ਉੱਡ ਨਹੀਂ ਸਕਦਾ ਪੰਖ ਵਿਹੂਣਾ
ਮੈਂ ਚਿੜੀਆਂ ਦੇ ਨਾਲ ਖੜ੍ਹਾ ਹਾਂ।
ਏਹੀ ਗੁਰ ਉਪਦੇਸ਼ ਹੈ ਮੈਨੂੰ।
ਮੈਂ ਬਾਜ਼ਾਂ ਤੋਂ ਕੀ ਲੈਣਾ ਹੈ।
ਸ਼ਿਕਰੇ, ਇੱਲਾਂ, ਲਗੜ ਕਮੀਨੇ
ਏਨਾ ਉੱਚਾ ਉੱਡਦੇ ਹੋਏ
ਧਰਤੀ ਤੇ ਮੁਰਦਾਰ ਭਾਲਦੇ।
ਮਾਸ ਚੂੰਡਦੇ ਵੇਖੋ ਵੇਖੋ!
ਵਤਨ ਮੇਰੇ ਨੂੰ ਖਾ ਚੱਲੇ ਨੇ।
ਰੰਗ ਬਰੰਗੇ ਜੰਤ ਜਨੌਰੇ
ਤੋਤੇ ਬਣ ਕੇ ਮੱਕੀਆਂ ਡੁੰਗਦੇ।
ਫ਼ਸਲਾਂ ਦੇ ਦੁਸ਼ਮਣ ਨੇ ਸਾਰੇ।
ਚਰਦੇ ਚਰਦੇ ਇਹ ਕੀ ਕਰਦੇ
ਦਰ ਖੜਕਾਉਂਦੇ
ਹਿੱਕੜੀ ਵਿੱਚੋਂ ਸੁਪਨੇ ਚਰਦੇ।
ਇਹ ਵਰਤਾਰਾ ਵੇਖਦਿਆਂ ਮੈਂ
ਯਾਰੋ ! ਅਵਾਜ਼ਾਰ ਬੜਾ ਹਾਂ।
ਸੁਣੋ !ਸੁਣੋ! ਧਰਤੀ ਦੇ ਲੋਕੋ,
ਚੁੱਪ ਨਾ ਬੈਠੋ,
ਬੁਰੇ ਭਲੇ ਦੀ ਨਸਲ ਪਛਾਣੋ!
ਆਪੋ ਆਪਣੇ ਫ਼ਰਜ ਨੂੰ ਜਾਣੋ!
ਦਿਨ ਚੜ੍ਹਿਆ ਹੈ!
ਮੈਂ ਤਾਂ ਉਸ ਦਾ ਸਿਰਫ਼ ਚੜਾਅ ਹਾਂ।
ਤਾਹੀਉਂ ਸ਼ਿਕਰੇ ਬਾਜ਼ ਤੇ ਇੱਲਾਂ,
ਜਿੰਨੇ ਜੰਤੂ ਮੁਰਦੇ ਖਾਣੇ।
ਕੁਰਸੀ ਬੈਠੇ ਵੀ ਪਹਿਚਾਣੇ।
ਤਾਣ ਵਿਹੂਣਿਆਂ ਸਗਲ ਨਿਤਾਣਿਆਂ
ਮਿੱਧੇ , ਮੋਏ, ਦਰੜ ਫਰੜ ਨੇ
ਹੋ ਗਏ ਜਿਹੜੇ ਟੁਕੜੇ ਟੁਕੜੇ
ਧਰਮਾਂ , ਧੜਿਆਂ, ਗੋਤਾਂ ਜ਼ਾਤਾਂ
ਜਿਸ ਦੇ ਕਰਕੇ ਲੰਮੀਆਂ ਰਾਤਾਂ
ਮੇਟਣਹਾਰਾ ਪਹਿਲ ਪੜਾਅ ਹਾਂ।
ਆਓ ਵੀਰੋ! ਭੈਣੋ ਆਉ!
ਮੈਂ ਤਾਂ ਚਿੜੀਆਂ ਨਾਲ ਖੜ੍ਹਾ ਹਾਂ।
20.03.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.