ਕੋਈ ਨਵਾਂ ਨਹੀਂ ਹੈ ਮੁੱਦਾ ਸਿੱਖ ਵਿਰਾਸਤੀ ਇਮਾਰਤਾਂ ਢਾਹੁਣ ਦਾ ....
(ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉੜੀ ਢਾਹੇ ਜਾਣ ਤੋਂ ਬਾਅਦ ਇਹ ਮੁੱਦਾ ਉੱਠਿਆ ਹੈ ਕਿ ਪਿਛਲੇ ਸਮੇਂ ਦੌਰਾਨ ਗੁਰੂਆਂ ਨਾਲ , ਸਿੱਖ ਇਤਿਹਾਸ ਨਾਲ ਅਤੇ ਪੰਜਾਬ ਦੇ ਸਭਿਆਚਾਰਕ ਵਿਰਸੇ ਨਾਲ ਸਬੰਧਿਤ ਵਿਰਾਸਤੀ ਇਮਾਰਤਾਂ ਅਤੇ ਯਾਦਗਾਰਾਂ ਨੂੰ ਬਹੁਤ ਬੇਕਿਰਕੀ ਨਾਲ ਫ਼ੌਰੀ ਅਤੇ ਸਵਾਰਥੀ ਮੁਫ਼ਾਦਾਂ ਲਈ ਢਹਿ ਕੀਤਾ ਜਾਂਦਾ ਰਿਹਾ ਹੈ .
ਇਸ ਮਾਮਲੇ ਵਿਚ ਸਮੇਂ -ਸਮੇਂ ਦੀਆਂ ਸਰਕਾਰਾਂ ਅਤੇ ਖ਼ਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਬਹੁਤੇ ਪ੍ਰਬੰਧਕਾਂ ਦੀ ਭੂਮਿਕਾ ਬਹੁਤ
ਨਕਾਰਾਤਮਿਕ ਰਹੀ ਹੈ . ਸਮੇਂ -ਸਮੇਂ ਤੇ ਜਦੋਂ ਸ਼੍ਰੋਮਣੀ ਕਮੇਟੀ ਵਿਰਸਾਤੀ ਇਮਾਰਤਾਂ ਢਾਹੁਣ ਦੀ ਤਜਵੀਜ਼ ਕਰਦੀ ਰਹੀ ਜਾਂ ਇਸ ਮੰਤਵ ਲਈ ਮਤੇ ਪਾਏ ਜਾਂਦੇ ਰਹੇ ਤਾਂ ਕੁਝ ਹਲਕਿਆਂ ਵੱਲੋਂ ਇਸ ਦਾ ਵਿਰੋਧ ਵੀ ਹੁੰਦਾ ਰਿਹਾ ਹੈ . ਅਜਿਹੀ ਹੀ ਇੱਕ ਮਿਸਾਲ ਗੁਰ ਰਾਮ ਦਾਸ ਸਰਾਂ ਭਾਵ ਗੁਰੂ ਰਾਮ ਦਾਸ ਨਿਵਾਸ ਦੀ ਹੈ . ਇਸ ਇਤਿਹਾਸਕ ਇਮਾਰਤ ਨੂੰ ਵੀ ਢਾਹੁਣ ਦਾ ਮਤਾ ਸ਼੍ਰੋਮਣੀ ਕਮੇਟੀ ਵੱਲੋਂ 2015 ਵਿਚ ਪਾਸ ਕੀਤਾ ਗਿਆ ਸੀ .ਉਦੋਂ ਇਸ ਮਤੇ ਦਾ ਵਿਰੋਧ ਹੋਇਆ ਸੀ ਅਤੇ ਇਹ ਫ਼ੈਸਲਾ ਲਾਗੂ ਨਹੀਂ ਸੀ ਹੋਇਆ . ਉਦੋਂ ਬਾਬੂਸ਼ਾਹੀ ਦੇ ਵਿਸ਼ੇਸ਼ ਰਿਪੋਰਟਰ ਅਤੇ ਖ਼ੋਜੀ ਪੱਤਰਕਾਰ ਗੁਰਪ੍ਰੀਤ ਸਿੰਘ ਮੰਡਿਆਣੀ ਨੇ ਆਪਣੀ ਇੱਕ ਲਿਖਤ ਰਾਹੀਂ ਇਹ ਮੁੱਦਾ ਉਠਾਇਆ ਸੀ . 29 ਜੂਨ ,2016 ਨੂੰ ਬਾਬੂਸ਼ਾਹੀ ਡਾਟ ਕਾਮ ਦੇ ਲੋਕ-ਰਾਇ ਸੈਕਸ਼ਨ ਵਿਚ ਪੋਸਟ ਕੀਤੇ ਇਸ ਲੇਖ ਨੂੰ ਅਸੀਂ ਦੁਬਾਰਾ ਪੋਸਟ ਕਰ ਰਹੇ ਹਾਂ - ਸੰਪਾਦਕ ਬਾਬੂਸ਼ਾਹੀ ਡਾਟ ਕਾਮ )
ਗੁਰੁ ਰਾਮਦਾਸ ਸਰਾਂ ਢਾਹੁਣ ਵਰਗੇ ਫੈਸਲੇ ਚੁੱਪ ਗੜੁੱਪ ਕਿਉਂ ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਵਿਰਾਸਤ ਅਤੇ ਸਿੱਖ ਇਤਿਹਾਸਕ ਨਿਸ਼ਾਨੀਆਂ ਤਬਾਹ ਕਰਨ 'ਚ ਇੰਨ੍ਹੀ ਤੇਜ਼ੀ ਫੜੀ ਹੈ ਜਿਵੇਂ ਕਿ ਉਹ ਇਹ ਸਾਰਾ ਕੰਮ 2017 ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਮੁਕਾਉਣਾ ਚਾਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਮਾਲਕ ਸ਼ਾਇਦ ਇਹ ਸਮਝ ਰਹੇ ਨੇ ਕਿ ਸੂਬਾਈ ਸਰਕਾਰ ਬਦਲਣ ਤੋਂ ਬਾਅਦ ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਵੀ ਜਾਂਦਾ ਰਹੇ। ਇਸੇ ਖਦਸ਼ੇ ਦੇ ਮੱਦੇਨਜ਼ਰ ਆਪਦੇ ਉਪਰਲੇ ਮਾਲਕਾਂ ਤੋਂ ਵਾਹ ਵਾਹ ਲੈਣ ਦੀ ਖਾਤਰ ਸ਼੍ਰੋਮਣੀ ਕਮੇਟੀ ਦੇ ਮਾਲਕ ਇਹ ਕੰਮ ਇਸੇ ਸਾਲ 'ਚ ਹੀ ਵੱਧ ਤੋਂ ਵੱਧ ਸਿਰੇ ਚੜ੍ਹਾਉਣ ਦੀ ਸੋਚ ਰਹੇ ਹੋਣ। ਜੂਨ ਚੁਰਾਸੀ ਦੇ ਘੱੱਲੂਘਾਰੇ ਦੇ ਗਵਾਹ ਵਜੋਂ ਧੁੰਆਖੇ ਖੜ੍ਹੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਰੰਗ ਰੋਗਨ ਦੇ ਬਹਾਨੇ ਦਿੱਖ ਮੇਟਣਾ, ਦਰਬਾਰ ਸਾਹਿਬ ਦੇ ਮਗਰਲੇ ਪਾਸੇ ਸੋਨੇ ਦੀ ਛੱਤ ਪਾ ਕੇ ਦਰਬਾਰ ਸਾਹਿਬ ਦੇ ਮੂਲ ਨਕਸ਼ੇ ਨੂੰ ਖਰਾਬ ਕਰਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਘੱਲੂਘਾਰੇ ਦੇ ਵੱਡੇ ਇਤਿਹਾਸ ਹਿੱਸੇ ਨੂੰ ਸਾਂਭੀ ਬੈਠੀ ਗੁਰੁ ਰਾਮਦਾਸ ਸਰਾਂ ਨੂੰ ਮਲੀਆਮੇਟ ਕਰਨ ਦੀ ਤਿਆਰੀ ਹੋ ਚੁੱਕੀ ਹੈ।
ਗੁਰੁ ਰਾਮਦਾਸ ਸਰਾਂ ਵਿੱਚ ਘੱਲੂਘਰੇ ਮੌਕੇ ਹਜ਼ਾਰਾਂ ਸੰਗਤਾਂ ਨੂੰ ਫੌਜ ਨੇ ਸ਼ਹੀਦ ਕੀਤਾ। ਉੱਘੇ ਅਕਾਲੀ ਰਹੇ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਇੱਕ ਟੀ. ਵੀ. ਚੈਨਲ ਇੰਟਰਵਿਊ 'ਚ ਦੱਸਿਆ ਕਿ ਮੇਰੇ ਸਾਹਮਣੇ ਫੌਜ ਨੇ ਗੋਲੀਆਂ ਦੀ ਵਾਛੜ ਨਾਲ ਸਿੱਖ ਮੁੰਡਿਆਂ ਦੀ ਇਓਂ ਢੇਰੀਆਂ ਲਾਈਆਂ ਜਿਵੇਂ ਪੱਠੇ ਵੱਢਣ ਤੋਂ ਬਾਅਦ ਸੱਥਰ ਵਿਛੇ ਹੁੰਦੇ ਆ। ਇਥੇ ਹੀ ਸਰਾਂ ਦੇ ਵੇਹੜੇ ਵਿੱਚ ਬੈਠੀਆਂ ਸੰਗਤਾਂ ਤੇ ਬੰਬ ਸਿੱਟੇ ਗਏ। ਇਥੇ ਹੀ ਫੌਜ ਨੇ ਵੱਖ ਵੱਖ ਤਰੀਕਿਆਂ ਨਾਲ ਤੜਫ ਰਹੀਆ ਸੰਗਤਾਂ ਨੁੰ ਜਲੀਲ ਕੀਤਾ। ਸਰਾਂ ਵਿੱਚ ਸ਼ਹੀਦ ਹੋਣ ਵਾਲੀਆਂ ਸੰਗਤਾਂ ਦੀ ਵੱਖਰੀ ਗੱਲ ਇਹ ਸੀ ਇਨ੍ਹਾਂ ਵਿੱਚ ਕੋਈ ਹਥਿਆਰਬੰਦ ਲੜਾਕਾ ਨਹੀਂ ਸੀ। ਸਰਾਂ ਇਸ ਗੱਲ ਗਵਾਹ ਹੈ ਕਿ ਇਥੇ ਨਿਹੱਥੇ ਸਿੰਘਾਂ ਸਿੰਘਣੀਆਂ ਨੂੰ ਤੜਫਾ ਕੇ ਮਾਰਿਆ। ਸਰਾਂ ਦੇ ਮੁੱਖ ਗੇਟ ਦੇ ਸੱਜੇ ਪਾਸੇ ਨਾਲ ਦੇ ਕਮਰੇ ਵਿੱਚ ਲਗਭਗ 50-60 ਬੰਦਿਆ ਨੂੰ ਤਾੜ ਦਿੱਤਾ। ਅੱਤ ਦੀ ਗਰਮੀ ਵਿੱਚ ਪਿਆਸ ਅਤੇ ਹੁੰਮਸ ਨਾਲ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਬੰਦੇ ਫੌਤ ਹੋ ਗਏ। ਇਹ ਕਲਕੱਤੇ ਦੇ ਬਲੈਕ ਹੋਲ ਘਟਨਾ ਤੋਂ ਛੋਟੀ ਨਹੀਂ ਹੈ। ਉਥੇ ਵੀ ਪਲਾਸੀ ਦੀ ਲੜਾਈ ਵਿੱਚ ਲਗਭਗ 150 ਸਿਪਾਹੀ ਏਵੇਂ ਹੀ ਮੋਏ ਗਏ ਸੀ। ਇਹ ਥਾਂ ਅੱਜ ਵੀ ਯਾਦਗਾਰ ਵਜੋਂ ਸਾਂਭੀ ਗਈ ਹੋਈ ਹੈ ਅਤੇ ਇਹਦੀ ਮਿਸਾਲ ਇੰਟਰਨੈਸ਼ਨਲ ਇਤਿਹਾਸ ਵਿੱਚ ਬੜੀ ਉੱਘੀ ਹੈ। ਚਾਹੀਦਾ ਤਾਂ ਇਹ ਸੀ ਕਿ ਸਰਾਂ ਵਿੱਚ ਘੱਲੂਘਾਰੇ ਦੀ ਯਾਦ ਵਿੱਚ ਕੋਈ ਮਿਊਜ਼ੀਅਮ ਬਣਾਇਆ ਜਾਂਦਾ ਜਾਂ ਘੱਟੋ ਘੱਟ ਇੱਕ ਬੋਰਡ ਲਾ ਕੇ ਦੱਸਿਆ ਜਾਂਦਾ ਕਿ ਇਸ ਸਰਾਂ ਵਿੱਚ ਚੁਰਾਸੀ ਦੇ ਸਾਕਾ ਨੀਲਾ ਤਾਰਾ ਘੱਲੂਘਾਰਾ ਦੌਰਾਨ ਸਿੱਖਾਂ ਨਾਲ ਇਹ ਬੀਤੀ ਪਰ ਸ਼੍ਰੋਮਣੀ ਕਮੇਟੀ ਉਲਟਾ ਸਰਾਂ ਹੀ ਮਲੀਆਮੇਟ ਕਰਨ ਲੱਗੀ ਹੈ।ਸ਼੍ਰੋਮਣੀ ਕਮੇਟੀ ਦੇ ਮਾਲਕਾਂ ਦੇ ਮਾਲਕ ਨਹੀਂ ਚਾਹੁੰਦੇ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚਸਾਕਾ ਨੀਲਾ ਤਾਰਾ ਨੂੰ ਚੇਤੇ ਕਰਵਾਉਂਦੀ ਕੋਈ ਨਿਸ਼ਾਨੀ ਬਚੇ।
ਸ਼੍ਰੋਮਣੀ ਕਮੇਟੀ ਵੱਲੋਂ ਇਹ ਸਫਾਈ ਦਿੱਤੀ ਗਈ ਕਿ ਸਰਾਂ ਦੀ ਇਮਾਰਤ ਹੁਣ ਖਸਤਾ ਹੋ ਚੁੱਕੀ ਹੈ ਇਸ ਲਈ ਇਹਨੂੰ ਢਾਹੁਣਾ ਜ਼ਰੂਰੀ ਹੇ। ਇਸ ਸਫਾਈ ਵਿੱਚ ਕੋਈ ਦਮ ਨਹੀਂ ਹੈ। 