ਜਦ ਡਾਇਰੀ ਦੇ ਇਹ ਪੰਨੇ ਟਾਈਪ ਕਰ ਰਿਹਾਂ ਕਮਰੇ ਵਿਚ ਬੈਠਾ, ਤਾਂ ਬਾਹਰ ਕਿਣਮਿਣ-ਕਿਣਮਿਣ ਵੀ ਹੋ ਰਹੀ ਹੈ ਤੇ ਝੁੱਲ ਰਹੇ ਹਨੇਰ ਨੇ ਜਿਵੇਂ ਹਨੇਰ-ਗਰਦੀ ਮਚਾਉਣੀ ਸ਼ੁਰੂ ਕੀਤੀ ਹੈ। ਦਰੱਖਤ ਇੱਕ ਦੂਜੇ ਵਿਚ ਵੱਜ ਰਹੇ ਨੇ, 'ਸਾਂਅ...ਆਂਅ..ਸਾਂਅ...' ਦੀ ਲੰਬੀ ਧੁਨੀ ਕੱਢਦੀ ਅੰਨ੍ਹੀ ਹਵਾ ਹੈਵਾਨੀ ਭਰੀ ਜਾਪਦੀ ਹੈ। ਪਸੂਆਂ ਨੇ ਅੜਿੰਗਣਾ ਸ਼ੁਰੂ ਕੀਤੈ। ਬੰਦਿਆਂ ਦੇ ਹੋਕਰੇ ਵੀ ਸੁਣਨ ਲੱਗੇ ਨੇ, ਕੋਈ ਘਰ ਦੇ ਜੀਆਂ ਨੂੰ ਵਿਹੜੇ ਵਿਚਲਾ ਸਮਾਨ ਸਾਂਭਣ ਲਈ ਆਵਾਜ਼ੇ ਕੱਸ ਰਿਹੈ। ਪਾਥੀਆਂ ਨਾਲ ਭਰੀਆਂ ਬੋਰੀਆਂ ਵਰਾਂਡੇ 'ਚ ਸਾਂਭਣ ਲਈ ਮਾਂ ਨੇ ਘਰ ਦੀ ਜੀਆਂ ਨੂੰ ਹਾਕਾਂ ਮਾਰੀਆਂ ਨੇ। ਮੋਟਰ-ਗੱਡੀਆਂ ਦੀ ਘੂਕਰ ਤੇ ਹੌਰਨਾਂ ਦੀ ਪਾਂ-ਪਾਂ ਉੱਚੀ ਉਠ ਪਈ ਹੈ, ਹਰ ਕੋਈ ਇਸ ਹਨੇਰ ਤੋਂ ਬਚਣਾ ਚਾਹੁੰਦੈ ਤੇ ਆਪਣੇ ਟਿਕਾਣੇ ਲੱਗਣ ਲਈ ਕਾਹਲਾ ਹੈ। ਬੜੀ ਭੈੜੀ ਅਵਸਥਾ ਹੈ ਇਹ। ਨਾ ਕੋਈ ਕਿਧਰੇ ਆਣ ਜੋਗਾ, ਨਾ ਜਾਣ ਜੋਗਾ...ਰਾਹ ਡੱਕ ਦੇਣ ਵਾਲਾ ਝੱਖੜ ਜਿਵੇਂ ਹਰ ਕਿਸੇ ਨਾਲ ਝਗੜਾ ਕਰ ਰਿਹਾ ਹੋਵੇ! ਮਾਰਚ ਦੇ ਆਖਰੀ ਹਫਤੇ ਵੀ ਮੌਸਮ ਬੇਯਕੀਨਾ ਰਿਹਾ ਤੇ ਖੇਤੀਂ ਖੜ੍ਹੀ ਪੱਕੀ ਕਣਕ ਨੂੰ ਘੂਰੀਆਂ ਵੱਟਦਾ ਰਿਹਾ ਪਰ ਫਸਲਾਂ ਦੇ ਨੁਕਸਾਨ ਤੋਂ ਬੱਚਤ ਹੀ ਰਹੀ।
