ਖ਼ਬਰ ਹੈ ਕਿ ਸੁਪਰੀਮ ਕੋਰਟ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਚੋਣ ਬਾਂਡ ਦੇ ਜ਼ਰੀਏ ਮਿਲੇ ਚੰਦੇ ਦਾ ਅਤੇ ਦਾਨ ਕਰਤਾ ਦਾ ਪੂਰਾ ਵੇਰਵਾ ਸੀਲਬੰਦ ਲਿਫ਼ਾਫੇ 'ਚ ਚੋਣ ਕਮਿਸ਼ਨ ਨੂੰ ਦੇਣ। ਚੰਦਾ ਲੈਣ ਵਾਲਿਆਂ ਨੂੰ 31 ਮਈ ਤੱਕ ਵੇਰਵਾ ਦੇਣਾ ਪਵੇਗਾ। ਚੋਣ ਬਾਂਡ ਯੋਜਨਾ ਦੀ ਵਿਧਾਨਕਤਾ ਇੱਕ ਵੱਡਾ ਮੁੱਦਾ ਹੈ। ਲੋਕ ਨੁਮਾਇੰਦਾ ਕਾਨੂੰਨ 1951 ਦੀ ਧਾਰਾ 29-ਏ ਤਹਿਤ ਰਜਿਸਟਰਡ ਪਾਰਟੀਆਂ ਤੇ ਪਿਛਲੀਆਂ ਆਮ ਚੋਣਾਂ ਜਾਂ ਵਿਧਾਨ ਸਭਾ ਚੋਣਾਂ 'ਚ ਘੱਟ ਤੋਂ ਘੱਟ ਇੱਕ ਫ਼ੀਸਦੀ ਵੋਟਾਂ ਹਾਸਲ ਕਰਨ ਵਾਲੀਆਂ ਪਾਰਟੀਆਂ ਹੀ ਚੋਣ ਬਾਂਡ ਜ਼ਰੀਏ ਪੈਸੇ ਲੈ ਸਕਦੀਆਂ ਹਨ। ਦੂਜੇ ਪਾਸੇ ਸੁਪਰੀਮ ਕੋਰਟ ਨੇ ਆਯੁੱਧਿਆ 'ਚ ਗ਼ੈਰ ਵਿਵਾਦਿਤ ਐਕਵਾਇਰ ਜ਼ਮੀਨ ਤੇ ਸਥਿਤ ਮੰਦਰ 'ਚ ਪੂਜਾ ਦੀ ਇਜ਼ਾਜਤ ਮੰਗਣ ਤੇ ਕਿਹਾ "ਤੁਸੀਂ ਇਸ ਦੇਸ਼ ਨੂੰ ਸ਼ਾਂਤੀ ਨਾਲ ਨਹੀਂ ਰਹਿਣ ਦੇਣਾ ਚਾਹੁੰਦੇ। ਹਮੇਸ਼ਾ ਕੋਈ ਨਾ ਕੋਈ ਕੁਰੇਦਣ ਆ ਜਾਂਦਾ ਹੈ ਜਦਕਿ ਵਿਚੋਲਗੀ ਪ੍ਰੀਕਿਰਿਆ ਚੱਲ ਰਹੀ ਹੈ"।
ਲੋਕਤੰਤਰ ਕਿ ਲੁੱਟਤੰਤਰ? ਗੱਲਾਂ ਵੱਡੀਆਂ ਨੇ, ਕੰਮ ਛੋਟੇ ਨੇ। ਜਿਹਦਾ ਜਦੋਂ ਜੀਅ ਕਰਦਾ, ਦੂਜੇ ਨੂੰ ਲੁੱਟਣ ਦੇ ਰਾਹ ਪਿਆ ਹੋਇਆ ਹੈ। ਕੋਈ ਧੰਨ ਲੁੱਟ ਰਿਹਾ , ਕੋਈ ਧਰਮ ਦੇ ਨਾਮ 'ਤੇ ਵੋਟ ਲੁੱਟ ਰਿਹਾ।