1931 ਵਿੱਚ ਬਣੀ ਇਹ ਇਮਾਰਤ ਨਵੀਂਆਂ ਬਣੀਆਂ ਸਰਾਵਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੈ। ਸਾਨੁੰ ਪਤਾ ਹੈ ਕਿ ਫਲਾਣੀ ਫਲਾਣੀ ਥਾਂ ਤੇ ਬਣੀਆਂ ਪੁਰਾਣੀਆਂ ਇਮਾਰਤਾਂ ਤੇ ਪੁਲ ਨਵਿਆਂ ਨਾਲੋਂ ਕਿਤੇ ਵੱਧ ਮਜ਼ਬੂਤ ਨੇ। ਬੀਤੇ ਸਮੇਂ ਵਿੱਚ ਇੱਕ ਵੀ ਖਬਰ ਇਸ ਕਿਸਮ ਦੀ ਨਹੀਂ ਦੇਖੀ ਕਿ ਗੁਰੁ ਰਾਮਦਾਸ ਦੀ ਛੱਤ ਚੋਣ ਲੱਗ ਪਈ ਜਾਂ ਫਲਾਣੇ ਥਾਂ ਤੋਂ ਕੋਈ ਪਲੱਸਤਰ ਜਾਂ ਕੋਈ ਉਖੜ ਗਈ ਹੈ। ਇਹਦੇ ਨਾਲ ਹੀ ਦਰਬਾਰ ਸਾਹਿਬ ਦੀ ਸਦੀਆਂ ਪੁਰਾਣੀ ਇਮਾਰਤ ਜਿਓਂ ਦੀ ਤਿਓਂ ਹੈ। ਖਲਾਸਾ ਕਾਲਜ ਅੰਮ੍ਰਿਤਸਰ, ਮਹਿੰਦਰਾ ਕਾਲਜ ਪਟਿਆਲਾ ਅਤੇ ਹੋਰ ਬਹੁਤ ਸਾਰੀਆ ਸਦੀਆਂ ਪੁਰਾਣੀਆਂ ਇਮਾਰਤਾਂ ਸਾਨੋ ਸ਼ੌਕਤ ਨਾਲ ਖੜ੍ਹੀਆਂ ਹਨ। ਦੇਸ਼ ਦੇ ਸਾਰੇ ਰੇਲਵੇ ਸਟੇਸ਼ਨ ਸਦੀਆਂ ਪੁਰਾਣੇ ਨੇ। ਨਾਲੇ ਕਿਤੇ ਮੁਰੰਮਤ ਦੀ ਲੋੜ ਹੈ ਉਥੇ ਮੁਰੰਮਤ ਕੀਤੀ ਜਾ ਸਕਦੀ ਹੈ। ਗੁਰੁ ਰਾਮਦਾਸ ਦੀਆਂ ਕੰਧਾਂ ਨਵੀਆਂ ਸਰਾਵਾਂ ਨਾਲੋਂ ਦੁਗਣੀਆਂ ਮੋਟੀਆਂ ਨੇ। ਸੋ ਇਮਾਰਤ ਖਸਤਾ ਮਾੜਾ ਮੋਟਾ ਸਬੂਤ ਤਾਂ ਸ਼੍ਰੋਮਣੀ ਕਮੇਟੀ ਨੂੰ ਦੇਣਾ ਚਾਹੀਦਾ ਹੈ। ਗੁਰੂ ਰਾਮਦਾਸ ਇਮਾਰਤ ਢਾਹ ਕੇ ਏਥੇ ਨਵੀਂ ਸਰਾਂ ਬਣਾਉਣ ਦੀ ਕਾਰਸੇਵਾ ਬਾਬਾ ਕਸ਼ਮੀਰਾ ਜੀ ਨੂੰ ਦਿੱਤੀ ਹੈ। 