ਉਜਾਗਰ ਸਿੰਘ
ਸਰਬ ਭਾਰਤੀ ਕਾਂਗਰਸ ਕਮੇਟੀ ਨੇ ਇਸ ਵਾਰ ਪਹਿਲੀ ਵਾਰ ਲੋਕ ਸਭਾ ਲਈ ਉਮੀਦਵਾਰਾਂ ਦੀ ਚੋਣ ਕਰਨ ਵਿਚ ਕਈ ਨਵੀਂਆਂ ਪਰੰਪਰਾਵਾਂ ਸਥਾਪਤ ਕੀਤੀਆਂ ਹਨ। ਉਮੀਦਵਾਰਾਂ ਦੀ ਚੋਣ ਵਿਚ ਵੀ ਪੰਜਾਬ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਦਾ ਐਲਾਨ ਕਰਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਹਮੇਸ਼ਾ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਆਖ਼ਰੀ ਦਿਨ ਤੱਕ ਹੀ ਉਮੀਦਵਾਰਾਂ ਦਾ ਐਲਾਨ ਕਰਦੀ ਸੀ। ਇਸ ਵਾਰ ਤਾਂ 13 ਵਿਚੋਂ 11 ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਦਾ ਪਹਿਲਾ ਦੌਰ ਖ਼ਤਮ ਵੀ ਕਰ ਲਿਆ ਹੈ। ਸਿਰਫ ਦੋ ਉਮੀਦਵਾਰ ਕਰਮਵਾਰ ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਫ਼ੀਰੋਜਪੁਰ ਤੋਂ ਸ਼ੇਰ ਸਿੰਘ ਘੁਬਾਇਆ ਦੀ ਉਮੀਦਵਾਰੀ ਦਾ ਐਲਾਨ 20 ਅਪ੍ਰੈਲ ਨੂੰ ਕੀਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਨੇ ਟਿਕਟਾਂ ਦੇਣ ਲੱਗਿਆਂ ਕਿਸੇ ਵਰਕਰ ਦੀ ਤਾਂ ਕੀ ਕਦੀਂ ਵੀ ਕਿਸੇ ਸਥਾਨਕ ਨੇਤਾਵਾਂ ਦੀ ਨਹੀਂ ਸੁਣੀ ਸੀ। ਬਹੁਤੇ ਉਮੀਦਵਾਰ ਪੈਰਾਸੂਟ ਰਾਹੀਂ ਅਸਮਾਨੋ ਹੀ ਡਿਗਦੇ ਸਨ। ਜਿਸਦੀ ਦਿੱਲੀ ਵਿਚ ਬੈਠੇ ਨੇਤਾਵਾਂ ਨਾਲ ਸੁਰ ਮਿਲਦੀ ਸੀ, ਉਸਨੂੰ ਟਿਕਟ ਥਾਲੀ ਵਿਚ ਪਰੋਸ ਕੇ ਦੇ ਦਿੱਤੀ ਜਾਂਦੀ ਸੀ ਕਿਉਂਕਿ ਉਹ ਨੇਤਾਵਾਂ ਲਈ ਹਰ ਸੰਭਵ ਚੀਜ਼ ਪਰੋਸਕੇ ਦਿੰਦਾ ਸੀ। ਸਹੀ ਉਮੀਦਵਾਰਾਂ ਦੇ ਬੁਲ ਲਟਕੇ ਹੀ ਰਹਿ ਜਾਂਦੇ ਸਨ। ਭਾਵੇਂ ਉਨ੍ਹਾਂ ਨੂੰ ਜਿਥੋਂ ਟਿਕਟ ਦਿੱਤਾ ਜਾਂਦਾ ਸੀ ਕੁਝ ਵੀ ਆਧਾਰ ਤਾਂ ਵੱਖਰੀ ਗੱਲ ਹੈ ਸਗੋਂ ਉਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਹੁੰਦਾ ਸੀ। ਕਾਂਗਰਸ ਪਾਰਟੀ ਦੀ ਰਵਾਇਤ ਰਹੀ ਹੈ ਕਿ ਆਮ ਤੌਰ ਤੇ ਉਹ ਬਾਹਰੋਂ ਲਿਆਕੇ ਪੈਰਾਸੂਟ ਉਮੀਦਵਾਰ ਉਤਾਰਦੀ ਰਹੀ ਹੈ। ਬਾਹਰੋਂ ਲਿਆਉਣ ਵਾਲੇ ਉਮੀਦਵਾਰਾਂ ਬਾਰੇ ਅਜੀਬ ਕਿਸਮ ਦੀਆਂ ਉਦਾਹਰਣਾਂ ਦੇਂਦੀ ਰਹੀ ਹੈ। ਨਵੇਂ ਨਵੇਂ ਫਾਰਮੂਲੇ ਬਣਾਕੇ ਟਿਕਟਾਂ ਦਿੰਦੇ ਸਨ। ਕਈ ਵਾਰ ਕਿਸੇ ਵੱਡੇ ਨੇਤਾ ਨੂੰ ਦਿੱਲੀ ਤੋਂ ਲਿਆਕੇ ਮੈਦਾਨ ਵਿਚ ਉਤਾਰਕੇ ਕਿਹਾ ਜਾਂਦਾ ਸੀ ਕਿ ਇਹ ਵੱਡੀ ਤੋਪ ਹੈ। ਇਨ੍ਹਾ ਫਾਰਮੂਲਿਆਂ ਨੇ ਕਾਂਗਰਸ ਦਾ ਭੱਠਾ ਬਿਠਾਇਆ ਸੀ ਕਿਉਂਕਿ ਦਿੱਲੀ ਬੈਠੇ ਚਾਪਲੂਸ ਨੇਤਾਵਾਂ ਦੀ ਮੰਨੀ ਜਾਂਦੀ ਸੀ। ਇਸ ਕਰਕੇ ਕਾਂਗਰਸ ਦਾ ਗ੍ਰਾਫ਼ ਦਿਨ ਬਦਿਨ ਡਿਗਦਾ ਗਿਆ। ਇਸ ਵਾਰ ਉਮੀਦਵਾਰਾਂ ਦੀ ਚੋਣ ਸਮੇਂ ਹੇਠਲੇ ਪੱਧਰ ਦੇ ਆਮ ਵਰਕਰਾਂ ਦੀ ਰਾਏ ਅਨੁਸਾਰ ਫ਼ੈਸਲੇ ਕੀਤੇ ਗਏ ਜਾਪਦੇ ਹਨ। ਹੁਣ ਜਦੋਂ ਭਾਰਤੀ ਜਨਤਾ ਪਾਰਟੀ ਨੇ ਦੇਸ਼ ਵਿਚੋਂ ਕਾਂਗਰਸ ਦੇ ਪੈਰ ਉਖਾੜਕੇ 2014 ਵਿਚ ਆਪਣੀ ਸਰਕਾਰ ਬਣਾ ਲਈ ਤਾਂ ਕਾਂਗਰਸ ਪਾਰਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਸਰਕਾਰ ਬਣਾਉਣਾ ਆਪਣਾ ਜਨਮ ਸਿਧ ਅਧਿਕਾਰ ਸਮਝਦੀ ਸੀ। ਇਸ ਕਰਕੇ ਸਮੁੱਚੇ ਦੇਸ਼ ਅਤੇ ਖਾਸ ਕਰਕੇ ਪੰਜਾਬ ਵਿਚ ਲੋਕ ਸਭਾ ਦੇ ਉਮੀਦਵਾਰਾਂ ਦੀ ਚੋਣ ਕਰਨ ਲੱਗਿਆਂ ਫੂਕ ਫੂਕ ਕੇ ਪੈਰ ਰੱਖੇ ਗਏ ਹਨ, ਜਿਵੇਂ ਦੁੱਧ ਦਾ ਫੂਕਿਆ ਲੱਸੀ ਨੂੰ ਫੂਕਾਂ ਮਾਰਕੇ ਪੀਂਦਾ ਹੈ। ਭਾਵ ਉਮੀਦਵਾਰਾਂ ਦੀ ਚੋਣ ਸੌ ਵਾਰ ਸੋਚਕੇ ਅਤੇ ਵੱਖ-ਵੱਖ ਏਜੰਸੀਆਂ ਤੋਂ ਸਰਵੇ ਕਰਵਾਕੇ ਪਤਾ ਕੀਤਾ ਗਿਆ ਕਿ ਵੋਟਰ ਕਿਸ ਉਮੀਦਵਾਰ ਨੂੰ ਚਾਹੁੰਦੇ ਹਨ। ਇਥੋਂ ਤੱਕ ਕਿ ਕਿਸੇ ਇਕ ਏਜੰਸੀ ਤੇ ਇਤਬਾਰ ਨਹੀਂ ਕੀਤਾ ਗਿਆ ਤਾਂ ਜੋ ਗ਼ਲਤ ਟਿਕਟ ਨਾ ਦਿੱਤੀ ਜਾਵੇ, ਪ੍ਰੰਤੂ ਇਸ ਵਾਰ ਲੋਕ ਸਭਾ ਦੀਆਂ ਟਿਕਟਾਂ ਦੇਣ ਲੱਗਿਆਂ ਜੋ ਸਥਾਨਕ ਕਾਰਜਕਰਤਾਵਾਂ ਨੇ ਸੁਝਾਅ ਦਿੱਤੇ ਲਗਪਗ ਉਨ੍ਹਾਂ ਸਾਰਿਆਂ ਤੇ ਅਮਲ ਕੀਤਾ ਗਿਆ ਹੈ। ਦੂਜੀ ਨਵੀਂ ਪਰੰਪਰਾ ਇਹ ਸਥਾਪਤ ਕੀਤੀ ਗਈ ਕਿ ਸਥਾਨਕ ਉਮੀਦਵਾਰਾਂ ਨੂੰ ਪਹਿਲ ਦਿੱਤੀ ਗਈ। ਹੁਣ ਤੱਕ ਪੰਜਾਬ ਦੇ ਜਿਹੜੇ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ, ਉਹ ਸਥਾਨਕ ਹਨ ਅਰਥਾਤ ਉਸੇ ਹਲਕੇ ਨਾਲ ਸੰਬੰਧਤ ਹਨ, ਸਿਰਫ ਮੁਨੀਸ਼ ਕੁਮਾਰ ਤਿਵਾੜੀ ਅਜਿਹੇ ਉਮੀਦਵਾਰ ਹਨ, ਜਿਹੜੇ ਗੁਆਂਢੀ ਹਲਕੇ ਚੰਡੀਗੜ੍ਹ ਤੋਂ ਹਨ। ਅਜਿਹੀ ਮਾੜੀ ਮੋਟੀ ਅਡਜਸਟਮੈਂਟ ਕਈ ਵਾਰ ਸਿਆਸੀ ਪਾਰਟੀਆਂ ਨੂੰ ਕਰਨੀ ਪੈਂਦੀ ਹੈ, ਇਸ ਲਈ ਇਸਦਾ ਵਰਕਰਾਂ ਨੇ ਬਹੁਤਾ ਵਿਰੋਧ ਨਹੀਂ ਕੀਤਾ। ਥੋੜ੍ਹੀ ਬਹੁਤੀ ਘੁਸਰ ਮੁਸਰ ਤਾਂ ਇਕ ਦੋ ਉਮੀਦਵਾਰਾਂ ਬਾਰੇ ਹੋਈ ਹੈ। ਤੀਜੇ ਇਹ ਸਾਰੇ ਉਮੀਦਵਾਰ ਟਕਸਾਲੀ ਕਾਂਗਰਸੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਜਿਵੇਂ ਸੁਨੀਲ ਕੁਮਾਰ ਜਾਖੜ, ਚੌਧਰੀ ਸੰਤੋਖ ਸਿੰਘ, ਮਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ ਅਤੇ ਰਾਜ ਕੁਮਾਰ ਚੱਬੇਵਾਲ। ਇਸ ਤੋਂ ਪਹਿਲਾਂ ਟਕਸਾਲੀ ਕਾਂਗਰਸੀਆਂ ਨੂੰ ਅਣਡਿਠ ਕਰਕੇ ਦੂਜੀਆਂ ਪਾਰਟੀਆਂ ਵਿਚੋਂ ਆਏ ਉਮੀਦਵਾਰਾਂ ਨੂੰ ਇਹ ਕਹਿਕੇ ਪਹਿਲ ਦਿੱਤੀ ਜਾਂਦੀ ਸੀ ਕਿ ਇਹ ਜਿੱਤਣ ਵਾਲੇ ਉਮੀਦਵਾਰ ਹਨ। ਇਕ ਕਿਸਮ ਨਾਲ ਦਲ ਬਦਲੀ ਕਰਨ ਦਾ ਇਵਜ਼ਾਨਾ ਟਿਕਟ ਦੇ ਕੇ ਦਿੱਤਾ ਜਾਂਦਾ ਸੀ। ਰਵਨੀਤ ਸਿੰਘ ਬਿੱਟੂ ਲੁਧਿਆਣਾ ਅਤੇ ਮਨੀਸ਼ ਤਿਵਾੜੀ ਆਨੰਦਪੁਰ ਸਾਹਿਬ ਦੋਵੇਂ ਅੱਤਵਾਦ ਤੋਂ ਪ੍ਰਭਾਵਤ ਪਰਿਵਾਰਾਂ ਵਿਚੋਂ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਮਹਿੰਦਰ ਸਿੰਘ ਕੇ.ਪੀ.ਜੋ ਅਤਿਵਾਦ ਤੋਂ ਪ੍ਰਭਾਵਤ ਪਰਿਵਾਰ ਨਾਲ ਸੰਬੰਧ ਰੱਖਦਾ ਸੀ, ਉਸਨੂੰ ਅਣਡਿਠ ਕੀਤਾ ਗਿਆ ਹੈ। ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਪੰਜਾਬ ਦਾ ਮੰਤਰੀ ਵੀ ਰਿਹਾ ਹੈ। ਸ਼ਮਸ਼ੇਰ ਸਿੰਘ ਦੂਲੋ ਵੀ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਪ੍ਰੰਤੂ ਇਉਂ ਲੱਗਦਾ ਹੈ ਕਿ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਇਸ ਕਰਕੇ ਨਹੀਂ ਦਿੱਤੀ ਗਈ ਕਿਉਂਕਿ ਉਹ ਆਪ ਰਾਜ ਸਭਾ ਦਾ ਮੈਂਬਰ ਹੈ। ਥੋੜ੍ਹੀ ਬਹੁਤੀ ਨਰਾਜ਼ਗੀ ਪਰਜਾਤੰਤਰਿਕ ਪ੍ਰਣਾਲੀ ਵਿਚ ਹੋਣਾ ਕੁਦਰਤੀ ਵੀ ਹੁੰਦਾ ਹੈ। ਇਸ ਨਰਾਜ਼ਗੀ ਨੂੰ ਬਗਾਬਤ ਨਹੀਂ ਸਮਝਣਾ ਚਾਹੀਦਾ। ਚੌਥੀ ਨਵੀਂ ਪਰੰਪਰਾ ਇਹ ਹੈ ਕਿ ਇਨ੍ਹਾਂ ਉਮੀਦਵਾਰਾਂ ਵਿਚੋਂ ਕੋਈ ਵੀ ਉਮੀਦਵਾਰ ਕਦੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਨਹੀਂ ਗਿਆ। ਮਨੀਸ਼ ਤਿਵਾੜੀ ਨੂੰ ਮਜ਼ਬੂਤ ਉਮੀਦਵਾਰ ਹੋਣ ਕਰਕੇ ਟਿਕਟ ਦਿੱਤੀ ਗਈ ਹੈ ਪ੍ਰੰਤੂ ਟਿਕਟ ਲਟਕਾ ਕੇ ਦਿੱਤੀ ਗਈ ਹੈ ਕਿਉਂਕਿ 2014 ਵਿਚ ਬਿਮਾਰੀ ਦਾ ਬਹਾਨਾ ਬਣਾਕੇ ਚੋਣ ਮੈਦਾਨ ਵਿਚੋਂ ਹੱਟ ਗਿਆ ਸੀ ਪ੍ਰੰਤੂ ਕਦੀਂ ਵੀ ਕਾਂਗਰਸ ਪਾਰਟੀ ਨੂੰ ਧੋਖਾ ਨਹੀਂ ਦਿੱਤਾ। ਇਸ ਵਾਰ ਸ਼ੇਰ ਸਿੰਘ ਘੁਬਾਇਆ ਜੋ ਅਕਾਲੀ ਦਲ ਵਿਚੋਂ ਕਾਂਗਰਸ ਵਿਚ ਆਇਆ ਹੈ ਨੂੰ ਟਿਕਟ ਦੇ ਸਥਾਨਕ ਉਮੀਦਵਾਰਾਂ ਨੂੰ ਨਿਰਾਸ਼ ਕੀਤਾ ਹੈ। ਪੰਜਵੀਂ ਨਵੀਂ ਅਤੇ ਸਭ ਤੋਂ ਜ਼ਿਆਦਾ ਮਹੱਤਵਪੁਰਨ ਪਰੰਪਰਾ ਇਹ ਪਾਈ ਗਈ ਹੈ ਕਿ ਇਸ ਵਾਰ ਟਿਕਟਾਂ ਸਥਾਨਕ ਧੜੇਬੰਦੀ ਅਨੁਸਾਰ ਨਹੀਂ ਦਿੱਤੀਆਂ ਗਈਆਂ। ਕਿਸੇ ਇਕ ਧੜੇ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਗਈ ਕਿਉਂਕਿ ਇਸ ਵਾਰ ਕਾਂਗਰਸ ਪਾਰਟੀ ਹਾਰਨ ਵਾਲੇ ਉਮੀਦਵਾਰ ਨੂੰ ਟਿਕਟ ਨਹੀਂ ਦੇਣਾ ਚਾਹੁੰਦੀ ਸੀ। ਇਨ੍ਹਾਂ ਟਿਕਟਾਂ ਦੀ ਵੰਡ ਤੋਂ ਕੋਈ ਅਜਿਹਾ ਪ੍ਰਭਾਵ ਨਹੀਂ ਜਾਂਦਾ ਕਿ ਕਿਸੇ ਇਕ ਧੜੇ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤਾਂ ਪੰਜਾਬ ਵਿਚ ਦੋ ਧੜੇ ਤਾਂ ਜ਼ਬਰਦਸਤ ਹੁੰਦੇ ਸਨ। ਧੜਿਆਂ ਵਿਚ ਸਮਤੁਲ ਰੱਖਣ ਲਈ ਕਈ ਵਾਰ ਕਮਜ਼ੋਰ ਉਮੀਦਵਾਰ ਨੂੰ ਵੀ ਟਿਕਟ ਦੇਣਾ ਪੈਂਦਾ ਸੀ। ਧੜੇ ਤਾਂ ਹੁਣ ਵੀ ਹਨ ਪ੍ਰੰਤੂ ਕਿਸੇ ਇਕ ਧੜੇ ਨੂੰ ਅਹਿਮੀਅਤ ਨਹੀਂ ਦਿੱਤੀ ਗਈ। ਮੁੱਖ ਮੰਤਰੀ ਅਤੇ ਸਟੇਟ ਪ੍ਰਧਾਨ ਦੀ ਤਾਂ ਸੁਣੀ ਜਾਣੀ ਕੁਦਰਤੀ ਹੁੰਦੀ ਹੈ। ਬਾਕੀ ਹੋਰ ਕਿਸੇ ਦੀ ਸੁਣੀ ਨਹੀਂ ਗਈ ਪ੍ਰੰਤੂ ਜਿਹੜੇ ਠੀਕ ਲੱਗਦੇ ਸਨ, ਉਨ੍ਹਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਗਿਆ ਹੈ। ਫਰੀਦਕੋਟ ਤੋਂ ਸਥਾਨਕ ਨੇਤਾ ਮੁਹੰਮਦ ਸਦੀਕ ਨੂੰ ਟਿਕਟ ਦੇ ਕੇ ਕਾਂਗਰਸ ਹਾਈ ਕਮਾਂਡ ਨੇ ਸਾਬਤ ਕਰ ਦਿੱਤਾ ਹੈ ਕਿ ਬਾਹਰਲੇ ਨੇਤਾ ਨਾਲੋਂ ਆਮ ਵਰਕਰ ਦੀ ਜ਼ਿਆਦਾ ਅਹਿਮੀਅਤ ਹੈ। ਇਸ ਤੋਂ ਪਹਿਲਾਂ ਫਰੀਦਕੋਟ ਦੀ ਟਿਕਟ ਮਾਝੇ ਚੋਂ ਉਮੀਦਵਾਰ ਲਿਆ ਕੇ ਦਿੱਤੀ ਗਈ ਸੀ। ਉਹ ਹਾਰ ਗਿਆ ਸੀ। ਵਰਕਰਾਂ ਨੂੰ ਟਿਕਟਾਂ ਮਿਲਣ ਦਾ ਮੁਹੰਮਦ ਸਦੀਕ ਤੋਂ ਵੱਡਾ ਸਬੂਤ ਕੋਈ ਨਹੀਂ ਹੋ ਸਕਦਾ। ਕੁਝ ਲੋਕ ਮੁਹੰਮਦ ਸਦੀਕ ਨੂੰ ਕਮਜ਼ੋਰ ਉਮੀਦਵਾਰ ਕਹਿੰਦੇ ਹਨ। ਮੁਹੰਮਦ ਸਦੀਕ ਆਰਥਿਕ ਤੌਰ ਤੇ ਕਮਜ਼ੋਰ ਤਾਂ ਹੋ ਸਕਦਾ ਹੈ ਪ੍ਰੰਤੂ ਵੋਟਾਂ ਵਟੋਰਨ ਵਿਚ ਆਪਣੀ ਸਾਦਗੀ ਅਤੇ ਹਲੀਮੀ ਕਰਕੇ ਮਜ਼ਬੂਤ ਉਮੀਦਵਾਰ ਹੈ। ਜੇਕਰ ਵਰਕਰ ਕਮਜ਼ੋਰ ਉਮੀਦਵਾਰ ਹਨ ਤਾਂ ਫਿਰ ਨੇਤਾ ਮਜ਼ਬੂਤ ਉਮੀਦਵਾਰ ਕਿਦਾਂ ਹੋ ਸਕਦੇ ਹਨ? ਉਮੀਦਵਾਰਾਂ ਦੀ ਇਸ ਚੋਣ ਦੀ ਖ਼ੂਬੀ ਇਹ ਵੀ ਰਹੀ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਕਾਂਗਰਸ ਦੀ ਨੁਮਾਇੰਦਗੀ ਕਰ ਰਹੀ ਸ਼੍ਰੀਮਤੀ ਆਸ਼ਾ ਕੁਮਾਰੀ ਉਮੀਦਵਾਰਾਂ ਦੀ ਚੋਣ ਸਮੇਂ ਇਕਸੁਰ ਸਨ। ਰਾਹੁਲ ਗਾਂਧੀ ਨੇ ਵੀ ਪਹਿਲੀ ਵਾਰ ਉਮੀਦਵਾਰਾਂ ਦੀ ਚੋਣ ਤੇ ਮੋਹਰ ਲਾਉਣ ਵਿਚ ਬਹੁਤ ਹੀ ਸੰਜੀਦਗੀ ਅਤੇ ਸਿਆਣਪ ਦਾ ਸਬੂਤ ਦਿੱਤਾ ਹੈ। ਇਉਂ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ ਪਰਪੱਕ ਨੇਤਾ ਬਣ ਗਿਆ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.