ਕੋਈ ਸਮਾਂ ਸੀ ਜਦ ਪੰਜਾਬ ਦੀ ਸੰਗੀਤਕ ਫਿਜ਼ਾ ਅੰਦਰ ਢੋਲੇ ਮਾਹੀਏ , ਰਿਸ਼ਤੇ ਨਾਤੇ ਅਤੇ ਲੋਕ ਕਿੱਸਿਆਂ ਨਾਲ ਭਰਪੂਰ ਗੀਤ ਗੂੰਜਦੇ ਸਨ ਤੇ ਪੱਛੋ ਦੀ ਠੰਢੀ ਹਵਾ ਦੇ ਬੁੱਲੇ ਵਰਗਾ ਸੰਗੀਤ ਮਨੁੱਖੀ ਰੂਹਾਂ ਨੂੰ ਤਰੋ ਤਾਜ਼ਾ ਕਰ ਸਕੂਨ ਦੀ ਦੁਨੀਆਂ ਦੇ ਦਰਵਾਜ਼ੇ ਤੱਕ ਪਹੁੰਚਦਾ ਕਰ ਦਿੰਦਾ ਸੀ । ਸਵੇਰੇ ਸਾਝਰੇ ਦੂਰ ਦੂਰ ਤੱਕ ਬਲਦਾਂ ਦੀਆਂ ਟੱਲੀਆਂ ਅਤੇ ਚਾਟੀ ਵਿਚਲੇ ਦੁੱਧ ਨੂੰ ਰਿੜਕਦੇ ਹੱਥਾਂ ਦੀਆਂ ਬੰਗਾਂ ਤੋਂ ਪੈਦਾ ਹੋਏ ਮਨਮੋਹਕ ਸੰਗੀਤ ਦਾ ਹਾਸਾ ਡੁੱਲ ਡੁੱਲ ਪੈਂਦਾ ਸੀ । ਦਿਓਰ ਭਰਜਾਈ ਦੇ ਕਿੱਸੇ ਸਮਾਜਿਕ ਸਰੋਕਾਰਾਂ ਦੇ ਪ੍ਰਤੀਕ ਮੰਨੇ ਜਾਂਦੇ ਸਨ । ਕਲਾਕਾਰਾਂ ਨੂੰ ਸਮਾਜ ਆਪਣਾ ਆਦਰਸ਼ ਤੇ ਸ਼ੀਸ਼ਾ ਮੰਨ ਕੇ ਰੱਜਮਾਂ ਪਿਆਰ ਸਤਿਕਾਰ ਦਿੰਦਾ ਸੀ ਉਸ ਦੇ ਬਦਲ ਵਜੋਂ ਪੰਜਾਬੀ ਗੀਤ ਸੰਗੀਤ ਦਾ ਵੱਡਾ ਹਿੱਸਾ ਸਾਡੀ ਸੱਭਿਅਤਾ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਲੱਪਾਲੱਪ ਹੋ ਕਿ ਆਪਣੇ ਆਪ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਦੀ ਸਾਂਹਦੀ ਭਰ ਕੇ ਆਉਣ ਵਾਲੇ ਨਵੇਂ ਪੂਰ ਨੂੰ ਪੁਰਾਣੇ ਵਿਰਸੇ ਦਾ ਵਾਰਿਸ ਬਣਾਉਣ ਵਿੱਚ ਡਾਢਾ ਯੋਗਦਾਨ ਪਾਉਂਦਾ ਸੀ ।
