ਖ਼ਬਰ ਹੈ ਕਿ ਭਾਜਪਾ ਦੀ(ਮੱਧ ਪ੍ਰਦੇਸ਼) ਤੋਂ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਨੇ ਮੁੰਬਈ ਦਹਿਸ਼ਤੀ ਹਮਲੇ ਵਿੱਚ ਮਾਰੇ ਜਾਣ ਵਾਲੇ ਪੁਲਸ ਅਫ਼ਸਰ ਹੇਮੰਤ ਕਰਕਰੇ ਨੂੰ ਦੇਸ਼ ਧ੍ਰੋਹੀ ਦਸਦਿਆਂ ਕਿਹਾ ਕਿ ਕਰਕਰਾ ਦੀ ਮੌਤ ਉਸਦੇ ਸਰਾਪ ਨਾਲ ਹੋਈ ਸੀ। ਯਾਦ ਰਹੇ ਕਰਕਰੇ ਨੇ ਮਰਨ ਤੋਂ ਲਗਭਗ ਦੋ ਮਹੀਨੇ ਪਹਿਲਾਂ ਮਾਲੇਗਾਉਂ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਸਾਧਵੀ ਤੋਂ ਪੁੱਛ-ਗਿੱਛ ਕੀਤੀ ਸੀ। ਉਧਰ ਭੜਕਾਉ ਬਿਆਨ ਦਿੰਦਿਆਂ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦੱਤਿਆਨਾਥ ਨੇ ਮੁਸਲਮਾਨਾਂ ਦੀ ਖਾਸੀ ਆਬਾਦੀ ਵਾਲੇ ਹਲਕੇ ਵਿੱਚ ਲੋਕਾਂ ਨੂੰ ਪੁੱਛਿਆ, "ਕੀ ਤੁਸੀਂ ਬਾਬਰ ਦੀ ਔਲਾਦ ਨੂੰ ਦੇਸ਼ ਸੌਂਪਣਾ ਚਾਹੁੰਦੇ ਹੋ"? ਜਿਸ ਹਲਕੇ ਵਿੱਚ ਯੋਗੀ ਨੇ ਇਹ ਬਿਆਨ ਦਿੱਤਾ ਉਥੇ ਸਪਾ-ਬਸਪਾ ਦੇ ਉਮੀਦਵਾਰ ਸ਼ਫੀਕੁਰ ਰਹਿਮਾਨ ਹਨ।
ਚੋਣਾਂ ਕਾਹਦੀਆਂ ਆਈਆਂ, ਨੇਤਾਵਾਂ ਨੇ ਇੱਕ –ਦੂਜੇ ਦੇ ਪੋਤੜੇ ਫੋਲਣੇ ਸ਼ੁਰੂ ਕਰ ਦਿੱਤੇ ਆ। ਕਿਧਰੇ ਅਲੀ-ਅਲੀ ਹੋਈ ਪਈ ਆ ਅਤੇ ਕਿਧਰੇ ਬਜਰੰਗ ਬਲੀ ਆਪਣਾ ਰੰਗ ਦਿਖਾ ਰਹੇ ਆ। ਹਰੇ ਵਾਇਰਸ ਨੇ ਕਿਧਰੇ ਧੁੰਮ ਪਾਈ ਹੋਈ ਆ ਅਤੇ ਕਿਧਰੇ ਭਗਵਾ ਵਾਇਰਸ ਆਪਣੇ ਜੌਹਰ ਵਿਖਾ ਰਿਹਾ ਆ। ਲੋਕਾਂ ਦੇ ਲਹੂ ਨਾਲ ਹੱਥ ਰੰਗੇ ਨੇਤਾ ਦੂਜਿਆਂ ਦੀ ਦੇਸ਼ ਭਗਤੀ 'ਤੇ ਇਵੇਂ ਸੁਆਲ ਉਠਾ ਰਹੇ ਆ ਜਿਵੇਂ ਉਹਨਾ ਦੇਸ਼ ਭਗਤੀ ਦਾ ਠੇਕਾ ਲੈ ਰੱਖਿਆ ਹੋਵੇ। ਗੱਲ ਤਾਂ ਨੇਤਾਵਾਂ ਦੀ ਠੀਕ ਆ, ਹੁਣ ਦੇਸ਼ ਭਗਤੀ ਦਾ ਅਰਥ ਭਾਈ ਵਿਰੋਧੀ ਨੂੰ "ਨਾਕੋ ਸੇ ਚਨੇ ਚਬਾਣਾ" ਅਤੇ ਉਸਦੇ ਮੂੰਹ ਉਤੇ ਚੇਪੀ ਲਗਾਉਣਾ ਹੋ ਕੇ ਰਹਿ ਗਿਆ ਆ। ਭਲੇ ਵੇਲੇ ਦੀਆਂ ਗੱਲਾਂ ਗਈਆਂ-ਆਈਆਂ, ਜਦੋਂ ਨੇਤਾ ਲੋਕ ਸੇਵਕ ਸਨ। ਹੁਣ ਤਾਂ ਭਾਈ ਨੇਤਾ "ਗੱਬਰ ਸਿੰਘ" ਆ। ਹੁਣ ਤਾਂ ਭਾਈ ਨੇਤਾ "ਦੇਵ-ਦਾਨਵ" ਆ, ਬੰਦੇ ਨਹੀਂ ਰਹੇ। ਬਥੇਰਾ ਸਾਡੇ ਧਾਰਮਿਕ ਗ੍ਰੰਥ ਬੰਦੇ ਨੂੰ ਸੁਆਰਨ, ਚੰਗਾ ਬਨਣ ਦਾ ਉਪਦੇਸ਼ ਦਿੰਦੇ ਰਹੇ, ਪਰ ਉਹਨਾ ਦੇ ਉਪਦੇਸ਼ ਨਾ ਬੰਦਿਆਂ ਸੁਣੇ, ਨਾ ਬੰਦਿਆਂ ਦੇ ਬੰਦੇ ਨੇਤਾਵਾਂ ਨੇ।ਤਦੇ ਤਾਂ ਕਵੀ ਆਂਹਦਾ ਆ, "ਬੰਦਾ, ਬੰਦੇ ਦਾ ਪੁੱਤ ਨਾ ਬਣ ਸਕਿਆ, ਸੁਣਦਾ ਰਿਹਾ ਉਪਦੇਸ਼ ਇਹ ਕਈ ਸਦੀਆਂ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
· ਸਟੇਟ ਆਫ਼ ਵਰਕਿੰਗ ਇੰਡੀਆ ਦੀ ਰਿਪੋਰਟ 2019 ਅਨੁਸਾਰ ਸਾਲ 2016-18 ਦੇ ਵਿਚਕਾਰ 50 ਲੱਖ ਲੋਕਾਂ ਨੇ ਭਾਰਤ ਵਿੱਚ ਆਪਣੀ ਨੌਕਰੀ ਗੁਆਈ। ਇੱਕ ਮਹੀਨਾ ਪਹਿਲੇ ਛਪੀ ਨੈਸ਼ਨਲ ਸੈਂਪਲ ਸਰਵੇ ਆਫ਼ਿਸ ਦੀ ਲੇਬਰ ਫੋਰਸ ਸਰਵਿਸ 2017-18 ਦੀ ਰਿਪੋਰਟ ਕਹਿੰਦੀ ਹੈ ਕਿ 2011-12 ਤੋਂ 2017-18 ਤੱਕ ਪੇਂਡੂ ਖੇਤਰ ਵਿੱਚ 3.2 ਕਰੋੜ ਮਜ਼ਦੂਰਾਂ ਨੂੰ ਆਪਣੇ ਕੰਮ ਤੋਂ ਹੱਥ ਧੋਣੇ ਪਏ, ਇਹ ਖੇਤੀ ਨਾਲ ਜੁੜੇ ਤਿੰਨ ਕਰੋੜ ਮਜ਼ਦੂਰ ਸਨ।
ਇੱਕ ਵਿਚਾਰ
ਸਾਨੂੰ ਇੱਕ ਮਜ਼ਬੂਤ ਅਰਥਚਾਰੇ ਦੀ ਲੋੜ ਹੈ ਜੋ ਰੋਜ਼ਗਾਰ ਦੇ ਮੌਕੇ ਪੈਦਾ ਕਰ ਸਕੇ।.............ਬਾਵ ਮੇਨੇਂਡੇਜ (ਅਮਰੀਕੀ ਰਾਜਨੇਤਾ)
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.