ਅੱਜ ਖਾਲਸਾ ਪੰਥ ਦਾ 320 ਵਾਂ ਸਾਜਨਾ ਦਿਵਸ ਦੇਸ-ਵਿਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਕੁਝ ਕੁ ਦੇਸ਼ ਹੀ ਬਚੇ ਹੋਣਗੇ ਜਿੱਥੇ ਸਿੱਖਾ ਨੇ ਆਪਣਾ ਵਾਸਾ ਨਾ ਕੀਤਾ ਹੋਵੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਸਵਾ ਦੋ ਸੌ ਸਾਲ ਦੇ ਘੜੇ ਹੋਏ ਸਿੱਖ ਕਿਰਦਾਰ ਨੂੰ ਖਾਲਸਾ ਸ਼ਬਦ ਦੇ ਤੁੱਲ ਬਣਾਇਆ ਸੀ ਕਿ ਹੁਣ ਮੇਰੇ ਸਿੱਖ ਵਿਚ ਪੂਰਨਤਾ ਆ ਗਈ ਹੈ। ਇਹ ਪੂਰਨਤਾ ਕਿਵੇਂ ਲਿਆਉਣੀ ਹੈ? ਕਿਵੇਂ ਇਕ ਦਿਨ ਦੇ ਅੰਮ੍ਰਿਤ ਛਕਣ ਤੋਂ ਬਾਅਦ ਹਰ ਰੋਜ਼ ਖੁੱਦ ਦਾ ਅੰਮ੍ਰਿਤ ਤਿਆਰ ਕਰਨਾ ਹੈ? ਦੀ ਸਭ ਜੀਵਨ ਜਾਚ ਸਿਖਾ ਦਿੱਤੀ ਸੀ। ਪੁਰਾਤਨ ਸਿੱਖਾਂ ਨੇ ਖਾਲਸਾ ਸ਼ਬਦ ਦੇ ਅਰਥਾਂ ਨੂੰ ਹਲਕਾ ਨਹੀਂ ਹੋਣ ਦਿੱਤਾ ਅਤੇ ਗੁਰੂ ਜੀ ਦੀ ਦੱਸੀ ਹੋਈ ਜੀਵਨ ਜਾਚੇ ਆਪਣਾ ਤੇ ਪਰਾਇਆਂ ਦਾ ਜੀਵਨ ਸਵਾਰ ਦੇ ਰਹੇ। ਅੱਜ ਦਾ ਸਿੱਖ ਵਿਸਾਖੀ ਦੇ ਦਿਹਾੜੇ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਰੂਪ ਵਿਚ ਮਨਾ ਰਿਹਾ ਹੈ ਅਤੇ ਬਹੁਤ ਸਾਰੇ ਸਿੱਖ ਆਪਣੇ ਨਾਂਅ ਦੇ ਆਖਿਰ ਵਿਚ ਖਾਲਸਾ ਸ਼ਬਦ ਵੀ ਲਗਾਉਂਦੇ ਹਨ। ਇਹ ਬੜੀ ਖੁਸ਼ੀ ਦੀ ਗੱਲ ਹੈ ਜੇਕਰ ਸਾਡੇ ਅੰਦਰ ਖਾਲਸਈ ਪਨ ਆ ਜਾਵੇ ਪਰ ਕੀ ਅਸੀਂ ਖਾਲਸਾ ਬਨਣ ਤੋਂ ਪਹਿਲਾਂ ਉਹ ਪੂਰਨ ਸਿੱਖ ਦੀ ਅਵਸਥਾ ਵਿਚ ਪਹੁੰਚ ਗਏ ਹਾਂ ਜਿਸ ਦੀ ਅਗਲੀ ਅਵਸਥਾ ਅੰਮ੍ਰਿਤ ਛਕ ਖਾਲਸਾ ਸਜਣ ਦੀ ਹੈ। ਜੇਕਰ ਗੱਲ ਕਰੀਏ ਕਿ ਨੌਂ ਗੁਰੂਆਂ ਨੂੰ ਇਕ ਪੂਰਨ ਸਿੱਖ ਬਨਾਉਣ ਵਿਚ ਐਨਾ ਸਮਾਂ ਕਿਉਂ ਲੱਗਾ? ਤਾਂ ਇਸ ਦਾ ਬੜਾ ਸੁੰਦਰ ਜਵਾਬ ਹੈ ਕਿ ਜੇਕਰ ਕਿਸੇ ਬੁੱਤਘਾੜੇ ਨੇ ਬੁੱਤ ਘੜਨਾ ਹੋਵੇ ਤਾਂ ਬਹੁਤ ਸੌਖਾ ਹੈ ਕਿਉਂਕਿ ਪੱਥਰ ਨੇ ਇਨਕਾਰੀ ਨਹੀਂ ਹੋਣਾ ਪਰ ਇਥੇ ਮਨੁੱਖ ਨੂੰ ਇਕ ਖਾਸ ਕਿਰਦਾਰ ਵਿਚ ਘੜਿਆ ਜਾਣਾ ਸੀ ਤੇ ਮਨੁੱਖ ਇਨਕਾਰੀ ਹੋ ਸਕਦਾ ਸੀ, ਇਸ ਕਰਕੇ ਜਿਆਦਾ ਸਮਾਂ ਲੱਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਮਨੁੱਖ ਨੂੰ ਇਹ ਸਮਝਾਉਣ ਵਿਚ ਜ਼ੋਰ ਲਾਇਆ ਕਿ ਤੂੰ 'ਸਿੱਖ' ਬਣ ਮਤਲਬ ਸਿੱਖਣ ਵਾਲਾ ਬਣ, ਸਿੱਖਣ ਵਾਲਾ ਮਨ ਬਣਾ ਤਾਂ ਮੈਂ ਤੈਨੂੰ ਅਗਲਾ ਪਾਠ ਦੱਸਾਗਾਂ। ਕਿਉਂਕਿ ਉਸ ਸਮੇਂ ਮਨੁੱਖ ਅਧੂਰਾ ਸੀ ਤੇ ਅਧੂਰੀ ਕੋਈ ਵੀ ਵਸਤੂ ਨਾ ਤਾਂ ਕਿਸੀ ਨੂੰ ਚੰਗੀ ਲਗਦੀ ਹੈ ਅਤੇ ਨਾ ਹੀ ਪ੍ਰਭਾਵਸ਼ਾਲੀ ਹੋ ਸਕਦੀ ਹੈ। ਸੋ ਮੇਰੇ ਪਾਤਿਸ਼ਾਹ ਨੇ 'ਸਿੱਖ' ਦੀ ਰੂਪ-ਰੇਖਾ ਖਾਕੇ ਵਿਚ ਚਿਤਰੀ ਜਿਵੇਂ ਇਕ ਚਿੱਤਰਕਾਰ ਪਹਿਲਾਂ ਤਸਵੀਰ ਨੂੰ ਆਪਣੇ ਖਿਆਲਾਂ ਵਿਚ ਲਿਆਉਂਦਾ ਹੈ ਫਿਰ ਉਸ ਨੂੰ ਸਾਕਾਰ ਰੂਪ ਵਿਚ ਪ੍ਰਗਟ ਕਰਦਾ ਹੈ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਖਾਕੇ ਵਿਚ ਜਿਹੜਾ ਰੰਗ ਭਰਿਆ ਉਹ ਇਤਿਹਾਸ ਨੂੰ ਪੜ੍ਹਨ ਤੋਂ ਬਾਅਦ ਜੋ ਵਿਚਾਰ ਸਾਹਮਣੇ ਆਈ ਹੈ ਉਹ ਹੈ ਹੁਕਮ ਮੰਨਣ ਦਾ ਜੋ ਰੰਗ । ਸ੍ਰੀ ਗੁਰੂ ਅਮਰਦਾਸ ਜੀ ਬਿਰਧ ਬਾਬਾ ਨੇ, ਉਸ ਖਾਕੇ ਵਿਚ ਕਿਹੜਾ ਰੰਗ ਭਰਿਆ?। ਇਤਿਹਾਸ ਦੀ ਪੜਚੋਲ ਕਰੀਏ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਚੱਲੀਆਂ ਆ ਰਹੀਆਂ ਤਮਾਮ ਬੁਰੀਆਂ ਰਸਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ, ਸਿੱਖ ਨੂੰ ਆਦਰਸ਼ਵਾਦੀ ਬਣਾਇਆ, ਸਿੱਖ ਨੂੰ ਸਹੀ ਮਾਅਨਿਆਂ ਵਿਚ ਨਵੀਂ ਦਿਸ਼ਾ ਦਿੱਤੀ ਅਤੇ ਕਹਿ ਦਿੱਤਾ ਕਿ ਪੁਰਾਣੀਆਂ ਮੰਨਤਾਂ ਵਾਸਤੇ ਕੋਈ ਥਾਂ ਨਹੀਂ। ਧਰਮ ਮੰਦਿਰਾਂ ਦੀ ਉਸਾਰੀ ਦਾ ਜੋ ਜਜ਼ਬਾ ਹੈ ਇਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਣ ਹੈ। ਸਤਿਗੁਰੂ ਦਾ ਫੁਰਮਾਨ ਸੀ, ਐ ਸਿੱਖ ਜਿਥੇ ਬੈਠ ਕੇ ਤੂੰ ਪਰਲੋਕ ਸੁਧਾਰਨਾ, ਪ੍ਰਭੂ ਦਾ ਚਿੰਤਨ ਕਰਨਾ ਉਹ ਘਰ ਵੀ ਸੁੰਦਰ ਹੋਵੇ ਤੇ ਤੂੰ ਐਸੇ ਘਰ ਦੀ ਤਮੰਨਾ ਰੱਖ ਜਿਨ੍ਹਾਂ ਘਰਾਂ ਉੱਤੇ ਦੂਸਰੇ ਵੀ ਦਾਅਵਾ ਕਰ ਸਕਣ ਜੈਸੇ ਕਿ ਅਸੀਂ ਦੇਖਦੇ ਹਾਂ ਮਹਾਰਾਜ ਨੇ ਧਰਮਸ਼ਾਲਾ, ਸਰਾਵਾਂ ਦੀ ਬਾਕਾਇਦਾ ਬੁਨਿਆਦ ਰੱਖ ਕੇ ਉਸਾਰੀ ਸ਼ੁਰੂ ਕਰਾਈ, ਜਿਥੇ ਆਮ ਸਾਧਾਰਨ ਮਨੁੱਖ ਆਰਾਮ ਨਾਲ ਰਹਿ ਸਕਣ, ਮੁਸਾਫਿਰ ਰਹਿ ਸਕਣ, ਜੋ ਸਾਂਝਾ ਘਰ ਹੋਵੇ, ਕਿਸੇ ਇਕ ਵਿਅਕਤੀ ਦਾ ਨਾ ਹੋਵੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਖਾਕੇ ਵਿਚ ਸ਼ਾਂਤੀ ਦਾ ਰੰਗ ਭਰਿਆ। ਹਰ ਹਾਲਤ ਵਿਚ ਐ ਸਿੱਖ ਤੂੰ ਸ਼ਾਂਤ ਰਹਿਣਾ। ਸ਼ਾਂਤੀ ਦੀ ਬਾਕਾਇਦਾ ਇਕ ਕਸਵੱਟੀ ਹੈ, ਅਗਲਾ ਸਾਹਮਣੇ ਕ੍ਰੋਧੀ ਖੜ੍ਹਾ ਹੋਵੇ ਅਤੇ ਉਹਦੇ ਬੜੇ ਤਪੇ ਹੋਏ ਸ਼ਬਦ ਨਿਕਲ ਰਹੇ ਹੋਣ, ਫਿਰ ਵੀ ਕੋਈ ਸ਼ਾਂਤ ਰਹਿ ਸਕਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਮਨੁੱਖ ਅੰਦਰੋਂ ਸ਼ਾਂਤ ਹੋ ਗਿਆ। ਸ਼ਾਂਤੀ ਦਾ ਰੰਗ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਰਿਆ, ਇਸ ਸ਼ਾਂਤੀ ਨੂੰ ਕੋਈ ਬੁਜ਼ਦਿਲੀ ਨਾ ਸਮਝ ਲਵੇ, ਕਾਇਰਤਾ ਨਾ ਸਮਝ ਲਵੇ, ਤਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਮਹਾਰਾਜ ਨੇ ਕ੍ਰਾਂਤੀ ਦਾ ਰੰਗ ਉਸ ਖਾਕੇ ਵਿਚ ਭਰਿਆ। ਸਿੱਖ ਵਿਚ ਵੀਰ-ਰਸ ਹੋਣਾ ਵੀ ਬੜਾ ਲਾਜ਼ਮੀ ਹੈ, ਪਰ ਉਸ ਦਾ ਵੀਰਰਸ ਸ਼ਾਂਤੀ ਤੋਂ ਪੈਦਾ ਹੋਵੇ, ਜੋ ਵੀਰਰਸ ਸ਼ਾਂਤੀ ਤੋਂ ਜਨਮ ਨਹੀਂ ਲੈਂਦਾ ਉਸ ਨੂੰ ਕ੍ਰੋਧ ਕਹਿੰਦੇ ਨੇ, ਉਹ ਵੀਰਰਸ ਨਹੀਂ ਹੈ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ, ਉਸ ਖਾਕੇ ਵਿਚ ਜਿਹੜਾ ਰੰਗ ਭਰਿਆ, ਉਨ੍ਹਾਂ ਇਸ ਗੱਲ ਉੱਤੇ ਬਹੁਤ ਜ਼ੋਰ ਦਿੱਤਾ ਕਿ ਸਿੱਖ ਨੁਮਾਇਸ਼ੀ ਨਾ ਬਣੇ, ਪ੍ਰਦਰਸ਼ਨੀ ਨਾ ਕਰੇ। ਨੁਮਾਇਸ਼ ਲਫਜ਼ ਹੈ ਫਾਰਸੀ ਦਾ, ਇਹਦਾ ਮਤਲਬ ਹੈ, ਉਹ ਪ੍ਰਗਟ ਕਰਨਾ ਜੋ ਕੁਝ ਕਿ ਇਹ ਨਹੀਂ ਹੈ, ਆਲਮਾਂ ਦਾ ਉਂਜ ਇਹ ਵੀ ਕਹਿਣਾ ਹੈ ਕਿ ਅਕਸਰ ਮਨੁੱਖ ਐਸਾ ਕਰਦਾ ਹੈ ਜੋ ਕੁਝ ਇਹ ਨਹੀਂ ਹੈ, ਉਸ ਨੂੰ ਇਹ ਪ੍ਰਗਟ ਕਰਦਾ ਹੈ। ਬਾਲ ਉਮਰ ਦੇ ਅੱਠਵੇਂ ਗੁਰੂ ਨਾਨਕ ਸ੍ਰੀ ਗੁਰੂ ਹਰਕ੍ਰਿਸ਼ਨ ਨੇ ਉਸ ਖਾਕੇ ਵਿਚ ਕਿਹੜਾ ਰੰਗ ਭਰਿਆ? ਇਹ ਗੱਲ ਵੀ ਕਾਬਲੇਗੌਰ ਹੈ, ਮੰਨਿਆ ਜਾਂਦਾ ਹੈ ਕਿ ਬਜ਼ੁਰਗੀ ਜਾਂ ਸਿਆਣਪ ਜਿਹੜੀ ਹੈ, 35 ਸਾਲ ਤੋਂ ਸ਼ੁਰੂ ਹੁੰਦੀ ਹੈ ਜਾਂ35 ਸਾਲ ਤੋਂ ਉੱਪਰ। ਜਿਸ ਦੀ ਉਮਰ ਥੱਲੇ ਹੈ, ਘੱਟ ਹੈ ਉਹਦੇ ਬੋਲ ਵਿਚ ਬਚਪਨਾ ਹੋਵੇਗਾ ਉਹਦੇ ਬੋਲ ਸਹੀ ਨਹੀਂ ਹੋਣਗੇ, ਉਹਦੀ ਗੱਲ ਵਿਚ ਵਜ਼ਨ ਨਹੀਂ ਹੋਵੇਗਾ, ਉਹਦੇ ਵਚਨਾਂ ਵਿਚ ਦੂਰ-ਦ੍ਰਿਸ਼ਟੀ ਨਹੀਂ ਹੋਵੇਗੀ। ਇਸ ਵਾਸਤੇ ਸਾਡੇ ਦੇਸ਼ ਦੇ ਆਲਮਾਂ ਦਾ ਪ੍ਰਾਚੀਨ ਸਮੇਂ ਤੋਂ ਨਾਅਰਾ ਰਿਹਾ ਕਿ ਜਿਸ ਨੂੰ ਸਮਾਜ ਦਾ ਮੁਖੀ ਬਣਾਉਣਾ, ਧਰਮ ਦਾ ਮੁਖੀ ਬਣਾਉਣਾ ਰਾਜਨੀਤੀ ਦਾ ਮੁਖੀ ਬਣਾਉਣਾ ਉਸ ਦੀ ਉਮਰ ਘੱਟ ਤੋਂ ਘੱਟ 35 ਸਾਲ ਹੋਣੀ ਚਾਹੀਦੀ ਹੈ ਜਾਂ 35 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਗੁਰੂ ਘਰ ਨੇ ਇਸ ਗੱਲ ਨੂੰ ਨਹੀਂ ਮੰਨਿਆ ਕਿ ਸਰੀਰਕ ਉਮਰ ਦੇ ਨਾਲ ਹੀ ਅਕਲ ਦਾ ਸਬੰਧ ਹੈ। ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਆਗ ਤੇ ਬੈਰਾਗ ਦਾ ਰੰਗ ਭਰਿਆ। ਆਪ ਕਿੱਨੇ ਤਿਆਗੀ ਨੇ, ਆਪ ਗੁਰਿਆਈ, ਗੱਦੀ ਦੇ ਮਾਲਕ ਨੇ ਪਰ ਭੋਰੇ ਵਿਚ ਛੁਪ ਕੇ ਬੈਠੇ ਨੇ। ਜੋ ਗੁਰਿਆਈ ਗੱਦੀ ਦੇ ਮਾਲਕ ਨਹੀਂ ਉਹ ਬਾਹਰ ਬੈਠੇ ਗੁਰੂ ਹੋਣ ਦਾ ਦਾਅਵਾ ਪਏ ਕਰਦੇ ਨੇ। ਇਤਨੇ ਤਿਆਗੀ ਇਤਨੇ ਬੈਰਾਗੀ ਆਪ ਗੁਰੂ ਨੇ, ਹੋਂਦ ਨਹੀਂ ਪ੍ਰਗਟ ਕਰ ਰਹੇ, ਭੋਰੇ ਵਿਚ ਛੁਪੇ ਬੈਠੇ ਨੇ। ਇਤਿਹਾਸ ਦਾ ਅਧਿਐਨ ਕਰੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕੋਈ ਹੋਰ ਰੰਗ ਨਹੀਂ ਭਰਿਆ। ਆਮ ਕਹਾਵਤ ਹੈ ਬੀਰਰਸ ਦਾ ਰੰਗ ਭਰਿਆ। ਨਹੀਂ ਬੀਰਰਸ ਦਾ ਰੰਗ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਰ ਹੀ ਦਿੱਤਾ ਸੀ। ਦਰਅਸਲ ਤਸਵੀਰ ਗੁਰੂ ਤੇਗ ਬਹਾਦਰ ਸਾਹਿਬ ਜੀ ਤਕ ਮੁਕੰਮਲ ਹੋ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਨੂੰ ਫਰੇਮ ਕੀਤਾ ਹੈ, ਇਹ ਤਸਵੀਰ ਫਟੇ ਨਾ, ਟੁੱਟੇ ਨਾ, ਮੈਲੀ ਨਾ ਹੋਵੇ, ਜ਼ਾਇਆ ਨਾ ਹੋਵੇ। ਇਸ ਨੂੰ ਫਰੇਮ ਕਰਨਾ ਬੜਾ ਲਾਜ਼ਮੀ ਸੀ, ਇਸ ਨੂੰ ਸ਼ੀਸ਼ੇ ਵਿਚ ਮੜ੍ਹਨਾ ਬੜਾ ਲਾਜ਼ਮੀ ਸੀ। ਫਰੇਮ ਵਿਚ ਲਗਭਗ ਪੰਜ ਚੀਜ਼ਾਂ ਦੀ ਲੋੜ ਪੈਂਦੀ ਹੈ। ਇਕ ਤਾਂ ਚੌਖਟਾ, ਚਾਰ ਲੱਕੜਾਂ ਦਾ ਚੌਖਟਾ, ਤੇ ਇਕ ਸ਼ੀਸ਼ਾ, ਪੰਜ ਚੀਜ਼ਾਂ ਦੀ ਲੋੜ ਪੈਂਦੀ ਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਪੰਜ ਰਹਿਤਾਂ ਜੋ ਦਿੱਤੀਆਂ, ਉਸ ਤਸਵੀਰ ਨੂੰ ਫਰੇਮ ਕਰ ਛੱਡਿਆ, ਜੜ ਦਿੱਤਾ ਔਰ ਜਦ ਤਸਵੀਰ ਇਨ੍ਹਾਂ ਰਹਿਤਾਂ ਦੇ ਫਰੇਮ ਵਿਚ ਜੜੀ ਗਈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵੈ ਸਿਜਦਾ ਕੀਤਾ, ਆਪ ਨੇ ਖ਼ੁਦ ਮੱਥਾ ਟੇਕਿਆ। ਸਿੱਖ ਦੇ ਅੱਗੇ ਸਿਜਦਾ ਕੀਤਾ, ਸਵੈ ਮੱਥਾ ਟੇਕਿਆ। ਆਖਿਆ ਇਹ ਤਸਵੀਰ ਮੁਕੰਮਲ ਹੋ ਗਈ, ਪੂਰਨ ਹੋ ਗਈ ਔਰ ਇਸ ਤਸਵੀਰ ਨੂੰ ਟੰਗਿਆ ਆਪ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਧਾਰ ਬਣਾ ਕੇ। ਮੈਂ ਆਪਣੀ ਸੂਰਤ ਆਪਣੀ ਸ਼ਕਲ ਤੈਨੂੰ ਦੇ ਦਿੱਤੀ ਏ, ਸਾਹਿਬਾਂ ਦਾ ਸਾਫ ਫੁਰਮਾਨ ਹੈ :-
''ਖ਼ਾਲਸਾ ਮੇਰੋ ਰੂਪ ਹੈ ਖਾਸ। ਖ਼ਾਲਸੇ ਮਹਿ ਹਉਂ ਕਰੋਂ ਨਿਵਾਸ।''
(ਕ੍ਰਿਤ ਸੰਤ ਸਿੰਘ ਮਸਕੀਨ, ਦੁਰਲੱਭ ਲੈਕਚਰ ਮੇਰੀ ਈਬੁੱਕ 'ਪੂਰਨ ਸਿੱਖ' ਵਿਚੋਂ)
-
ਹਰਜਿੰਦਰ ਸਿੰਘ ਬਸਿਆਲਾ,
hsbasiala25@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.