ਸਮਾਂ ਬਦਲਦਿਆਂ ਇਸ ਪੁਰਾਣੇ ਤੇ ਸ਼ਾਨਾਮੱਤੇ ਗੀਤ ਸੰਗੀਤ ਨੂੰ ਵਪਾਰਕ ਸੋਚ , ਦੌਲਤ , ਸ਼ੋਹਰਤ ਅਤੇ ਲੱਚਰਤਾ ਦੇ ਦੈਂਤ ਨੇ ਨਿਘਲਣਾ ਸ਼ੁਰੂ ਕੀਤਾ ਤਾਂ ਸਾਡੀ ਸੱਭਿਅਤਾ ਦਾ ਮਜ਼ਬੂਤ ਕਿਲ੍ਹਾ ਜਿਸ ਨੂੰ ਲੰਘੇ ਸਮੇਂ ਸਾਡੇ ਪੁਰਖਿਆਂ ਨੇ ਭਰਵੇਂ ਸੱਭਿਆਚਾਰ ਦੀ ਹੋਦ ਦੇ ਮਕਸਦ ਨਾਲ ਉਸਾਰਿਆ ਸੀ ਇਨ੍ਹਾਂ ਚਾਰ ਪਹਿਲੂਆਂ ਅੱਗੇ ਕਮਜ਼ੋਰ ਪੈ ਕੇ ਢਹਿ ਢੇਰੀ ਹੋ ਗਿਆ । ਲੱਚਰਤਾ ਦੀ ਹਨੇਰੀ ਨੇ ਸੱਭਿਅਤਾ ਦੀ ਚਿੱਟੀ ਚਾਦਰ ਨੂੰ ਲੀਰਾਂ ਲੀਰਾਂ ਕਰ ਸੌਦਾਗਰਾਂ ਦੇ ਘਰੀਂ ਪੁੱਜਦਾ ਕਰਕੇ ਸਾਹ ਲਿਆ । ਨਤੀਜਨ , ਜੋ ਗੀਤ ਸੰਗੀਤ ਸਮਾਜ ਦੀਆਂ ਚਾਰੇ ਕੂੰਟਾਂ ਅੰਦਰ ਆਪਣੀ ਮਹਿਕ ਖਿਲਾਰਨ ਦਾ ਦਮ ਭਰਦਾ ਸੀ ਉਹ ਸੁੰਗੜ ਕੇ ਸਿਰਫ ਬੌਧਿਕ ਸੋਚ ਤਕ ਸੀਮਿਤ ਹੋ ਗਿਆ । ਲੱਚਰਤਾ ਤੇ ਹੋਰ ਮਾੜੀਆਂ ਅਲਾਮਤਾਂ ਨਾਲ ਭਰਪੂਰ ਗੀਤਾਂ ਨੂੰ ਨੌਜਵਾਨੀ ਨੇ ਮਾਨਤਾ ਦੇ ਕੇ ਖੁਦ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ ਉਸ ਸਮੇਂ ਇੱਕ ਵੱਡੇ ਚੱਕਰਵਿਊ ਵਿੱਚ ਉਲਝੀ ਸਾਡੀ ਨੌਜਵਾਨੀ ਇਹ ਫ਼ੈਸਲਾ ਨਾ ਲੈ ਸਕੀ ਕਿ ਜਿਸ ਗਾਇਕੀ ਨੂੰ ਅਸੀਂ ਅਪਣਾ ਰਹੇ ਹਾਂ ਉਹ ਸਾਡੀ ਸੰਸਕ੍ਰਿਤੀ , ਸਾਡਾ ਇਤਿਹਾਸ ਅਤੇ ਸਮਾਜਿਕ ਰਓਰੀਤਾਂ ਨੂੰ ਤਹਿਸ ਨਹਿਸ ਕਰ ਇੱਕ ਐਸਾ ਸਾਮਰਾਜ ਉਸਾਰ ਦੇਵੇਗੀ ਜਿਸ ਨੂੰ ਆਉਂਦੇ ਸਮੇਂ ਪੁੱਟ ਸੁੱਟਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੋਵੇਗਾ ।
