲਸੂਫੀਆਂ?
ਇਨ੍ਹਾਂ ਦੀਆਂ ਰਖਵਾਲੀਆਂ ਬੰਦੂਕਾਂ ਦਾ ਖ਼ਰਚਾ ਅਸੀਂ ਝੱਲੀਏ, ਭਾਰੀ ਭਰਕਮ ਭੱਤੇ ਤੇ ਪੈਨਸ਼ਨਾਂ ਦੇ ਕੇ ਨਿਰੀਆਂ ਟੈਨਸ਼ਨਾਂ ਲਈਏ,ਇਹ ਕਿੱਥੋਂ ਦਾ ਇਨਸਾਫ਼ ਹੈ।
ਇਹ ਬਹੁਤੇ ਵਿਧਾਨ ਸਭਾ ਤੇ ਪਾਰਲੀਮੈਂਟ ਚ ਬੋਲੀ ਬੋਲਦੇ ਹਨ ਜੇ ਇਨ੍ਹਾਂ ਨੂੰ ਹੀ ਰੀਕਾਰਡ ਕਰਕੇ ਸੁਣਾਈ ਜਾਵੇ ਤਾਂ ਪਤਾ ਲੱਗੇ ਕਿ ਇਹ ਕਿਹੋ ਜਿਹੇ ਲੈਜਿਸਲੇਟਰ ਜਾਂ ਪਾਰਲੀਮੈਂਟੇਰੀਅਨ ਹਨ।
ਇਹ ਨਾਟਕ ਵੇਖਦਿਆਂ ਮਨੁੱਖਾ ਜਨਮ ਬੀਤ ਚੱਲਿਆ ਹੈ
ਕਦੋਂ ਸੰਭਲਾਂਗੇ,
ਬਰਛੇ ਜਿੱਡਾ ਸਵਾਲ ਹੈ?
ਗੁਰਭਜਨ ਗਿੱਲ
26.4.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.