ਖ਼ਬਰ ਹੈ ਕਿ ਦੇਸ਼ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਪਰ ਇਸਦੀਆਂ ਚੋਣਾਂ ਬਹੁਤ ਹੀ ਖ਼ਰਚੀਲੀਆਂ ਹਨ। ਇਸ ਲੋਕ ਸਭਾ ਚੋਣਾਂ ਉਤੇ 5000 ਕਰੋੜ ਰੁਪਏ ਜਾਣੀ 7 ਅਰਬ ਡਾਰਲ ਖ਼ਰਚ ਹੋਣੇ ਹਨ। ਦੁਨੀਆ ਦੇ ਇਸ ਸਭ ਤੋਂ ਵੱਡੇ ਲੋਕਤੰਤਰ ਸਬੰਧੀ ਸੈਂਟਰ ਆਫ ਸਟੱਡੀਜ਼ ਦਾ ਕਹਿਣਾ ਹੈ ਕਿ ਦੇਸ਼ ਦੀ ਆਬਾਦੀ ਦਾ 60 ਫੀਸਦੀ ਹਿੱਸਾ 210 ਰੁਪਏ(ਤਿੰਨ ਡਾਲਰ) ਪ੍ਰਤੀ ਦਿਨ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹੈ।
ਦੇਸ਼ ਦੀ ਗਰੀਬੀ ਲਈ ਦੇਸ਼ ਦਾ ਨੇਤਾ ਹੀ ਜ਼ਿੰਮੇਵਾਰ ਆ ਭਾਈ! ਹੋਰ ਕੀਹਨੂੰ ਦੋਸ਼ ਦੇਈਏ? ਉਹੀ ਨੇਤਾ ਜਿਸਦੇ ਬਾਰੇ ਹਿੰਦੀ ਦੇ ਇੱਕ ਲੇਖਕ ਦਾ ਕਥਨ ਹੈ, "ਨੇਤਾ ਇਕ ਖਾਸ ਕਿਸਮ ਦਾ ਸਮਝਦਾਰ ਜੰਤੂ ਹੋਤਾ ਹੈ, ਜੋ ਹਰ ਮੁਲਕ ਮੇ ਪਾਇਆ ਜਾਤਾ ਹੈ। ਉਸੇ ਕੌਮ ਕੇ ਸਿਰ ਪਰ ਸਵਾਰ ਹੋਨਾ ਆਤਾ ਹੈ ਔਰ ਸਭਾ ਸੁਸਾਇਟੀਉਂ ਕੇ ਮੈਦਾਨ ਮੇਂ ਦੌੜਨਾ ਬਹੁਤ ਪਸੰਦ ਹੈ। ਉਸਕੀ ਸ਼ਕਲ-ਓ-ਸੂਰਤ ਹਜ਼ਰਤ ਇੰਸਾਨ ਸੇ ਬਿਲਕੁਲ ਮਿਲਤੀ-ਜੁਲਤੀ ਹੈ।" ਅਤੇ ਹਜ਼ਰਤ ਇੰਸਾਨ ਭਾਈ ਦੇਸ਼ ਦੀ ਗਰੀਬੀ ਲਈ ਜ਼ੁੰਮੇਵਾਰ ਹੈ। ਜਿਹੜਾ ਆਪਣੀ ਕੁਰਸੀ ਪ੍ਰਾਪਤੀ ਲਈ ਖ਼ੋਫ਼ਨਾਕ ਹਾਲਾਤ ਪੈਦਾ ਕਰਦਾ ਹੈ, ਪੈਸਾ ਪਾਣੀ ਦੀ ਤਰ੍ਹਾਂ ਵਹਾਉਂਦਾ ਹੈ ਅਤੇ ਚੀਖ-ਚਿਲਾਕੇ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨਾ ਉਸਦਾ ਵੱਡਾ ਗੁਣ ਹੈ।
ਉਂਜ ਭਾਈ ਨੇਤਾ ਜਾਣਦਾ ਆ, ਗਰੀਬ ਨੇ ਗਰੀਬ ਹੀ ਰਹਿਣਾ ਹੈ। ਇਹ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਗਰੀਬ ਸੀ ਅਤੇ ਦੇਸ਼ ਦੀ ਆਜ਼ਾਦੀ ਦੇ 72 ਵਰ੍ਹੇ ਬੀਤ ਜਾਣ ਤੇ ਵੀ ਗਰੀਬ ਹੈ। ਗਰੀਬੀ, ਗਰੀਬ ਦਾ ਗੁਣ ਹੈ, ਉਸਦੇ ਇਸ ਗੁਣਾਂ 'ਚ ਭੁੱਖੇ ਮਰਨਾ, ਨੀਲੀ ਛੱਤ ਥੱਲੇ ਸੌਣਾ , ਗੰਦਗੀ 'ਚ ਰਹਿਣਾ, ਉੱਚੀ ਨਾ ਬੋਲਣਾ ਨੂੰ ਬਦਲਿਆ ਨਹੀਂ ਜਾ ਸਕਦਾ। ਇਸੇ ਕਰਕੇ ਨੇਤਾ ਆਪਣੇ ਗਰੀਬ ਵੋਟਰ ਨੂੰ ਬਸ ਇੱਕ ਵੋਟ ਬਣਾ ਕੇ ਰੱਖਣਾ ਚਾਹੁੰਦਾ ਹੈ।ਉਹ ਜਾਣਦਾ ਹੈ ਕਿ ਗਰੀਬ ਨੂੰ ਗਰੀਬੀ ਨਾਲ ਅੰਤਾਂ ਦਾ ਪਿਆਰ ਹੈ, ਤਦੇ ਦੇਸ਼ ਦਾ ਗਰੀਬ ਅਮੀਰਾਂ ਦੇ ਇਸ ਗੀਤ ਦੀਆਂ ਸਤਰਾਂ ਨੂੰ ਆਪਣੀ ਹਿੱਕ ਨਾਲ ਲਾਕੇ ਰੋਂਦਾ ਵੀ ਹੈ, ਹਾਉਕੇ ਵੀ ਭਰਦਾ ਹੈ, ਅਤੇ ਕੋਈ ਰੋਸਾ ਵੀ ਨਹੀਂ ਕਰਦਾ, "ਸੌ ਸਾਲ ਪਹਿਲੇ ਹਮਕੋ ਤੁਮਸੇ ਪਿਆਰ ਥਾ, ਆਜ ਵੀ ਹੈ ਔਰ ਕਲ ਵੀ ਰਹੇਗਾ"।
ਮਿੰਨਤਾਂ, ਤਰਲਿਆਂ ਨਾਲ ਹੈ ਭੀਖ ਮਿਲਦੀ,
ਬਾਹੂ ਬਲ ਦੇ ਬਿਨਾ ਨਾ ਰਾਜ ਮਿਲਦਾ।
ਖ਼ਬਰ ਹੈ ਕਿ ਭਾਜਪਾ, ਕਾਂਗਰਸ ਅਤੇ ਸਪਾ-ਬਸਪਾ ਗੱਠਬੰਧਨ ਇਹਨਾ ਚੋਣਾਂ ਵਿੱਚ ਆਪਣਾ ਅਕਸ ਨੂੰ ਸੁਧਾਰਨ ਲਈ ਬੇਹੱਦ ਸੁਚੇਤ ਹੈ। ਪਾਰਟੀਆਂ ਦੇ ਰਾਜਨੀਤੀਕਾਰਾਂ ਨੇ ਸਾਫ਼ ਲਕੀਰ ਖਿੱਚ ਦਿੱਤੀ ਹੈ ਕਿ ਕਿਸੇ ਵੀ ਇਹੋ ਜਿਹੇ ਉਮੀਦਵਾਰ ਨੂੰ ਟਿਕਟ ਨਾ ਮਿਲੇ, ਜਿਸਦਾ ਅਕਸ ਆਮ ਜਨਤਾ ਵਿੱਚ ਖਰਾਬ ਹੈ। ਇਸ ਸਖ਼ਤੀ ਵਿੱਚ ਚੋਣਾਂ ਲੜਨ ਨੂੰ ਤਿਆਰ-ਬਰ-ਤਿਆਰ ਅੱਧੀ ਦਰਜਨ ਤੋਂ ਵੱਧ ਬਾਹੂ ਬਲੀਆਂ ਦੇ ਸੁਪਨੇ ਟੁੱਟ ਗਏ।
'ਸਾਨੂੰ ਨਹੀਂ ਤੇਰੀ ਲੋੜ ਸੱਜਣਾ। ਹੁਣ ਅਸੀਂ ਆਪੇ ਹੀ ਆਪਣੀ ਨਿੱਜੀ ਫੌਜ ਤਿਆਰ ਕਰ ਲਈ ਆ।' ਹੱਥ 'ਚ ਕਰੋੜਾਂ ਆਂ, ਬਾਹਾਂ ਵਿੱਚ ਸਾਡੇ ਆਪਣੇ ਜ਼ੋਰ ਬਥੇਰਾ ਆ, ਲਠੈਤ ਸਾਡੇ ਕੋਲ ਨੇ, ਬਾਹੂ ਬਲ ਸਾਡੇ ਕੋਲ ਆ। ਬੰਦੂਕ ਧਾਰੀ ਸਾਡੇ ਅੱਗੇ-ਪਿੱਛੇ ਤੁਰੇ ਫਿਰਦੇ ਆ। ਇਸ ਕਰਕੇ ਸਾਨੂੰ ਨਹੀਂ ਤੇਰੀ ਲੋੜ ਸੱਜਣਾ।
ਜਦ ਸਾਡੇ ਆਪਣੇ ਸਿਰ ਕਤਲ ਦੇ ਕੇਸ ਦਰਜ਼ ਆ, ਗੁੰਡਾਗਰਦੀ, ਬਲਾਤਕਾਰ ਦੇ ਕੇਸ ਸਾਡੀ ਝੋਲੀ ਪਏ ਹੋਏ ਆ, ਹੇਰਾ ਫੇਰੀ, ਭ੍ਰਿਸ਼ਟਾਚਾਰ ਦੀਆਂ ਦੀਆਂ ਕਈ ਧਾਰਾਵਾਂ ਸਾਡੇ ਨਾਂਅ ਨਾਲ ਜੁੜੀਆਂ ਹੋਈਆਂ ਆਂ ਤਾਂ ਫਿਰ ਭਲਾ ਸਾਨੂੰ ਕੀ ਤੇਰੀ ਲੋੜ ਸੱਜਣਾ?
ਕਾਂਗਰਸ ਦੇ ਅਤੀਕ ਅਹਿਮਦ, ਸਪਾ ਦੇ ਭਦੌੜੀ ਤੋਂ ਬਾਹੂਬਲੀ ਐਮ.ਐਲ.ਏ., ਬਸਪਾ ਦੇ ਬਿਨੀਤ ਸਿੰਘ ਬਾਹੂਬਲੀ ਚੰਦੋਲੀ ਤੋਂ, ਸਪਾ ਦੇ ਵਿਧਾਇਕ ਰਹੇ ਅਭੇ ਸਿੰਘ ਲੱਠਮਾਰ, ਬਸਪਾ ਦੇ ਮੁਖਤਾਰ ਅੰਸਾਰੀ, ਘੋਸੀ ਤੋਂ ਬਸਪਾ ਦੇ ਜਿਤੇਂਦਰ ਬਬਲੂ, ਫੈਜਾਬਾਦ ਤੋਂ ਬਸਪਾ ਦੇ ਧਨੰਜੈ ਸਿੰਘ ਜੋ ਸਾਬਕਾ ਸਾਂਸਦ ਅਤੇ ਵਿਧਾਇਕ ਰਹਿ ਚੁੱਕੇ ਹਨ ਭਾਜਪਾ ਟਿੱਕਟ ਚੋਣ ਲੜਨ ਲਈ ਲੰਗੋਟੇ ਕੱਸੀ ਬੈਠੇ ਸਨ, ਪਰ ਉਹਨਾ ਦੇ ਲੱਖ ਯਤਨਾਂ ਦੇ ਉਹਨਾ ਦੀ ਕਿਸੇ ਬਾਤ ਹੀ ਨਹੀਂ ਪੁੱਛੀ।ਅਸਲ ਵਿੱਚ ਭਾਈ ਸਾਡੇ ਨੇਤਾ ਹੁਣ ਸਮਝ ਚੁੱਕੇ ਆ ਕਿ ਮਿੰਨਤਾਂ ਤਰਲਿਆਂ ਨਾਲ ਹੈ ਭੀਖ ਮਿਲਦੀ, ਬਾਹੂਬਲ ਦੇ ਬਿਨ੍ਹਾਂ ਨਾ ਰਾਜ ਮਿਲਦਾ। ਇਸ ਕਰਕੇ ਆਪਣੇ ਡੌਲਿਆਂ ਨੂੰ ਲਾਕੇ ਤੇਲ, ਕਰਕੇ ਕਮਰ ਕੱਸੇ ਬਣਕੇ ਆਪੂੰ ਬਾਹੂਬਲੀ ਮੈਦਾਨ 'ਚ ਆਪ ਹੀ ਆ ਨਿਤਰੇ ਆ।