ਇਹੋ ਹੈ ਭਾਈ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ। ਕਨੂੰਨ ਘੜਨੇ ਵਾਲੇ ਆਪਣੇ ਹਿੱਤ ਦਾ ਕਨੂੰਨ ਬਣਾਉਂਦੇ ਹਨ, ਲੋਕਾਂ ਦੀਆਂ ਜੇਬਾਂ ਫਰੋਲਦੇ ਨੇ, ਬੁੱਲ੍ਹੇ ਲੁੱਟਦੇ ਨੇ। ਕਨੂੰਨ ਘੜਨ ਵਾਲੇ ਆਪਣੇ ਹਿੱਤਾਂ ਦੀ ਰਾਖੀ ਕਰਦੇ ਨੇ, ਦੂਜਿਆਂ ਦੇ ਹਿੱਤਾਂ ਦਾ ਘਾਣ ਕਰਦੇ ਨੇ, ਮੌਜਾਂ ਕਰਦੇ ਨੇ। ਵੇਖੋ ਨਾ ਜੀ, ਚੋਣ ਫੰਡ ਦੇ ਜ਼ਰੀਏ ਸੇਠਾਂ ਤੋਂ ਧਨ ਲਿਆ ਜਾਂਦਾ ਆ ਭਾਰਤ 'ਚ, ਮੋੜਿਆ ਜਾਂਦਾ ਆ ਲੱਖਾਂ ਗੁਣਾ ਕਰਕੇ ਫ਼ਰਾਂਸ ਵਿੱਚ, ਜਿਵੇਂ ਆਹ ਆਪਣੇ ਸਕੇ-ਸਬੰਧੀ ਅੰਬਾਨੀ ਦੇ 1044 ਕਰੋੜ ਫਰਾਂਸ਼ 'ਚ ਮੁਆਫ਼ ਕੀਤੇ ਗਏ ਆ। ਤਾਂ ਕੀ ਹੋਇਆ , ਇਹ ਤਾਂ ਇੱਕ ਹੱਥ ਦੇ ਕੇ ਦੂਜੇ ਹੱਥ, ਹੱਥ ਘੁੱਟਣੀ ਆਂ। ਰਹੀ ਗੱਲ ਲੋਕਤੰਤਰੀ ਦੇਸ਼ 'ਚ ਸ਼ਾਂਤੀ ਦੀ, ਇਹ ਤਾਂ ਲੋਕਾਂ ਨੂੰ ਵਰਗਲਾਉਣ ਦਾ ਯੰਤਰ ਆ। ਤਾਂ ਕੀ ਹੋਇਆ ਜੇਕਰ 'ਧਰਮੀ ਲੋਕ' ਹੱਥ 'ਚ ਹਥਿਆਰ ਫੜਕੇ ਦੂਜੇ ਦਾ ਵਢਾਂਗਾ ਕਰਦੇ ਆ। ਤਾਂ ਕੀ ਹੋਇਆ ਜੇ ਧਰਮੀ ਲੋਕ ਦੂਜਿਆਂ ਧਰਮਾਂ ਦੀਆਂ ਔਰਤਾਂ ਦੀ ਪੱਤ ਲੁੱਟਦੇ ਆ, ਇਹ ਤਾਂ ਭਾਈ ਲੋਕਤੰਤਰ ਦਾ ਇੱਕ ਰੂਪ ਆ। ਜਿਹੜਾ ਕੀ ਖਾਉਗੇ? ਕੀ ਪਹਿਨੋਗੇ? ਕੀ ਬੋਲੋਗੇ? ਉਤੇ ਰੋਕ ਲਾਉਣ ਦਾ ਮੰਤਰ ਆ। ਸੁਣੋ ਕਵੀਓ ਵਾਚ "ਪੈਦਾ ਦੇਸ਼ ਵਿੱਚ ਹੋ ਗਿਆ ਲੁੱਟ ਤੰਤਰ, ਲੋਕਤੰਤਰ ਦਾ ਹੋਇਆ ਹੈ ਘਾਣ ਬੇਲੀ"।
ਫੂੰ-ਫਾਂ, ਆਕੜ ਬੇੜਾ ਡੋਬ ਦੇਂਦੀ,
ਸਾਨੂੰ ਜ਼ਿਹਨੀ ਗੁਲਾਮੀ ਨੇ ਮਾਰਿਆ ਏ।
