ਉਨ੍ਹਾਂ ਨੂੰ ਕਹੋ
ਸਾਨੂੰ ਨਾ ਵੇਚਣ ਸਾਰਾਗੜੀ ਦਾ ਮੈਦਾਨ
ਯੁੱਧ ਕਹਿ ਕੇ ਗੁਲਾਮੀ ਦਾ ਸਾਮਾਨ।
ਕੇਸਰੀ ਪੁੜੀ ਚ ਬੰਨ੍ਹਿਆ ਚੋਣ ਨਿਸ਼ਾਨ
ਸਾਨੂੰ ਸਭ ਪਤਾ ਹੈ
ਕਿਲ੍ਹੇ ਕਦੇ ਲੋਕਾਂ ਦੇ ਨਹੀਂ ਹੁੰਦੇ
ਕਿਲ੍ਹਿਆਂ ਚ ਕੌਣ ਬਹਿੰਦਾ ਹੈ
ਤਖ਼ਤ ਨਸ਼ੀਨ ਹੋ ਕੇ।
ਇਹ ਸੱਚ ਹੈ ਸੂਰਜ ਜਿੱਡਾ
ਕਿਲ੍ਹੇ ਦੇ ਰਖਵਾਲੇ
ਯੋਧੇ ਪੁੱਤਰ ਸਾਡੇ ਸਨ।
ਝੋਰੜਾਂ ਦਾ ਈਸ਼ਰ ਸਿੰਘ ਹੋਵੇ
ਜਾਂ ਕਿਸੇ ਹੋਰ ਪਿੰਡੋਂ
ਲਿੱਸੇ ਘਰ ਦਾ ਜਾਇਆ।
ਫੌਜ ਵਿੱਚ ਰੋਟੀ ਕਮਾਉਣ ਆਇਆ।
ਫਰੰਗੀ ਰਾਜ ਦਾ ਤਾਬਿਆਦਾਰ
ਬੰਦੂਕਧਾਰੀ ਤਿਆਰ ਬਰ ਤਿਆਰ।
ਸਾਰਾਗੜ੍ਹੀ ਕਿਲ੍ਹਾ ਸਾਡਾ ਨਹੀਂ ਸੀ।
ਉਹ ਤਾਂ ਨਾਗਾਂ ਦੀ ਵਰਮੀ ਸੀ।
ਸਾਡੇ ਤਾਂ ਸਿਰਫ਼ ਉਹ
ਪਠਾਣ ਭਾਈਬੰਦ ਸਨ,
ਜਿੰਨ੍ਹਾਂ ਨੂੰ ਖੜੱਪੇ ਨਾਗ
ਰਾਤ ਦਿਨ ਡੰਗਦੇ।
ਅਣਖ਼ਾਂ ਦੇ ਜਾਇਆਂ ਨੂੰ
ਰੋਜ਼ ਸੂਲੀ ਟੰਗਦੇ।
ਬਾਗੀਆਂ ਦੇ ਬੱਚੇ
ਮੂੰਹੋਂ ਪਾਣੀ ਪਾਣੀ ਮੰਗਦੇ।
ਅਣਖ਼ੀ ਦਲੇਰ ਨੂੰ
ਹੱਕ ਤੇ ਇਨਸਾਫ਼ ਮੰਗਦੇ
ਧਰਤ ਪੁੱਤਰ ਸ਼ੇਰ ਨੂੰ
ਤਾਜ ਦੇ ਰਖਵਾਲੇ ਬਣ
ਘੇਰ ਘੇਰ ਮਾਰਨਾ।
ਸਿੱਖ ਦਾ ਵਿਹਾਰ ਨਾ।
ਕੁਹਾੜੀ ਰਾਜਭਾਗ ਦੀ
ਅਸੀਂ ਵਿੱਚ ਦਸਤਾ ਸੀ।
ਆਪਣੇ ਭਰਾਵਾਂ ਨੂੰ,
ਧਰਤੀ ਦੇ ਚਾਵਾਂ ਨੂੰ
ਮਾਰਨਾ ਹੈ ਦੱਸੋ
ਕਿੱਥੇ ਲਿਖਿਆ ਬਹਾਦਰੀ।
23.03.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.