ਕਿਤਾਬਾਂ ਤੇ ਕੁੜੀਆਂ ਤੋਂ ਸੱਖਣੇ ਜੋ ਘਰ ਨੇ।
ਉਹ ਘਰ ਕਾਹਦੇ ਘਰ ਨੇ, ਉਹ ਦਰ ਕਾਹਦੇ ਦਰ ਨੇ।
-ਤ੍ਰੈਲੋਚਨ ਲੋਚੀ
ਪੂਰੀ ਦੁਨੀਆ ਵਿੱਚ ਸਾਹਿਤ ਨੂੰ ਪਿਆਰ ਕਰਨ ਵਾਲੇ,ਪੁਸਤਕਾਂ ਦੇ ਆਸ਼ਕਾਂ ਨੂੰ ਵਿਸ਼ਵ ਪੁਸਤਕ ਦਿਵਸ ਮੌਕੇ ਢੇਰ ਸਾਰੀਆਂ ਮੁਬਾਰਕਾਂ ।
ਪੜ੍ਹਨ ਦੀ ਤਾਂਘ ਰੱਖਣ ਵਾਲੇ ਜਾਣਦੇ ਹਨ ਕਿ ਪੁਸਤਕਾਂ ਦਾ ਸਾਡੀ ਜ਼ਿੰਦਗੀ ਵਿੱਚ ਕੀ ਯੋਗਦਾਨ ਹੈ । ਸਮਾਜ ਵਿੱਚ ਵਿਚਰਦਿਆਂ ਜਦੋਂ ਕਈ ਵਾਰ ਸਾਡੇ ਸੰਗੀ ਸਾਥੀ ਸਾਡਾ ਸਾਥ ਛੱਡ ਦਿੰਦੇ ਹਨ, ਉਦੋਂ ਪੁਸਤਕਾਂ ਸਾਡੀ ਬਾਂਹ ਫੜ੍ਹਦੀਆਂ ਹਨ । ਇਹ ਪੁਸਤਕਾਂ ਹੀ ਹਨ ਜੋ ਦੱਸਦੀਆਂ ਹਨ ਕਿ ਸਾਡੇ ਵਿਚਾਰ ਕਿਹੋ ਜਿਹੇ ਹਨ । ਪੁਸਤਕਾਂ ਪੜ੍ਹਨ ਨਾਲ ਇਨਸਾਨ ਅੰਦਰ ਢੇਰ ਸਾਰੇ ਵਿਚਾਰ ਪੈਦਾ ਹੁੰਦੇ, ਵਿਗਸਦੇ ਹਨ ।
ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਕਿ ਵਿਚਾਰ ਭਾਵੇਂ ਸਾਡਾ ਮੁਨਾਫ਼ਾ ਨਹੀਂ ਵਧਾਉਂਦੇ ਪਰ ਬੌਧਿਕ ਕੰਗਾਲੀ ਤੋਂ ਬਚਾ ਕੇ ਸਾਨੂੰ ਅਮੀਰ ਬਣਾਉਂਦੇ ਹਨ ।
ਪੱਛਮੀ ਮੁਲਕਾਂ ਵਿੱਚ ਪੁਸਤਕ ਸੱਭਿਆਚਾਰ ਹੈ ਪਰ ਭਾਰਤ ਵਿੱਚ ਇਹ ਸੱਭਿਆਚਾਰ ਕਦੇ ਪੈਦਾ ਹੀ ਨਹੀਂ ਹੋ ਸਕਿਆ । ਬਚਪਨ ਵਿੱਚ ਹੀ ਸਾਡੀ ਪੜ੍ਹਾਈ ਕਰਕੇ ਸਾਡਾ ਪੁਸਤਕਾਂ ਤੋਂ ਮੋਹ ਭੰਗ ਹੋ ਜਾਂਦਾ ਹੈ । ਪੁਸਤਕਾਂ ਪੜ੍ਹਨਾ ਵੀ ਆਪਣੇ ਆਪ ਵਿੱਚ ਇੱਕ ਮਨੋਰੰਜਨ ਹੈ, ਠੀਕ ਉਸੇ ਤਰ੍ਹਾਂ ਜਿੱਦਾਂ ਗੀਤ ਸੁਣਨਾ, ਫਿਲਮ ਵੇਖਣਾ । ਪਰ ਸਾਨੂੰ ਬਹੁਤਿਆਂ ਨੂੰ ਇਹ ਮਨੋਰੰਜਨ ਦਾ ਸਾਧਨ ਨਹੀਂ ਲੱਗਦਾ, ਸਾਡੇ ਵਿੱਚੋਂ ਬਹੁਤੇ ਇਹੀ ਉਲਾਂਭਾ ਦਿੰਦੇ ਹਨ ਕਿ ਜਦ ਕਦੇ ਵੀ ਉਹ ਕੋਈ ਪੁਸਤਕ ਚੁੱਕਦੇ ਹਨ ਤਾਂ ਉਹਨਾਂ ਨੂੰ ਨੀਂਦਰ ਆਉਣ ਲੱਗ ਪੈਂਦੀ ਹੈ, ਅਸਲ ਵਿੱਚ ਇਹ ਸਾਡੀ ਸੋਚ, ਇਕਾਗਰਤਾ ਦੀ ਕਮੀ ਹੈ । ਅਜੋਕੇ ਸਮੇਂ ਵਿੱਚ ਜਦੋਂ ਮਨੁੱਖ ਤਣਾਅਗ੍ਰਸਤ ਹੋ ਰਿਹਾ ਹੈ,ਉਦੋਂ ਲੋੜ ਹੈ ਕਿ ਹਰੇਕ ਘਰ ਵਿੱਚ ਪੁਸਤਕਾਂ-ਰਸਾਲੇ ਹੋਣ ਠੀਕ ਉਸੇ ਤਰ੍ਹਾਂ ਜਿੱਦਾਂ ਕਿਸੇ ਸ਼ਹਿਰ ਅੰਦਰ ਪਾਰਕ ਹੁੰਦਾ ਹੈ, ਜੋ ਮਨੁੱਖ ਨੂੰ ਤਰੋਤਾਜ਼ਾ ਕਰਨ ਵਿੱਚ ਸਾਰਥਕ ਭੂਮਿਕਾ ਨਿਭਾਉਂਦਾ ਹੈ ।
ਪੁਸਤਕਾਂ ਪੜ੍ਹਨ ਵਾਲਾ ਨਵੀਨਤਾ ਦੀ ਗੱਲ ਕਰਦਾ ਹੈ, ਵਿਕਾਸ ਦੀ ਗੱਲ ਕਰਦਾ ਹੈ, ਪਰਿਵਰਤਨ ਦੀ ਬਾਤ ਪਾਉਂਦਾ ਹੈ । ਉਹ ਪਰੰਪਰਾ ਦੀਆਂ ਦਕਿਆਨੂਸੀ ਸੋਚਾਂ ਨੂੰ ਵੰਗਾਰਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਭਗਤ ਸਿੰਘ ਨੇ ਵੰਗਾਰਿਆ ਸੀ ਕਿਉਂਕਿ ਉਸਦੇ ਅੰਦਰ ਪੁਸਤਕਾਂ ਦਾ ਖ਼ਜਾਨਾ ਸੀ । ਸਾਨੂੰ ਪਹਿਲਾਂ ਪੜ੍ਹਨ ਦੀ ਆਦਤ ਪਾਉਣੀ ਪਵੇਗੀ ਹੌਲੀ ਹੌਲੀ ਸੋਚਣ ਦੀ ਆਦਤ ਆਪ-ਮੁਹਾਰੇ ਪੈ ਜਾਵੇਗੀ । ਪਰ ਸਾਡਾ ਦੁਖਾਂਤ ਇਹ ਹੈ ਕਿ ਅਸੀਂ ਜਿਸ ਮਾਹੌਲ ਵਿੱਚ ਜੀਅ ਰਹੇ ਹਾਂ ਉੱਥੇ ਸਾਡੀਆਂ ਦੋਸਤੀਆਂ ਇਲੈਕਟ੍ਰੋਨਿਕ ਹੁੰਦੀਆਂ ਜਾ ਰਹੀਆਂ ਹਨ, ਮੋਬਾਈਲ, ਟੈਲੀਵਿਜ਼ਨ, ਕੰਪਿਊਟਰ ਨੇ ਸਾਡੇ ਸਕੇ-ਸੰਬੰਧੀਆਂ, ਦੋਸਤਾਂ-ਮਿੱਤਰਾਂ ਦੀ ਜਗ੍ਹਾ ਲੈ ਲਈ ਹੈ । ਅਸੀਂ ਇੱਕ ਦੂਜੇ ਦੇ ਨੇੜੇ ਵੀ ਹਾਂ ਪਰ ਅਸਲ ਵਿੱਚ ਬਹੁਤ ਦੂਰ । ਇਹੀ ਕਾਰਨ ਹੈ ਕਿ ਸਾਹਿਤ ਦਾ ਪਹਿਲਾਂ ਵਾਲਾ ਸਥਾਨ ਨਹੀਂ ਰਿਹਾ ਕਿਉਂਕਿ ਇਨਸਾਨ ਨੇ ਆਪਣੀ ਇਸ ਤ੍ਰਿਪਤੀ ਦੇ ਲਈ ਹੋਰ ਤਰ੍ਹਾਂ ਦੇ ਸਾਧਨ ਉਪਜਾ ਲਏ ਹਨ ।
ਪੁਸਤਕਾਂ ਪੜ੍ਹਨ ਨਾਲ ਸਾਡੇ ਅੰਦਰ ਪ੍ਰਸੰਨਤਾ ਉਪਜਦੀ ਹੈ ਤੇ ਜਿਹੜਾ ਪ੍ਰਸੰਨ ਹੁੰਦਾ ਹੈ,ਉਹ ਬੋਲਦਾ ਹੈ ਕਿਉਂਕਿ ਬੋਲਣਾ ਪ੍ਰਸੰਨਤਾ ਵੰਡਣ, ਵਿਚਾਰ ਵੰਡਣ, ਖ਼ਿਆਲ ਖਿਲਾਰਨ ਦਾ ਸੁਚੱਜਾ ਤੇ ਸਾਰਥਕ ਸਾਧਨ ਹੁੰਦਾ ਹੈ ।
ਪੁਸਤਕਾਂ ਪੜ੍ਹਨ ਨਾਲ ਇਨਸਾਨ ਨੂੰ ਨਵੀਆਂ ਅੱਖਾਂ ਅਤੇ ਨਵੀਂ ਜ਼ੁਬਾਨ ਮਿਲਦੀ ਹੈ, ਕੰਨ ਸੁਣਨ ਲੱਗ ਪੈਂਦੇ ਹਨ, ਦਿਮਾਗ ਸੋਚਣ ਲੱਗ ਪੈਂਦਾ ਹੈ ਤੇ ਹੌਲੀ ਹੌਲੀ ਇਨਸਾਨ ਬਦਲ ਜਾਂਦਾ ਹੈ । ਬਦਲੇ ਹੋਏ ਇਨਸਾਨ ਦੀ ਇੱਕ ਮੰਜ਼ਿਲ ਬਣ ਜਾਂਦੀ ਹੈ ਤੇ ਉਹ ਸਹਿਜੇ ਹੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ । ਇਹ ਪੁਸਤਕਾਂ ਹੀ ਹਨ ਜੋ ਸਾਨੂੰ ਰੋਜ਼ ਪ੍ਰੇਸ਼ਾਨ ਕਰਨ ਵਾਲੀਆਂ ਸਮੱਸਿਆਵਾਂ ਤੋਂ ਪਰੇ ਲੈ ਜਾਂਦੀਆਂ ਹਨ ਅਤੇ ਸਾਨੂੰ ਇੱਕ ਨਿਵੇਕਲੇ , ਅਦਭੁੱਤ ਅਤੇ ਵੱਖਰੇ ਵਾਤਾਵਰਣ ਵਿੱਚ ਵਿਚਰਨ ਦਾ ਅਵਸਰ ਵੀ ਪ੍ਰਦਾਨ ਕਰਦੀਆਂ ਹਨ । ਪੰਜਾਬੀ ਦੇ ਨਾਮਵਰ ਆਲੋਚਕ ਡਾ.ਸੁਤਿੰਦਰ ਸਿੰਘ ਨੂਰ ਨੇ ਲਿਖਿਆ ਸੀ ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ ਕੋਈ ਫਰਕ ਨਹੀਂ ਹੁੰਦਾ ਸੱਚੀਂ ਪੁਸਤਕ ਪੜ੍ਹਨਾ ਅਤੇ ਪਿਆਰ ਕਰਨਾ ਇੱਕ ਸੁਖਦ ਅਹਿਸਾਸ ਹੈ ।
ਨਰਿੰਦਰ ਸਿੰਘ ਕਪੂਰ ਹੁਰਾਂ ਲਿਖਿਆ ਹੈ , ਪੁਸਤਕਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ, ਛਪੀਆਂ ਅਤੇ ਅਣਛਪੀਆਂ । ਛਪੀਆਂ ਪੁਸਤਕਾਂ ਪੜ੍ਹੀਆਂ ਜਾਂਦੀਆਂ ਹਨ । ਪੰਛੀਆਂ ਦੀਆਂ ਆਵਾਜ਼ਾਂ , ਝਰਨੇ ਦਾ ਸੰਗੀਤ, ਫੁੱਲਾਂ ਦਾ ਸਨੇਹ, ਪ੍ਰੇਮਿਕਾ ਦੀ ਮੁਸਕਰਾਹਟ , ਮਾਂ ਦੀ ਲੋਰੀ ਸਭ ਅਣਛਪੀਆਂ ਪੁਸਤਕਾਂ ਹਨ । ਅਣਛਪੀਆਂ ਪੁਸਤਕਾਂ ਮਾਣੀਆਂ ਜਾਂਦੀਆਂ ਹਨ । ਪੁਸਤਕਾਂ ਤੋਂ ਲਾਭ ਉਠਾਉਣ ਲਈ ਜ਼ਰੂਰੀ ਨਹੀਂ ਕਿ ਰਿਹਾਇਸ਼ ਲਾਇਬ੍ਰੇਰੀ ਵਿੱਚ ਕੀਤੀ ਜਾਵੇ । ਸਾਡੇ ਇਰਦ-ਗਿਰਦ ਅਨੇਕਾਂ ਅਣਛਪੀਆਂ ਪੁਸਤਕਾਂ ਮੌਜੂਦ ਹਨ । ਲੋੜ ਹੈ ਉਹਨਾਂ ਨੂੰ ਪਾਰਖੂ ਅੱਖ ਨਾਲ ਵੇਖਣ ਦੀ , ਉਹਨਾਂ ਨਾਲ ਇਕਮਿਕ ਹੋਣ ਦੀ ।
ਆਓ,
*ਪੁਸਤਕਾਂ ਦੇ ਸੰਗ ਇਕਮਿਕ ਹੋਈਏ
*ਨੱਚੀਏ,ਗਾਈਏ,ਹੱਸੀਏ,ਰੋਈਏ
ਮਹਿਕ ਪੁਸਤਕਾਂ ਦੀ ਸਾਹੀਂ ਪਰੋਈਏ,
*ਆਓ, ਅਸੀਂ ਵੀ ਮਹਿਕਾਂ ਵਿੱਚ ਮਹਿਕ ਹੋਈਏ ।
-
ਰਿਸ਼ੀ ਹਿਰਦੇਪਾਲ(ਪ੍ਰੋ:), ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.