ਇੱਕ ਸਮਾਂ ਅਜਿਹਾ ਵੀ ਆਇਆ ਕਿ ਜੋ ਗੀਤ ਸੰਗੀਤ ਇਨਸਾਨੀ ਜ਼ਿੰਦਗੀਆਂ ਲਈ ਖੁਰਾਕ ਦਾ ਕੰਮ ਕਰਦਾ ਸੀ ਉਹ ਮੌਤ ਵੰਡਣ ਲੱਗ ਪਿਆ ਵਿਆਹ ਸਾਦੀਆਂ ਜਾਂ ਹੋਰ ਖੁਸ਼ੀ ਦੇ ਪ੍ਰੋਗਰਾਮਾਂ ਸਮੇਂ ਮਾੜੇ ਗੀਤਾਂ ਤੋਂ ਉਕਸਾਹਟ ਵਿਚ ਆ ਕੇ ਚਲਾਈਆਂ ਗੋਲੀਆਂ ਨਾਲ ਕਿੰਨੇ ਹੀ ਘਰਾਂ ਦੇ ਚਿਰਾਗ ਬੁੱਝ ਗਏ । ਸਮੇਂ ਦੀ ਸਿਤਮ ਜ਼ਰੀਫ਼ੀ ਵੇਖੋ ਇਸ ਕਾਤਲ ਗੀਤ ਸੰਗੀਤ ਨੇ ਕਈ ਅਭਾਗਿਆਂ ਨੂੰ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਸਿਵਿਆਂ ਦੀ ਆਗੋਸ਼ ਵਿੱਚ ਪਹੁੰਚਾ ਦਿੱਤਾ । ਜਿਸ ਗਾਇਕੀ ਨੇ ਹੱਸਦੇ ਵੱਸਦੇ ਪਰਿਵਾਰਾਂ ਨੂੰ ਤਬਾਹ ਕਰ ਚੁੱਲਿ•ਆਂ ਵਿੱਚ ਘਾਹ ਉਗਣ ਲਾ ਦਿੱਤਾ ਹੋਵੇ ਉਸ ਨੂੰ ਗਾਇਕੀ ਨਹੀਂ ਆਖ ਸਕਦੇ । ਨੌਜਵਾਨੀ ਦਾ ਆਪਣੇ ਪਰਿਵਾਰਾਂ ਤੋਂ ਅਲੱਗ ਹੋ ਕੇ ਆਪਣੇ ਰਸਤੇ ਦੇ ਰਾਹੀ ਬਣਨ ਵਿੱਚ ਵੀ ਇਸ ਬੇਲਗਾਮ ਗਾਇਕੀ ਦਾ ਵੱਡਾ ਰੋਲ ਹੈ ।
ਸਕੂਲਾਂ ਕਾਲਜਾਂ ਦੇ ਗੇਟਾਂ ਨੂੰ ਆਸ਼ਕੀ ਦੇ ਅੱਡਿਆਂ ਵਿੱਚ ਤਬਦੀਲ ਕਰਨ ਵਿੱਚ ਬਹੁਤੇ ਗੀਤਕਾਰਾਂ ਨੇ ਅਹਿਮ ਤੇ ਕਰੂਰਤਾ ਭਰਿਆ ਕਿਰਦਾਰ ਨਿਭਾਇਐ । ਜਿਸ ਵਿੱਦਿਆ ਦੇ ਮੰਦਰ ਤੋਂ ਸਿੱਖਿਆ ਲੈ ਕੇ ਸਾਡੀ ਨੌਜਵਾਨੀ ਅਗਲੇ ਸਮੇਂ ਲਈ ਪਲਾਂਗ ਪੁਟਦੀ ਹੈ ਉਹ ਵੀ ਅੱਜ ਦੀ ਗਾਇਕੀ ਨੇ ਸੁਰੱਖਿਅਤ ਨਾ ਰਹਿਣ ਦਿੱਤੇ । ਨਵਾਂ ਪੂਰ ਕੇਵਲ ਤੇ ਕੇਵਲ ਲੱਚਰਤਾ , ਅਸਲਾ ਕਲਚਰ ਤੇ ਵੱਡੀਆਂ ਗੱਡੀਆਂ ਦੇ ਨਾਲ ਸਬੰਧਤ ਗੀਤ ਸੰਗੀਤ ਵਿੱਚੋਂ ਆਪਣੇ ਭਵਿੱਖ ਦੀ ਤਲਾਸ਼ ਵਿੱਚ ਜੁਟਿਆ ਨਜ਼ਰ ਆਉਂਦਾ ਹੈ । ਨਸ਼ੇ ਨੇ ਅਮਰਵੇਲ ਦੀ ਤਰਾਂ ਗੀਤਾਂ ਨੂੰ ਜਕੜ ਕੇ ਜਵਾਨੀ ਦੇ ਜ਼ਹਿਨ ਤੇ ਐਸਾ ਜਾਦੂ ਕੀਤਾ ਕਿ ਉਹ ਸਭ ਕੁਝ ਭੁੱਲ ਭੁਲਾ ਕੇ ਇਸ ਦੇ ਵਿੱਚੋਂ ਹੀ ਆਪਣਾ ਮਾੜਾ ਚੰਗਾ ਤਰਾਸ਼ਣ ਦੇ ਲਈ ਪਰ ਤੋਲਣ ਲੱਗ ਪਈ ਤੇ ਵੇਖਦਿਆਂ ਹੀ ਵੇਖਦਿਆਂ ਇਸ ਨਰਸੰਘਾਰ ਦੇ ਭਿਆਨਕ ਰੂਪ ਅਖਤਿਆਰ ਕਰਨ ਤੋਂ ਬਾਅਦ ਮਨੁੱਖੀ ਜਾਨਾਂ ਤੋਂ ਲੈ ਕੇ ਕਿੱਲਿਆਂ ਦੇ ਕਿੱਲੇ ਜ਼ਮੀਨਾਂ ਦੇ ਇਸ ਦੀ ਭੇਟ ਚੜਨ ਦੇ ਨਾਲ ਵਪਾਰਕ ਸੋਚ ਦੇ ਲੋਕਾਂ ਦੇ ਖੀਸੇ ਮਾਲਾ ਮਾਲ ਹੋ ਗਏ ।
ਇਸ ਸਾਰੇ ਵਰਤਾਰੇ ਦੌਰਾਨ ਅਸੀਂ ਇਕੱਲੇ ਕਲਾਕਾਰਾਂ , ਕੈਸਟ ਕੰਪਨੀ ਨਿਰਮਾਤਾ ਅਤੇ ਵਪਾਰਕ ਸੋਚ ਦੇ ਲੋਕਾਂ ਨੂੰ ਦੋਸ਼ੀ ਨਹੀਂ ਕਹਿ ਸਕਦੇ ਜਨਤਾ ਵੀ ਆਪਣੇ ਆਉਣ ਵਾਲੇ ਖਤਰਨਾਕ ਸੰਗੀਤਕ ਭਵਿੱਖ ਲਈ ਬਰਾਬਰ ਦੀ ਦੋਸ਼ੀ ਹੈ ਕਿਉਂਕਿ ਆਖਰ ਇਸ ਨੂੰ ਸਮਾਜਿਕ ਦਹਿਲੀਜ਼ ਤੇ ਪ੍ਰਵਾਨ ਤਾਂ ਉਸ ਨੇ ਹੀ ਕਰਨਾ ਹੁੰਦੈ । ਕਿੰਨੀ ਬੇਬਾਕ ਟਿੱਪਣੀ ਹੈ ਸਦਾ ਹੀ ਚੰਗੀ ਤੇ ਉੱਚੀ ਗਾਇਕੀ ਨੂੰ ਪ੍ਰਣਾਏ ਕਲਾਕਾਰ ਬਲਕਾਰ ਸਿੱਧੂ ਦੀ ਕਿ ਹੁਣ ਤਾਂ ਸਟੇਜ ਤੇ ਚੰਗਾ ਗੀਤ ਗਾਉਂਦੇ ਸਮੇਂ ਕਈ ਵਾਰ ਡਰ ਆਉਂਦੈ ਕਿ ਕਿਤੇ ਕੋਈ ਸਾਹਮਣੇ ਬੈਠੇ ਸਰੋਤਿਆਂ ਵਿੱਚੋਂ ਇਹ ਨਾ ਆਖ ਦੇਵੇ ਕਿ ਯਾਰ ਆ ਕੀ ਗਾਈ ਜਾਨੈ ਕੋਈ ਗਰਮ ਜਿਹਾ ਗੀਤ ਸੁਣਾ ਦੇ , ਇਹ ਵਧੀਆ ਗਾਇਕੀ ਦੇ ਇੱਕ ਯੁੱਗ ਦੇ ਪਤਨ ਦੀ ਨਿਸ਼ਾਨੀ ਹੈ । ਜਿਸ ਦੀ ਜ਼ਿੰਮੇਵਾਰੀ ਸਾਰੀਆਂ ਧਿਰਾਂ ਦੀ ਬਰਾਬਰ ਬਣਦੀ ਹੈ ।
