ਖ਼ਬਰ ਹੈ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੰਗੋਈ ਨੇ ਕਿਹਾ ਹੈ ਕਿ ਦੇਸ਼ ਦੀ ਨਿਆਪਾਲਿਕਾ ਦੀ ਆਜ਼ਾਦੀ ਗੰਭੀਰ ਖਤਰੇ ਵਿੱਚ ਹੈ। ਕੋਈ ਵੱਡੀ ਤਾਕਤ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਦਫ਼ਤਰ ਨੂੰ ਨਕਾਰਾ ਕਰਨਾ ਚਾਹੁੰਦੀ ਹੈ। ਆਪਣੇ ਉਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਜਸਟਿਸ ਗੰਗੋਈ ਨੇ ਕਿਹਾ ਕਿ ਅਗਲੇ ਹਫ਼ਤੇ ਕੁਝ ਅਹਿਮ ਮਾਮਲਿਆਂ ਉਤੇ ਸੁਣਵਾਈ ਹੋਣ ਵਾਲੀ ਹੈ ਅਤੇ ਇਹ ਉਸ ਸੁਣਵਾਈ ਨੂੰ ਰੋਕਣ ਦੀ ਕੋਸ਼ਿਸ਼ ਹੈ। ਉਹਨਾ ਕਿਹਾ ਕਿ ਆਜ਼ਾਦ ਨਿਆਪਾਲਿਕਾ ਨੂੰ ਅਸਥਿਰ ਕਰਨ ਦੀ ਇਹ ਇਕ ਵੱਡੀ ਸਾਜ਼ਿਸ਼ ਹੈ, ਉਹਨਾ ਕਿਹਾ, "ਮੈਂ ਇਸ ਕੁਰਸੀ ਤੇ ਬੈਠਾਂਗਾ ਅਤੇ ਬਿਨ੍ਹਾਂ ਕਿਸੇ ਡਰ ਦੇ ਬੈਠਾਂਗਾ"। ਜ਼ਿਕਰਯੋਗ ਹੈ ਕਿ ਚੀਫ ਜਸਟਿਸ ਉਤੇ ਇੱਕ ਔਰਤ ਨੇ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਹ ਔਰਤ ਅਪਰਾਧਿਕ ਰਿਕਾਰਡ ਕਾਰਨ 4 ਦਿਨਾਂ ਤੱਕ ਜੇਲ੍ਹ 'ਚ ਰਹਿ ਚੁੱਕੀ ਹੈ।
ਕੌਣ ਨਹੀਂ ਜਾਣਦਾ, ਦੇਸ਼ ਦਾ ਪਾਣੀ ਗੰਧਲਾ ਹੋ ਗਿਆ? ਕੌਣ ਨਹੀਂ ਜਾਣਦਾ, ਦੇਸ਼ ਦੀਆਂ ਨਦੀਆਂ, ਗੰਦੇ ਸੜਿਆਂਦ ਮਾਰਦੇ ਸੀਵਰੇਜ ਦਾ ਰੂਪ ਧਾਰ ਚੁੱਕੀਆਂ ਨੇ। ਕੌਣ ਨਹੀਂ ਜਾਣਦਾ, ਦੇਸ਼ ਦਾ ਲੋਕਤੰਤਰ ਬਿਮਾਰ ਹੋ ਚੁੱਕਾ ਹੈ। ਕੌਣ ਨਹੀਂ ਜਾਣਦਾ, ਲੋਕਤੰਤਰ ਦੇ ਪਵਿੱਤਰ ਸਰੋਵਰ 'ਚੋਂ ਦੇਸ਼ ਦੀਆਂ ਵਿਸ਼ਾਲ ਪਵਿੱਤਰ ਨਦੀਆਂ ਵਾਂਗਰ ਬੋਅ ਆਉਣ ਲੱਗ ਪਈ ਹੈ। ਕੌਣ ਨਹੀਂ ਜਾਣਦਾ, ਦੇਸ਼ ਦੀਆਂ ਕਾਨੂੰਨ ਘੜਨੀਆਂ ਸਭਾਵਾਂ ਬਾਹੂਬਲੀਆਂ, ਅਰਬਪਤੀਆਂ ਦੀਆਂ ਰਖੇਲ ਬਣ ਕੇ ਰਹਿ ਗਈਆਂ ਹਨ, ਉਵੇਂ ਜੀ ਜਿਵੇਂ ਇਸ ਦੇਸ਼ ਦੀਆਂ ਪਵਿੱਤਰ ਨਦੀਆਂ ਕਲ-ਕਲ ਕਰਦੇ ਝਰਨੇ, ਧਰਤੀ ਹੇਠਲਾ ਸਾਫ-ਸੁਥਰਾ ਪਾਣੀ, ਵੱਡੇ ਉਦਯੋਗ, ਮਨੁੱਖ ਦੀਆਂ ਭੈੜੀਆਂ ਆਦਤਾਂ ਦਾ ਸ਼ਿਕਾਰ ਹੋ ਕੇ ਮੁੱਕ-ਸੁੱਕ ਤਾਂ ਰਿਹਾ ਹੀ ਹੈ, ਪੀਣ ਜੋਗਾ ਵੀ ਨਹੀਂ ਰਿਹਾ।
ਥੋੜਾ ਬਹੁਤਾ "ਬੇਲਗਾਮ ਲੋਕਤੰਤਰੀਆਂ" ਨੂੰ ਨਕੇਲ ਪਾਉਣ ਵਾਲੀ ਨਿਆਂਪਾਲਿਕਾ ਨੂੰ ਵੀ ਭਾਈ ਅਪਰਾਧੀਆਂ, ਵੱਡਿਆਂ, ਬਾਹੂਬਲੀਆਂ, ਨਹੀਓ ਛੱਡਿਆ, ਆਪਣੀ ਲਪੇਟ 'ਚ ਆਪਣੀ ਗੰਦੀਆਂ ਹਰਕਤਾਂ ਨਾਲ ਲੈਣ ਦਾ ਕੁ-ਕਰਮ ਕੀਤਾ ਹੈ, ਤਾਂ ਕਿ ਉਹਨਾ ਦੀ ਮਰਜ਼ੀ ਹਰ ਥਾਂ ਚੱਲੇ।ਤਦੇ ਤਾਂ ਕਵੀ ਦੀ ਰੋਣਹਾਕੀ ਕਲਮ ਲਿਖ ਰਹੀ ਆ, "ਪਾਣੀ ਸ਼ਰਮ ਨਾਲ ਸਾਥੀਆ ਗਰਕਿਆ ਏ, ਹੁਣ ਤਾਂ ਨਕਸ਼ੇ 'ਚ ਭਾਲੇਂਗਾ ਤੂੰ ਨਦੀਆਂ"।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.