2 ਜੁਲਾਈ 2016 ਨੂੰ ਸਰਾਂ ਨੁੰ ਢਾਹੁਣ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਕਾਰਸੇਵਾ ਵਾਲੇ ਬਾਬਿਆਂ ਨੇ ਕਾਰਸੇਵਾ ਦੀ ਆੜ ਵਿੱਚ ਹੇਠ ਬੇਸ਼ਕੀਮਤੀ ਸਿੱਖ ਇਤਿਹਾਸ ਤੇ ਵਿਰਾਸਤ ਤਬਾਹ ਕੀਤੀ ਹੈ। ਸਰਹੰਦ ਦਾ ਠੰਢਾ ਬੁਰਜ, ਚਮਕੌਰ ਸਾਹਿਬ ਦੀ ਗੜੀ, ਤੇ ਅਨੰਦਪੁਰ ਸਾਹਿਬ ਵਿੱਚ ਗੁਰੁ ਤੇਗ ਬਹਾਦਰ ਜੀ ਨਾਲ ਕਸ਼ਮੀਰੀ ਪੰਡਤਾਂ ਨਾਲ ਹੋਈ ਮੁਲਾਕਾਤ ਵਾਲਾ ਥੜਾ ਤੇ ਹੋਰ ਬਹੁਤ ਕੁਝ ਕਾਰਸੇਵਾ ਦੀ ਆੜ ਵਿੱਚ ਢਾਹਿਆ ਜਾ ਚੁੱਕਾ ਹੈ। ਆਮ ਤੌਰ ਤੇ ਸੁਚੇਤ ਸਿੱਖ ਇਸਦਾ ਕਸੂਰ ਕਾਰਸੇਵਾ ਵਾਲੇ ਬਾਬਿਆਂ ਸਿਰ ਮੜਦੇ ਹਨ। ਪਰ ਅਸਲੀ ਕਸੂਰ ਤਾਂ ਉਨ੍ਹਾਂ ਦਾ ਹੈ ਜਿੰਨ੍ਹਾਂ ਨੇ ਬਾਬਿਆਂ ਨੂੰ ਇਸ ਤਬਾਹੀ ਦੀ ਜਿੰਮੇਵਾਰੀ ਦਿੱਤੀ ਹੈ।
ਆਮ ਖਿਆਲ ਕੀਤਾ ਜਾਂਦਾ ਹੈ ਕਿ ਦਰਸ਼ਣ ਡਿਉੜੀ ਨੂੰ ਲੱਗੇ ਚਾਂਦੀ ਦੇ ਦਰਵਾਜ਼ੇ ਸੋਮਨਾਥ ਮੰਦਿਰ ਦੇ ਹਨ। ਜਦੋਂ ਵਿਦੇਸ਼ ਧਾੜਵੀ ਇਹ ਦਰਵਾਜ਼ੇ ਹਿੰਦੋਸਤਾਨ 'ਚੋਂ ਲੁੱਟ ਕੇ ਲਿਜਾ ਰਹੇ ਸਨ ਤਾਂ ਸਿੱਖਾਂ ਨੇ ਇਹ ਦਰਵਾਜ਼ੇ ਖੋਹ ਕੇ ਦਰਸ਼ਣੀ ਡਿਉੜੀ ਨੂੰ ਲਾ ਦਿੱਤੇ। ਭਾਵੇਂ ਇਹਦੇ 'ਚ ਕੋਈ ਇਤਿਹਾਸਕ ਸਚਾਈ ਸੀ ਜਾਂ ਨਹੀਂ ਪਰ ਸ਼੍ਰੋਮਣੀ ਕਮੇਟੀ ਦੇ ਮਾਲਕਾਂ ਦੇ ਮਾਲਕਾਂ ਨੂੰ ਇਹ ਗੱਲ ਚੁੱਭਦੀ ਆਉਂਦੀ ਸੀ। 1978 'ਚ ਜਦੋਂ ਮੁਲਕ ਦਾ ਪ੍ਰਧਾਨ ਮੰਤਰੀ ਮੁਰਾਰਜੀ ਦਿਸਾਈ ਜਦੋਂ ਦਰਬਾਰ ਸਾਹਿਬ ਆਇਆ ਤਾਂ ਕਮੇਟੀ ਵੱਲੋਂ ਉਹਨੁੰ ਏਹੀ ਦੱਸਿਆ ਗਿਆ ਕਿ ਇਹ ਦਰਵਾਜ਼ੇ ਸੋਮਨਾਥ ਵਾਲੇ ਹੀ ਨੇ ਤਾਂ ਪ੍ਰਧਾਨ ਮੰਤਰੀ ਨੇ ਝੱਟ ਕਿਹਾ ਕਿ ਜੇ ਇਹ ਗੱਲ ਹੈ ਤਾਂ ਦਰਵਾਜ਼ੇ ਸੋਮਨਾਥ ਮੰਦਰ ਨੂੰ ਵਾਪਸ ਮੋੜੋ। ਉਦੋਂ ਦਰਵਾਜ਼ੇ ਤਾਂ ਨਹੀਂ ਮੋੜੇ ਗਏ ਕਿਉਂਕਿ ਸ਼੍ਰੋਮਣੀ ਦੇ ਮਾਲਕ ਅੱਜ ਵਾਲੇ ਨਹੀਂ ਸੀਗੇ ਦੂਜਾ ਉਸ ਵੇਲੇ ਦੇ ਮਾਲਕਾਂ ਉਤੇ ਕੋਈ ਹੋਰ ਮਾਲਕ ਨਹੀਂ ਸੀ। 2004 ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮਾਲਕ ਉਹ ਬਣ ਗਏ ਜਿਨ੍ਹਾਂ ਉੱਪਰ ਹੋਰ ਮਾਲਕ ਸੀ। ਸ਼੍ਰੋਮਣੀ ਕਮੇਟੀ ਨੇ 2007 ਵਿੱਚ ਮੁਰੰਮਤ ਦੇ ਪੱਜ ਹੇਠ ਇਹ ਦਰਵਾਜ਼ੇ ਲਾਹ ਲਏ। ਉਦੋਂ ਵੀ ਪੰਥਕ ਧਿਰਾਂ ਨੇ ਇਹ ਖਦਸ਼ਾ ਜਾਹਿਰ ਕੀਤਾ ਕਿ ਇਹ ਦਰਵਾਜ਼ੇ ਇਥੇ ਮੁੜ ਨਹੀਂ ਲੱਗਣੇ ਜੇਹੜੇ ਅੱਜ ਤੱਕ ਲੱਗੇ ਵੀ ਨਹੀਂ। ਸ਼੍ਰੋਮਣੀ ਕਮੇਟੀ ਨੇ ਇਸ ਕੰਮ ਲਈ ਆਪਦੀ ਜਵਾਬਦੇਹੀ ਤੋਂ ਬਚਣ ਖਾਤਰ ਇੱਕ ਹੋਰ ਸੇਫ ਰਾਹ ਚੁਣਿਆ। ਇਸ ਕਮਮ ਲਈ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਦੇ ਨਾਮ ਇਹ ਹੁਕਮ ਜਾਰੀ ਕੀਤਾ ਗਿਆ ਕਿ ਖਸਤਾ ਹੋਏ ਦਰਵਾਜ਼ਿਆਂ ਦੀ ਮੁਰੰਮਤ ਕੀਤੀ ਜਾਵੇ। ਹਾਲਾਂਕਿ ਮੁਰੰਮਤ ਕਰਨਾ ਸ਼੍ਰੋਮਣੀ ਕਮੇਟੀ ਦੇ ਅਖਤਿਆਰ ਵਿੱਚ ਸੀ ਏਹਦੇ 'ਚ ਅਕਾਲ ਤਖਤ ਦੇ ਹੁਕਮ ਦੀ ਕੋਈ ਲੋੜ ਨਹੀਂ ਸੀ। ਪਰ ਸਿੱਖ ਸੰਗਤਾਂ ਦੇ ਗੁੱਸੇ ਨੁੰ ਅਕਾਲ ਤਖਤ ਦੇ ਹੁਕਮਾਂ ਹੇਠ ਦੱਬਣ ਲਈ ਇਹ ਰਾਹ ਚੁਣਿਆ ਗਿਆ। ਪਰ ਜਦੋਂ ਸਾਲ ਦਰ ਸਾਲ ਲੰਘਣ ਦੇ ਬਾਵਜੂਦ ਸਿੱਖ ਸੰਗਤਾਂ ਦਰਵਾਜ਼ਿਆਂ ਬਾਰੇ ਪੁੱਛ ਪ੍ਰਤੀਤ ਨਾ ਕੀਤੀ ਤਾਂ ਸ਼੍ਰੋਮਣੀ ਕਮੇਟੀ ਹੋਰ ਹੌਸ਼ਲੇ ਚ ਹੋ ਗਈ ਗਈ ਤੇ ਫੇਰ ਹੁਕਮਨਾਮੇ ਦੀ ਵੀ ਲੋੜ ਨਾ ਸਮਝਣ ਲੱਗੀ ਫੇਰ ਚੁੱਪ ਚੁਪੀਤੇ ਸੋਨੇ ਦੀ ਛੱਤ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਫੈਸਲਿਆ ਤੋਂ ਬਾਅਦ ਸਰਾਂ ਢਾਹੁਣ ਤੁਰ ਪਈ।ਇਹਤੋਂ ਬਾਅਦ ਉਹ ਤਖਤ ਕੇਸਗੜ੍ਹ ਸਾਹਿਬ ਦੀ ਇਮਾਰਤ ਢਾਹੁਣ ਦੀ ਤਿਆਰੀ ਵਿੱਚ ਹੈ। ਜੇ ਸਿੱਖ ਸੰਗਤਾਂ ਹੁਣ ਵੀ ਨਾ ਬੋਲੀਆਂ ਤਾਂ ਸ਼੍ਰੋਮਣੀ ਕਮੇਟੀ ਬਾਕੀ ਬਚਦੀ ਸਿੱਖ ਵਿਰਾਸਤ ਨੂੰ ਤਬਾਹ ਕਰ ਸਕਦੀ ਹੈ। ਕੇਸਗੜ੍ਹ ਸਾਹਿਬ ਦੀ ਮਜ਼ਬੂਤੀ ਕਰਨ ਦੇ ਨਾਂਅ ਥੱਲੇ ਢਾਹੁਣ ਦਾ ਮਤਾ ਸ਼੍ਰੋਮਣੀ ਕਮੇਟੀ ਦੀ ਕਾਰਜ਼ਕਰਨੀ 22 ਅਗਸਤ 2015 ਨੂੰ ਪਾਸ ਕਰ ਚੁੱਕੀ ਹੈ। ਕੌਮੀ ਵਿਰਸਤ ਤੇ ਇਤਿਹਾਸ ਮੁੱਤਲਕ ਸੰਵੇਦਨਸ਼ੀਲ ਮਸਲੇ ਇੱਕ ਖਰੜੇ ਦੀ ਸ਼ਕਲ 'ਚ ਪਹਿਲਾਂ ਕੌਮ ਸਾਹਮਣੇ ਪੇਸ਼ ਕਰਨੇ ਚਾਹੀਦੇ ਨੇ ਕੌਮ ਨੂੰ ਆਪਣੀ ਰਾਏ ਦੇਣ ਦਾ ਮੌਕਾ ਦੇਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਸਿੱਖ ਕੌਮ ਕਮੇਟੀ ਚੁੱਪ ਗੜੁੱਪ ਫੈਸਲੇ ਕਰ ਲਵੇ ਤੇ ਕੌਮ ਨੂੰ ਉਦੋਂ ਹੀ ਪਤਾ ਲੱਗੇ ਜਦੋਂ ਕਾਰ ਸੇਵਾ ਵਾਲੇ ਗੈਂਤੀਆਂ ਲੈ ਆ ਖੜ੍ਹਨ l
-
ਗੁਰਪ੍ਰੀਤ ਸਿੰਘ ਮੰਡਿਆਣੀ, ਖੋਜੀ ਪੱਤਰਕਾਰ ਅਤੇ ਲੇਖਕ
gurpreetmandiani@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.