ਖ਼ਬਰ ਹੈ ਕਿ ਪੰਜਾਬੀਆਂ 'ਚ ਹਥਿਆਰਾਂ ਦਾ ਸ਼ੌਂਕ ਹਾਲੇ ਵੀ ਬਰਕਰਾਰ ਹੈ। ਸੂਬੇ ਦੇ 22 ਜ਼ਿਲਿਆਂ ਵਿੱਚ ਤਿੰਨ ਲੱਖ ਚੌਹੱਤਰ ਹਜ਼ਾਰ ਪੰਜ ਸੌ ਅੱਠ ਲਾਇਸੰਸੀ ਹਥਿਆਰ ਗ੍ਰਹਿ ਵਿਭਾਗ ਕੋਲ ਰਜਿਸਟਰਡ ਹਨ। ਸੂਬੇ ਵਿੱਚ ਲੋਕਾਂ ਕੋਲ ਵੱਡੀ ਗਿਣਤੀ ਵਿੱਚ ਲਾਇਸੰਸੀ ਹਥਿਆਰ ਹਨ ਜਿਹਨਾ ਨੂੰ ਚੋਣਾਂ ਦੇ ਮੱਦੇ ਨਜ਼ਰ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਚੋਣ ਕਮਿਸ਼ਨ ਦੇ ਡੰਡੇ ਕਾਰਨ 91 ਫੀਸਦੀ ਹਥਿਆਰ ਥਾਣਿਆਂ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਹਨ।
ਪੰਜਾਬ ਵੱਢ ਵੱਢ ਟੋਟੇ ਕਰ ਤਾ, ਪਰ ਹਾਲੇ ਵੀ ਜੀਊਂਦਾ ਆ। ਪੰਜਾਬ ਲੁੱਟ-ਲੁੱਟ ਗਰੀਬ ਕਰ ਤਾ, ਪਰ ਹਾਲੇ ਵੀ ਜੀਊਂਦਾ ਆ। ਪਾਣੀ ਪੰਜਾਬ ਦੀ ਤਾਕਤ ਸੀ, ਉਹ ਵੀ ਖੋਹਣ ਦਾ ਯਤਨ ਹੋਇਆ, ਪਰ ਫਿਰ ਵੀ 180 ਲੱਖ ਟਨ ਅਨਾਜ ਉਗਾਂਦਾ ਆ ਪੰਜਾਬ। ਤੱਤੇ ਅੰਦੋਲਨਾਂ ਪੰਜਾਬ ਪਰੁੰਨਿਆ, '84 ਨੇ ਪੰਜਾਬ ਦਾ ਪੱਤਾ-ਪੱਤਾ ਕੋਹਿਆ, ਪੰਜਾਬ ਫਿਰ ਵੀ 5000 ਗੁਰਦੁਆਰਿਆਂ 'ਚ 7 ਲੱਖ ਸ਼ਰਧਾਲੂਆਂ ਨੂੰ ਲੰਗਰ ਛਕਾਉਂਦਾ ਰਿਹਾ। ਨਹੀਂ ਮਰਿਆ ਪੰਜਾਬ ਨਹੀਂ ਝੁਕਿਆ ਪੰਜਾਬ, ਨਹੀਂ ਰੁੜਿਆ ਪੰਜਾਬ, ਪਰ ਕਦੇ ਵੀ ਨਹੀਂ ਗੁੜ੍ਹਿਆ ਪੰਜਾਬ। ਤਦੇ ਖੇਤਾਂ ਦੀਆਂ ਵੱਟਾਂ ਖਾਤਰ ਕਤਲ ਹੋ ਜਾਂਦੇ ਆ। ਤਦੇ ਇੱਜਤਾਂ ਬਚਾਉਣ ਦੇ ਨਾਮ ਤੇ ਵਰ੍ਹਿਆਂ ਬੱਧੀ ਕਤਲ-ਦਰ-ਕਤਲ ਹੁੰਦੇ ਆ। ਤਦੇ "ਸਰਪੈਂਚੀ" ਖਾਤਰ ਡਾਂਗਾਂ ਖੜਕ ਪੈਂਦੀਆਂ ਆ। ਲੰਬਰਦਾਰੀਆਂ, ਜ਼ੈਲਦਾਰੀਆਂ, ਨਵਾਬਦਾਰੀਆਂ ਪੰਜਾਬੀਆਂ ਦੇ ਜ਼ਿਹਨ ਦੀ ਗੁਲਾਮੀ ਨਾਲ ਉਤਪੋਤ ਰਹੀਆਂ ਆਂ। ਇਹੋ ਜ਼ਿਹਨੀ ਗੁਲਾਮੀ ਭਾਈ ਪੰਜਾਬੀਆਂ ਦੇ ਪੱਲੇ ਹਮਲਾਵਰਾਂ ਨੇ ਪਾਈ, ਜਿਹਨਾ ਦੀ ਧੌਣ ਵੀ ਪੰਜਾਬੀਆਂ ਨੇ ਭੰਨੀ ਅਤੇ ਜਿਹਨਾ ਅੱਗੇ ਕੁਝਨਾ ਨੇ ਧੌਣ ਵੀ ਨਿਵਾਈ।
ਰਹੀ ਗੱਲ ਹਥਿਆਰਾਂ ਦੀ, ਇਹਨਾ ਨਾਲ ਖੇਡਣਾ ਤਾਂ ਭਾਈ ਪੰਜਾਬੀਆਂ ਦਾ ਹਾਲੇ ਵੀ ਸ਼ੌਕ ਆ। ਪਿਆਰੇ ਪੰਜਾਬੀ ਤਾਂ ਹੁਣ ਪੰਜਾਬ ਤੋਂ ਭਗੌੜੇ ਹੋ ਰਹੇ ਆ, ਪਰ ਜ਼ਿਹਨੀ ਗੁਲਾਮੀ ਤੋਂ ਭਗੌੜੇ ਨਹੀਂ ਹੋ ਰਹੇ। ਪੱਲੇ ਕੁਝ ਹੋਵੇ ਨਾ ਹੋਵੇ, ਆਕੜ ਤਾਂ ਉਵੇਂ ਹੀ ਆ। ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ ਵਾਲੀ ਗੱਲ ਤਾਂ ਜਿਵੇਂ ਭੁੱਲ-ਭੁੱਲਾ ਗਈ ਆ ਬੱਸ ਜੇ ਕੁਝ ਪੱਲੇ ਆ, ਤਾਂ ਆਹ ਠੂੰਹ-ਠਾਹ ਵਾਲੇ ਹਥਿਆਰ! ਤਦੇ ਕਵੀ ਲਿਖਦਾ ਆ, "ਫੂੰ-ਫਾਂ ਆਕੜ ਵੇੜਾ ਡੋਬ ਦੇਂਦੀ, ਸਾਨੂੰ ਜ਼ਿਹਨੀ ਗੁਲਾਮੀ ਨੇ ਮਾਰਿਆ ਏ"।
ਮਰ ਜਾਏ ਜ਼ਮੀਰ ਇਨਸਾਨ ਦੀ ਜਦ,
ਛਿੱਕੇ ਟੰਗਕੇ ਸ਼ਰਮ ਉਹ ਢੋਰ ਬਣਦਾ
ਖ਼ਬਰ ਹੈ ਕਿ ਕੇਰਲ ਦੇ ਇੱਕ ਗਰੀਬ ਆਦਿਵਾਸੀ ਪਰਿਵਾਰ ਦੀ ਬੇਟੀ ਸ਼੍ਰੀਧਾਨਿਆ ਨੇ ਆਈ ਏ ਐਸ ਦੀ ਪ੍ਰੀਖਿਆ ਪਾਸ ਕਰ ਲਈ ਹੈ। ਪਰ ਦੂਜੀ ਰਿਪੋਰਟ ਮਹਾਰਾਸ਼ਟਰ ਤੋਂ ੳਈ ਹੈ, ਜਿਸ ਗੰਨੇ ਦੇ ਖੇਤਾਂ 'ਚ ਕੰਮ ਕਰਨ ਲਈ ਔਰਤਾਂ ਨੂੰ ਪਰਿਵਾਰਾਂ ਨਾਲ ਹੀ ਜਾਣਾ ਪੈਂਦਾ ਹੈ। ਹੱਡ ਭੰਨਵੀਂ ਮਿਹਨਤ ਵੀ ਕਰਨੀ ਪੈਂਦੀ ਹੈ। ਲਿੰਗਕ ਹਿੰਸਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਹੁਣ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਹੁਤੀਆਂ ਔਰਤਾਂ ਜਿਹਨਾ ਵਿੱਚ ਘੱਟ ਉਮਰ ਦੀਆਂ ਲੜਕੀਆਂ ਵੀ ਸ਼ਾਮਿਲ ਹਨ, ਬੱਚੇਦਾਨੀ ਉਹਨਾ ਦੇ ਸਰੀਰ ਵਿਚੋਂ ਕੱਢ ਦਿੱਤੀ ਜਾਂਦੀ ਹੈ ਕਿਉਂਕਿ ਠੇਕੇਦਾਰ ਕਹਿੰਦੇ ਹਨ ਕਿ ਔਰਤਾਂ ਦੀ ਮਹਾਵਾਰੀ ਦੇ ਦਿਨਾਂ 'ਚ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ। ਠੇਕੇਦਾਰ ਇਹੋ ਜਿਹੀਆਂ ਔਰਤਾਂ ਲਈ ਉਪਰੇਸ਼ਨ ਵਾਸਤੇ ਪੈਸੇ ਐਡਵਾਂਸ ਵਜੋਂ ਦਿੰਦੇ ਹਨ।
ਅਨਿਆਏ ਲਈ 'ਨਿਆਏ' ਲਿਆਂਦਾ ਜਾ ਰਿਹਾ ਆ, ਹੈ ਕਿ ਨਾ ਵੱਡਿਆਂ ਵਲੋਂ ਵੋਟਾਂ ਖਰੀਦਣ ਦਾ ਨਵਾਂ ਗੁਰ। ਗਰੀਬ ਕਿਸਾਨਾਂ ਅੱਗੇ 500 ਰੁਪਈਆ ਸੁੱਟਿਆ ਜਾ ਰਿਹਾ ਆ, ਹੈ ਕਿ ਨਾ ਵੱਡਿਆਂ ਵਲੋਂ ਵੋਟਾਂ ਖਰੀਦਣ ਦਾ ਨਵਾਂ ਗੁਰ। ਦੇਸ਼ ਦੀਆਂ ਅੱਧ ਆਕਾਸ਼ ਥੰਮੀ ਬੈਠੀਆਂ ਔਰਤਾਂ ਲਈ ਅੱਧੀਆਂ ਸਰਪੈਂਚੀਆਂ, ਅੱਧੀਆਂ ਐਮ ਐਲ ਏ, ਐਮ.