ਮਨੁੱਖ ਤੋਂ ਜੇਕਰ ਮੌਸਮ ਹੀ ਮੂੰਹ ਵੱਟੀ ਰੱਖੇ, ਤਾਂ ਮਨ 'ਚ ਬਹਾਰ ਨਹੀਂ ਆਉਂਦੀ। ਫੁਹਾਰ ਨਹੀਂ ਫੁਟਦੀ। ਘਰ-ਬਾਹਰ, ਅੰਨ-ਪਾਣੀ, ਫਸਲਬਾੜੀ, ਪਸੂ-ਪਰਿੰਦੇ ਤੇ ਢਿੱਡ ਦਾ ਝੁਲਕਾ, ਸਭ ਦਾ ਫਿਕਰ ਹੈ ਮਨੁੱਖ ਨੂੰ! ਵਾਹ ਤਾਂ ਚੱਲਦੀ ਨਹੀਂ, ਅੰਦਰੇ ਅੰਦਰ ਮਨੋ-ਮਨੀਂ ਕੋਸਦਾ ਹੈ, (ਜਿਹੜਾ ਰੱਬ ਨੂੰ ਨਹੀਂ ਵੀ ਮੰਨਦਾ) ਤੇ ਉਹ ਵੀ ਕਹਿ ਹੀ ਦਿੰਦਾ ਹੈ-"ਓਹ ਸਾਡਾ ਹਰਜੀ, ਓਸੇ ਦੀ ਮਰਜ਼ੀ, ਓਹਦੇ ਅੱਗੇ ਕੀਹਦਾ ਜ਼ੋਰ...ਓਸੇ ਦੇ ਹੱਥ ਸਾਡੀ ਡੋਰ...?"
ਕਿਸੇ ਕਵੀ ਦਾ ਲਿਖਿਆ ਕਿਤਨਾ ਸੱਚ ਹੈ-'ਪੱਕੀ ਖੇਤੀ ਵੇਖ ਕੇ ਝੋਰਾ ਕਰੇ ਕਿਸਾਨ'। ਮੌਸਮ ਦੇ ਫਿਕਰ ਕਾਰਨ ਕਿਸਾਨ ਝੂਰਦਾ ਹੈ। ਅਰਦਾਸਾਂ ਵੀ ਕਰਦਾ ਹੈ। ਫਸਲ ਨੂੰ ਕਿਸਾਨ ਪੁੱਤਾਂ ਵਾਂਗ ਪਾਲਦਾ ਹੈ। ਫੁਟਦੀ-ਫਲਦੀ ਦੇਖਦਾ ਹੈ। ਜਵਾਨ ਹੁੰਦੀ ਨਿਹਾਰਦਾ ਹੈ। ਖੁਸ਼ ਹੁੰਦਾ ਹੈ। ਆਸ ਬੰਨ੍ਹਦਾ ਹੈ। ਸੌ-ਸੌ ਸਲਾਹਾਂ ਕਰਦਾ ਹੈ,ਕਦੇ ਕਰਜ਼ ਲਾਹੁੰਣ ਦੀਆਂ, ਕਦੇ ਕੋਠੀ ਪਾਉਣ ਦੀਆਂ,ਕਦੇ ਧੀ-ਪੁੱਤ ਵਿਹਾਉਣ ਦੀਆਂ,ਕਦੇ ਕਾਰ ਲਿਆਉਣ ਦੀਆਂ...ਘਰ ਦੇ ਜੀਆਂ ਨਾਲ ਕੀਤੀਆਂ ਸਲਾਹਾਂ ਸਿਰੇ ਕਦੋਂ ਚੜ੍ਹਦੀਆਂ ਨੇ,ਇਹ ਸਮਾਂ ਜਾਣਦਾ ਹੈ।
ਚਾਹੇ ਪੇਂਡੂ ਹਿੰਦੂ ਭਾਈਚਾਰੇ ਵਿਚੋਂ ਹਾਂ (ਖੱਤਰੀਆਂ ਦਾ ਮੁੰਡਾ)ਪਰ ਹਾਂ ਕਿਸਾਨ ਦਾ ਪੁੱਤਰ। ਪਿਓ ਤੇ ਤਾਇਆ ਆਪਣੇ ਆਖਰੀ ਵੇਲੇ ਤੱਕ ਖੇਤੀ ਕਰਦੇ ਰਹੇ ਸਨ। ਬਚਪਨ ਤੋਂ ਲੈ ਕੇ ਹੁਣ ਤੱਕ ਖੇਤ ਵਾਹੁੰਣ-ਸੰਵਾਰਨ,ਫਸਲ ਬੀਜਣ-ਬਜਾਉਣ,ਪਾਲਣ-ਪਲਾਉਣ ਤੇ ਵੱਢਣ-ਵਢਾਉਣ ਦੀ ਪ੍ਰਕਿਰਿਆ ਨੂੰ ਬੜੀ ਨੇੜਿਓਂ ਦੇਖ਼ਦਾ ਆ ਰਿਹਾ ਹਾਂ। ਇਸੇ ਲਈ ਮੈਨੂੰ ਪਤਾ ਹੈ ਕਿ ਇੱਕ ਕਿਸਾਨ ਦਾ ਦਰਦ ਕੀ ਹੈ? ਉਹਦੀਆਂ ਸਧਰਾਂ ਕੀ ਨੇ ਤੇ ਉਹਦੀਆਂ ਮਜਬੂਰੀਆਂ ਕੀ ਨੇ, ਜੋ ਬਹੁਤੀਆਂ, ਉਹ ਆਪ ਹੀ ਸਹੇੜਦਾ-ਪਾਲਦਾ ਹੈ। ਹਾਲੇ ਬਹੁਤੀ ਦੂਰ ਦੀ ਗੱਲ ਨਹੀਂ, ਰੁੱਖੀ-ਸੁੱਕੀ ਖਾ ਕੇ ਠੰਢਾ ਪਾਣੀ ਪੀਂਦੇ ਘਰ ਦੇ ਜੀਅ ਮੈਂ ਦੇਖੇ ਨੇ, ਮੇਰੀਆਂ ਲਿਖਤਾਂ ਵਿਚ ਵਾਰ-ਵਾਰ ਆਉਂਦੀ ਮੇਰੀ ਦਾਦੀ ਰੱਬ ਦਾ ਸ਼ੁਕਰਾਨਾ ਕਰਦੀ, ਸਰਬੱਤ ਦਾ ਭਲਾ ਮੰਗਦੀ ਹੁੰਦੀ ਸੀ-"ਹੇ ਵਾਖਰੂ ਕੁੱਲ ਨੂੰ ਦੇਈਂ ਰੁੱਖੀ-ਮਿੱਸੀ...ਕੁੱਲ ਜੀਆ ਜੰਤ ਦਾ ਢਿੱਡ ਭਰੀਂ ਹੇ ਮੇਰੇ ਮਾਲਕਾ...।" ਮੇਰੀਆਂ ਲਿਖਤਾਂ ਵਿਚ ਆਉਂਦੀ ਦਾਦੀ,ਇਕੱਲੀ ਮੇਰੀ ਦਾਦੀ ਹੀ ਨਹੀਂ ਹੈ,ਇਹ ਇੱਕ ਸਿੰਬਲ ਹੈ ਤੇ ਸਭਨਾਂ ਦੀ 'ਸਾਂਝੀ ਦਾਦੀ' ਦਾ। ਸਭਨਾਂ ਦੀਆਂ ਦਾਦੀਆਂ ਹੀ ਸਰਬੱਤ ਦਾ ਭਲਾ ਮੰਗਣ ਵਾਲੀਆਂ ਸਨ। 'ਨਾਨਕ ਨਾਮ ਚੜਦੀ ਕਲਾ-ਤੇਰੇ ਭਾਣੇ ਸਰਬੱਤ ਦਾ ਭਲਾ' ਆਖਣ-ਸੁਣਨ ਵਾਲੇ ਲੋਕ ਤੁਰਦੇ ਜਾ ਰਹੇ ਨੇ ਵਾਰੋ-ਵਾਰੀ। ਆਪੋ-ਆਪਣਾ 'ਭਲਾ' ਮੰਗਣ ਵਾਲਿਆਂ ਦਾ ਸੰਸਾਰ ਭਲਾ ਕਿੰਨਾ ਕੁ ਤੇ ਕਿੰਨਾ ਚਿਰ ਸੁਖੀ ਵੱਸ ਸਕਦਾ ਹੈ...? ਇਹਨੀਂ ਦਿਨੀਂ ਮਨੋਂ ਹੀ ਮਨ ਖੁਸ਼ ਹੁੰਦਾ ਰਿਹਾ ਹਾਂ, ਜਦ ਕਿਸੇ ਤੋਂ ਇਹ ਸੁਣਦਾ ਸਾਂ ਕਿ ਇਸ ਵਾਰੀ ਤਾਂ ਫਸਲ ਭਾਰੀ ਹੋਵੇਗੀ, ਚੰਗੀ ਨਿੱਸਰੀ ਹੈ ਕਣਕ ਤੇ ਦਾਣੇ ਵੀ ਭਾਰੀ ਹੋਣਗੇ।
***************************
ਮੌਸਮੀਂ ਮਾਹਰਾਂ ਨੇ ਲੋਕਾਂ ਦੇ ਸਾਹ ਪਹਿਲਾਂ ਹੀ ਇਹ ਸੂਚਨਾ ਦੇ ਕੇ ਸੂਤ ਲਏ ਸਨ ਕਿ ਸੋਲਾਂ ਤੇ ਸਤਾਰਾਂ ਅਪ੍ਰੈਲ ਸੁੱਖ ਦੇ ਦਿਨ ਨਹੀਂ ਹੋਣਗੇ। ਝੱਖੜ ਝੁੱਲੇਗਾ ਤੇ ਮੀਂਹ ਵੀ ਆਵੇਗਾ, ਗੜੇ ਵੀ ਪੈ ਸਕਦੇ ਨੇ। ਪਹਿਲੇ ਦਿਨ ਦੀ ਰਾਤ ਝੱਖੜ ਨੇ ਬਾਰਾਂ ਸਾਲ ਦਾ ਰਿਕਾਰਡ ਤੋੜਿਆ। ਤਾਕਤਵਰ ਰੁੱਖ ਵੀ ਪੁੱਟ ਕੇ ਅਹੁ ਮਾਰੇ। ਵੱਖ ਵੱਖ ਥਾਈਂ ਇਹ ਝੱਖੜ ਤਿੰਨ ਜਾਨਾਂ ਵੀ ਲੈ ਗਿਆ। ਕਈ ਥਾਈਂ ਕਣਕ ਮੂਧੜੇ-ਮੂੰਹ ਸੁੱਟ੍ਹ ਦਿੱਤੀ, ਨਾ ਉਠੀਜੇ ਤੇ ਨਾ ਵਢੀਜੇ! ਮਾਲਵੇ 'ਚ ਬਹੁਤੇ ਕਿਸਾਨਾਂ ਵੱਲੋਂ ਬੀਜੀ ਸਬਜ਼ੀ ਦੀਆਂ ਫੁਦਟੀਆਂ ਕੂਲੀਆਂ ਵੱਲਾਂ-ਵੇਲਾਂ ਵੀ ਉਡ ਗਈਆਂ। ਜਦ ਦਿਨ ਚੜ੍ਹੇ ਪਿੰਡੋਂ ਨਿਕਲਦਾ ਹਾਂ, ਤਾਂ ਰੁੱਖ ਭਾਵੇਂ ਪੁੱਟੇ ਪਏ ਨੇ ਪਰ ਕਣਕ ਠੀਕ ਠਾਕ ਖੜ੍ਹੀ ਦੇਖ, ਮਨੋਂ ਕੁਦਰਤ ਦਾ ਸ਼ੁਕਰਾਨਾ ਅਦਾ ਕਰਦਾ ਹਾਂ। ਕਿਸਾਨ ਦੱਸ ਰਹੇ ਨੇ ਕਿ ਮੀਂਹ ਕਾਰਨ ਹੁਣ ਕਣਕ ਕੁਝ ਦਿਨ ਨਹੀਂ ਵੱਢੀ ਜਾ ਸਕਣੀ, ਖੇਤ ਗਿੱਲੇ ਹੋ ਗਏ ਨੇ, ਕੰਬਾਈਨਾਂ ਖੁੱਭਣ ਦਾ ਡਰ ਹੈ। ਕਈ ਪਿੰਡਾਂ 'ਚ ਲੋਕਾਂ ਨੇ ਫਸਲਾਂ ਦੀ ਸੁਖ-ਸਾਂਦ ਲਈ ਅਖੰਡ ਪਾਠ ਵੀ ਸੁੱਖ ਲਏ ਨੇ...। ਮਨ ਵਿਚ ਕਈ ਸੁੱਖਾਂ ਸੁਖਦਾ ਹਾਂ ਮੈਂ ਵੀ,ਪਿੰਡੋਂ ਸਕੂਟਰੀ 'ਤੇ ਚੜ੍ਹਦਿਆਂ ਤੇ ਅੱਗੋਂ ਚੰਡੀਗੜ ਵਾਲੀ ਬਸ ਫੜਦਿਆਂ।
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.