ਬੇਸ਼ੱਕ ਇੱਕ ਚੰਗੇ ਸਮਾਜ ਦੀ ਕਾਮਨਾ ਨੂੰ ਲੈ ਕੇ ਕਲਾਕਾਰੀ ਦੇ ਖੇਤਰ ਵਿੱਚ ਵਿਚਰਦੇ ਹਰਭਜਨ ਮਾਨ , ਹਰਜੀਤ ਹਰਮਨ , ਪੰਮਾ ਡੂਮੇਵਾਲ , ਸੁਖਵਿੰਦਰ ਸੁੱਖੀ , ਰਾਜ ਕਾਕੜਾ , ਭਗਵਾਨ ਹਾਂਸ ਤੇ ਪੰਮਾ ਹਠੂਰ ਵਰਗੇ ਫ਼ਨਕਾਰਾਂ ਨੇ ਆਪਣੀ ਕੋਸ਼ਿਸ਼ ਇਸ ਮਾੜੇ ਸਮੇਂ ਅੰਦਰ ਵੀ ਜਾਰੀ ਰੱਖੀ ਹੈ ਪਰ ਅਜੇ ਤਾਂ ਸੋਹਰਤ ,ਦੌਲਤ ਤੇ ਲੱਚਰਤਾ ਦਾ ਪੱਖ ਭਾਰੀ ਹੈ । ਸਰਕਾਰ ਨੇ ਬੀਤੇ ਸਮੇਂ ਸੱਭਿਆਚਾਰ ਦੀ ਮਿੱਟੀ ਪੁੱਟ ਰਹੇ ਕੁਝ ਅਖੌਤੀ ਗਵੱਈਆਂ ਦੇ ਖਿਲਾਫ ਮੁਹਿੰਮ ਜ਼ਰੂਰ ਸ਼ੁਰੂ ਕੀਤੀ ਸੀ ਉਹ ਵੀ ਠੱਪ ਹੋ ਕੇ ਰਹਿ ਗਈ । ਸਾਹਿਤਕ ਜਥੇਬੰਦੀਆਂ ਨੂੰ ਉਸਾਰੂ ਗੀਤ ਸੰਗੀਤ ਦੇ ਹੱਕ ਵਿੱਚ ਆਵਾਜ਼ ਬੁਲੰਦ ਅਤੇ ਨੌਜਵਾਨਾਂ ਨੂੰ ਚੰਗੇ ਮੰਦੇ ਦੀ ਪਰਖ ਕਰਨ ਦੇ ਨਾਲ ਨਾਲ ਆਪਣੇ ਵਿਰਸੇ ਤੇ ਸੱਭਿਆਚਾਰ ਦੀ ਮਿੱਟੀ ਪਲੀਤ ਕਰਨ ਵਾਲੇ ਗੀਤਾਂ ਨੂੰ ਨਕਾਰ ਕੇ ਸਮਾਜਿਕ ਸਰੋਕਾਰਾਂ ਤੇ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਦੇ ਗੀਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਕਿ ਸਾਡੇ ਪੰਜਾਬੀ ਸਮਾਜ ਦੇ ਮੱਥੇ ਤੇ ਲੱਗਿਆ ਲੱਚਰ ਗਾਇਕੀ ਦਾ ਬਦਨੁਮਾ ਦਾਗ਼ ਧੋਤਾ ਜਾ ਸਕੇ ।
-
ਮਨਜਿੰਦਰ ਸਿੰਘ ਸਰੌਦ , ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.