ਭਾਰਤ ਵਿਚ ਲੋਕਾਂ ਨੂੰ ਭਾਂਵੇ ਰੇਡੀਓ ਪ੍ਰਤੀ ਸ਼ੌਂਕ ਦਿਨ ਬ ਦਿਨ ਘਟ ਰਿਹਾ ਹੈ,ਸ਼ੋਸਲ ਮੀਡੀਏ ਦੇ ਆ ਜਾਣ ਕਾਰਨ ਰੇਡੀਓ ਤੇ ਟੈਲੀਵੀਯਨ ਤੇ ਵੀ ਬਹੁਤ ਪਰਭਾਵ ਪਿਆ ਹੈ। ਵਿਦੇਸ਼ਾ ਵਿਚ ਪੰਜਾਬੀਆਂ ਦਾ ਮੁੱਢਲਾ ਸ਼ੌਂਕ ਰੇਡੀਓ ਹੈ ਕਿਉਂਕਿ ਉਹ ਆਪਣੇ ਕੰਮਾਂ ਵਿਚ ਹਰ ਵੇਲੇ ਰੁੱਝੇ ਰਹਿੰਦੇ ਹਨ। ਲੋਕਾਂ ਵਿਚ ਤੇ ਖਾਸਕਰ ਪੰਜਾਬੀਆਂ ਵਿਚ ਆਪਣੇ ਆਪ ਨੂੰ ਆਪਣੇ ਵਿਰਸ਼ੇ ਅਤੇ ਸਭਿਆਚਾਰ ਨਾਲ ਜੋੜੀ ਰੱਖਣ ਅਤੇ ਇੱਥੇ ਵਾਪਰ ਰਹੀਆਂ ਘਟਨਾਵਾਂ,ਸਿਆਸਤੀ ਬਦਲਾ , ਸਮਾਜਿਕ ਤਬਦੀਲੀਆਂ ਬਾਰੇ ਜਾਨਣ ਦਾ ਸਭ ਤੋਂ ਵੱਧ ਮਹੱਤਵਪੂਰਨ ਸਾਧਨ ਹੈ 'ਰੇਡੀਓ'। ਵਿਦੇਸ਼ਾ ਵਿਚ ਪੰਜਾਬੀ ਵਿਚ ਛੱਪ ਰਹੀਆਂ ਅਖਬਾਰਾਂ,ਰੇਡੀਓ ਤੇ ਮਹੱਤਵਪੂਰਨ ਟੈਲੀਵੀਯਨਾਂ ਉਪਰ ਪੰਜਾਬੀਆਂ ਦਾ ਕਬਜਾ ਹੈ। ਕੈਨੇਡਾ,ਅਮਰੀਕਾ ਤੇ ਆਸਟਰੇਲੀਆ ਵਿਚ ਜਿੱਥੇ ਪੰਜਾਬੀਆਂ ਦੀ ਵਧੇਰੇ ਆਬਾਦੀ ਹੈ ਉਥੇ ਪੰਜਾਬੀਆਂ ਨੇ ਇਸ ਮੀਡੀਆ ਤੇ ਆਪਣਾ ਗਲਬਾ ਪਾਇਆ ਹੋਇਆ ਹੈ। ਕੈਨੇਡਾ ਦੇ ਬ੍ਰਹਮਟਨ ਸ਼ਹਿਰ ਵਿਚ ਪੰਜਾਬੀ ਬਰਾਡਕਾਸਟਰ ਐਸੋਸੀਏਸ਼ਨ ਬਣੀ ਹੋਈ ਜਿਸ ਨੇ ਸਮਾਜ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ। ਕੈਨੇਡਾ ਸਰਕਾਰ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਤਰਜੀਹੀ ਤੌਰ ਤੇ ਵੱਸਣ ਲਈ ਉਨ੍ਹਾਂ ਇਲਾਕਿਆਂ ਵਿਚ ਵਧੇਰੇ ਮੌਕੇ ਪ੍ਰਦਾਨ ਕਰਦੀ ਹੈ ਜਿਹੜੇ ਅਜੇ ਵਿਕਸਤ ਹੋ ਰਹੇ ਹਨ ਉਨ੍ਹਾਂ ਵਿਚੋਂ ਹੈ ਮੈਨੀਟੋਬਾ। ਪੰਜਾਬੀ ਸਖ਼ਤ ਤੋਂ ਸਖ਼ਤ ਮਿਹਨਤ ਕਰਨ ਅਤੇ ਤੇ ਜੋਖ਼ਮ ਭਰਿਆ ਕੰਮ ਕਰਨ ਤੋਂ ਪਿਛੇ ਨਹੀਂ ਹਟਦੇ।
ਕੈਨੇਡਾ ਦਾ ਸ਼ਹਿਰ ਹੈ ਵਿੰਨੀਪੈੱਗ ਜਿੱਥੇ ਪੰਜਾਬੀਆਂ ਦੀ ਵਸੋਂ ਦਿਨੋ ਦਿਨ ਵਧਣੀ ਸ਼ੁਰੂ ਹੋ ਗਈ ਹੈ। ਇਸ ਇਲਾਕੇ ਵਿਚ ਦੇਸੀ ਸੰਚਾਰ ਮੀਡੀਏ ਨੇ ਆਪਣੀਆਂ ਪੰਜਾਬੀ ਸੱਭਿਆਚਾਰਕ ਰਿਵਾਇਤਾਂ ਨੂੰ ਕਾਇਮ ਰੱਖਣ ਵਿਚ ਆਪਣਾ ਵਿਸ਼ੇਸ ਸਥਾਨ ਬਣਾਇਆ ਹੋਇਆ ਹੈ। ਸੁਰੂ ਵਿਚ ਕਦੇ ਕਦੇ ਇਸ ਸ਼ਹਿਰ ਪ੍ਰਵਾਸੀਆਂ ਨੂੰ ਉਦਾਸੀ ਭਰੇ ਮਹੌਲ ਵਿਚੋਂ ਲੰਘਣਾ ਪਿਆ। ਇਨ੍ਹਾਂ ਬਦਲਦੇ ਹਾਲਾਤਾਂ ਵਿਚ ਇਸ ਸ਼ਹਿਰ ਦੀਆ ਵਾਦੀਆਂ ਵਿਚ ਮਨਮੋਹਕ ਧਰਤੀ ਉਪਰ ਪੰਜਾਬੀ ਸਭਿਆਚਾਰ ਦੀਆਂ ਫੁਹਾਰਾਂ ਲਿਆਂਦੀਆਂ। ਕੈਨੇਡਾ ਦਾ ਵਿੰਨੀਪਿੱਗ ਇਕ ਅਜਿਹਾ ਸ਼ਹਿਰ ਹੈ ਜਿੱਥੇ ਪੰਜਾਬੀਆਂ ਨੇ ਬਹੁਤ ਸਖ਼ਤ ਮਿਹਨਤ ਕੀਤੀ। ਸ਼ਾਇਦ ਇਸੇ ਕਰਕੇ ਹੀ ਪੰਜਾਬੀ ਕੈਨੇਡਾ ਦੀ ਸਰਕਾਰ ਵਿਚ ਉੱਚੇ ਮੁਕਾਮਾਂ ਤੇ ਪਹੁੰਚ ਗਏ ਹਨ। ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਇਸੇ ਸ਼ਹਿਰ ਵਿਚ ਪਹਿਲੇ ਪ੍ਰਵਾਸੀਆਂ ਵਿਚੋਂ 'ਰੇਡੀਓ ਆਪਣਾ' ਚਲਾਉਣ ਵਾਲੇ ਜਗਤਾਰ ਸਿੰਘ ਤੇ ਮਨਧੀਰ ਕੌਰ ਮੰਨੂ ਨੇ ਪ੍ਰਵਾਸੀਆਂ ਦੀ ਮਦਦ ਨਾਲ ਇਸ ਇਲਾਕੇ ਵਿਚ ਪੰਜਾਬੀ ਸਭਿਆਚਾਰ ਨੂੰ ਜਿਊਂਦਾ ਰੱਖਣ ਲਈ ਲੋਕਲ ਰੇਡੀਓ 22 ਸਾਲ ਪਹਿਲਾਂ ਸ਼ੁਰੂ ਕੀਤਾ ਸੀ । ਜਿਹੜਾ ਅੱਜ ਕੱਲ ਵਿੰਨੀਪੈੱਗ ਵਿਚ ਹੀ ਨਹੀਂ ਸਗੋਂ ਇੰਟਰਨੈੱਟ ਤੇ ਸ਼ੋਸਲ ਨੈਟਵਰਕ ਫੇਸਬੁੱਕ ਆਦਿ ਰਾਹੀਂ ਸੰਸਾਰ ਭਰ ਵਿਚ ਸੁਣਿਆ ਜਾਂਦਾ ਹੈ। ਰੇਡੀਓ ਜੌਕੀ ਮਨਧੀਰ ਕੌਰ ਮੰਨੂ ਨੇ ਪੰਜਾਬੀ ਦੀ ਮਿੱਠੀ ਜ਼ੁਬਾਨ ਰਾਂਹੀ ਪੰਜਾਬੀਆਂ ਦੇ ਦਿਲਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ।
ਮੰਨੂ ਦੀ ਪੰਜਾਬੀ ਭਾਈਚਾਰੇ ਵਿਚ ਵੱਖਰੀ ਵਿਲੱਖਣ ਪਹਿਚਾਣ ਇਸ ਗੱਲੋਂ ਹੈ ਕਿ ਉਸ ਨੇ ਕੈਨੇਡਾ ਵਿਚ ਚੱਲਦੇ ਦੂਜੇ ਰੇਡੀਓ ਸਟੇਸ਼ਨਾਂ ਨਾਲੋਂ ਪੰਜਾਬੀ ਸੱਭਿਆਚਾਰ ਦੇ ਪਰਸਾਰ ਲਈ ਡੂੰਘੀ ਵਿਦਵਤਾ ਭਰਪੂਰ ਛਾਪ ਬਣਾ ਲਈ ਹੈ । ਪੰਜਾਬੀਆਂ ਦੀ ਜਿੰਦਗੀ ਵਿਚੋਂ ਗੁਆਚ ਰਹੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਣ ਲਈ 'ਰੇਡੀਓ ਆਪਣਾ' ਦਾ ਨਿਵੇਕਲਾ ਸਥਾਨ ਹੈ। ਰੇਡੀਓ ਦੇ ਪੰਜਾਬੀ ਪ੍ਰੋਗਰਾਮ ਪੰਜਾਬੀ ਭਾਈਚਾਰੇ ਲਈ ਵਰਦਾਨ ਸਾਬਤ ਹੋਏ ਹਨ । ਕੈਨੇਡਾ ਵਿਚ ਵਸੇ ਮੂਲ ਭਾਰਤੀ ਜਗਤਾਰ ਸਿੰਘ ਨੇ ਆਪਣਾ ਜੀਵਨ ਨਿਰਵਾਹ ਕਰਨ ਲਈ ਟੈਕਸੀ ਡਰਾਈਵਰ ਵਜੋਂ ਕੰਮ ਸ਼ੁਰੂ ਕੀਤਾ। ਉਨ੍ਹਾਂ ਹੌਲੀ ਹੌਲੀ ਮਨ ਵਿਚ ਪੰਜਾਬੀ ਸੱਭਿਆਚਾਰਾਂ ਦੇ ਸ਼ੌਂਕ ਅਤੇ ਤਕਨੀਕੀ ਮੁਹਾਰਤ ਹੋਣ ਕਰਕੇ 1996 ਵਿਚ ਐਸ.ਸੀ.ਐਮ.ਓ. ਰੇਡੀਓ ਐਫ.ਐਮ. 24 ਘੰਟੇ ਸ਼ੁਰੂ ਕੀਤਾ। ਇਹ ਰੇਡੀਓ ਸਟੇਸ਼ਨ ਪੰਜਾਬੀ ਤੋਂ ਬਿਨਾਂ ਹਿੰਦੀ, ਉਰਦੂ, ਗੁਜ਼ਰਾਤੀ ਅਤੇ ਹੋਰ ਭਾਸ਼ਾਵਾਂ ਵਿਚ ਧਾਰਮਿਕ, ਰਾਜਨੀਤਿਕ, ਸੋਸ਼ਲ ਮੰਨੋਰੰਜਨ ਤੇ ਬਾਲੀਵੁੱਡ ਦੇ ਪ੍ਰੋਗਰਾਮਾਂ ਦੇ ਨਾਲ ਨਾਲ ਪੰਜਾਬ ਦੀਆਂ ਖਬਰਾਂ ਵੀ ਪ੍ਰਸਾਰਿਤ ਕਰਦਾ ਸੀ। ਰੇਡੀਓ ਜੌਕੀ ਮਨਧੀਰ ਕੌਰ ਮੰਨੂ ਦੀ ਪੇਸ਼ਕਾਰੀ ਕਰਕੇ ਵਿੰਨੀਪੈੱਗ ਦੀ ਪੰਜਾਬੀ ਕਮਿਊਨਟੀ ਵਿਚ ਨਵੇਂ ਆਏ ਪ੍ਰਵਾਸੀਆਂ ਲਈ ''ਰੇਡੀਓ ਆਪਣਾ' ਸਾਥੀ ਬਣ ਗਿਆ ਹੈ। 1998 ਵਿਚ ਮਨੀਟੈਬਾ ਵਿਖੇ ਫੈਮਲੀ ਇੰਮੀਗਰੇਸ਼ਨ ਪਰੋਗਰਾਮ (ਐਮ.ਪੀ.ਐਨ.ਪੀ.) ਅਧੀਨ ਪੰਜਾਬੀ ਭਾਈਚਾਰਾ ਵਧਣਾ ਸ਼ੁਰੂ ਹੋ ਗਿਆ ਜਿਸ ਦੇ ਸਿੱਟੇ ਵਜ਼ੋਂ 50 ਹਜ਼ਾਰ ਤੋਂ ਵਧ ਪਰਿਵਾਰਾਂ ਦਾ ਇੱਥੇ ਵਸੇਬਾ ਹੋ ਗਿਆ।
ਰੇਡੀਓ ਜੌਕੀ ਮਨਧੀਰ ਕੌਰ ਮੰਨੂ ਦਾ 'ਰੇਡੀਓ ਆਪਣਾ' ਤੋਂ ਪਰੋਗਰਾਮ ਪੇਸ਼ ਕਰਨ ਦਾ ਅੰਦਾਜ ਲਹਿੰਦੇ ਤੇ ਚੜ੍ਹਦੇ ਪੰਜਾਬ ਤੇ ਸੰਸਾਰ ਦੇ ਅਦਬੀ ਹਲਕਿਆਂ ਵਿਚ ਮਕਬੂਲ ਹੋ ਗਿਆ ਹੈ। ਰੋਜ਼ਾਨਾ 24 ਘੰਟੇ ਚੱਲਣ ਵਾਲੇ ਇਸ ਰੇਡੀਓ ਦੇ ਸਵੇਰ ਦੇ ਪ੍ਰੋਗਰਾਮਾਂ ਵਿਚ ਗੁਰਬਾਣੀ,ਅਜਨਾਮਾ, ਪੰਜਾਬੀ ਖਬਰਾਂ ਅਤੇ ਵੰਨ ਸਵੰਨੇ ਵਿਸ਼ੇ ਅਧੀਨ ਰੋਜਾਨਾ ਕਿਸੇ ਸਕਸੀਅਤ ਨਾਲ ਵਿਚਾਰ ਚਰਚਾ ਚਰਚਿਤ ਹੋ ਰਿਹਾ ਹੈ।'ਰੇਡੀਓ ਆਪਣਾ' ਤੋਂ ਦੁਪਹਿਰ ਵੇਲੇ ਸੋਮਵਾਰ ਤੋਂ ਸੁਕਰਵਾਰ ਤਕ ਰੋਜ਼ਾਨਾ ਵੱਖਰੇ ਵੱਖਰੇ ਵਿਸ਼ੇ ਗਲਬਾਤ ਲਈ ਰੱਖੇ ਗਏ ਹਨ। ਸੋਮਵਾਰ ਰੂਹ ਦੀ ਖੁਰਾਕ,ਮੰਗਲਵਾਰ ਕਹਾਣੀ ਜਿੰਦਗੀ ਦੀ, ਬੁੱਧਵਾਰ ਵਿਰਸ਼ਾ ਬੋਲ ਪਿਆ,ਵੀਰਵਾਰ ਬਾਲੀਵੁਡ, ਸੁੱਕਰਵਾਰ ਦਿਲ ਦੀਆਂ ਸਾਂਝਾ ਲਈ ਗੱਪ ਸ਼ੱਪ ਵਿਚ ਕੈਨੇਡਾ, ਭਾਰਤ, ਪਾਕਿਸਤਾਨ ਤੇ ਹੋਰਨਾ ਦੇਸ਼ਾਂ ਤੋਂ ਸਿੱਧਾ ਪ੍ਰਸਾਰਣ ਪੇਸ਼ ਕੀਤਾ ਜਾਂਦਾ ਹੈ। ਸਨਿਚਰਵਾਰ ਪ੍ਰੋਗਰਾਮ ਸਾਂਝ ਸੁਰਾਂ ਦੀ ਪੇਸ਼ ਕੀਤਾ ਜਾਂਦਾਂ ਹੈ ਜਿਸ ਵਿਚ ਨਾਮਵਾਰ ਗਾਇਕਾਂ ਤੋਂ ਇਲਾਵਾ ਨਵੇਂ ਨੌਜਵਾਨ ਗੀਤਕਾਰਾਂ ਨੂੰ ਮੌਕਾ ਪਰਦਾਨ ਕੀਤਾ ਜਾਂਦਾ ਹੈ। ਰੇਡੀਓ ਦੀ ਪੇਸ਼ਕਾਰੀ ਲਈ ਮਨਧੀਰ ਕੌਰ ਮੰਨੂ ਦਾ ਪੰਜਾਬੀ ਸਾਹਿਤ ਨਾਲ ਲਗਾਵ ਹੋਣ ਕਰਕੇ ਉਸ ਨੇ ਇਸ ਰੇਡੀਓ ਤੋ ਪੰਜਾਬੀ ਦੇ ਪ੍ਰਸਿੱਧ ਲਿਖਾਰੀਆਂ ਬਾਰੇ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤੇ ਹਨ ਜਿੰਨ੍ਹਾਂ ਵਿਚ ਸ਼ਿਵ ਕੁਮਾਰ ਬਟਾਂਲਵੀ, ਨੰਦ ਲਾਲ ਨੂਰ ਪੁਰੀ, ਪਾਸ਼, ਸੁਰਜੀਤ ਪਾਤਰ, ਸੰਤ ਰਾਮ ਉਦਾਸੀ,ਬਾਬਾ ਨਜ਼ਮੀ ਸਾਮਲ ਹਨ। ਉਨ੍ਹਾਂ ਅਨੇਕਾਂ ਨਵੇਂ ਸ਼ਾਇਰਾਂ ਤੇ ਗਾਇਕਾਂ ਨੂੰ ਵੀ ਅਗੇ ਵੱਧਣ ਦਾ ਮੌਕਾ ਪ੍ਰਦਾਨ ਕੀਤਾ ਹੈ।
'ਰੇਡੀਓ ਆਪਣਾ' ਦੀ ਵਿਲੱਖਣਤਾ ਹੈ ਕਿ ਰੇਡੀਓ ਜੌਕੀ ਮਨਧੀਰ ਕੌਰ ਮੰਨੂ ਦੀ ਪੇਸ਼ਕਾਰੀ ਨੇ ਪੰਜਾਬੀ ਭਾਈਚਾਰੇ ਦੇ ਸਰੋਤਿਆਂ ਦਾ ਇਕ ਚੰਗਾ ਸਥਾਨ ਬਣਾ ਲਿਆ ਹੈ।ਲੋਕਾਂ ਵਿਚ ਰੇਡੀਓ ਆਪਣਾ ਦਾ ਵਿਸ਼ੇਸ ਸਥਾਨ ਇਸ ਲਈ ਹੈ ਕਿਉਕਿ ਪ੍ਰੋਗਰਾਮਾਂ ਵਿਚ ਪੰਜਾਬੀ ਸਭਿਆਚਾਰ ਦੀਆਂ ਵੰਨਗੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਭਾਈਚਾਰੇ ਦੇ ਸਹਿਯੋਗ ਨਾਲ ਚਲਣ ਵਾਲੇ ਇਸ ਰੇਡੀਓ ਨੂੰ ਬੇਸ਼ੱਕ ਆਰਥਿਕ ਤੌਰ ਤੇ ਘਾਟ ਰਹੀ ਹੈ ਪਰ ਰੇਡੀਓ ਸੰਚਾਲਕਾਂ ਦੀ ਸਖਤ ਮਿਹਨਤ ਕਰਕੇ ਰੇਡੀਓ ਆਪਣਾ ਪੰਜਾਬੀ ਭਾਈਚਾਰੇ ਵਿਚ ਰੂਹ ਦਾ ਸਾਥੀ ਬਣਦਾ ਜਾ ਰਿਹਾ ਹੈ।
-
ਗਿਆਨ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ
gyankhiva@gmail.comT
9815੭84100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.