ਟੰਗਾਂ ਖਿੱਚਣ ਦੀ ਲੈ ਸਿਖਲਾਈ ਲੈਂਦੇ,
ਫਰਕ ਫੇਰ ਨਾ ਸਾਥੀਆ ਰਾਈ ਕਰਦੇ
ਖ਼ਬਰ ਹੈ ਕਿ ਭਾਜਪਾ ਦੇ ਪ੍ਰਮੁੱਖ ਆਗੂ ਸ਼ਤਰੂਘਣ ਸਿਨਹਾ ਭਾਜਪਾ ਛੱਡਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਪਿਛਲੇ ਲੰਮੇ ਸਮੇਂ ਤੋਂ ਕੁਝ ਨੇਤਾ, ਉਹਨਾ ਦੇ ਅਡਵਾਨੀ ਦੇ ਪੈਰੋਕਾਰ ਹੋਣ ਕਾਰਨ, ਟੰਗਾਂ ਖਿੱਚ ਰਹੇ ਹਨ। ਉਹਨਾ ਭਾਜਪਾ ਬਾਰੇ ਕਿਹਾ ਹੈ ਕਿ ਇਹ ਵਨ ਮੈਨ ਸ਼ੋਅ , ਟੂ ਮੈਨ ਆਰਮੀ ਬਣ ਚੁੱਕੀ ਹੈ। ਖ਼ਬਰ ਇਹ ਵੀ ਹੈ ਕਿ ਭਾਜਪਾ ਦੀਆਂ ਤਿੰਨ ਸੀਨੀਅਰ ਨੇਤਾਵਾਂ ਸਾਬਕਾ ਸਪੀਕਰ ਸੁਮਿੱਤਰਾ ਮਹਾਜਨ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉਮਾ ਭਾਰਤੀ ਨੇ ਵੀ ਆਪਣੇ ਨੇਤਾਵਾਂ ਵਲੋਂ ਟੰਗਾਂ ਖਿੱਚੇ ਜਾਣ 'ਤੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਧਰ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਦੀ ਟਿਕਟ ਨਾ ਮਿਲਣ ਕਾਰਨ, ਇਸ ਚਰਚਾ ਕਿ ਉਹ ਹਰਸਿਮਰਤ ਬਾਦਲ ਵਿਰੁੱਧ ਚੋਣ ਲੜ ਸਕਦੀ ਹੈ ਬਾਰੇ ਕਿਹਾ ਕਿ ਉਹਨਾ ਦੀ ਪਤਨੀ "ਸਟੱਪਣੀ" ਭਾਵ ਕਾਰ ਦਾ ਪੰਜਵਾਂ ਟਾਇਰ ਨਹੀਂ ਹੈ।