ਪੀ. ਸੀਟਾਂ ਦੇਣ ਦਾ ਕਦਮ ਚੁੱਕਿਆ ਜਾ ਰਿਹਾ, ਹੈ ਕਿ ਨਾ ਵੱਡਿਆਂ ਵਲੋਂ ਔਰਤਾਂ ਦੀਆਂ ਵੋਟਾਂ ਆਪਣੇ ਵੱਲ ਕਰਨ ਦਾ ਨਵਾਂ ਗੁਰ। ਉਂਜ ਭਾਈ, ਔਰਤ ਤਾਂ ਹਾਲੇ ਵੀ ਮਰਦਾਂ ਲਈ "ਵਸਤੂ" ਤੋਂ ਵੱਧ ਕੁਝ ਨਹੀਂ। ਔਰਤ ਤਾਂ ਭਾਈ ਪੰਚ ਬਣ ਜਾਏ ਜਾਂ ਸਰਪੰਚ, ਨੇਤਾ ਬਣ ਜਾਏ ਜਾਂ ਅਫ਼ਸਰ, ਮਰਦਾਂ ਦੀ ਹੈਂਕੜ ਦਾ ਸ਼ਿਕਾਰ ਹੀ ਰਹਿੰਦੀਆਂ ਆ। ਮੰਦਰਾਂ 'ਚ ਦਾਖਲਾ ਬੰਦ! ਘਰਾਂ 'ਚ ਮਰਦਾਂ ਦੀ ਆਗਿਆ ਬਿਨ੍ਹਾਂ ਆਉਣਾ ਮਨ੍ਹਾ। ਤੇ ਮਰਦ ਪ੍ਰਧਾਨ ਸਮਾਜ 'ਚ ਔਰਤਾਂ ਦਾ ਦਰਜਾ ਆਜ਼ਾਦ ਸਮਾਜ 'ਚ ਹਾਲੇ ਵੀ ਹੈ ਤਦੇ ਸਮਾਜ ਦੇ ਠੇਕੇਦਾਰ ਮਰਦ ਉਹਨਾ ਨਾਲ ਅਣ ਮਨੁੱਖੀ ਵਿਵਹਾਰ ਕਰਨ ਤੋਂ ਗੁਰੇਜ਼ ਨਹੀਂ ਕਰਦੇ "ਮਰ ਜਾਏ ਜ਼ਮੀਰ ਇਨਸਾਨ ਦੀ ਜਦ, ਛਿੱਕੇ ਟੰਗਕੇ ਸ਼ਰਮ ਉਹ ਢੋਰ ਬਣਦਾ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
· ਸਾਖਰਤਾ ਦਰ ਵਿੱਚ ਭਾਰਤ ਦਾ 204 ਦੇਸ਼ਾਂ ਦੀ ਸੂਚੀ ਵਿੱਚ 168 ਵਾਂ ਸਥਾਨ ਹੈ ਅਤੇ ਭੁੱਖਮਰੀ ਵਿਸ਼ਵ ਸੂਚਾਂਕ ਵਿੱਚ 119 ਦੇਸਾਂ ਵਿੱਚੋਂ ਭਾਰਤ ਦਾ 103 ਵਾਂ ਸਥਾਨ ਹੈ।
· ਵਿਦੇਸ਼ ਵਿਚੋਂ ਪੂੰਜੀ ਭੇਜਣ 'ਚ ਭਾਰਤ ਦਾ ਪਹਿਲਾ ਨੰਬਰ ਹੈ। ਸਾਲ 2018 ਵਿੱਚ ਭਾਰਤੀਆਂ ਨੇ 5.48 ਲੱਖ ਕਰੋੜ ਰੁਪਏ ਵਿਦੇਸ਼ਾਂ ਤੋਂ ਦੇਸ਼ ਨੂੰ ਭੇਜੇ।
ਇੱਕ ਵਿਚਾਰ
ਲੋਕਾਂ ਨਾਲ ਵਾਇਦੇ ਕਰਨਾ ਤਾਂ ਬਹੁਤ ਸੌਖਾ ਹੈ, ਪਰੰਤੂ ਉਹਨਾ ਨੂੰ ਨਿਭਾਉਣਾ ਬਹੁਤ ਔਖਾ ਹੈ।..................ਬੋਰਿਸ ਜਾਨਸਨ
ਗੁਰਮੀਤ ਪਲਾਹੀ
9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.