ਖ਼ਬਰ ਹੈ ਕਿ ਚੋਣ ਸਰਗਰਮੀ ਵਿਚਕਾਰ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਮੋਦੀ ਉਤੇ ਬੇਰੁਜ਼ਗਾਰੀ ਤੋਂ ਲੈ ਕੇ ਸਰਕਾਰੀ ਕੰਪਨੀਆਂ ਨੂੰ ਬਰਬਾਦ ਕਰਨ ਦੇ ਦੋਸ਼ ਲਗਾਏ ਹਨ। ਉਹਨਾ ਕਿਹਾ ਕਿ ਨੋਟਬੰਦੀ ਨਾਲ ਬੇਰੁਜ਼ਗਾਰੀ ਵਧੀ, ਮਹਿੰਗਾਈ ਵਧੀ, ਅਰਥਚਾਰੇ ਨੂੰ ਨੁਕਸਾਨ ਹੋਇਆ। ਉਹਨਾ ਨੇ ਇਹ ਵੀ ਕਿਹਾ ਕਿ ਸਰਕਾਰੀ ਕੰਪਨੀਆਂ ਤਬਾਹ ਕਰਕੇ ਮੋਦੀ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾ ਰਹੇ ਹਨ। ਖ਼ਬਰ ਇਹ ਵੀ ਹੈ ਕਿ ਨਿੱਜੀ ਤੇਲ ਕੰਪਨੀਆਂ ਵਿਸ਼ਵ ਭਰ 'ਚ ਵਧੀਆਂ ਤੇਲ ਕੀਮਤਾਂ 'ਚ ਵਾਧੇ ਨੂੰ ਲੁਕਾ ਕੇ, ਇਹਨਾ ਦਿਨਾਂ 'ਚ ਲੋਕਾਂ ਨੂੰ ਉਸੇ ਭਾਅ ਪੈਟਰੋਲ ਡੀਜ਼ਲ ਦੇ ਰਹੀਆਂ ਹਨ।
ਮੇਰਾ ਇਹ ਜਾਨਣ ਨੂੰ ਜੀਅ ਕਰਦਾ ਹੈ ਕਿ ਆਖ਼ਰ ਇਹ ਮਹਿੰਗਾਈ ਕਿਸ ਬਲਾਅ ਦਾ ਨਾਮ ਹੈ? ਮੇਰਾ ਇਹ ਜਾਨਣ ਨੂੰ ਵੀ ਜੀਅ ਕਰਦਾ ਹੈ ਕਿ "ਆਮ ਆਦਮੀ" ਆਖ਼ਿਰ ਹੈ ਕੌਣ? ਮੇਰਾ ਇਹ ਜਾਨਣ ਨੂੰ ਵੀ ਜੀਅ ਕਰਦਾ ਹੈ ਕਿ ਆਟੇ, ਦਾਲ, ਲੂਣ ਦਾ ਭਾਅ ਸਿਰਫ ਆਮ ਆਦਮੀ ਨੂੰ ਹੀ ਕਿਉਂ ਪਤਾ ਹੁੰਦਾ ਹੈ? ਮੇਰਾ ਇਹ ਜਾਨਣ ਨੂੰ ਤਾਂ ਬਹੁਤ ਜੀ ਜੀਅ ਕਰਦਾ ਹੈ ਕਿ ਆਮ ਆਦਮੀ, ਚੋਣਾਂ ਦੇ ਦਰਮਿਆਨ ਨੇਤਾਵਾਂ ਲਈ ਖਾਸ ਆਦਮੀ ਕਿਉਂ ਬਣ ਜਾਂਦਾ ਹੈ ਜਿਹੜਾ ਕਿ ਆਮ ਦਿਨਾਂ ਵਿੱਚ ਉਸ ਦਾ ਖਾਜ਼ਾ ਹੁੰਦਾ ਹੈ, ਖ਼ੁਰਾਕ ਹੁੰਦਾ ਹੈ।
ਸੋ, ਭਾਈ ਜਨੋ, ਜਿਵੇਂ ਨੇਤਾ ਦਾ ਖਾਜ਼ਾ ਆਮ ਆਦਮੀ ਹੈ, ਉਵੇਂ ਆਮ ਆਦਮੀ ਦਾ ਖਾਜ਼ਾ ਮਹਿੰਗਾਈ ਹੈ, ਭੁੱਖਮਰੀ ਹੈ, ਬੇਰੁਜ਼ਗਾਰੀ ਹੈ, ਬੇਇੱਜਤੀ ਹੈ। ਜਦੋਂ ਜੀਅ ਆਉਂਦਾ ਨੇਤਾ, ਆਮ ਆਦਮੀ ਨੂੰ ਨਿਗਲਦਾ ਹੈ ਅਤੇ ਜਨਤਾ ਦਾ ਸੇਵਕ ਬਣਕੇ ਉਹਦੇ ਆਹੂ ਲਾਹੁੰਦਾ ਹੈ। ਇਹ ਆਹੂ ਲਾਹੁਣ ਲਈ ਉਸ ਆਪਣੇ ਸੇਵਕ "ਅੰਬਾਨੀ, ਅੰਡਾਨੀ, ਟਾਟੇ, ਬਿਰਲੇ" ਰੱਖੇ ਹੋਏ ਹਨ, ਜਿਹੜੇ ਮਹਿੰਗਾਈ ਕਦੋਂ ਵਧੇ, ਕਦੋਂ ਘਟੇ, ਭੁੱਖਮਰੀ ਕਦੋਂ ਫੈਲੇ ਬਾਰੇ ਫੈਸਲਾ ਕਰਦੇ ਹਨ। ਪਰ ਇਹ ਸਭ ਕੁਝ ਕਰਦਿਆਂ ਉਹ ਨੇਤਾਵਾਂ ਦੀਆਂ ਜੇਬਾਂ ਮਾਇਆ ਨਾਲ 'ਫੁਲ' ਰੱਖਦੇ ਹਨ ਤਾਂ ਕਿ ਉਹ ਵੱਧਣ-ਫੁੱਲਣ, ਲੋਕਾਂ ਨੂੰ ਲੁੱਟਣ। ਤਦੇ ਕਵੀ ਲਿਖਦਾ ਆ, "ਚੱਕੀ ਚੱਲਦੀ ਮਹਿੰਗ ਦੀ ਪਿਸੇ ਜਨਤਾ, ਵਧੀ ਜਾਣ ਵਜ਼ੀਰਾਂ ਦੇ ਨਿੱਤ ਗੱਫੇ"।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.