ਟੰਗਾਂ ਖਿੱਚਣ ਵਾਲਿਆਂ ਭਾਈ ਸਪੈਸ਼ਲ ਕੋਰਸ ਕੀਤਾ ਹੁੰਦਾ ਆ। ਇਹੋ ਜਿਹੇ ਬੰਦੇ ਹਰ ਸਿਆਸੀ ਪਾਰਟੀ, ਹਰ ਸੰਸਥਾ 'ਚ ਆਮ ਮਿਲ ਜਾਂਦੇ ਆ। ਉਹਨਾ ਦੇ ਪੱਲੇ ਕੁਝ ਪਵੇ ਨਾ ਪਵੇ, ਅਗਲੇ ਦੀ ਪੱਗ ਲੱਥਦੀ ਵੇਖ ਇਹ ਖੁਸ਼ੀਆਂ ਮਨਾਉਂਦੇ ਆ। ਵੇਖੋ ਨਾ ਜੀ ਭਾਜਪਾ ਨੇਤਾ ਆਖਦੇ ਹੁੰਦੇ ਸੀ, ਦੇਸ਼ ਕਾਂਗਰਸ ਮੁਕਤ ਕਰ ਦੇਣਾ ਆ, ਹੁਣ ਵੇਖੋ ਆਪ ਹੀ 'ਮੁਕਤੀ' ਦੇ ਰਸਤੇ ਤੁਰੇ ਹੋਏ ਆ, ਆਪੇ ਉਸੇ ਟਾਹਣੀ ਉਤੇ ਬੈਠੇ ਆ ਅਤੇ ਆਪੇ ਉਸਨੂੰ ਛਾਂਗ ਰਹੇ ਆ। ਉਂਜ ਭਾਈ ਬਲਿਹਾਰੇ ਜਾਈਏ ਉਹਨਾ ਚਾਪਲੂਸਾਂ ਦੇ ਜਿਹੜੇ ਮੋਮੋਠਗਣੀ ਕਰਕੇ ਆਪਣੇ ਉਪਰਲਿਆਂ ਨੂੰ ਆਪਣੇ ਜਾਲ 'ਚ ਫਸਾ ਕੇ "ਸੱਚੀ ਗੱਲ" ਕਰਨ ਵਾਲਿਆਂ ਨੂੰ ਖੂੰਜੇ ਲਾਉਣ ਦੇ ਮਾਹਰ ਆ। ਇਹੋ ਜਿਹਾ ਬਾਰੇ ਕਵੀ ਦਾ ਇੱਕ ਸ਼ਿਅਰ ਆ, "ਟੰਗਾਂ ਖਿੱਚਣ ਦੀ ਲੈ ਸਿਖਲਾਈ ਲੈਂਦੇ, ਫਰਕ ਫੇਰ ਨਾ ਸਾਥੀਆ ਰਾਈ ਕਰਦੇ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਚੋਣਾਂ ਅਤਿਅੰਤ ਖਰਚੀਲੀਆਂ ਹਨ। ਇੱਕ ਸਰਵੇ ਰਿਪੋਰਟ ਅਨੁਸਾਰ 17 ਵੀਂ ਹੋ ਰਹੀਆਂ ਲੋਕ ਸਭਾ ਚੋਣਾਂ 'ਚ ਪ੍ਰਤੀ ਵੋਟਰ ਉਤੇ ਖਰਚਾ 560 ਰੁਪਏ ਹੋਏਗਾ ਜਦ ਕਿ ਦੇਸ਼ ਦੀ 60 ਫੀਸਦੀ ਆਬਾਦੀ 210 ਰੁਪਏ ਪ੍ਰਤੀ ਦਿਨ ਖਰਚੇ ਉਤੇ ਆਪਣਾ ਜੀਵਨ ਗੁਜ਼ਾਰ ਰਹੀ ਹੈ।
ਇੱਕ ਵਿਚਾਰ
ਸਾਡਾ ਚੋਣ ਮਨੋਰਥ ਪੱਤਰ ਦੇਸ਼ ਦੇ ਲੋਕਾਂ ਵਲੋਂ ਆਏਗਾ, ਜਿਹਨਾ ਉਤੇ ਅਸਲ ਦੇਸ਼ ਦੀ ਜ਼ਿੰਮੇਵਾਰੀ ਹੈ।
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.